ਉਸ ਨਾਮ-ਅੰਮ੍ਰਿਤ ਨੂੰ ਪੀਂਦਿਆਂ ਹੀ ਮਨੁੱਖ ਅਟੱਲ ਆਤਮਕ ਜੀਵਨ ਵਾਲੇ ਅਤੇ ਵਾਸਨਾ-ਰਹਿਤ ਹੋ ਜਾਂਦੇ ਹਨ।
ਉਹਨਾਂ ਦਾ ਤਨ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਹੈ। ਪਰਮਾਤਮਾ (ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁਝਾ ਦੇਂਦਾ ਹੈ।
ਉਹ ਹਰ ਵੇਲੇ ਆਨੰਦ-ਭਰਪੂਰ ਰਹਿੰਦੇ ਹਨ, ਅਤੇ ਜਗਤ ਵਿਚ ਨਾਮਣੇ ਵਾਲੇ ਹੋ ਜਾਂਦੇ ਹਨ ॥੨॥
(ਹੇ ਪ੍ਰਭੂ! ਤੇਰਾ ਉਹ ਨਾਮ-ਅੰਮ੍ਰਿਤ ਪ੍ਰਾਪਤ ਕਰਨ ਵਾਸਤੇ) ਮੈਂ ਤੇਰੇ ਅੱਗੇ ਕੀਹ ਲਿਆ ਧਰਾਂ, ਕਿਉਂਕਿ (ਮੇਰੇ ਪਾਸ ਤਾਂ) ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ।
ਹੇ ਪ੍ਰਭੂ! ਮੈਂ ਤੈਥੋਂ ਸਦਾ ਹੀ ਲੱਖਾਂ ਵਾਰੀ ਸਦਕੇ ਜਾਂਦਾ ਹਾਂ।
ਇਹ ਤਨ ਇਹ ਮਨ, ਇਹ ਜਿੰਦ ਇਹ ਸਰੀਰ ਦੇ ਕੇ ਤੂੰ ਮੈਨੂੰ ਪੈਦਾ ਕੀਤਾ ਹੈ,
ਅਤੇ ਗੁਰੂ ਦੀ ਮੇਹਰ ਨਾਲ ਤੂੰ ਮੈਨੂੰ ਨਕਾਰੇ ਨੂੰ ਵਡਿਆਈ ਦਿੱਤੀ ਹੈ ॥੩॥
(ਹੇ ਪ੍ਰਭੂ! ਮੇਰੇ ਮਨ ਦੇ) ਕਿਵਾੜ ਖੋਲ੍ਹ ਕੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਹੈ,
ਤੂੰ ਮੈਨੂੰ ਸਾਖਿਆਤ ਆਪਣਾ ਦੀਦਾਰ ਬਖ਼ਸ਼ਿਆ ਹੈ।
ਨਾਨਕ ਆਖਦਾ ਹੈ- (ਤੇਰੇ ਨਾਲੋਂ ਵਿੱਥ ਪਾਣ ਵਾਲਾ ਮੇਰੇ ਅੰਦਰੋਂ) ਸਾਰਾ ਪਰਦਾ ਹੁਣ ਟੁੱਟ ਗਿਆ ਹੈ,
ਹੁਣ ਤੂੰ ਮੇਰੇ ਮਨ ਵਿਚ ਆ ਵੱਸਿਆ ਹੈਂ, ਮੈਂ ਤੇਰਾ ਹੋ ਚੁਕਾ ਹਾਂ ॥੪॥੩॥੧੪॥
ਹੇ ਭਾਈ! ਜਿਸ (ਗੁਰੂ) ਨੇ (ਮੈਨੂੰ ਆਪਣਾ) ਸੇਵਕ (ਬਣਾ ਕੇ) ਆਪਣੀ (ਇਸ) ਸੇਵਾ ਵਿਚ ਲਾਇਆ ਹੈ,
ਜਿਸ ਨੇ ਚਾਨਣ-ਰੂਪ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ (ਜਪਣ ਵਾਸਤੇ ਮੇਰੇ) ਮੂੰਹ ਵਿਚ ਦਿੱਤਾ ਹੈ,
ਜਿਸ ਨੇ (ਮੇਰੇ ਅੰਦਰੋਂ) ਸਾਰੀ ਚਿੰਤਾ ਆਪ (ਮੇਹਰ ਕਰ ਕੇ) ਦੂਰ ਕਰ ਦਿੱਤੀ ਹੈ,
ਮੈਂ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੧॥
ਹੇ ਸਤਿਗੁਰੂ! ਤੂੰ ਮੇਰੇ ਸਾਰੇ ਕੰਮ ਸਿਰੇ ਚਾੜ੍ਹ ਦਿੱਤੇ ਹਨ (ਤੇਰੀ ਮੇਹਰ ਨਾਲ ਮੈਂ ਬੇ-ਗ਼ਰਜ਼ ਹੋ ਗਿਆ ਹਾਂ)।
ਹੇ ਸਤਿਗੁਰੂ! (ਹੁਣ ਇਉਂ ਪ੍ਰਤੀਤ ਹੋ ਰਿਹਾ ਹੈ, ਜਿਵੇਂ ਮੇਰੇ ਅੰਦਰ) ਇੱਕ-ਰਸ (ਖ਼ੁਸ਼ੀ ਦੇ) ਵਾਜੇ ਵੱਜ ਰਹੇ ਹਨ ॥੧॥ ਰਹਾਉ ॥
ਹੇ ਭਾਈ! ਜਿਸ ਪਰਮਾਤਮਾ ਦੀ ਵਡਿਆਈ ਬੇਅੰਤ ਅਥਾਹ ਹੈ,
ਉਹ ਜਿਸ (ਮਨੁੱਖ) ਨੂੰ ਧੀਰਜ ਬਖ਼ਸ਼ਦਾ ਹੈ, ਉਹ ਮਨੁੱਖ ਲੂੰ-ਲੂੰ ਖ਼ੁਸ਼ ਹੋ ਜਾਂਦਾ ਹੈ।
ਉਹ ਪ੍ਰਭੂ-ਪਾਤਿਸ਼ਾਹ ਜਿਸ ਮਨੁੱਖ ਦੇ (ਮਾਇਆ ਦੇ) ਬੰਧਨ ਕੱਟ ਦੇਂਦਾ ਹੈ,
ਉਹ ਮਨੁੱਖ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪੈਂਦਾ ॥੨॥
ਹੇ ਭਾਈ! ਪਰਮਾਤਮਾ ਆਪ ਜਿਸ ਮਨੁੱਖ ਦੇ ਹਿਰਦੇ ਵਿਚ ਆਪਣਾ ਪ੍ਰਕਾਸ਼ ਕਰਦਾ ਹੈ,
ਉਸ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ।
ਉਸ ਮਨੁੱਖ ਨੂੰ ਪ੍ਰਭੂ ਦਾ ਨਾਮ-ਲਾਲ ਲੱਭ ਪੈਂਦਾ ਹੈ, ਨਾਮ-ਰਤਨ ਮਿਲ ਜਾਂਦਾ ਹੈ।
ਉਹ ਮਨੁੱਖ ਆਪਣੇ ਸਾਰੇ ਪਰਵਾਰ ਨੂੰ (ਭੀ ਆਪਣੇ ਨਾਲ) ਲੈ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥
ਹੇ ਭਾਈ! ਉਸ ਮਨੁੱਖ ਨੂੰ ਕੋਈ ਭਟਕਣਾ ਨਹੀਂ ਰਹਿੰਦੀ, ਉਸ ਦੇ ਅੰਦਰ ਦੁਚਿੱਤਾ-ਪਨ ਨਹੀਂ ਰਹਿ ਜਾਂਦਾ, ਉਸ ਦੇ ਹਿਰਦੇ ਵਿਚ ਮੇਰ-ਤੇਰ ਨਹੀਂ ਹੁੰਦੀ,
ਜੇਹੜਾ ਮਨੁੱਖ ਸਿਰਫ਼ ਇੱਕ ਮਾਇਆ ਤੋਂ ਨਿਰਲੇਪ ਪ੍ਰਭੂ ਦੀ ਬੰਦਗੀ ਕਰਦਾ ਹੈ।
ਹੁਣ ਮੈਂ ਜਿਧਰ ਕਿਧਰ ਵੇਖਦਾ ਹਾਂ, ਮੈਨੂੰ ਉਹ ਦਇਆ ਦਾ ਘਰ ਪ੍ਰਭੂ ਹੀ ਦਿੱਸ ਰਿਹਾ ਹੈ।
ਨਾਨਕ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ ਮੈਨੂੰ) ਆਨੰਦ ਦਾ ਸੋਮਾ ਪ੍ਰਭੂ ਜੀ ਮਿਲ ਪਏ ਹਨ ॥੪॥੪॥੧੫॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੇਰੇ ਸਰੀਰ ਵਿਚੋਂ ਇਹ ਮਿੱਥ ਮੁੱਕ ਗਈ ਹੈ ਕਿ ਇਹ ਸਰੀਰ ਮੇਰਾ ਹੈ, ਇਹ ਸਰੀਰ ਮੇਰਾ ਹੈ।
ਹੁਣ ਮੈਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ ਹੈ।
ਜੋ ਕੁਝ ਪਰਮਾਤਮਾ ਕਰਦਾ ਹੈ, ਉਹ (ਹੁਣ) ਮੇਰੇ ਮਨ ਵਿਚ ਮਿੱਠਾ ਲੱਗ ਰਿਹਾ ਹੈ।
(ਇਸ ਆਤਮਕ ਤਬਦੀਲੀ ਦਾ) ਇਹ ਅਚਰਜ ਤਮਾਸ਼ਾ ਮੈਂ ਪਰਤੱਖ ਵੇਖ ਲਿਆ ਹੈ ॥੧॥
ਹੇ ਭਾਈ! ਹੁਣ ਮੈਂ (ਆਤਮਕ ਜੀਵਨ ਦੀ ਮਰਯਾਦਾ) ਸਮਝ ਲਈ ਹੈ, ਮੇਰੇ ਅੰਦਰੋਂ (ਚਿਰਾਂ ਦੀ ਚੰਬੜੀ ਹੋਈ ਮਮਤਾ ਦੀ) ਡੈਣ ਨਿਕਲ ਗਈ ਹੈ।
ਪੂਰੇ ਗੁਰੂ ਨੇ ਮੈਨੂੰ (ਜੀਵਨ ਦੀ) ਸੂਝ ਬਖ਼ਸ਼ ਦਿੱਤੀ ਹੈ। (ਮੇਰੇ ਅੰਦਰੋਂ) ਮਾਇਆ ਦੇ ਲਾਲਚ ਦੀ ਅੱਗ ਬੁੱਝ ਗਈ ਹੈ, ਗੁਰੂ ਨੇ ਮੇਰਾ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ ॥੧॥ ਰਹਾਉ ॥
(ਹੇ ਭਾਈ! ਗੁਰੂ ਨੇ ਮੇਹਰ ਕਰ ਕੇ ਮੈਨੂੰ ਆਪਣੀ ਸਰਨ ਵਿਚ ਰੱਖਿਆ ਹੋਇਆ ਹੈ।
ਗੁਰੂ ਨੇ ਪ੍ਰਭੂ ਦੇ ਚਰਨ ਫੜਾ ਦਿੱਤੇ ਹਨ।
ਹੁਣ ਜਦੋਂ ਮੇਰਾ ਮਨ ਪੂਰੇ ਤੌਰ ਤੇ ਠਹਿਰ ਗਿਆ ਹੈ, (ਟਿਕ ਗਿਆ ਹੈ),
ਮੈਨੂੰ ਗੁਰੂ ਅਤੇ ਪਰਮਾਤਮਾ ਇੱਕ-ਰੂਪ ਦਿੱਸ ਰਹੇ ਹਨ ॥੨॥
(ਹੇ ਭਾਈ!) ਜੇਹੜਾ ਜੇਹੜਾ ਜੀਵ ਪਰਮਾਤਮਾ ਨੇ ਪੈਦਾ ਕੀਤਾ ਹੈ ਮੈਂ ਹਰੇਕ ਦਾ ਸੇਵਕ ਬਣ ਗਿਆ ਹਾਂ,
(ਕਿਉਂਕਿ ਗੁਰੂ ਦੀ ਕਿਰਪਾ ਨਾਲ ਮੈਨੂੰ ਦਿੱਸ ਪਿਆ ਹੈ ਕਿ) ਸਾਰੇ ਹੀ ਜੀਵਾਂ ਵਿਚ ਮੇਰੇ ਪਰਮਾਤਮਾ ਦਾ ਨਿਵਾਸ ਹੈ।
ਮੈਨੂੰ ਕੋਈ ਭੀ ਜੀਵ ਆਪਣਾ ਦੁਸ਼ਮਨ ਵੈਰੀ ਨਹੀਂ ਦਿੱਸਦਾ।
ਹੁਣ ਮੈਂ ਸਭਨਾਂ ਦੇ ਗਲ ਨਾਲ ਮਿਲ ਕੇ ਤੁਰਦਾ ਹਾਂ (ਜਿਵੇਂ ਅਸੀ) ਇੱਕੋ ਪਿਤਾ (ਦੇ ਪੁੱਤਰ) ਭਰਾ ਹਾਂ ॥੩॥
ਜਿਸ ਮਨੁੱਖ ਨੂੰ ਗੁਰੂ ਨੇ ਪ੍ਰਭੂ ਨੇ (ਇਹ) ਸੁਖ ਦੇ ਦਿੱਤੇ,
ਉਸ ਉੱਤੇ ਦੁੱਖ ਮੁੜ ਆਪਣਾ ਜ਼ੋਰ ਨਹੀਂ ਪਾ ਸਕਦੇ।
(ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਆਪ ਹੀ ਸਭਨਾਂ ਦੀ ਪਾਲਣਾ ਕਰਨ ਵਾਲਾ ਹੈ।
ਹੇ ਨਾਨਕ! ਉਹ ਮਨੁੱਖ ਸ੍ਰਿਸ਼ਟੀ ਦੇ ਰੱਖਿਅਕ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ ॥੪॥੫॥੧੬॥
(ਜੇਹੜਾ ਮਨੁੱਖ ਧਰਮ-ਪੁਸਤਕਾਂ ਨੂੰ) ਮੂੰਹੋਂ ਤਾਂ ਅਰਥਾਂ ਸਮੇਤ ਪੜ੍ਹਦਾ ਹੈ,
ਪਰ ਉਸ ਦੇ ਹਿਰਦੇ ਵਿਚ ਪਰਮਾਤਮਾ ਨਹੀਂ ਵੱਸਦਾ, ਨਾਹ ਹੀ ਉਸ ਦੀ ਰਹਿਣੀ ਬੇ-ਦਾਗ਼ ਹੈ,
ਹੋਰ ਲੋਕਾਂ ਨੂੰ (ਧਰਮ-ਪੁਸਤਕਾਂ ਦਾ) ਉਪਦੇਸ਼ ਕਰਦਾ ਹੈ (ਅਤੇ ਉਪਦੇਸ਼) ਕਰ ਕੇ ਉਹਨਾਂ ਦੇ ਮਨ ਵਿਚ (ਉਹ ਉਪਦੇਸ਼) ਪੱਕੀ ਤਰ੍ਹਾਂ ਬਿਠਾਂਦਾ ਹੈ,
ਪਰ ਆਪਣਾ ਇਹ ਦੱਸਿਆ ਹੋਇਆ ਉਪਦੇਸ਼ ਆਪ ਨਹੀਂ ਕਮਾਂਦਾ (ਉਸ ਨੂੰ ਪੰਡਿਤ ਨਹੀਂ ਆਖਿਆ ਜਾ ਸਕਦਾ) ॥੧॥
ਹੇ ਪੰਡਿਤ! ਵੇਦ (ਆਦਿਕ ਧਰਮ-ਪੁਸਤਕ ਦੇ ਉਪਦੇਸ਼) ਨੂੰ (ਆਪਣੇ) ਮਨ ਵਿਚ ਵਸਾਈ ਰੱਖ,
ਅਤੇ ਹੇ ਪੰਡਿਤ! ਆਪਣੇ ਮਨ ਦਾ ਗੁੱਸਾ ਦੂਰ ਕਰ ਦੇ ॥੧॥ ਰਹਾਉ ॥
(ਆਤਮਕ ਜੀਵਨ ਵਲੋਂ) ਅੰਨ੍ਹਾ (ਮਨੁੱਖ) ਸਾਲਗਰਾਮ ਦੀ ਮੂਰਤੀ ਆਪਣੇ ਸਾਹਮਣੇ ਰੱਖ ਲੈਂਦਾ ਹੈ,