(ਮੇਰੇ ਸਰੀਰ ਵਿਚ ਵਿਕਾਰਾਂ ਦੇ) ਕ੍ਰੋੜਾਂ ਬਖੇੜੇ ਸਨ;
ਪ੍ਰਭੂ ਦੇ ਨਾਮ-ਰਸ ਵਿਚ ਜੁੜੇ ਰਹਿਣ ਕਰਕੇ ਉਹ ਸਾਰੇ ਪਲਟ ਕੇ ਸੁਖ ਬਣ ਗਏ ਹਨ।
(ਮੇਰੇ ਮਨ ਨੇ) ਆਪਣੇ ਅਸਲ ਸਰੂਪ ਨੂੰ ਪਛਾਣ ਲਿਆ ਹੈ (ਹੁਣ ਇਸ ਨੂੰ) ਪ੍ਰਭੂ ਹੀ ਪ੍ਰਭੂ ਦਿੱਸ ਰਿਹਾ ਹੈ;
ਰੋਗ ਤੇ ਤਿੰਨੇ ਤਾਪ (ਹੁਣ) ਪੋਹ ਨਹੀਂ ਸਕਦੇ ॥੨॥
ਹੁਣ ਮੇਰਾ ਮਨ (ਆਪਣੇ ਪਹਿਲੇ ਵਿਕਾਰਾਂ ਵਾਲੇ ਸੁਭਾਉ ਵਲੋਂ) ਹਟ ਕੇ ਪ੍ਰਭੂ ਦਾ ਰੂਪ ਹੋ ਗਿਆ ਹੈ;
(ਇਸ ਗੱਲ ਦੀ) ਤਦੋਂ ਸਮਝ ਆਈ ਹੈ ਜਦੋਂ (ਇਹ ਮਨ) ਮਾਇਆ ਵਿਚ ਵਿਚਰਦਾ ਹੋਇਆ ਭੀ ਮਾਇਆ ਦੇ ਮੋਹ ਤੋਂ ਉੱਚਾ ਹੋ ਗਿਆ ਹੈ।
ਕਬੀਰ ਆਖਦਾ ਹੈ- ਮੈਂ ਆਤਮਕ ਅਨੰਦ ਵਿਚ ਅਡੋਲ ਅਵਸਥਾ ਵਿਚ ਜੁੜਿਆ ਹੋਇਆ ਹਾਂ।
ਨਾਹ ਮੈਂ ਆਪ ਕਿਸੇ ਹੋਰ ਪਾਸੋਂ ਡਰਦਾ ਹਾਂ ਅਤੇ ਨਾਹ ਹੀ ਹੋਰਨਾਂ ਨੂੰ ਡਰਾਉਂਦਾ ਹਾਂ ॥੩॥੧੭॥
(ਪ੍ਰਸ਼ਨ:) ਸਰੀਰ ਦਾ ਮੋਹ ਦੂਰ ਹੋਇਆਂ ਆਤਮਾ ਕਿੱਥੇ ਟਿਕਦਾ ਹੈ? (ਭਾਵ, ਪਹਿਲਾਂ ਤਾਂ ਜੀਵ ਆਪਣੇ ਸਰੀਰ ਦੇ ਮੋਹ ਕਰਕੇ ਮਾਇਆ ਵਿਚ ਮਸਤ ਰਹਿੰਦਾ ਹੈ, ਜਦੋਂ ਇਹ ਮੋਹ ਦੂਰ ਹੋ ਜਾਏ, ਤਦੋਂ ਜੀਵ ਦੀ ਸੁਰਤ ਕਿੱਥੇ ਜੁੜੀ ਰਹਿੰਦੀ ਹੈ?)।
(ਉੱਤਰ:) (ਤਦੋਂ ਆਤਮਾ) ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ਜੋ ਮਾਇਆ ਦੇ ਬੰਧਨਾਂ ਤੋ ਪਰੇ ਹੈ ਤੇ ਬੇਅੰਤ ਹੈ।
(ਪਰ) ਜਿਸ ਮਨੁੱਖ ਨੇ ਪ੍ਰਭੂ ਨੂੰ (ਆਪਣੇ ਅੰਦਰ) ਜਾਣਿਆ ਹੈ ਉਸ ਨੇ ਹੀ ਉਸ ਨੂੰ ਪਛਾਣਿਆ ਹੈ,
ਜਿਵੇਂ ਗੁੰਗੇ ਦਾ ਮਨ ਸ਼ੱਕਰ ਵਿਚ ਪਤੀਜਦਾ ਹੈ (ਕੋਈ ਹੋਰ ਉਸ ਸੁਆਦ ਨੂੰ ਨਹੀਂ ਸਮਝਦਾ, ਕਿਸੇ ਹੋਰ ਨੂੰ ਉਹ ਸਮਝਾ ਨਹੀਂ ਸਕਦਾ) ॥੧॥
ਇਹੋ ਜਿਹਾ ਗਿਆਨ ਪ੍ਰਭੂ ਆਪ ਹੀ ਪਰਗਟ ਕਰਦਾ ਹੈ (ਭਾਵ, ਪ੍ਰਭੂ ਨਾਲ ਮਿਲਾਪ ਵਾਲਾ ਇਹ ਸੁਆਦ ਪ੍ਰਭੂ ਆਪ ਹੀ ਬਖ਼ਸ਼ਦਾ ਹੈ)
(ਤਾਂ ਤੇ) ਹੇ ਮਨ! ਸੁਆਸ ਸੁਆਸ ਨਾਮ ਜਪ, ਇਹੀ ਹੈ ਸੁਖਮਨਾ ਨਾੜੀ ਦਾ ਅੱਭਿਆਸ ॥੧॥ ਰਹਾਉ ॥
ਇਹੋ ਜਿਹਾ ਗੁਰੂ ਧਾਰਨ ਕਰੋ ਕਿ ਦੂਜੀ ਵਾਰੀ ਗੁਰੂ ਧਾਰਨ ਦੀ ਲੋੜ ਹੀ ਨਾਹ ਰਹੇ; (ਭਾਵ, ਪੂਰੇ ਗੁਰੂ ਦੀ ਚਰਨੀਂ ਲੱਗੋ);
ਉਸ ਟਿਕਾਣੇ ਦਾ ਆਨੰਦ ਮਾਣੋ ਕਿ ਕਿਸੇ ਹੋਰ ਸੁਆਦ ਦੇ ਮਾਣਨ ਦੀ ਚਾਹ ਹੀ ਨਾਹ ਰਹੇ।
ਇਹੋ ਜਿਹੀ ਬਿਰਤੀ ਜੋੜੋ ਕਿ ਫਿਰ (ਹੋਰਥੇ) ਜੋੜਨ ਦੀ ਲੋੜ ਨਾਹ ਰਹੇ;
ਇਸ ਤਰ੍ਹਾਂ ਮਰੋ (ਭਾਵ, ਆਪਾ-ਭਾਵ ਦੂਰ ਕਰੋ ਕਿ) ਫਿਰ (ਜਨਮ) ਮਰਨ ਵਿਚ ਪੈਣਾ ਹੀ ਨਾਹ ਪਏ ॥੨॥
ਮੈਂ ਆਪਣੇ ਮਨ ਦੀ ਬਿਰਤੀ ਪਰਤਾ ਦਿੱਤੀ ਹੈ (ਇਸ ਤਰ੍ਹਾਂ) ਮੈਂ ਗੰਗਾ ਤੇ ਜਮਨਾ ਨੂੰ ਮਿਲਾ ਰਿਹਾ ਹਾਂ। (ਭਾਵ, ਆਪਣੇ ਅੰਦਰ ਤ੍ਰਿਬੇਣੀ ਦਾ ਸੰਗਮ ਬਣਾ ਰਿਹਾ ਹਾਂ);
(ਇਸ ਉੱਦਮ ਨਾਲ) ਮੈਂ ਉਸ ਮਨ-ਰੂਪ (ਤ੍ਰਿਬੇਣੀ-) ਸੰਗਮ ਵਿਚ ਇਸ਼ਨਾਨ ਕਰ ਰਿਹਾ ਹਾਂ ਜਿੱਥੇ (ਗੰਗਾ, ਜਮਨਾ, ਸਰਸ੍ਵਤੀ ਵਾਲਾ) ਜਲ ਨਹੀਂ ਹੈ।
(ਹੁਣ ਮੈਂ) ਇਹਨਾਂ ਅੱਖਾਂ ਨਾਲ (ਸਭ ਨੂੰ) ਇਕੋ ਜਿਹਾ ਵੇਖ ਰਿਹਾ ਹਾਂ-ਇਹ ਮੇਰੀ ਵਰਤਣ ਹੈ।
ਇੱਕ ਪ੍ਰਭੂ ਨੂੰ ਸਿਮਰ ਕੇ ਮੈਨੂੰ ਹੁਣ ਹੋਰ ਵਿਚਾਰਾਂ ਦੀ ਲੋੜ ਨਹੀਂ ਰਹੀ ॥੩॥
ਜਿਵੇਂ ਪਾਣੀ, ਅੱਗ, ਹਵਾ, ਧਰਤੀ ਤੇ ਅਕਾਸ਼ (ਭਾਵ, ਇਹਨਾਂ ਤੱਤਾਂ ਦੇ ਸੀਤਲਤਾ ਆਦਿਕ ਸ਼ੁਭ ਗੁਣਾਂ ਵਾਂਗ ਮੈਂ ਭੀ ਸ਼ੁਭ ਗੁਣ ਧਾਰਨ ਕੀਤੇ ਹਨ)।
ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੈਂ ਇਸ ਤਰ੍ਹਾਂ ਦੀ ਰਹਿਣੀ ਰਹਿ ਰਿਹਾ ਹਾਂ।
ਕਬੀਰ ਆਖਦਾ ਹੈ-ਮੈਂ ਮਾਇਆ ਤੋਂ ਰਹਿਤ ਪ੍ਰਭੂ ਨੂੰ ਸਿਮਰ ਰਿਹਾ ਹਾਂ,
ਸਿਮਰਨ ਕਰਕੇ) ਉਸ ਘਰ (ਸਹਿਜ ਅਵਸਥਾ) ਵਿਚ ਅੱਪੜ ਗਿਆ ਹਾਂ ਕਿ ਫਿਰ (ਪਰਤ ਕੇ ਉਥੋਂ) ਆਉਣਾ ਨਹੀਂ ਪਏਗਾ ॥੪॥੧੮॥
ਸੋਨਾ ਸਾਵਾਂ ਤੋਲ ਕੇ ਵੱਟੇ ਵਿਚ ਦਿੱਤਿਆਂ ਰੱਬ ਨਹੀਂ ਮਿਲਦਾ।
ਮੈਂ ਤਾਂ ਮੁੱਲ ਵਜੋਂ ਆਪਣਾ ਮਨ ਦੇ ਕੇ ਰੱਬ ਲੱਭਾ ਹੈ ॥੧॥
ਹੁਣ ਤਾਂ ਮੈਨੂੰ ਯਕੀਨ ਆ ਗਿਆ ਹੋਇਆ ਹੈ ਕਿ ਰੱਬ ਮੇਰਾ ਆਪਣਾ ਹੀ ਹੈ;
ਸੁਤੇ ਹੀ ਮੇਰੇ ਮਨ ਵਿਚ ਇਹ ਗੰਢ ਬੱਝ ਗਈ ਹੋਈ ਹੈ ॥੧॥ ਰਹਾਉ ॥
ਜਿਸ ਰੱਬ ਦੇ ਗੁਣ ਦੱਸ ਦੱਸ ਕੇ ਬ੍ਰਹਮਾ ਨੇ (ਭੀ) ਅੰਤ ਨਾਹ ਪਾਇਆ,
ਉਹ ਰੱਬ ਮੇਰੇ ਭਜਨ ਦੇ ਕਾਰਨ ਸਹਜਿ-ਸੁਭਾਇ ਹੀ ਮੈਨੂੰ ਮੇਰੇ ਹਿਰਦੇ ਵਿਚ ਆ ਕੇ ਮਿਲ ਪਿਆ ਹੈ ॥੨॥
ਕਬੀਰ ਆਖਦਾ ਹੈ- (ਹੁਣ) ਮੈਂ ਛੋਹਰ-ਛਿੰਨਾ ਸੁਭਾਉ ਛੱਡ ਦਿੱਤਾ ਹੈ,
(ਹੁਣ ਤਾਂ) ਨਿਰੀ ਰੱਬ ਦੀ ਭਗਤੀ ਹੀ ਮੇਰੇ ਹਿੱਸੇ ਆਈ ਹੋਈ ਹੈ ॥੩॥੧॥੧੯॥
ਜਿਸ ਮੌਤ ਨੇ ਸਾਰਾ ਸੰਸਾਰ ਡਰਾ ਦਿੱਤਾ ਹੋਇਆ ਹੈ,
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਸਮਝ ਆ ਗਈ ਹੈ ਕਿ ਉਹ ਮੌਤ ਅਸਲ ਵਿਚ ਕੀਹ ਚੀਜ਼ ਹੈ ॥੧॥
ਹੁਣ ਮੈਂ ਜਨਮ ਮਰਨ ਵਿਚ ਕਿਉਂ ਪਵਾਂਗਾ? (ਭਾਵ, ਨਹੀਂ ਪਵਾਂਗਾ) (ਕਿਉਂਕਿ) ਮੇਰਾ ਮਨ ਆਪਾ-ਭਾਵ ਦੀ ਮੌਤ ਵਿਚ ਪਤੀਜ ਗਿਆ ਹੈ।
(ਕੇਵਲ) ਉਹ ਮਨੁੱਖ ਸਦਾ ਜੰਮਦੇ ਮਰਦੇ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਪਛਾਣਿਆ (ਪ੍ਰਭੂ ਨਾਲ ਸਾਂਝ ਨਹੀਂ ਪਾਈ) ॥੧॥ ਰਹਾਉ ॥
(ਦੁਨੀਆ ਵਿਚ) ਹਰੇਕ ਜੀਵ 'ਮੌਤ, ਮੌਤ' ਆਖ ਰਿਹਾ ਹੈ (ਭਾਵ, ਹਰੇਕ ਜੀਵ ਮੌਤ ਤੋਂ ਘਾਬਰ ਰਿਹਾ ਹੈ),
(ਪਰ ਜੋ ਮਨੁੱਖ) ਅਡੋਲਤਾ ਵਿਚ (ਰਹਿ ਕੇ) ਦੁਨੀਆ ਦੀਆਂ ਖ਼ਾਹਸ਼ਾਂ ਤੋਂ ਬੇਪਰਵਾਹ ਹੋ ਜਾਂਦਾ ਹੈ ਉਹ ਅਮਰ ਹੋ ਜਾਂਦਾ ਹੈ (ਉਸ ਨੂੰ ਮੌਤ ਡਰਾ ਨਹੀਂ ਸਕਦੀ) ॥੨॥
ਕਬੀਰ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ ਮੇਰੇ) ਮਨ ਵਿਚ ਅਨੰਦ ਪੈਦਾ ਹੋ ਗਿਆ ਹੈ,
ਮੇਰਾ ਭੁਲੇਖਾ ਦੂਰ ਹੋ ਚੁਕਾ ਹੈ, ਤੇ ਪਰਮ ਸੁਖ (ਮੇਰੇ ਹਿਰਦੇ ਵਿਚ) ਟਿਕ ਗਿਆ ਹੈ ॥੩॥੨੦॥
ਭਾਲ ਕਰਦਿਆਂ ਭੀ ਸਰੀਰ ਵਿਚ ਕਿਤੇ (ਅਜਿਹੀ ਖ਼ਾਸ) ਥਾਂ ਮੈਨੂੰ ਨਹੀਂ ਲੱਭੀ (ਜਿੱਥੇ ਬਿਰਹੋਂ ਦੀ ਪੀੜ ਦੱਸੀ ਜਾ ਸਕੇ);
(ਸਰੀਰ ਵਿਚ) ਕਿਤੇ (ਅਜਿਹਾ) ਥਾਂ ਨਹੀਂ ਹੈ, (ਤਾਂ ਫਿਰ) ਮੈਂ ਦਵਾਈ ਕਿੱਥੇ ਵਰਤਾਂ? (ਭਾਵ, ਕੋਈ ਬਾਹਰਲੀ ਦਵਾਈ ਪ੍ਰਭੂ ਤੋਂ ਵਿਛੋੜੇ ਦਾ ਦੁੱਖ ਦੂਰ ਕਰਨ ਦੇ ਸਮਰੱਥ ਨਹੀਂ ਹੈ) ॥੧॥
ਜਿਸ ਨੂੰ (ਪ੍ਰਭੂ ਭਗਤੀ ਦੇ ਤੀਰਾਂ ਦੇ ਲੱਗੇ ਹੋਏ ਜ਼ਖ਼ਮ ਦੀ) ਦਰਦ ਹੋ ਰਹੀ ਹੋਵੇ ਉਹੀ ਜਾਣਦਾ ਹੈ (ਕਿ ਇਹ ਪੀੜ ਕਿਹੋ ਜਿਹੀ ਹੁੰਦੀ ਹੈ),
ਪ੍ਰਭੂ ਦੀ ਭਗਤੀ ਅਣੀਆਂ ਵਾਲੇ (ਅਜਿਹੇ) ਤੀਰ ਹਨ ॥੧॥ ਰਹਾਉ ॥
ਮੈਂ ਸਾਰੀਆਂ ਜੀਵ-ਇਸਤ੍ਰੀਆਂ ਨੂੰ ਇੱਕ ਪ੍ਰਭੂ ਦੇ ਪਿਆਰ ਵਿਚ ਵੇਖ ਰਿਹਾ ਹਾਂ,
(ਪਰ) ਮੈਂ ਕੀਹ ਜਾਣਾਂ ਕਿ ਕਿਹੜੀ (ਜੀਵ-ਇਸਤ੍ਰੀ) ਪ੍ਰਭੂ-ਪਤੀ ਦੀ ਪਿਆਰੀ ਹੈ ॥੨॥
ਕਬੀਰ ਆਖਦਾ ਹੈ- ਜਿਸ (ਜਗਿਆਸੂ) ਜੀਵ-ਇਸਤ੍ਰੀ ਦੇ ਮੱਥੇ ਤੇ ਚੰਗੇ ਲੇਖ ਹਨ (ਜਿਸ ਦੇ ਭਾਗ ਚੰਗੇ ਹਨ),
ਪਤੀ-ਪ੍ਰਭੂ ਹੋਰ ਸਾਰੀਆਂ ਨੂੰ ਛੱਡ ਕੇ ਉਸ ਨੂੰ ਆ ਮਿਲਦਾ ਹੈ (ਭਾਵ, ਹੋਰਨਾਂ ਨਾਲੋਂ ਵਧੀਕ ਉਸ ਨਾਲ ਪਿਆਰ ਕਰਦਾ ਹੈ ਤੇ ਉਸ ਦਾ ਬਿਰਹੋਂ ਦਾ ਦੁੱਖ ਦੂਰ ਹੋ ਜਾਂਦਾ ਹੈ) ॥੩॥੨੧॥