ਹੇ ਪ੍ਰਭੂ! (ਗੁਰੂ ਦੀ ਕਿਰਪਾ ਨਾਲ) ਜਦੋਂ ਮੈਂ ਆਪਣੇ ਆਪ ਨੂੰ ਸਵਾਰ ਕੇ ਆਪਣਾ ਮਨ ਮਾਰ ਕੇ ਵੇਖਿਆ ਤਾਂ (ਮੈਨੂੰ ਦਿੱਸ ਪਿਆ ਕਿ) ਤੇਰੇ ਵਰਗਾ ਮਿੱਤ੍ਰ ਹੋਰ ਕੋਈ ਨਹੀਂ ਹੈ।
ਸਾਨੂੰ ਜੀਵਾਂ ਨੂੰ ਤੂੰ ਜਿਸ ਹਾਲਤ ਵਿਚ ਰੱਖਦਾ ਹੈਂ, ਉਸੇ ਹਾਲਤ ਵਿਚ ਹੀ ਅਸੀਂ ਰਹਿ ਸਕਦੇ ਹਾਂ। ਦੁਖ ਭੀ ਤੂੰ ਹੀ ਦੇਂਦਾ ਹੈਂ, ਸੁਖ ਭੀ ਤੂੰ ਹੀ ਦੇਂਦਾ ਹੈਂ। ਜੋ ਕੁਝ ਤੂੰ ਕਰਦਾ ਹੈਂ; ਉਹੀ ਹੁੰਦਾ ਹੈ ॥੩॥
ਗੁਰੂ ਦੀ ਸਰਨ ਪਿਆਂ ਹੀ ਮਾਇਆ ਵਾਲੀ ਆਸ ਤੇ ਲਾਲਸਾ ਮਿਟਦੀਆਂ ਹਨ, ਤ੍ਰਿਗੁਣੀ ਮਾਇਆ ਦੀਆਂ ਆਸਾਂ ਤੋਂ ਨਿਰਲੇਪ ਰਹਿ ਸਕੀਦਾ ਹੈ।
ਜਦੋਂ ਸਤਸੰਗ ਦਾ ਆਸਰਾ ਲਈਏ, ਜਦੋਂ ਗੁਰੂ ਦੇ ਦੱਸੇ ਹੋਏ ਰਾਹੇ ਤੁਰੀਏ, ਤਦੋਂ ਹੀ ਉਹ ਆਤਮਕ ਅਵਸਥਾ ਬਣਦੀ ਹੈ ਜਿਥੇ ਮਾਇਆ ਪੋਹ ਨ ਸਕੇ ॥੪॥
ਜਿਸ ਮਨੁੱਖ ਦੇ ਹਿਰਦੇ ਵਿਚ ਅਲੱਖ ਤੇ ਅਭੇਵ ਪਰਮਾਤਮਾ ਵੱਸ ਪਏ, ਉਸ ਨੂੰ ਮਾਨੋ ਸਾਰੇ ਜਪ ਤਪ ਗਿਆਨ ਧਿਆਨ ਪ੍ਰਾਪਤ ਹੋ ਗਏ।
ਹੇ ਨਾਨਕ! ਗੁਰੂ ਦੀ ਮਤਿ ਤੇ ਤੁਰਿਆਂ ਮਨ ਪ੍ਰਭੂ ਦੇ ਨਾਮ ਵਿਚ ਰੰਗਿਆ ਜਾਂਦਾ ਹੈ; ਮਨ ਅਡੋਲ ਅਵਸਥਾ ਵਿਚ ਟਿਕ ਕੇ ਸਿਮਰਨ ਕਰਦਾ ਹੈ ॥੫॥੨੨॥
(ਹੇ ਭਾਈ!) ਮੋਹ (ਮਨੁੱਖ ਦੇ ਮਨ ਵਿਚ) ਪਰਵਾਰ ਦੀ ਮਮਤਾ ਪੈਦਾ ਕਰਦਾ ਹੈ, ਮੋਹ (ਜਗਤ ਦੀ) ਸਾਰੀ ਕਾਰ ਚਲਾ ਰਿਹਾ ਹੈ,
(ਪਰ ਮੋਹ ਹੀ) ਵਿਕਾਰ ਪੈਦਾ ਕਰਦਾ ਹੈ, (ਇਸ ਵਾਸਤੇ) ਮੋਹ ਨੂੰ ਛੱਡ ॥੧॥
ਹੇ ਭਾਈ! (ਦੁਨੀਆ ਦਾ) ਮੋਹ ਛੱਡ ਅਤੇ ਮਨ ਦੀ ਭਟਕਣਾ ਦੂਰ ਕਰ।
(ਮੋਹ ਤਿਆਗਿਆਂ ਹੀ) ਮਨੁੱਖ ਪਰਮਾਤਮਾ ਦਾ ਅਟੱਲ ਨਾਮ ਹਿਰਦੇ ਵਿਚ ਸਿਮਰ ਸਕਦਾ ਹੈ ॥੧॥ ਰਹਾਉ ॥
ਜਦੋਂ ਮਨੁੱਖ ਪਰਮਾਤਮਾ ਦਾ ਸਦਾ-ਥਿਰ ਨਾਮ (-ਰੂਪ) ਨੌ-ਨਿਧਿ ਪ੍ਰਾਪਤ ਕਰ ਲੈਂਦਾ ਹੈ,
(ਤਾਂ ਉਸ ਦਾ ਮਨ ਮਾਇਆ ਦਾ ਪੁੱਤਰ ਨਹੀਂ ਬਣਿਆ ਰਹਿੰਦਾ, ਫਿਰ) ਮਨ ਮਾਇਆ ਦੀ ਖ਼ਾਤਰ ਰੋਂਦਾ ਨਹੀਂ ਕਲਪਦਾ ਨਹੀਂ ॥੨॥
ਇਹ ਮੋਹ ਵਿਚ ਸਾਰਾ ਜਗਤ ਡੁੱਬਾ ਪਿਆ ਹੈ,
ਕੋਈ ਵਿਰਲਾ ਮਨੁੱਖ ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ (ਮੋਹ ਦੇ ਸਮੁੰਦਰ ਵਿਚੋਂ) ਪਾਰ ਲੰਘਦਾ ਹੈ ॥੩॥
(ਹੇ ਭਾਈ!) ਇਸ ਮੋਹ ਵਿਚ (ਫਸਿਆ ਹੋਇਆ) ਤੂੰ ਮੁੜ ਮੁੜ ਜੂਨਾਂ ਵਿਚ ਪਏਂਗਾ,
ਮੋਹ ਵਿਚ ਹੀ ਜਕੜਿਆ ਹੋਇਆ ਤੂੰ ਜਮਰਾਜ ਦੇ ਦੇਸ ਵਿਚ ਜਾਵੇਂਗਾ ॥੪॥
ਜੇਹੜੇ ਬੰਦੇ (ਰਿਵਾਜੀ) ਗੁਰੂ ਦੀ ਸਿੱਖਿਆ ਲੈ ਕੇ ਜਪ ਤਪ ਕਮਾਂਦੇ ਹਨ,
ਉਹਨਾਂ ਦਾ ਮੋਹ ਟੁੱਟਦਾ ਨਹੀਂ, (ਇਹਨਾਂ ਜਪਾਂ ਤਪਾਂ ਨਾਲ) ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਨਹੀਂ ਹੁੰਦੇ ॥੫॥
ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਦਾ ਇਹ ਮੋਹ ਦੂਰ ਹੁੰਦਾ ਹੈ।
ਹੇ ਨਾਨਕ! ਉਹ ਸਦਾ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੬॥੨੩॥
(ਜੋ ਕੁਝ ਜਗਤ ਵਿਚ ਹੋ ਰਿਹਾ ਹੈ) ਸਦਾ ਕਾਇਮ ਰਹਿਣ ਵਾਲਾ ਅਲੱਖ ਬੇਅੰਤ ਪਰਮਾਤਮਾ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਕਰ ਰਿਹਾ ਹੈ।
(ਹੇ ਪ੍ਰਭੂ! ਇਹ ਅਟੱਲ ਨਿਯਮ ਭੁਲਾ ਕੇ) ਮੈਂ ਗੁਨਹਗਾਰ ਹਾਂ (ਪਰ ਫਿਰ ਭੀ) ਤੂੰ ਬਖ਼ਸ਼ਸ਼ ਕਰਨ ਵਾਲਾ ਹੈਂ ॥੧॥
ਜਗਤ ਵਿਚ ਜੋ ਕੁਝ ਹੁੰਦਾ ਹੈ ਸਭ ਕੁਝ ਉਹੀ ਹੁੰਦਾ ਹੈ ਜੋ (ਹੇ ਪ੍ਰਭੂ!) ਤੈਨੂੰ ਚੰਗਾ ਲੱਗਦਾ ਹੈ।
(ਪਰ ਇਹ ਅਟੱਲ ਸਚਾਈ ਵਿਸਾਰ ਕੇ) ਮਨੁੱਖ ਨਿਰੇ ਆਪਣੇ ਮਨ ਦੇ ਹਠ ਨਾਲ (ਭਾਵ, ਨਿਰੀ ਆਪਣੀ ਅਕਲ ਦਾ ਆਸਰਾ ਲੈ ਕੇ) ਕੰਮ ਕਰਨ ਤੇ ਆਖ਼ਰ ਖ਼ੁਆਰ ਹੁੰਦਾ ਹੈ ॥੧॥ ਰਹਾਉ ॥
(ਨਿਰੇ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੀ ਅਕਲ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ,
(ਇਸ ਤਰ੍ਹਾਂ) ਪ੍ਰਭੂ ਦੇ ਸਿਮਰਨ ਤੋਂ ਖੁੰਝ ਕੇ (ਮਾਇਆ ਦੇ ਲਾਲਚ ਵਿਚ ਕੀਤੇ) ਕਿਸੇ ਮੰਦ-ਕਰਮ ਦੇ ਕਾਰਨ ਦੁਖੀ ਹੁੰਦੀ ਹੈ ॥੨॥
(ਹੇ ਭਾਈ! ਮਾਇਆ ਦੇ ਮੋਹ ਵਿਚ ਫਸੀ) ਭੈੜੀ ਮਤਿ ਤਿਆਗ ਕੇ ਕੁਝ ਆਤਮਕ ਲਾਭ ਭੀ ਖੱਟੋ,
(ਇਹ ਯਕੀਨ ਲਿਆਵੋ ਕਿ) ਜੋ ਕੁਝ ਪੈਦਾ ਹੋਇਆ ਹੈ, ਉਸ ਅਲਖ ਤੇ ਅਭੇਦ ਪ੍ਰਭੂ ਤੋਂ ਹੀ ਪੈਦਾ ਹੋਇਆ ਹੈ (ਭਾਵ, ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ) ॥੩॥
(ਅਸੀਂ ਜੀਵ ਮੁੜ ਮੁੜ ਭੁੱਲਦੇ ਹਾਂ ਤੇ ਆਪਣੀ ਅਕਲ ਤੇ ਮਾਣ ਕਰਦੇ ਹਾਂ, ਪਰ) ਸਾਡਾ ਮਿੱਤ੍ਰ ਪ੍ਰਭੂ ਸਦਾ ਸਹਾਇਤਾ ਕਰਨ ਵਾਲਾ ਹੈ।
(ਉਸ ਦੀ ਮੇਹਰ ਨਾਲ) ਜੋ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦੀ ਭਗਤੀ ਦੀ ਹੀ ਤਾਕੀਦ ਕਰਦਾ ਹੈ ॥੪॥
(ਪ੍ਰਭੂ ਦਾ ਸਿਮਰਨ ਵਿਸਾਰ ਕੇ) ਸਾਰੇ ਦੁਨਿਆਵੀ ਸੌਦਿਆਂ ਵਿਚ ਘਾਟਾ ਹੀ ਘਾਟਾ ਹੈ (ਉਮਰ ਵਿਅਰਥ ਗੁਜ਼ਰਦੀ ਜਾਂਦੀ ਹੈ);
ਹੇ ਨਾਨਕ! (ਉਸ ਮਨੁੱਖ ਨੂੰ ਘਾਟਾ ਨਹੀਂ ਹੁੰਦਾ) ਜਿਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ॥੫॥੨੪॥
(ਵਿਦਿਆ ਪ੍ਰਾਪਤ ਕਰ ਕੇ) ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ ਤਾਂ ਹੀ ਸਮਝੋ ਕਿ ਉਹ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ।
ਤੀਰਥਾਂ ਤੇ ਨਿਵਾਸ ਰੱਖਣ ਵਾਲਾ ਤਦੋਂ ਹੀ ਸਫਲ ਹੈ, ਜੇ ਉਸ ਨੇ ਪੰਜੇ ਕਾਮਾਦਿਕ ਵੱਸ ਕਰ ਲਏ ਹਨ ॥੧॥
ਜੇ ਮੇਰਾ ਮਨ ਪ੍ਰਭੂ-ਚਰਨਾਂ ਵਿਚ ਜੁੜਨਾ ਸਿੱਖ ਗਿਆ ਹੈ ਤਦੋਂ ਹੀ (ਭਗਤੀਆ ਬਣ ਕੇ) ਘੁੰਘਰੂ ਵਜਾਣੇ ਸਫਲ ਹਨ।
ਫਿਰ ਪਰਲੋਕ ਵਿਚ ਜਮ ਮੇਰਾ ਕੁਝ ਭੀ ਨਹੀਂ ਵਿਗਾੜ ਸਕਦਾ ॥੧॥ ਰਹਾਉ ॥
ਜੇ ਸਭ ਮਾਇਕ-ਆਸਾਂ ਵਲੋਂ ਉਪਰਾਮ ਹੈ ਤਾਂ ਸਮਝੋ ਇਹ ਸੰਨਿਆਸੀ ਹੈ।
ਜੇ (ਗ੍ਰਿਹਸਤੀ ਹੁੰਦਿਆਂ) ਜੋਗੀ ਵਾਲਾ ਜਤ (ਕਾਇਮ) ਹੈ ਤਾਂ ਉਸ ਨੂੰ ਅਸਲ ਗ੍ਰਿਹਸਤੀ ਜਾਣੋ ॥੨॥
ਜੇ (ਹਿਰਦੇ ਵਿਚ) ਦਇਆ ਹੈ, ਜੇ ਸਰੀਰ ਨੂੰ (ਵਿਕਾਰਾਂ ਵਲੋਂ ਪਵਿੱਤ੍ਰ ਰੱਖਣ ਦੀ) ਵਿਚਾਰ ਵਾਲਾ ਭੀ ਹੈ, ਤਾਂ ਉਹ ਅਸਲ ਦਿਗੰਬਰ (ਨਾਂਗਾ ਜੈਨੀ);
ਜੋ ਮਨੁੱਖ ਆਪ (ਵਿਕਾਰਾਂ ਵਲੋਂ) ਮਰਿਆ ਹੋਇਆ ਹੈ ਉਹੀ ਹੈ (ਅਸਲ ਅਹਿੰਸਾ-ਵਾਦੀ) ਜੋ ਹੋਰਨਾਂ ਨੂੰ ਨਹੀਂ ਮਾਰਦਾ ॥੩॥
(ਪਰ ਕਿਸੇ ਨੂੰ ਮੰਦਾ ਨਹੀਂ ਕਿਹਾ ਜਾ ਸਕਦਾ, ਹੇ ਪ੍ਰਭੂ!) ਇਹ ਸਾਰੇ ਤੇਰੇ ਹੀ ਅਨੇਕਾਂ ਵੇਸ ਹਨ, ਹਰੇਕ ਵੇਸ ਵਿਚ ਤੂੰ ਆਪ ਮੌਜੂਦ ਹੈਂ।
ਨਾਨਕ (ਵਿਚਾਰਾ) ਤੇਰੇ ਕੌਤਕ-ਤਮਾਸ਼ੇ ਸਮਝ ਨਹੀਂ ਸਕਦਾ ॥੪॥੨੫॥
ਮੈਂ ਕਿਸੇ ਸਿਰਫ਼ ਇੱਕ ਔਗੁਣ ਨਾਲ ਲਿੱਬੜੀ ਹੋਈ ਨਹੀਂ ਹਾਂ ਕਿ ਆਪਣੇ ਅੰਦਰ ਗੁਣ ਪੈਦਾ ਕਰ ਕੇ ਉਸ ਇੱਕ ਔਗੁਣ ਨੂੰ ਧੋ ਸਕਾਂ (ਮੇਰੇ ਅੰਦਰ ਤਾਂ ਬੇਅੰਤ ਔਗੁਣ ਹਨ ਕਿਉਂਕਿ)
ਮੈਂ ਤਾਂ ਸਾਰੀ ਉਮਰ-ਰਾਤ ਹੀ (ਮੋਹ ਦੀ ਨੀਂਦ ਵਿਚ ਸੁੱਤੀ ਰਹੀ ਹਾਂ, ਤੇ ਮੇਰਾ ਖਸਮ-ਪ੍ਰਭੂ ਜਾਗਦਾ ਰਹਿੰਦਾ ਹੈ (ਉਸ ਦੇ ਨੇੜੇ ਮੋਹ ਢੁਕ ਹੀ ਨਹੀਂ ਸਕਦਾ) ॥੧॥
ਅਜੇਹੀ ਹਾਲਤ ਵਿਚ ਮੈਂ ਖਸਮ-ਪ੍ਰਭੂ ਨੂੰ ਕਿਵੇਂ ਪਿਆਰੀ ਲੱਗ ਸਕਦੀ ਹਾਂ?
ਖਸਮ ਜਾਗਦਾ ਹੈ ਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ ॥੧॥ ਰਹਾਉ ॥