ਪ੍ਰਭੂ ਨੇ ਆਪ (ਹੀ) ਗੁਰੂ ਨੂੰ (ਜਗਤ ਵਿਚ) ਭੇਜਿਆ। (ਗੁਰੂ ਨੇ ਆ ਕੇ ਦੱਸਿਆ ਕਿ) ਪਰਮਾਤਮਾ ਅਸਾਂ ਜੀਵਾਂ ਤੋਂ ਦੂਰ ਨਹੀਂ ਹੈ।
ਹੇ ਨਾਨਕ! (ਗੁਰੂ ਨੇ ਦੱਸਿਆ ਕਿ) ਸਰਬ-ਵਿਆਪਕ ਪਰਮਾਤਮਾ ਦਾ ਸਿਮਰਨ ਕਰਨ ਨਾਲ ਮਨ ਦੀਆਂ ਭਟਕਣਾਂ ਅਤੇ ਸਾਰੇ ਡਰ ਦੂਰ ਹੋ ਜਾਂਦੇ ਹਨ ॥੨॥
ਛੰਤੁ।
ਮੰਘਰ ਮੋਹ ਦੇ ਮਹੀਨੇ ਵਿਚ ਸਿਆਲ ਦੀ ਰੁੱਤ (ਆ ਕੇ) ਠੰਢ ਵਰਤਾਂਦੀ ਹੈ, (ਇਸੇ ਤਰ੍ਹਾਂ ਜਿਸ ਜੀਵ ਦੇ ਹਿਰਦੇ ਵਿਚ) ਪਰਮਾਤਮਾ ਦਾ ਪਰਕਾਸ਼ ਆ ਹੁੰਦਾ ਹੈ।
ਜਿਹੜਾ ਮਨੁੱਖ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ, ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਸ ਦੇ ਅੰਦਰੋਂ ਮਾਇਆ ਦੇ ਵਲ-ਛਲ ਮੁੱਕ ਜਾਂਦੇ ਹਨ।
ਪ੍ਰਭੂ ਦੀ ਹਜ਼ੂਰੀ ਵਿਚ ਟਿਕ ਕੇ ਪ੍ਰਭੂ ਦੇ ਜਿਸ ਚਰਨ-ਸੇਵਕ ਨੇ ਪ੍ਰਭੂ ਦੀ ਸੇਵਾ-ਭਗਤੀ ਕੀਤੀ, ਉਸ ਦੀਆਂ ਮਨੋ-ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ।
(ਜਿਵੇਂ ਪਤੀ-ਮਿਲਾਪ ਨਾਲ ਇਸਤ੍ਰੀ ਦੇ) ਹਾਰ ਡੋਰ ਆਦਿਕ ਸਾਰੇ ਸ਼ਿੰਗਾਰ (ਸਫਲ ਹੋ ਜਾਂਦੇ ਹਨ, ਇਸੇ ਤਰ੍ਹਾਂ ਪ੍ਰਭੂ-ਪਤੀ ਦੇ ਮਿਲਾਪ ਵਿਚ ਹੀ ਜੀਵ-ਇਸਤ੍ਰੀ ਲਈ) ਸਾਰੇ ਆਨੰਦ ਹਨ (ਤਾਂ ਤੇ, ਹੇ ਭਾਈ!) ਅਲੱਖ ਅਭੇਵ ਪ੍ਰਭੂ ਦੇ ਗੁਣ ਗਾਂਦੇ ਰਿਹਾ ਕਰੋ।
ਗੋਬਿੰਦ ਦਾ ਪ੍ਰੇਮ ਮੰਗਦਿਆਂ ਗੋਬਿੰਦ ਦੀ ਭਗਤੀ (ਦੀ ਦਾਤਿ) ਮੰਗਦਿਆਂ ਮੌਤ ਦਾ ਸਹਿਮ ਕਦੇ ਪੋਹ ਨਹੀਂ ਸਕਦਾ।
ਨਾਨਕ ਬੇਨਤੀ ਕਰਦਾ ਹੈ-ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ, ਉਸ ਦੇ ਹਿਰਦੇ ਵਿਚ ਪ੍ਰਭੂ-ਪਿਆਰ ਦੀ ਅਣਹੋਂਦ ਨਹੀਂ ਹੁੰਦੀ ॥੬॥
ਉਸ ਦਾ ਚਿੱਤ (ਕਦੇ ਮਾਇਆ ਵਾਲੇ ਪਾਸੇ) ਡੋਲਦਾ ਨਹੀਂ, ਜਿਸ ਭਾਗਾਂ ਵਾਲੀ ਜੀਵ-ਇਸਤ੍ਰੀ ਨੇ ਪ੍ਰਭੂ ਦਾ ਨਾਮ-ਧਨ ਹਾਸਲ ਕਰ ਲਿਆ,
ਹੇ ਨਾਨਕ! ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਸੰਤਾਂ ਦੀ ਸੰਗਤ ਦੀ ਬਰਕਤਿ ਨਾਲ ਮਿੱਤਰ ਪ੍ਰਭੂ ਜੀ ਪਰਗਟ ਹੋ ਪਏ ॥੧॥
ਪਿਆਰੇ ਪ੍ਰੀਤਮ-ਪ੍ਰਭੂ ਦੇ ਚਰਨਾਂ ਵਿਚ ਜੁੜਿਆਂ (ਮਾਨੋ, ਅਨੇਕਾਂ) ਰਾਗਾਂ ਤਮਾਸ਼ਿਆਂ ਤੇ ਕੌਤਕਾਂ ਦੇ ਆਨੰਦ (ਮਾਣ ਲਈਦੇ ਹਨ)।
ਹੇ ਨਾਨਕ! ਪਰਮਾਤਮਾ ਦਾ ਨਾਮ ਉਚਾਰਿਆਂ ਮਨ-ਮੰਗੀਆਂ ਮੁਰਾਦਾਂ ਮਿਲ ਜਾਂਦੀਆਂ ਹਨ ॥੨॥
ਛੰਤੁ।
(ਹੇ ਸਹੇਲੀਓ!) ਮਾਘ (ਦਾ ਮਹੀਨਾ) ਫੱਗਣ (ਦਾ ਮਹੀਨਾ, ਇਹ ਦੋਵੇਂ ਭੀ ਬੜੀਆਂ) ਖ਼ੂਬੀਆਂ ਵਾਲੇ ਹਨ, (ਇਹਨਾਂ ਮਹੀਨਿਆਂ ਦੀ) ਬਰਫ਼ਾਨੀ ਰੁੱਤ ਮਨਾਂ ਵਿਚ ਪਿਆਰੀ ਲੱਗਦੀ ਹੈ, (ਇਸੇ ਤਰ੍ਹਾਂ ਜਿਸ ਹਿਰਦੇ ਵਿਚ ਠੰਢ ਦਾ ਪੁੰਜ ਪ੍ਰਭੂ ਆ ਵੱਸਦਾ ਹੈ, ਉਥੇ ਭੀ ਵਿਕਾਰਾਂ ਦੀ ਤਪਸ਼ ਮੁੱਕ ਜਾਂਦੀ ਹੈ)।
ਹੇ ਸਹੇਲੀਓ! ਤੁਸੀ (ਸ਼ਾਂਤੀ ਦੇ ਸੋਮੇ ਪਰਮਾਤਮਾ ਦੀ) ਸਿਫ਼ਤ-ਸਾਲਾਹ ਦਾ ਗੀਤ ਗਾਇਆ ਕਰੋ। (ਜਿਹੜੀ-ਜੀਵ-ਇਸਤ੍ਰੀ ਇਹ ਉੱਦਮ ਕਰਦੀ ਹੈ, ਉਸ ਦੇ) ਹਿਰਦੇ-ਘਰ ਵਿਚ ਪ੍ਰਭੂ-ਪਤੀ ਆ ਪਰਗਟਦਾ ਹੈ।
ਹੇ ਸਹੇਲੀਓ! (ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ) ਪ੍ਰੀਤਮ ਪ੍ਰਭੂ ਜੀ ਆ ਵੱਸਦੇ ਹਨ, (ਜਿਹੜੀ ਜੀਵ-ਇਸਤ੍ਰੀ ਆਪਣੇ) ਮਨ ਵਿਚ ਪ੍ਰਭੂ-ਪਤੀ ਦਾ ਧਿਆਨ ਧਰਦੀ ਹੈ, (ਉਸ ਦੇ ਹਿਰਦੇ ਦੀ) ਸੇਜ ਸੋਹਣੀ ਸੁੰਦਰ ਹੋ ਜਾਂਦੀ ਹੈ।
ਉਹ ਜੀਵ-ਇਸਤ੍ਰੀ (ਉਸ ਸਰਬ-ਵਿਆਪਕ ਦਾ) ਦਰਸ਼ਨ ਕਰ ਕੇ ਮਸਤ ਰਹਿੰਦੀ ਹੈ, ਉਸ ਨੂੰ ਜੰਗਲ, ਘਾਹ-ਬੂਟ, ਤਿੰਨ ਭਵਨ ਹਰੇ-ਭਰੇ ਦਿੱਸਦੇ ਹਨ।
ਹੇ ਸਹੇਲੀਓ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਮਿਲ ਪੈਂਦਾ ਹੈ, ਜਿਹੜੀ ਜੀਵ-ਇਸਤ੍ਰੀ ਆਪਣੇ ਮਨ ਵਿਚ ਉਸ ਦਾ ਪਵਿੱਤਰ ਨਾਮ-ਮੰਤ੍ਰ ਜਪਦੀ ਹੈ, ਉਸ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ।
ਨਾਨਕ ਬੇਨਤੀ ਕਰਦਾ ਹੈ-ਹੇ ਸਹੇਲੀਓ! ਤੁਸੀ ਭੀ ਮਾਇਆ ਦੇ ਆਸਰੇ ਪ੍ਰਭੂ-ਪਤੀ ਨੂੰ ਮਿਲ ਕੇ ਸਦਾ ਆਤਮਕ ਆਨੰਦ ਮਾਣਿਆ ਕਰੋ ॥੭॥
ਸੰਤ ਜਨ (ਜੀਵਾਂ ਦੀ) ਜਿੰਦ ਦੇ ਮਦਦਗਾਰ (ਬਣਦੇ ਹਨ), (ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦੇ ਹਨ।
ਹੇ ਨਾਨਕ! ਪਰਮਾਤਮਾ ਦੇ ਨਾਮ ਨਾਲ ਪਿਆਰ ਕਰਨ ਵਾਲੇ (ਗੁਰਮੁਖ ਜਗਤ ਵਿਚ ਹੋਰ) ਸਭ ਪ੍ਰਾਣੀਆਂ ਤੋਂ ਸ੍ਰੇਸ਼ਟ ਮੰਨੇ ਜਾਂਦੇ ਹਨ ॥੧॥
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹੀ (ਅਸਲ) ਸੂਰਮੇ ਹਨ, ਉਹੀ (ਅਸਲ) ਬਹਾਦਰ ਹਨ।
ਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ (ਸੰਸਾਰ-ਸਮੁੰਦਰ ਦੇ) ਪਾਰਲੇ ਕੰਢੇ ਪਹੁੰਚ ਗਏ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੨॥
ਛੰਤੁ।
(ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ ਪ੍ਰਭੂ ਦੇ) ਚਰਨ ਟਿਕੇ ਰਹਿੰਦੇ ਹਨ, ਤੇ ਹੋਰ ਮਾਇਕ ਸੰਕਲਪ ਪ੍ਰਭੂ ਦੀ ਯਾਦ ਤੋਂ ਹੇਠਾਂ ਰਹਿੰਦੇ ਹਨ, (ਉਹਨਾਂ ਦੇ ਅੰਦਰੋਂ ਹਰੇਕ ਕਿਸਮ ਦਾ) ਸਾਰਾ ਦੁੱਖ ਮਿਟ ਜਾਂਦਾ ਹੈ।
ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਆ ਵੱਸਦੀ ਹੈ, ਉਹਨਾਂ ਦੇ ਜਨਮ ਮਰਨ ਦੇ ਦੁੱਖ-ਕਲੇਸ਼ ਖ਼ਤਮ ਹੋ ਜਾਂਦੇ ਹਨ।
ਉਹ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਸਦਾ) ਰੰਗੇ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿਚ (ਸਦਾ) ਮਸਤ ਰਹਿੰਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਤੋਂ ਰਤਾ ਭਰ ਸਮੇ ਲਈ ਭੀ ਨਹੀਂ ਭੁੱਲਦਾ।
ਉਹ ਮਨੁੱਖ ਆਪਾ-ਭਾਵ ਤਿਆਗ ਕੇ ਸਭ ਗੁਣਾਂ ਦੇ ਮਾਲਕ ਪਰਮਾਤਮਾ ਦੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ।
ਹੇ ਭਾਈ! ਗੁਣਾਂ ਦੇ ਖ਼ਜ਼ਾਨੇ, ਮਾਇਆ ਦੇ ਪਤੀ, ਸਾਰੀ ਸ੍ਰਿਸ਼ਟੀ ਦੇ ਮੁੱਢ ਸੁਆਮੀ ਗੋਬਿੰਦ ਨੂੰ ਸਦਾ ਨਮਸਕਾਰ ਕਰਿਆ ਕਰ।
ਨਾਨਕ ਬੇਨਤੀ ਕਰਦਾ ਹੈ (ਅਰਦਾਸ ਕਰ-ਹੇ ਪ੍ਰਭੂ! ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਨਾਮ ਜਪਦਾ ਰਹਾਂ), ਤੂੰ ਹਰੇਕ ਜੁਗ ਵਿਚ ਇਕੋ ਅਟੱਲ ਸਰੂਪ ਵਾਲਾ ਰਹਿੰਦਾ ਹੈਂ ॥੮॥੧॥੬॥੮॥
ਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਦਖਣੀ ਓਅੰਕਾਰੁ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਪਾਂਡੇ! ਤੁਸੀ ਮੰਦਰ ਵਿਚ ਅਸਥਾਪਨ ਕੀਤੀ ਹੋਈ ਇਸ ਮੂਰਤੀ ਨੂੰ 'ਓਅੰਕਾਰ' ਮਿਥ ਰਹੇ ਹੋ, ਤੇ ਆਖਦੇ ਹੋ ਕਿ ਸ੍ਰਿਸ਼ਟੀ ਨੂੰ ਬ੍ਰਹਮਾ ਨੇ ਪੈਦਾ ਕੀਤਾ ਸੀ। ਪਰ 'ਓਅੰਕਾਰ' ਉਹ ਸਰਬ-ਵਿਆਪਕ ਪਰਮਾਤਮਾ ਹੈ ਜਿਸ) ਸਰਬ-ਵਿਆਪਕ ਪਰਮਾਤਮਾ ਤੋਂ ਬ੍ਰਹਮਾ ਦਾ (ਭੀ) ਜਨਮ ਹੋਇਆ,
ਉਸ ਬ੍ਰਹਮਾ ਨੇ ਭੀ ਉਸ ਸਰਬ-ਵਿਆਪਕ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਇਆ।
ਇਹ ਸਾਰੀ ਸ੍ਰਿਸ਼ਟੀ ਤੇ ਸਮੇ ਦੀ ਵੰਡ ਉਸ ਸਰਬ-ਵਿਆਪਕ ਪਰਮਾਤਮਾ ਤੋਂ ਹੀ ਹੋਏ,
ਵੇਦ ਭੀ ਓਅੰਕਾਰ ਤੋਂ ਹੀ ਬਣੇ।