ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 441


ਧਾਵਤੁ ਥੰਮਿੑਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ ॥

(ਜੇ ਗੁਰੂ ਮਿਲ ਪਏ ਤਾਂ ਭਟਕਦਾ ਮਨ (ਭਟਕਣ ਵਲੋਂ) ਰੁਕ ਜਾਂਦਾ ਹੈ (ਇਹੀ ਆਤਮਕ ਅਵਸਥਾ ਹੈ ਉਹ) ਦਸਵਾਂ ਦਰਵਾਜ਼ਾ ਜੋ ਇਸ ਨੂੰ ਲੱਭ ਪੈਂਦਾ ਹੈ (ਜੋ ਗਿਆਨ-ਇੰਦ੍ਰਿਆਂ ਤੇ ਕਰਮ-ਇੰਦ੍ਰਿਆਂ ਤੋਂ ਉੱਚਾ ਰਹਿੰਦਾ ਹੈ)।

ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮਿੑ ਰਹਾਇਆ ॥

ਉਸ ਆਤਮਕ ਅਵਸਥਾ ਵਿਚ (ਪਹੁੰਚ ਕੇ ਇਹ ਮਨ) ਆਤਮਕ ਜੀਵਨ ਦੇਣ ਵਾਲੇ ਨਾਮ ਦੀ ਖ਼ੁਰਾਕ ਖਾਂਦਾ ਹੈ; (ਇਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ, ਉਸ ਆਤਮਕ ਅਵਸਥਾ ਵਿਚ (ਇਹ ਮਨ) ਗੁਰ-ਸ਼ਬਦ ਦੀ ਬਰਕਤਿ ਨਾਲ ਦੁਨੀਆ ਦੇ ਮੋਹ ਨੂੰ ਰੋਕ ਰੱਖਦਾ ਹੈ।

ਤਹ ਅਨੇਕ ਵਾਜੇ ਸਦਾ ਅਨਦੁ ਹੈ ਸਚੇ ਰਹਿਆ ਸਮਾਏ ॥

(ਜਿਵੇਂ ਅਨੇਕਾਂ ਕਿਸਮਾਂ ਦੇ ਸਾਜ ਵੱਜਣ ਨਾਲ ਬੜਾ ਸੁੰਦਰ ਰਾਗ ਪੈਦਾ ਹੁੰਦਾ ਹੈ, ਤਿਵੇਂ) ਉਸ ਆਤਮਕ ਅਵਸਥਾ ਵਿਚ (ਮਨ ਦੇ ਅੰਦਰ, ਮਾਨੋ) ਅਨੇਕਾਂ ਸੰਗੀਤਕ ਸਾਜ ਵੱਜਣ ਲੱਗ ਪੈਂਦੇ ਹਨ, ਇਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਮਨ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ।

ਇਉ ਕਹੈ ਨਾਨਕੁ ਸਤਿਗੁਰਿ ਮਿਲਿਐ ਧਾਵਤੁ ਥੰਮਿੑਆ ਨਿਜ ਘਰਿ ਵਸਿਆ ਆਏ ॥੪॥

ਨਾਨਕ ਇਉਂ ਦੱਸਦਾ ਹੈ ਕਿ ਗੁਰੂ ਮਿਲ ਪਏ ਤਾਂ ਇਹ ਭਟਕਦਾ ਮਨ (ਭਟਕਣ ਵਲੋਂ) ਰੁਕ ਜਾਂਦਾ ਹੈ, ਤੇ ਪ੍ਰਭੂ-ਚਰਨਾਂ ਵਿਚ ਆ ਟਿਕਦਾ ਹੈ ॥੪॥

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥

ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਨੂਰ ਹੀ ਨੂਰ ਹੈ (ਹੇ ਮਨ!) ਆਪਣੇ ਉਸ ਅਸਲੇ ਨਾਲ ਸਾਂਝ ਬਣਾ।

ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥

ਹੇ ਮਨ! ਉਹ ਪਰਮਾਤਮਾ ਸਦਾ ਤੇਰੇ ਅੰਗ-ਸੰਗ ਵੱਸਦਾ ਹੈ, ਗੁਰੂ ਦੀ ਮਤਿ ਲੈ ਕੇ ਉਸ ਦੇ ਮਿਲਾਪ ਦਾ ਸੁਆਦ ਲੈ।

ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥

ਹੇ ਮਨ! ਜੇ ਤੂੰ ਆਪਣਾ ਅਸਲਾ ਸਮਝ ਲਏਂ ਤਾਂ ਉਸ ਖਸਮ-ਪ੍ਰਭੂ ਨਾਲ ਤੇਰੀ ਡੂੰਘੀ ਜਾਣ-ਪਛਾਣ ਬਣ ਜਾਏਗੀ, ਤਦੋਂ ਤੈਨੂੰ ਇਹ ਸਮਝ ਭੀ ਆ ਜਾਇਗੀ ਕਿ ਆਤਮਕ ਮੌਤ ਕੀਹ ਚੀਜ਼ ਹੈ ਤੇ ਆਤਮਕ ਜ਼ਿੰਦਗੀ ਕੀਹ ਹੈ।

ਗੁਰਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥

ਹੇ ਮਨ! ਜੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਏਂ, ਤਾਂ ਤੇਰੇ ਅੰਦਰ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਮੋਹ ਪ੍ਰਬਲ ਨਹੀਂ ਹੋ ਸਕੇਗਾ।

ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ ॥

ਜਦੋਂ ਮਨੁੱਖ ਦੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਜਦੋਂ ਇਸ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਜਾਂਦੀ ਹੈ ਤਦੋਂ ਇਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ।

ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥

ਨਾਨਕ ਇਉਂ ਦੱਸਦਾ ਹੈ-ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਚਾਨਣ ਹੀ ਚਾਨਣ ਹੈ (ਹੇ ਮਨ! ਆਪਣੇ ਉਸ ਅਸਲੇ ਨਾਲ ਸਾਂਝ ਬਣਾ ॥੫॥

ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ ॥

ਹੇ ਮਨ! ਤੂੰ (ਹੁਣ) ਅਹੰਕਾਰ ਨਾਲ ਲਿਬੜਿਆ ਪਿਆ ਹੈਂ, ਅਹੰਕਾਰ ਨਾਲ ਲੱਦਿਆ ਹੋਇਆ ਹੀ (ਜਗਤ ਤੋਂ) ਚਲਾ ਜਾਵੇਂਗਾ,

ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ ॥

(ਵੇਖਣ ਨੂੰ) ਸੋਹਣੀ ਮਾਇਆ ਨੇ ਤੈਨੂੰ (ਆਪਣੇ) ਮੋਹ ਵਿਚ ਫਸਾਇਆ ਹੋਇਆ ਹੈ (ਇਸ ਦਾ ਨਤੀਜਾ ਇਹ ਨਿਕਲੇਗਾ ਕਿ) ਤੈਨੂੰ ਮੁੜ ਮੁੜ ਅਨੇਕਾਂ ਜੂਨਾਂ ਵਿਚ ਪਾਇਆ ਜਾਇਗਾ।

ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ ॥

ਹੇ ਮੂਰਖ ਮਨ! ਜਦੋਂ ਤੂੰ ਅਹੰਕਾਰ ਵਿਚ ਫਸਿਆ ਹੋਇਆ ਹੀ (ਇਥੋਂ) ਤੁਰੇਂਗਾ ਤਾਂ ਤੁਰਨ ਵੇਲੇ ਹੱਥ ਮਲੇਂਗਾ,

ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ ॥

ਤੈਨੂੰ ਅਹੰਕਾਰ ਚੰਬੜਿਆ ਹੋਇਆ ਹੈ ਤੈਨੂੰ ਤ੍ਰਿਸ਼ਨਾ ਦਾ ਰੋਗ ਲੱਗਾ ਹੋਇਆ ਹੈ ਤੂੰ (ਇਹ ਮਨੁੱਖਾ) ਜਨਮ ਵਿਅਰਥ ਗਵਾ ਰਿਹਾ ਹੈਂ।

ਮਨਮੁਖ ਮੁਗਧ ਚੇਤਹਿ ਨਾਹੀ ਅਗੈ ਗਇਆ ਪਛੁਤਾਵਹੇ ॥

ਹੇ ਆਪ-ਹੁਦਰੇ ਮੂਰਖ ਮਨ! ਤੂੰ ਪਰਮਾਤਮਾ ਨੂੰ ਨਹੀਂ ਸਿਮਰਦਾ, ਪਰਲੋਕ ਜਾ ਕੇ ਅਫਸੋਸ ਕਰੇਂਗਾ।

ਇਉ ਕਹੈ ਨਾਨਕੁ ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਵਹੇ ॥੬॥

(ਤੈਨੂੰ) ਨਾਨਕ ਇਉਂ ਦੱਸਦਾ ਹੈ ਕਿ ਤੂੰ ਇੱਥੇ ਅਹੰਕਾਰ ਨਾਲ ਭਰਿਆ ਹੋਇਆ ਹੈਂ (ਜਗਤ ਤੋਂ ਤੁਰਨ ਵੇਲੇ ਭੀ) ਅਹੰਕਾਰ ਨਾਲ ਲੱਦਿਆ ਹੋਇਆ ਹੀ ਜਾਵੇਂਗਾ ॥੬॥

ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ ॥

ਹੇ ਮਨ! ਵੇਖੀਂ, ਕਿਤੇ ਇਹ ਮਾਣ ਨਾਹ ਕਰ ਬੈਠੀਂ ਕਿ ਮੈਂ ਸਿਆਣਾ ਹਾਂ, ਗੁਰੂ ਦੀ ਸਰਨ ਪੈ ਕੇ ਮਾਣ ਤਿਆਗੀ ਰੱਖ।

ਅੰਤਰਿ ਅਗਿਆਨੁ ਹਉ ਬੁਧਿ ਹੈ ਸਚਿ ਸਬਦਿ ਮਲੁ ਖੋਹੁ ॥

(ਹੇ ਮਨ!) ਤੇਰੇ ਅੰਦਰ ਪਰਮਾਤਮਾ ਤੋਂ ਵਿੱਥ ਹੈ, ਤੇਰੇ ਅੰਦਰ 'ਮੈਂ, ਮੈਂ' ਕਰਨ ਵਾਲੀ ਅਕਲ ਹੈ, ਇਸ ਮੈਲ ਨੂੰ ਸਦਾ-ਥਿਰ ਹਰਿ-ਨਾਮ ਵਿਚ ਜੁੜ ਕੇ ਗੁਰੂ ਦੇ ਸ਼ਬਦ ਵਿਚ ਟਿਕ ਕੇ ਦੂਰ ਕਰ।

ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ ॥

ਹੇ ਮਨ! ਨਿਰਮਾਣ ਹੋ ਕੇ ਗੁਰੂ ਦੇ ਚਰਨਾਂ ਵਿਚ ਢਹਿ ਪਉ। ਵੇਖੀਂ, ਕਿਤੇ ਆਪਣਾ ਆਪ ਜਤਾਣ ਨਾਹ ਲੱਗ ਪਈਂ।

ਆਪਣੈ ਅਹੰਕਾਰਿ ਜਗਤੁ ਜਲਿਆ ਮਤ ਤੂੰ ਆਪਣਾ ਆਪੁ ਗਵਾਵਹੇ ॥

ਜਗਤ ਆਪਣੇ ਹੀ ਅਹੰਕਾਰ ਵਿਚ ਸੜ ਰਿਹਾ ਹੈ, ਵੇਖੀਂ ਕਿਤੇ ਤੂੰ ਭੀ (ਅਹੰਕਾਰ ਵਿਚ ਪੈ ਕੇ) ਆਪਣੇ ਆਪ ਦਾ ਨਾਸ ਨਾ ਕਰ ਲਈਂ।

ਸਤਿਗੁਰ ਕੈ ਭਾਣੈ ਕਰਹਿ ਕਾਰ ਸਤਿਗੁਰ ਕੈ ਭਾਣੈ ਲਾਗਿ ਰਹੁ ॥

(ਇਸ ਖ਼ਤਰੇ ਤੋਂ ਤਾਂ ਹੀ ਬਚੇਂਗਾ, ਜੇ) ਤੂੰ ਗੁਰੂ ਦੇ ਹੁਕਮ ਵਿਚ ਤੁਰ ਕੇ ਕੰਮ ਕਰੇਂਗਾ। (ਸੋ, ਹੇ ਮਨ!) ਗੁਰੂ ਦੇ ਹੁਕਮ ਵਿਚ ਟਿਕਿਆ ਰਹੁ।

ਇਉ ਕਹੈ ਨਾਨਕੁ ਆਪੁ ਛਡਿ ਸੁਖ ਪਾਵਹਿ ਮਨ ਨਿਮਾਣਾ ਹੋਇ ਰਹੁ ॥੭॥

(ਹੇ ਮਨ! ਤੈਨੂੰ) ਨਾਨਕ ਇਉਂ ਸਮਝਾਂਦਾ ਹੈ-ਹੇ ਮਨ! ਅਹੰਕਾਰ ਛੱਡ ਦੇ, ਅਹੰਕਾਰ ਛੱਡ ਕੇ ਸੁਖ ਪਾਵੇਂਗਾ ॥੭॥

ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ ॥

ਉਹ ਵੇਲਾ ਭਾਗਾਂ ਵਾਲਾ ਸੀ ਜਦੋਂ ਮੈਨੂੰ ਗੁਰੂ ਮਿਲ ਪਿਆ ਸੀ (ਤੇ, ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ;

ਮਹਾ ਅਨੰਦੁ ਸਹਜੁ ਭਇਆ ਮਨਿ ਤਨਿ ਸੁਖੁ ਪਾਇਆ ॥

ਮੇਰੇ ਅੰਦਰ ਬੜਾ ਆਨੰਦ ਪੈਦਾ ਹੋਇਆ, ਮੇਰੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਗਈ, ਮੇਰੇ ਮਨ ਨੇ ਮੇਰੇ ਹਿਰਦੇ ਨੇ ਸੁਖ ਅਨੁਭਵ ਕੀਤਾ।

ਸੋ ਸਹੁ ਚਿਤਿ ਆਇਆ ਮੰਨਿ ਵਸਾਇਆ ਅਵਗਣ ਸਭਿ ਵਿਸਾਰੇ ॥

(ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ, (ਗੁਰੂ ਨੇ ਪ੍ਰਭੂ ਨੂੰ) ਮੇਰੇ ਮਨ ਵਿਚ ਵਸਾ ਦਿੱਤਾ, ਤੇ ਮੇਰੇ ਸਾਰੇ ਹੀ ਔਗੁਣ ਭੁਲਾ ਦਿੱਤੇ।

ਜਾ ਤਿਸੁ ਭਾਣਾ ਗੁਣ ਪਰਗਟ ਹੋਏ ਸਤਿਗੁਰ ਆਪਿ ਸਵਾਰੇ ॥

ਜਦੋਂ ਉਸ ਮਾਲਕ ਨੂੰ ਚੰਗਾ ਲੱਗਦਾ ਹੈ ਉਸ ਦੇ ਗੁਣ ਮਨੁੱਖ ਦੇ ਅੰਦਰ ਰੌਸ਼ਨ ਹੋ ਜਾਂਦੇ ਹਨ, ਗੁਰੂ ਆਪ ਉਸ ਮਨੁੱਖ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ।

ਸੇ ਜਨ ਪਰਵਾਣੁ ਹੋਏ ਜਿਨੑੀ ਇਕੁ ਨਾਮੁ ਦਿੜਿਆ ਦੁਤੀਆ ਭਾਉ ਚੁਕਾਇਆ ॥

ਜੇਹੜੇ ਮਨੁੱਖ ਸਿਰਫ਼ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਪੱਕਾ ਕਰ ਲੈਂਦੇ ਹਨ, ਤੇ ਮਾਇਆ ਦਾ ਮੋਹ ਅੰਦਰੋਂ ਦੂਰ ਕਰ ਲੈਂਦੇ ਹਨ ਉਹ ਪਰਮਾਤਮਾ ਦੀ ਦਰਗਹ ਵਿਚ ਕਬੂਲ ਹੋ ਜਾਂਦੇ ਹਨ।

ਇਉ ਕਹੈ ਨਾਨਕੁ ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ ॥੮॥

ਨਾਨਕ ਇਉਂ ਆਖਦਾ ਹੈ-ਭਾਗਾਂ ਵਾਲਾ ਸੀ ਉਹ ਵੇਲਾ ਜਦੋਂ ਮੈਨੂੰ ਗੁਰੂ ਮਿਲ ਪਿਆ ਸੀ ਤੇ (ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ ਸੀ ॥੮॥

ਇਕਿ ਜੰਤ ਭਰਮਿ ਭੁਲੇ ਤਿਨਿ ਸਹਿ ਆਪਿ ਭੁਲਾਏ ॥

ਅਨੇਕਾਂ ਜੀਵ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਹੋਏ ਹਨ, (ਉਸ ਪੈਦਾ ਕਰਨ ਵਾਲੇ) ਖਸਮ-ਪ੍ਰਭੂ ਨੇ ਆਪ ਹੀ ਕੁਰਾਹੇ ਪਾਏ ਹੋਏ ਹਨ,

ਦੂਜੈ ਭਾਇ ਫਿਰਹਿ ਹਉਮੈ ਕਰਮ ਕਮਾਏ ॥

ਅਜੇਹੇ ਜੀਵ ਹਉਮੈ ਦੇ ਆਸਰੇ ਕੰਮ ਕਰ ਕਰ ਕੇ ਮਾਇਆ ਦੇ ਮੋਹ ਵਿਚ ਭਟਕਦੇ ਹਨ।

ਤਿਨਿ ਸਹਿ ਆਪਿ ਭੁਲਾਏ ਕੁਮਾਰਗਿ ਪਾਏ ਤਿਨ ਕਾ ਕਿਛੁ ਨ ਵਸਾਈ ॥

ਉਸ ਖਸਮ ਪ੍ਰਭੂ ਨੇ ਆਪ (ਉਹਨਾਂ ਨੂੰ) ਸਹੀ ਰਸਤੇ ਤੋਂ ਖੁੰਝਾਇਆ ਹੋਇਆ ਹੈ ਤੇ ਕੁਰਾਹੇ ਪਾਇਆ ਹੋਇਆ ਹੈ, ਉਹਨਾਂ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲਦਾ (ਕਿ ਆਪਣੇ ਉੱਦਮ ਨਾਲ ਕੁਮਾਰਗ ਛੱਡ ਦੇਣ)।

ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ ਜਿਨਿ ਇਹ ਰਚਨ ਰਚਾਈ ॥

ਹੇ ਪ੍ਰਭੂ! ਜਿਸ ਤੈਂ ਨੇ ਇਹ ਜਗਤ-ਰਚਨਾ ਰਚੀ ਹੋਈ ਹੈ ਤੂੰ ਆਪ ਹੀ (ਕੁਰਾਹੇ ਪਏ ਹੋਏ) ਉਹਨਾਂ ਜੀਵਾਂ ਦੀ ਚੰਗੀ ਮੰਦੀ ਆਤਮਕ ਹਾਲਤ ਜਾਣਦਾ ਹੈਂ (ਜਿਸ ਅਨੁਸਾਰ ਤੂੰ ਉਹਨਾਂ ਨੂੰ ਕੁਰਾਹੇ ਪਾਇਆ ਹੈ)।

ਹੁਕਮੁ ਤੇਰਾ ਖਰਾ ਭਾਰਾ ਗੁਰਮੁਖਿ ਕਿਸੈ ਬੁਝਾਏ ॥

ਤੇਰਾ ਹੁਕਮ ਬੜਾ ਡਾਢਾ ਹੈ (ਜਿਸ ਕਰ ਕੇ ਜੀਵ ਕੁਰਾਹੇ ਪਏ ਹੋਏ ਹਨ)। ਕਿਸੇ ਵਿਰਲੇ ਭਾਗਾਂ ਵਾਲੇ ਨੂੰ ਖਸਮ-ਪ੍ਰਭੂ ਗੁਰੂ ਦੀ ਸਰਨ ਪਾ ਕੇ ਆਪਣਾ ਹੁਕਮ ਸਮਝਾਂਦਾ ਹੈ।

ਇਉ ਕਹੈ ਨਾਨਕੁ ਕਿਆ ਜੰਤ ਵਿਚਾਰੇ ਜਾ ਤੁਧੁ ਭਰਮਿ ਭੁਲਾਏ ॥੯॥

ਨਾਨਕ ਇਉਂ ਆਖਦਾ ਹੈ-ਹੇ ਪ੍ਰਭੂ! ਜੇ ਤੂੰ ਆਪ ਹੀ ਜੀਵਾਂ ਨੂੰ ਮਾਇਆ ਦੀ ਭਟਕਣਾ ਵਿਚ ਪਾ ਕੇ ਜ਼ਿੰਦਗੀ ਦੇ ਮੰਦੇ ਰਸਤੇ ਪਾਇਆ ਹੋਇਆ ਹੈ, ਤਾਂ ਇਹ ਵਿਚਾਰੇ ਜੀਵ ਕੀਹ ਕਰ ਸਕਦੇ ਹਨ? ॥੯॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430