(ਪਰ) ਪ੍ਰਭੂ ਦਾ ਨਾਮ (-ਰੂਪ ਪਟੋਲਾ) ਕਦੇ ਪੁਰਾਣਾ ਨਹੀਂ ਹੁੰਦਾ, ਸੀਤਾ ਹੋਇਆ ਕਦੇ ਪਾਟਦਾ ਨਹੀਂ (ਉਸ ਪ੍ਰਭੂ ਨਾਲ ਜੁੜਿਆ ਹੋਇਆ ਮਨ ਉਸ ਤੋਂ ਟੁੱਟਦਾ ਨਹੀਂ)।
ਹੇ ਨਾਨਕ! ਪ੍ਰਭੂ-ਖਸਮ ਸਦਾ ਕਾਇਮ ਰਹਿਣ ਵਾਲਾ ਹੈ, ਪਰ ਇਸ ਗੱਲ ਦੀ ਤਾਂ ਹੀ ਸਮਝ ਪੈਂਦੀ ਹੈ ਜੇ ਉਸ ਨੂੰ ਸਿਮਰੀਏ ॥੧॥
ਜੇ ਪ੍ਰਭੂ ਦੇ ਨਾਮ ਦੀ ਛੁਰੀ ਹੋਵੇ, ਪ੍ਰਭੂ ਦਾ ਨਾਮ ਹੀ (ਉਸ ਛੁਰੀ ਦਾ) ਸਾਰਾ ਲੋਹਾ ਹੋਵੇ,
ਉਸ ਛੁਰੀ ਦੀ ਘਾੜਤ ਬਹੁਤ ਸੁੰਦਰ ਹੁੰਦੀ ਹੈ;
ਇਹ ਛੁਰੀ ਸਤਿਗੁਰੂ ਦੇ ਸ਼ਬਦ ਦੀ ਸਾਣ ਤੇ ਰੱਖ ਕੇ ਤੇਜ਼ ਕੀਤੀ ਜਾਂਦੀ ਹੈ,
ਤੇ ਇਹ ਪ੍ਰਭੂ ਦੇ ਗੁਣਾਂ ਦੀ ਮਿਆਨ ਵਿਚ ਟਿਕੀ ਰਹਿੰਦੀ ਹੈ।
ਜੇ ਸ਼ੇਖ਼ ਇਸ ਛੁਰੀ ਦਾ ਕੁੱਠਾ ਹੋਇਆ ਹੋਵੇ (ਭਾਵ, ਜੇ 'ਸ਼ੇਖ਼' ਦਾ ਜੀਵਨ ਪ੍ਰਭੂ ਦੇ ਨਾਮ, ਸਤਿਗੁਰੂ ਦੇ ਸ਼ਬਦ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਘੜਿਆ ਹੋਇਆ ਹੋਵੇ)
ਤਾਂ ਉਸ ਦੇ ਅੰਦਰੋਂ ਲੱਬ-ਰੂਪ ਲਹੂ ਜ਼ਰੂਰ ਨਿਕਲ ਜਾਂਦਾ ਹੈ।
ਇਸ ਤਰ੍ਹਾਂ ਹਲਾਲ ਹੋ ਕੇ (ਕੁੱਠਾ ਜਾ ਕੇ) ਉਹ ਪ੍ਰਭੂ ਵਿਚ ਜੁੜਦਾ ਹੈ,
ਤੇ, ਹੇ ਨਾਨਕ! ਪ੍ਰਭੂ ਦੇ ਦਰ ਤੇ (ਅੱਪੜ ਕੇ) ਉਸ ਦੇ ਦਰਸ਼ਨ ਵਿਚ ਲੀਨ ਹੋ ਜਾਂਦਾ ਹੈ ॥੨॥
ਲੱਕ ਦੁਆਲੇ ਸੋਹਣੀ ਜਿਹੀ ਕਟਾਰ ਹੋਵੇ ਤੇ ਸੋਹਣੇ ਘੋੜੇ ਦਾ ਸੁਆਰ ਹੋਵੇ,
(ਫਿਰ ਭੀ) ਹੇ ਨਾਨਕ! ਮਾਣ ਨਾਹ ਕਰੀਏ, (ਕੀਹ ਪਤਾ ਹੈ) ਮਤਾਂ ਸਿਰ-ਭਾਰ ਡਿੱਗ ਪਏ ॥੩॥
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸਾਧ ਸੰਗਤ ਵਿਚ (ਆ ਕੇ) ਗੁਰੂ ਦੇ ਸ਼ਬਦ ਵਿਚ ਜੁੜਦਾ ਹੈ।
ਜਿਨ੍ਹਾਂ ਮਨੁੱਖਾਂ ਦੇ ਪੱਲੇ ਪ੍ਰਭੂ ਦਾ ਨਾਮ-ਰੂਪ ਧਨ ਹੈ (ਜ਼ਿੰਦਗੀ ਦੇ ਸਫ਼ਰ ਲਈ) ਖ਼ਰਚ ਹੈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਸਿਮਰਦੇ ਹਨ ਤੇ ਉਸੇ ਦਾ ਰੂਪ ਹੋ ਜਾਂਦੇ ਹਨ।
ਬੰਦਗੀ ਕਰਨ ਵਾਲੇ ਬੰਦੇ ਪ੍ਰਭੂ ਦੇ ਗੁਣ ਗਾਂਦੇ ਹਨ ਤੇ ਸੋਹਣੇ ਲੱਗਦੇ ਹਨ, ਸਤਿਗੁਰੂ ਦੀ ਮੱਤ ਲੈ ਕੇ ਉਹ ਅਡੋਲ ਹੋ ਜਾਂਦੇ ਹਨ।
ਸਤਿਗੁਰੂ ਦੇ ਸੋਹਣੇ ਸ਼ਬਦ ਦੀ ਰਾਹੀਂ ਉਹਨਾਂ ਦੇ ਮਨ ਵਿਚ ਪ੍ਰਭੂ ਦੇ ਸ੍ਰੇਸ਼ਟ ਨਾਮ ਦੀ ਵਿਚਾਰ ਆ ਵੱਸਦੀ ਹੈ।
(ਭਗਤ ਜਨਾਂ ਨੂੰ) ਪ੍ਰਭੂ ਆਪ ਹੀ ਆਪਣੇ ਵਿਚ ਮਿਲਾਂਦਾ ਹੈ, ਆਪ ਹੀ ਉਹਨਾਂ ਨੂੰ ਸੋਭਾ ਦੇਂਦਾ ਹੈ ॥੧੯॥
ਹਰੇਕ ਜੀਵ ਆਸਾਂ ਵਿਚ (ਫਸਿਆ ਪਿਆ) ਹੈ (ਭਾਵ, ਨਿੱਤ ਨਵੀਆਂ ਆਸਾਂ ਬਣਾਂਦਾ ਰਹਿੰਦਾ ਹੈ), ਕੋਈ ਵਿਰਲਾ ਮਨੁੱਖ ਹੈ ਜੋ ਆਸਾਂ ਤੋਂ ਬਚਿਆ ਰਹਿੰਦਾ ਹੈ।
ਹੇ ਨਾਨਕ! ਜੋ ਮਨੁੱਖ ਆਸਾਂ ਵਲੋਂ ਹਟ ਕੇ (ਪ੍ਰਭੂ ਦੇ ਸਿਮਰਨ ਵਿਚ) ਜੀਵਨ ਗੁਜ਼ਾਰਦਾ ਹੈ ਉਸ ਦਾ ਆਉਣਾ ਸਫਲ ਹੈ ॥੧॥
'ਆਸਾ' ਦੇ ਹੱਥ ਵਿਚ ਕੋਈ ਤਾਕਤ ਨਹੀਂ (ਕਿ ਜੀਵਾਂ ਨੂੰ ਫਸਾ ਸਕੇ; ਸੋ, ਆਪਣੇ ਉੱਦਮ ਨਾਲ ਭੀ) ਮਨੁੱਖ 'ਆਸਾ' ਤੋਂ ਨਹੀਂ ਬਚ ਸਕਦਾ।
ਇਹ ਵਿਚਾਰੀ 'ਆਸਾ' ਕੀਹ ਕਰ ਸਕਦੀ ਹੈ? ਭੁਲਾਉਂਦਾ ਤਾਂ ਉਹ ਪ੍ਰਭੂ ਆਪ ਹੈ ॥੨॥
ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਜਗਤ ਦਾ ਜੀਊਣਾ ਫਿਟਕਾਰ-ਜੋਗ ਹੈ।
ਪ੍ਰਭੂ ਹੀ (ਸਭ ਦਾ) ਦਾਤਾ ਹੈ ਸਭ ਦਾਤਾਂ ਦੇਣ ਵਾਲਾ ਹੈ; ਸੋ, ਉਸ ਦਾ ਇਹ (ਨਾਮ-) ਧਨ ਹੀ (ਐਸਾ ਹੈ ਜੋ) ਕਦੇ ਨਾਸ ਹੋਣ ਵਾਲਾ ਨਹੀਂ।
ਉਹੀ ਮਨੁੱਖ ਪਵਿਤ੍ਰ (ਜੀਵਨ ਵਾਲਾ) ਹੈ ਜੋ (ਪ੍ਰਭੂ ਨੂੰ) ਹਰੇਕ ਸਾਹ ਦੇ ਨਾਲ ਯਾਦ ਕਰਦਾ ਹੈ।
ਜੀਭ ਨਾਲ ਉਸ ਇਕ ਪ੍ਰਭੂ ਨੂੰ ਯਾਦ ਕਰ ਜੋ ਸਭ ਦੇ ਦਿਲ ਦੀ ਜਾਣਦਾ ਹੈ ਤੇ ਜੋ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ।
ਨਾਨਕ ਉਸ ਪ੍ਰਭੂ ਤੋਂ ਸਦਕੇ ਹੈ ਜੋ ਸਾਰਿਆਂ ਵਿਚ ਵਿਆਪਕ ਹੈ ॥੨੦॥
(ਗੁਰੂ-) ਸਰੋਵਰ ਅਤੇ (ਗੁਰਮੁਖ-) ਹੰਸ ਦਾ ਜੋੜ ਮੁੱਢੋਂ ਹੀ ਚਲਿਆ ਆਉਂਦਾ ਹੈ, ਖਸਮ-ਪ੍ਰਭੂ ਨੂੰ ਇਹੀ ਗੱਲ ਚੰਗੀ ਲੱਗਦੀ ਹੈ।
ਹੰਸਾਂ (ਗੁਰਮੁਖਾਂ) ਦੀ ਖ਼ੁਰਾਕ (ਪ੍ਰਭੂ ਦੀ ਸਿਫ਼ਤ-ਸਾਲਾਹ-ਰੂਪ) ਹੀਰੇ ਮੋਤੀ ਹੈ ਜੋ (ਗੁਰੂ-) ਸਰੋਵਰ ਵਿਚ ਮਿਲਦੇ ਹਨ।
ਕਾਂ ਤੇ ਬਗੁਲਾ (ਮਨਮੁਖ) ਭਾਵੇਂ ਕਿਤਨਾ ਹੀ ਸਿਆਣਾ ਹੋਵੇ ਓਥੇ (ਗੁਰੂ ਦੀ ਸੰਗਤ ਵਿਚ) ਨਹੀਂ ਰਹਿ ਸਕਦਾ,
(ਕਿਉਂਕਿ) ਉਹਨਾਂ (ਕਾਂ ਬਗੁਲੇ ਮਨਮੁਖਾਂ) ਦੀ ਖ਼ੁਰਾਕ ਓਥੇ ਨਹੀਂ ਹੈ, ਉਹਨਾਂ ਦੀ ਖ਼ੁਰਾਕ ਵੱਖਰੀ ਹੀ ਹੁੰਦੀ ਹੈ।
ਜੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਬੰਦਗੀ-ਰੂਪ ਕਮਾਈ ਕਰੀਏ ਤਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲਦਾ ਹੈ, (ਪਰ) ਕੂੜ ਦੀ ਖੱਟੀ ਦਾ ਮਾਣ ਕੂੜਾ ਹੀ ਹੈ।
(ਪਰ ਇਹਨਾਂ ਮਨਮੁਖਾਂ ਦੇ ਕੀਹ ਵੱਸ?) ਹੇ ਨਾਨਕ! ਜਿਨ੍ਹਾਂ ਨੂੰ ਧੁਰੋਂ ਪ੍ਰਭੂ ਦੀ ਆਗਿਆ ਮਿਲੀ ਹੈ ਉਹਨਾਂ ਨੂੰ ਹੀ ਸਤਿਗੁਰੂ (-ਸਰੋਵਰ) ਮਿਲਦਾ ਹੈ ॥੧॥
ਮੇਰਾ ਮਾਲਕ (-ਪ੍ਰਭੂ) ਪਵਿਤ੍ਰ ਹੈ ਜੋ ਕੋਈ ਭੀ ਉਸ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ (ਉਹ ਭੀ ਪਵਿਤ੍ਰ ਹੋ ਜਾਂਦਾ ਹੈ)।
ਹੇ ਨਾਨਕ! ਜੋ ਪ੍ਰਭੂ ਸਦਾ ਹੀ (ਜੀਵਾਂ ਨੂੰ ਦਾਤਾਂ) ਦੇਂਦਾ ਹੈ ਉਸ ਨੂੰ ਸਿਮਰਨਾ ਚਾਹੀਦਾ ਹੈ।
ਹੇ ਨਾਨਕ! ਉਸ ਪ੍ਰਭੂ ਨੂੰ ਹੀ ਸਿਮਰਨਾ ਚਾਹੀਦਾ ਹੈ ਜਿਸ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ,
ਅਉਗਣ ਦੂਰ ਹੋ ਜਾਂਦੇ ਹਨ, ਗੁਣ (ਹਿਰਦੇ ਵਿਚ) ਵੱਸ ਪੈਂਦੇ ਹਨ ਤੇ ਸੁਖ ਮਨ ਵਿਚ ਆ ਵੱਸਦਾ ਹੈ ॥੨॥
(ਸ੍ਰਿਸ਼ਟੀ ਵਿਚ) ਪ੍ਰਭੂ ਆਪ ਹੀ (ਹਰ ਥਾਂ) ਮੌਜੂਦ ਹੈ ਉਸ ਨੇ ਆਪ ਹੀ ਤਾੜੀ ਲਾਈ ਹੋਈ ਹੈ (ਭਾਵ, ਆਪ ਹੀ ਗੁਪਤ ਵਰਤ ਰਿਹਾ ਹੈ)।
(ਗੁਰੂ-ਰੂਪ ਹੋ ਕੇ) ਆਪ ਹੀ (ਜੀਵਾਂ ਨੂੰ) ਉਪਦੇਸ਼ ਦੇ ਰਿਹਾ ਹੈ, ਗੁਰੂ ਦੀ ਰਾਹੀਂ ਆਪ ਹੀ ਉਸ ਨੇ ਸ੍ਰਿਸ਼ਟੀ ਨੂੰ ਪਤਿਆਇਆ ਹੈ।
ਕਈ ਜੀਵ ਉਸ ਨੇ ਆਪ ਹੀ ਕੁਰਾਹੇ ਪਾਏ ਹੋਏ ਹਨ ਤੇ ਕਈ ਜੀਵ ਉਸ ਨੇ ਬੰਦਗੀ ਵਿਚ ਲਾਏ ਹੋਏ ਹਨ।
ਪ੍ਰਭੂ ਆਪ ਜਿਸ ਜੀਵ ਨੂੰ ਸਮਝ ਦੇਂਦਾ ਹੈ ਉਹ ਹੀ (ਸਹੀ ਰਸਤੇ ਨੂੰ) ਸਮਝਦਾ ਹੈ, ਉਸ ਨੇ ਆਪ ਹੀ (ਸ੍ਰਿਸ਼ਟੀ) ਆਪਣੇ ਨਾਮ ਵਿਚ ਲਾਈ ਹੈ।
ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹ ਹੀ ਸਦਾ ਕਾਇਮ ਰਹਿਣ ਵਾਲੀ ਵਡਿਆਈ ਹੈ ॥੨੧॥੧॥ਸੁਧੁ ॥