(ਉੱਤਰ:) ਪ੍ਰਾਣ ਹੀ ਹਸਤੀ ਦਾ ਮੁੱਢ ਹਨ। (ਇਹ ਮਨੁੱਖਾ ਜਨਮ ਦਾ) ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ।
ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ।
ਮੈਂ ਅਕੱਥ ਪ੍ਰਭੂ ਦੀਆਂ ਗੱਲਾਂ ਕਰ ਕੇ (ਭਾਵ, ਗੁਣ ਗਾ ਕੇ) ਮਾਇਆ ਤੋਂ ਨਿਰਲੇਪ ਰਹਿੰਦਾ ਹਾਂ।
ਤੇ, ਹੇ ਨਾਨਕ! ਉਹ ਗੁਰ-ਗੋਪਾਲ ਹਰੇਕ ਜੁਗ ਵਿਚ ਮੌਜੂਦ ਹੈ।
ਕੇਵਲ ਗੁਰ-ਸ਼ਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ,
(ਇਸ ਸ਼ਬਦ ਦੀ ਰਾਹੀਂ ਹੀ) ਗੁਰਮੁਖ ਮਨੁੱਖ ਨੇ ਹਉਮੈ (ਖ਼ੁਦ-ਗਰਜ਼ੀ ਦੀ) ਅੱਗ (ਆਪਣੇ ਅੰਦਰੋਂ) ਦੂਰ ਕੀਤੀ ਹੈ ॥੪੪॥
(ਪ੍ਰਸ਼ਨ:) ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਧਾ ਜਾਏ?
ਉਹ ਕੇਹੜਾ ਖਾਣਾ ਹੈ ਜਿਸ ਨਾਲ (ਮਨ ਦਾ) ਅਹੰਕਾਰ ਦੂਰ ਹੋ ਜਾਏ?
ਜੇ ਬਰਫ਼ ਦਾ ਮੰਦਰ ਹੋਵੇ, ਉਸ ਉਤੇ ਅੱਗ ਦਾ ਚੋਲਾ ਹੋਵੇ,
ਤਾਂ ਉਸ ਨੂੰ ਕਿਸ ਗੁਫ਼ਾ ਵਿਚ ਰੱਖੀਏ ਕਿ ਟਿਕਿਆ ਰਹੇ?
ਇਥੇ ਉਥੇ (ਹਰ ਥਾਂ) ਕਿਸ ਨੂੰ ਪਛਾਣ ਕੇ (ਉਸ ਵਿਚ ਇਹ ਮਨ) ਲੀਨ ਰਹੇ?
ਉਹ ਕੇਹੜਾ ਟਿਕਵਾਂ ਬੱਝਵਾਂ ਖ਼ਿਆਲ ਹੈ ਜਿਸ ਕਰਕੇ ਮਨ ਆਪਣੇ ਅੰਦਰ ਹੀ ਟਿਕਿਆ ਰਹੇ (ਤੇ ਬਾਹਰ ਨਾਹ ਭਟਕੇ)? ॥੪੫॥
(ਉੱਤਰ:) (ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ) ਮਨ ਵਿਚੋਂ ਖ਼ੁਦ-ਗ਼ਰਜ਼ੀ ਦੂਰ ਕਰਦਾ ਹੈ,
ਵਿਤਕਰਾ ਮਿਟਾ ਦੇਂਦਾ ਹੈ, (ਸਭ ਨਾਲ) ਸਾਂਝ ਬਣਾਂਦਾ ਹੈ।
(ਪਰ) ਜੋ ਮੂਰਖ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹਦੇ ਲਈ ਜਗਤ ਕਰੜਾ ਹੈ (ਭਾਵ, ਜੀਵਨ ਦੁੱਖਾਂ ਦੀ ਖਾਣ ਹੈ)।
ਇਹ (ਜਗਤ ਦਾ ਦੁਖਦਾਈ-ਪਣ ਰੂਪ) ਲੋਹਾ ਤਦੋਂ ਹੀ ਖਾਧਾ ਜਾ ਸਕਦਾ ਹੈ ਜੇ ਸਤਿਗੁਰੂ ਦਾ ਸ਼ਬਦ ਕਮਾਈਏ (ਭਾਵ, ਗੁਰੂ ਦੇ ਹੁਕਮ ਵਿਚ ਤੁਰੀਏ)। (ਬੱਸ! ਇਹ ਹੈ ਮੋਮ ਦੇ ਦੰਦਾਂ ਨਾਲ ਲੋਹੇ ਨੂੰ ਚੱਬਣਾ)।
ਜੋ ਮਨੁੱਖ (ਆਪਣੇ) ਅੰਦਰ ਤੇ ਬਾਹਰ (ਸਾਰੇ ਜਗਤ ਵਿਚ) ਇਕ ਪ੍ਰਭੂ ਨੂੰ (ਮੌਜੂਦ) ਸਮਝਦਾ ਹੈ,
ਹੇ ਨਾਨਕ! ਉਸ ਦੀ ਤ੍ਰਿਸ਼ਨਾ ਦੀ ਅੱਗ ਸਤਿਗੁਰੂ ਦੀ ਰਜ਼ਾ ਵਿਚ ਤੁਰਿਆਂ ਮਿਟ ਜਾਂਦੀ ਹੈ ॥੪੬॥
ਜੋ ਮਨੁੱਖ ਸਦਾ ਕਾਦਿਮ ਰਹਿਣ ਵਾਲੇ ਪ੍ਰਭੂ ਦੇ ਡਰ ਵਿਚ ਰੱਤਾ ਹੋਇਆ ਹੈ (ਭਾਵ, ਜਿਸ ਦੇ ਅੰਦਰ ਸਦਾ ਪ੍ਰਭੂ ਦਾ ਡਰ ਮੌਜੂਦ ਹੈ) ਉਹ ਅਹੰਕਾਰ ਦੂਰ ਕਰ ਦੇਂਦਾ ਹੈ,
ਉਹ (ਸਦਾ) ਸਤਿਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ (ਤੇ ਸ਼ਬਦ ਦੀ ਸਹੈਤਾ ਨਾਲ) ਉਸ ਨੇ (ਹਰ ਥਾਂ) ਇੱਕ ਪ੍ਰਭੂ ਨੂੰ ਪਛਾਣ ਲਿਆ ਹੈ।
ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਉਸ ਦੇ ਅੰਦਰ ਪ੍ਰਭੂ (ਆਪ) ਵੱਸਦਾ ਹੈ,
ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਉਸ ਦਾ ਮਨ ਉਸ ਦਾ ਤਨ ਠੰਢਾ-ਠਾਰ ਹੋ ਜਾਂਦਾ ਹੈ,
(ਕਿਉਂਕਿ) ਉਹ ਆਪਣੇ ਅੰਦਰੋਂ ਕਾਮ ਕ੍ਰੋਪ-ਰੂਪ ਜ਼ਹਿਰ ਤੇ ਤ੍ਰਿਸ਼ਨਾ ਦੀ ਅੱਗ ਮਿਟਾ ਲੈਂਦਾ ਹੈ।
ਹੇ ਨਾਨਕ! ਉਹ ਮਨੁੱਖ ਮੇਹਰ ਕਰਨ ਵਾਲੇ ਪਿਆਰੇ ਪ੍ਰਭੂ ਦੀ ਨਜ਼ਰ ਵਿਚ ਰਹਿੰਦਾ ਹੈ ॥੪੭॥
(ਜੋਗੀਆਂ ਦਾ ਪ੍ਰਸ਼ਨ) ਕਿਸ ਤਰ੍ਹਾਂ (ਮਨੁੱਖ ਦੇ ਮਨ ਵਿਚ) ਸੀਤਲਤਾ ਦਾ ਘਰ ਚੰਦ੍ਰਮਾ ਟਿਕਿਆ ਰਹੇ (ਭਾਵ, ਕਿਸ ਤਰ੍ਹਾਂ ਮਨ ਵਿਚ ਸਦਾ ਠੰਡ-ਸ਼ਾਂਤੀ ਬਣੀ ਰਹੇ)?
ਕਿਸ ਤਰ੍ਹਾਂ (ਮਨ ਵਿਚ) ਗਿਆਨ ਦਾ ਸੂਰਜ ਤਪਾਇਆ ਤਪਦਾ ਰਹੇ (ਭਾਵ, ਕਿਵੇਂ ਗਿਆਨ ਦਾ ਪ੍ਰਕਾਸ਼ ਸਦਾ ਬਣਿਆ ਰਹੇ)?
ਕਿਸ ਤਰ੍ਹਾਂ ਕਾਲ ਨਿਤ ਤੱਕਣੋਂ ਰਹਿ ਜਾਏ (ਭਾਵ, ਕਿਵੇਂ ਹਰ ਵੇਲੇ ਦਾ ਮੌਤ ਦਾ ਸਹਿਮ ਮੁੱਕ ਜਾਏ)?
ਉਹ ਕੇਹੜੀ ਸਮਝ ਹੈ ਜਿਸ ਕਰਕੇ ਗੁਰਮੁਖਿ ਮਨੁੱਖ ਦੀ ਇੱਜ਼ਤ ਬਣੀ ਰਹਿੰਦੀ ਹੈ?
ਉਹ ਕੇਹੜਾ ਸੂਰਮਾ ਹੈ ਜੋ ਮੌਤ ਨੂੰ (ਮੌਤ ਦੇ ਭਉ ਨੂੰ) ਮਾਰ ਲੈਂਦਾ ਹੈ?
ਨਾਨਕ ਕਹਿੰਦਾ ਹੈ, 'ਗੋਸਟਿ' ਦੇ ਸਿਲਸਿਲੇ ਵਿਚ (ਜੋਗੀਆਂ ਨੇ ਪੁੱਛਿਆ-) ਕਿ ਇਹ ਵੀਚਾਰ ਦੀ ਗੱਲ ਦੱਸੋ ॥੪੮॥
(ਉੱਤਰ:) (ਜਦੋਂ) ਸਤਿਗੁਰੂ ਦਾ ਸ਼ਬਦ ਉੱਚਾਰਦਿਆਂ (ਹਿਰਦੇ ਵਿਚ) ਚੰਦ੍ਰਮਾ ਦੀ ਅਪਾਰ ਜੋਤਿ ਪਰਗਟ ਹੋ ਜਾਂਦੀ ਹੈ (ਭਾਵ, ਹਿਰਦੇ ਵਿਚ ਸ਼ਾਂਤੀ ਪੈਦਾ ਹੁੰਦੀ ਹੈ),
ਚੰਦ੍ਰਮਾ ਦੇ ਘਰ ਵਿਚ ਸੂਰਜ ਆ ਵੱਸਦਾ ਹੈ (ਭਾਵ, ਸ਼ਾਂਤ ਹਿਰਦੇ ਵਿਚ ਗਿਆਨ ਦਾ ਸੂਰਜ ਚੜ੍ਹ ਪੈਂਦਾ ਹੈ, ਤਦੋਂ ਅਗਿਆਨਤਾ ਦਾ) ਹਨੇਰਾ ਮਿਟ ਜਾਂਦਾ ਹੈ।
(ਗੁਰ-ਸ਼ਬਦ ਦੀ ਬਰਕਤਿ ਨਾਲ ਜਦੋਂ ਗੁਰਮੁਖਿ) ਸੁਖ ਅਤੇ ਦੁੱਖ ਨੂੰ ਇਕੋ ਜਿਹਾ ਜਾਣ ਕੇ 'ਨਾਮ' ਨੂੰ (ਜ਼ਿੰਦਗੀ ਦਾ) ਆਸਰਾ ਬਣਾਂਦਾ ਹੈ (ਭਾਵ, ਜਦੋਂ ਨਾਹ ਸੁਖ ਵਿਚ ਤੇ ਨਾਹ ਦੁੱਖ ਵੇਲੇ ਪ੍ਰਭੂ ਨੂੰ ਭੁਲਾਵੇ)
(ਤਦੋਂ) ਤਾਰਨਹਾਰ ਪ੍ਰਭੂ ਉਸ ਨੂੰ ਆਪ ਹੀ ("ਦੁਤਰ ਸਾਗਰ" ਤੋਂ) ਪਾਰ ਲੰਘਾ ਲੈਂਦਾ ਹੈ।
ਸਤਿਗੁਰੂ ਨਾਲ ਡੂੰਘੀ ਸਾਂਝ ਬਣਾਇਆਂ (ਗੁਰਮੁਖ ਦਾ) ਮਨ ਸੱਚੇ ਪ੍ਰਭੂ ਵਿਚ ਲੀਨ ਰਹਿੰਦਾ ਹੈ,
ਤੇ ਨਾਨਕ ਬੇਨਤੀ ਕਰਦਾ ਹੈ ਉਸ ਨੂੰ ਮੌਤ ਦਾ ਡਰ ਨਹੀਂ ਵਿਆਪਦਾ ॥੪੯॥
ਪ੍ਰਭੂ ਦੇ ਨਾਮ ਦੀ ਸੱਚਾਈ (ਹਿਰਦੇ ਵਿਚ ਸਹੀ ਕਰਨੀ) ਸਾਰੇ ਜਾਪਾਂ ਦਾ ਸ਼ਿਰੋਮਣੀ (ਜਾਪ) ਹੈ।
ਜਦ ਤਕ ਹਿਰਦੇ ਵਿਚ ਨਾਮ (-ਤੱਤ) ਸਹੀ ਨਹੀਂ ਹੁੰਦਾ, (ਮਨੁੱਖ ਨੂੰ ਕਈ ਕਿਸਮ ਦਾ) ਦੁੱਖ ਸਤਾਂਦਾ ਹੈ ਮੌਤ ਦਾ ਡਰ ਦੁਖੀ ਕਰਦਾ ਹੈ।
(ਜਦੋਂ ਹਿਰਦੇ ਵਿਚ) ਨਿਰੋਲ ਪ੍ਰਭੂ-ਨਾਮ ਦੀ ਸੱਚਾਈ (ਭਾਵ, ਇਹ ਸਰਧਾ ਕਿ ਪ੍ਰਭੂ ਦਾ ਨਾਮ ਹੀ ਸਦਾ-ਥਿਰ ਰਹਿਣ ਵਾਲਾ ਹੈ) ਪਰਗਟ ਹੋ ਜਾਂਦੀ ਹੈ ਤਾਂ (ਮਨੁੱਖ ਦਾ) ਮਨ (ਉਸ ਸੱਚਾਈ ਵਿਚ) ਪਤੀਜ ਜਾਂਦਾ ਹੈ,
ਮੇਰ-ਤੇਰ ਵਾਲਾ ਸੁਭਾਉ ਦੂਰ ਹੋ ਜਾਂਦਾ ਹੈ, ਮਨੁੱਖ ਏਕਤਾ ਦੇ ਘਰ ਵਿਚ ਆ ਟਿਕਦਾ ਹੈ।
ਰੱਬੀ ਜੀਵਨ ਦੀ ਲਹਿਰ ਚੱਲ ਪੈਂਦੀ ਹੈ, ਰੱਬੀ ਮਿਲਾਪ ਦੀ ਅਵਸਥਾ ਬਲਵਾਨ ਹੋ ਜਾਂਦੀ ਹੈ,
(ਤੇ, ਇਸ ਤਰ੍ਹਾਂ) ਹੇ ਨਾਨਕ! ਸਹਜ ਅਵਸਥਾ ਵਿਚ ਟਿਕਿਆਂ (ਜੀਵ ਤੇ ਪ੍ਰਭੂ ਦਾ) ਮਿਲਾਪ (ਸਦਾ ਲਈ) ਪੱਕਾ ਹੋ ਜਾਂਦਾ ਹੈ ॥੫੦॥
(ਜਦੋਂ ਹਿਰਦੇ ਵਿਚ ਨਿਰੋਲ ਪ੍ਰਭੂ-ਨਾਮ ਦੀ ਸੱਚਾਈ ਪਰਗਟ ਹੋ ਪੈਂਦੀ ਹੈ ਤਾਂ ਇਹ ਯਕੀਨ ਬਣ ਜਾਂਦਾ ਹੈ ਕਿ) ਅੰਦਰ ਤੇ ਬਾਹਰ (ਭਾਵ, ਗੁਪਤ ਤੇ ਪਰਗਟ, ਦਿੱਸਦੇ ਤੇ ਅਣਦਿੱਸਦੇ ਪਦਾਰਥਾਂ ਵਿਚ ਹਰ ਥਾਂ) ਸਾਰੀ ਤ੍ਰਿਲੋਕੀ ਵਿਚ ਉਹੀ ਪ੍ਰਭੂ ਵਿਆਪਕ ਹੈ ਜਿਸ ਵਿਚ ਮਾਇਆ ਵਾਲੇ ਫੁਰਨੇ ਨਹੀਂ ਉਠਦੇ (ਕਿਉਂਕਿ ਮਾਇਆ ਤਾਂ ਉਸ ਦੀ ਆਪਣੀ ਬਣਾਈ ਖੇਡ ਹੈ)।
ਜੋ ਮਨੁੱਖ ਤ੍ਰਿਗੁਣੀ ਮਾਇਆ ਦੇ ਅਸਰ ਤੋਂ ਉੱਚੇ ਰਹਿਣ ਵਾਲੇ ਉਸ ਪ੍ਰਭੂ ਨੂੰ (ਸਹੀ ਤੌਰ ਤੇ) ਸਮਝ ਲੈਂਦਾ ਹੈ, ਉਸ ਨੂੰ ਭੀ (ਚਉਥੀ ਅਵਸਥਾ ਵਿਚ ਟਿਕਿਆ ਹੋਣ ਕਰਕੇ) ਪਾਪ ਤੇ ਪੁੰਨ ਪੋਹ ਨਹੀਂ ਸਕਦਾ (ਭਾਵ, ਕੋਈ ਪਾਪ ਕਿਸੇ ਕੁਕਰਮ ਵਲ ਨਹੀਂ ਪ੍ਰੇਰਦਾ ਅਤੇ ਕੋਈ ਪੁੰਨ-ਕਰਮ ਉਸ ਦੇ ਅੰਦਰ ਕਿਸੇ ਸਵਰਗ ਆਦਿਕ ਦੀ ਲਾਲਸਾ ਪੈਦਾ ਨਹੀਂ ਕਰਦਾ)।
ਜੋ ਮਨੁੱਖ ਹਰੇਕ ਘਟ ਵਿਚ ਵਿਆਪਕ ਨਿਰਗੁਣ ਪ੍ਰਭੂ ਦਾ ਭੇਤ ਜਾਣ ਲੈਂਦਾ ਹੈ (ਭਾਵ, ਜੋ ਮਨੁੱਖ ਇਹ ਦ੍ਰਿੜ੍ਹ ਕਰ ਲੈਂਦਾ ਹੈ ਕਿ ਪ੍ਰਭੂ ਹਰੇਕ ਘਟ ਵਿਚ ਮੌਜੂਦ ਭੀ ਹੈ, ਤੇ ਫਿਰ ਭੀ ਨਿਰਲੇਪ ਹੈ, ਉਹ ਮਨੁੱਖ ਭੀ ਦੁਨੀਆ ਵਿਚ ਰਹਿੰਦਾ ਹੋਇਆ ਨਿਰਲੇਪ ਹੋ ਕੇ)
ਆਦਿ ਪੁਰਖ ਨਿਰੰਜਨ ਪ੍ਰਭੂ ਦਾ ਰੂਪ ਹੋ ਜਾਂਦਾ ਹੈ।
ਜੋ ਮਨੁੱਖ ਮਾਇਆ ਤੋਂ ਰਹਿਤ ਪਰਮਾਤਮਾ ਦੇ ਨਾਮ ਦਾ ਮਤਵਾਲਾ ਹੈ,
ਹੇ ਨਾਨਕ! ਉਹੀ ਸਿਰਜਨਹਾਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੫੧॥
ਹਰੇਕ ਮਨੁੱਖ "ਅਫੁਰ ਅਵਸਥਾ" ਦਾ ਜ਼ਿਕਰ ਕਰਦਾ ਹੈ,
(ਪਰ ਅਮਲੀ ਜੀਵਨ ਵਿਚ ਇਹ ਗੱਲ ਕੋਈ ਵਿਰਲਾ ਹੀ ਜਾਣਦਾ ਹੈ ਕਿ) ਸਦਾ ਟਿਕੀ ਰਹਿਣ ਵਾਲੀ ਅਫੁਰ ਅਵਸਥਾ ਕਿਵੇਂ ਬਣ ਸਕਦੀ ਹੈ (ਕਿਉਂਕਿ ਇਸ ਅਵਸਥਾ ਵਾਲਾ ਜੀਵਨ ਜੀਵਿਆਂ ਹੀ ਇਸ ਅਵਸਥਾ ਦੀ ਸਮਝ ਪੈ ਸਕਦੀ ਹੈ)।
(ਕਹਣ-ਮਾਤ੍ਰ ਜੇ ਕੋਈ ਪੁੱਛੇ ਕਿ) ਅਫੁਰ ਅਵਸਥਾ ਵਿਚ ਜੁੜੇ ਹੋਏ ਬੰਦੇ ਕਿਹੋ ਜਿਹੇ ਹੁੰਦੇ ਹਨ,
(ਤਾਂ ਇਸ ਦਾ ਉੱਤਰ ਇਹ ਹੈ ਕਿ ਉਹ ਮਨੁੱਖ ਉਸ ਪਰਮਾਤਮਾ ਵਰਗੇ ਹੀ ਹੋ ਜਾਂਦੇ ਹਨ ਜਿਸ ਤੋਂ ਉਹ ਪੈਦਾ ਹੋਏ ਹਨ।
ਉਹ ਮਨੁੱਖ (ਮੁੜ ਮੁੜ) ਨਾਹ ਜੰਮਦੇ ਹਨ ਨਾਹ ਮਰਦੇ ਹਨ, ਉਹਨਾਂ ਦਾ ਆਵਾ-ਗਵਨ ਦਾ ਚੱਕਰ ਮੁੱਕ ਜਾਂਦਾ ਹੈ,
ਹੇ ਨਾਨਕ! ਜੋ ਮਨੁੱਖ ਗੁਰੂ ਦੇ ਹੁਕਮ ਉਤੇ ਤੁਰ ਕੇ ਮਨ ਨੂੰ ਸੁਮੱਤੇ ਲਾਂਦੇ ਹਨ ॥੫੨॥
(ਨਾਮ ਦੀ ਬਰਕਤਿ ਨਾਲ) ਜਦੋਂ ਨੌ ਗੋਲਕਾਂ ਨਕਾ-ਨਕ ਭਰੀਜ ਕੇ (ਭਾਵ, ਬਾਹਰ ਵਲ ਦੇ ਵਹਿਣ ਬੰਦ ਕਰ ਕੇ, ਮਾਇਕ ਪਦਾਰਥਾਂ ਵਲ ਦੀ ਦੌੜ ਮਿਟਾ ਕੇ) ਦਸਵੇਂ ਸਰ ਵਿਚ (ਭਾਵ, ਪ੍ਰਭੂ-ਮਿਲਾਪ ਦੀ ਅਵਸਥਾ ਵਿਚ) ਜਾ ਪੈਂਦੀਆਂ ਹਨ,
ਤਦੋਂ (ਗੁਰਮੁਖ) ਇੱਕ-ਰਸ ਅਫੁਰ ਅਵਸਥਾ ਦੇ ਵਾਜੇ ਵਜਾਉਂਦੇ ਹਨ (ਭਾਵ, ਅਫੁਰ ਅਵਸਥਾ ਉਹਨਾਂ ਦੇ ਅੰਦਰ ਇਤਨੀ ਬਲ ਵਾਲੀ ਹੋ ਜਾਂਦੀ ਹੈ ਕਿ ਹੋਰ ਫੁਰਨਾ ਉਥੇ ਆ ਹੀ ਨਹੀਂ ਸਕਦਾ)।
(ਇਸ ਅਵਸਥਾ ਵਿਚ ਅੱਪੜੇ ਹੋਏ ਗੁਰਮੁਖ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਅੰਗ-ਸੰਗ ਵੇਖ ਕੇ ਉਸ ਵਿਚ ਟਿਕੇ ਰਹਿੰਦੇ ਹਨ।
ਉਹਨਾਂ ਨੂੰ ਉਹ ਸੱਚਾ ਪ੍ਰਭੂ ਹਰੇਕ ਘਟ ਵਿਚ ਵਿਆਪਕ ਦਿੱਸਦਾ ਹੈ।