ਹੇ ਮੂਰਖ ਮਨ! ਅਕਲ ਕਰ, ਵਿਸ਼ਿਆਂ ਤੋਂ ਬਚਿਆ ਰਹੁ ਤੇ ਪ੍ਰਭੂ ਵਿਚ ਜੁੜਿਆ ਕਰ।
ਤੂੰ ਸਹਿਮ ਛੱਡ ਕੇ ਕਿਉਂ ਪਰਮਾਤਮਾ ਨੂੰ ਨਹੀਂ ਸਿਮਰਦਾ ਤੇ ਕਿਉਂ ਪ੍ਰਭੂ ਦਾ ਆਸਰਾ ਨਹੀਂ ਲੈਂਦਾ? ॥੧॥ ਰਹਾਉ ॥
ਹੇ ਕਮਲੇ ਮਨ! ਬਾਂਦਰ ਨੇ ਹੱਥ ਖਿਲਾਰ ਕੇ ਦਾਣਿਆਂ ਦੀ ਮੁੱਠ ਭਰ ਲਈ,
ਤੇ ਉਸ ਨੂੰ ਸਹਿਮ ਪੈ ਗਿਆ ਕਿ ਕੈਦ ਵਿਚੋਂ ਕਿਵੇਂ ਨਿਕਲੇ। (ਉਸ ਲਾਲਚ ਦੇ ਕਾਰਨ ਹੁਣ) ਹਰੇਕ ਘਰ ਦੇ ਬੂਹੇ ਤੇ ਨੱਚਦਾ ਫਿਰਦਾ ਹੈ ॥੨॥
ਹੇ ਝੱਲੇ ਮਨਾਂ! ਜਗਤ ਦੀ ਮਾਇਆ ਦਾ ਇਉਂ ਹੀ ਵਰਤਾਰਾ ਹੈ (ਭਾਵ, ਮਾਇਆ ਜੀਵ ਨੂੰ ਇਉਂ ਹੀ ਮੋਹ ਵਿਚ ਫਸਾਉਂਦੀ ਹੈ) ਜਿਵੇਂ ਤੋਤਾ ਨਲਨੀ (ਤੇ ਬੈਠ ਕੇ) ਫਸ ਜਾਂਦਾ ਹੈ।
ਹੇ ਕਮਲੇ ਮਨ! ਜਿਵੇਂ ਕਸੁੰਭੇ ਦਾ ਰੰਗ (ਥੋੜੇ ਹੀ ਦਿਨ ਰਹਿੰਦਾ) ਹੈ, ਇਸੇ ਤਰ੍ਹਾਂ ਜਗਤ ਦਾ ਖਿਲਾਰਾ (ਚਾਰ ਦਿਨ ਲਈ ਹੀ) ਖਿਲਰਿਆ ਹੋਇਆ ਹੈ ॥੩॥
ਹੇ ਝੱਲੇ ਮਨਾਂ! (ਭਾਵੇਂ) ਇਸ਼ਨਾਨ ਕਰਨ ਲਈ ਬਥੇਰੇ ਤੀਰਥ ਹਨ, ਤੇ ਪੂਜਣ ਲਈ ਬਥੇਰੇ ਦੇਵਤੇ ਹਨ (ਭਾਵ, ਭਾਵੇਂ ਲੋਕ ਕਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ ਤੇ ਕਈ ਦੇਵਤਿਆਂ ਦੀ ਪੂਜਾ ਕਰਦੇ ਹਨ)
ਕਬੀਰ ਆਖਦਾ ਹੈ- ਪਰ (ਇਸ ਸਹਿਮ ਤੋਂ ਤੇ ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਖ਼ਲਾਸੀ ਸਿਰਫ਼ ਪ੍ਰਭੂ ਦਾ ਸਿਮਰਨ ਕੀਤਿਆਂ ਹੀ ਹੁੰਦੀ ਹੈ ॥੪॥੧॥੬॥੫੭॥
(ਹੇ ਭਾਈ!) ਇਸ ਧਨ ਨੂੰ ਨਾਹ ਅੱਗ ਸਾੜ ਸਕਦੀ ਹੈ, ਨਾਹ ਹਵਾ ਉਡਾ ਕੇ ਲੈ ਜਾ ਸਕਦੀ ਹੈ, ਅਤੇ ਨਾਹ ਹੀ ਕੋਈ ਚੋਰ ਇਸ ਦੇ ਨੇੜੇ ਢੁਕ ਸਕਦਾ ਹੈ।
ਪਰਮਾਤਮਾ ਦਾ ਨਾਮ-ਰੂਪ ਧਨ ਇਕੱਠਾ ਕਰ, ਇਹ ਕਿਧਰੇ ਨਾਸ ਨਹੀਂ ਹੁੰਦਾ ॥੧॥
ਸਾਡਾ ਧਨ ਤਾਂ ਮਾਧੋ ਗੋਬਿੰਦ ਹੀ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ। (ਸਾਡੇ ਮਤ ਵਿਚ ਤਾਂ) ਇਸੇ ਧਨ ਨੂੰ ਸਭ ਧਨਾਂ ਨਾਲੋਂ ਚੰਗਾ ਵਧੀਆ ਆਖੀਦਾ ਹੈ।
ਜੋ ਸੁਖ ਪਰਮਾਤਮਾ ਗੋਬਿੰਦ ਦੇ ਭਜਨ ਵਿਚ ਮਿਲਦਾ ਹੈ, ਉਹ ਸੁਖ ਰਾਜ ਵਿਚ (ਭੀ) ਨਹੀਂ ਲੱਭਦਾ ॥੧॥ ਰਹਾਉ ॥
ਇਸ (ਨਾਮ) ਧਨ ਦੀ ਖ਼ਾਤਰ ਸ਼ਿਵ ਤੇ ਸਨਕ ਆਦਿਕ (ਬ੍ਰਹਮਾ ਦੇ ਚਾਰੇ ਪੁੱਤਰ) ਭਾਲ ਕਰਦੇ ਕਰਦੇ ਜਗਤ ਤੋਂ ਵਿਰਕਤ ਹੋਏ।
ਜਿਸ ਮਨੁੱਖ ਦੇ ਮਨ ਵਿਚ ਮੁਕਤੀ ਦਾਤਾ ਪ੍ਰਭੂ ਵੱਸਦਾ ਹੈ, ਜਿਸ ਦੀ ਜੀਭ ਤੇ ਅਕਾਲ ਪੁਰਖ ਟਿਕਿਆ ਹੈ, ਉਸ ਨੂੰ ਜਮ ਦੀ (ਮੋਹ-ਰੂਪ) ਫਾਹੀ ਨਹੀਂ ਪੈ ਸਕਦੀ ॥੨॥
ਪ੍ਰਭੂ ਦੀ ਭਗਤੀ, ਪ੍ਰਭੂ ਦਾ ਗਿਆਨ ਹੀ, (ਜੀਵ ਦਾ) ਨਿਰੋਲ ਆਪਣਾ ਧਨ (ਹੋ ਸਕਦਾ) ਹੈ। ਜਿਸ ਸੁਚੱਜੀ ਮਤ ਵਾਲੇ ਨੂੰ ਗੁਰੂ ਨੇ (ਇਹ ਦਾਤ) ਦਿਤੀ ਹੈ, ਉਸ ਦਾ ਮਨ ਉਸ ਪ੍ਰਭੂ ਵਿਚ ਟਿਕਦਾ ਹੈ।
(ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਲਈ (ਇਹ ਨਾਮ-ਧਨ) ਪਾਣੀ ਹੈ, ਤੇ ਭਟਕਦੇ ਮਨ ਨੂੰ ਇਹ ਥੰਮ੍ਹੀ ਹੈ, (ਨਾਮ ਦੀ ਬਰਕਤ ਨਾਲ) ਭਰਮਾਂ ਦੇ ਬੰਧਨਾਂ ਦਾ ਡਰ ਦੂਰ ਹੋ ਜਾਂਦਾ ਹੈ ॥੩॥
ਕਬੀਰ ਆਖਦਾ ਹੈ-ਹੇ ਕਾਮ-ਵਾਸ਼ਨਾ ਵਿਚ ਮੱਤੇ ਹੋਏ (ਰਾਜਨ!) ਮਨ ਵਿਚ ਸੋਚ ਕੇ ਵੇਖ,
ਜੇ ਤੇਰੇ ਘਰ ਵਿਚ ਲੱਖਾਂ ਕ੍ਰੋੜਾਂ ਘੋੜੇ ਤੇ ਹਾਥੀ ਹਨ ਤਾਂ ਸਾਡੇ (ਹਿਰਦੇ-) ਘਰ ਵਿਚ (ਇਹ ਸਾਰੇ ਪਦਾਰਥ ਦੇਣ ਵਾਲਾ) ਇਕ ਪਰਮਾਤਮਾ (ਵੱਸਦਾ) ਹੈ ॥੪॥੧॥੭॥੫੮॥
ਜਿਵੇਂ (ਕਿਸੇ) ਬਾਂਦਰ ਦੇ ਹੱਥ (ਭੁੱਜੇ) ਛੋਲਿਆਂ ਦੀ ਮੁੱਠ ਆਈ, ਪਰ ਲੋਭੀ ਬਾਂਦਰ ਨੇ (ਕੁੱਜੀ ਵਿਚ ਹੱਥ ਫਸਿਆ ਵੇਖ ਕੇ ਭੀ ਛੋਲਿਆਂ ਦੀ ਮੁੱਠ) ਨਾਹ ਛੱਡੀ, (ਤੇ ਕਾਬੂ ਆ ਗਿਆ)
(ਇਸੇ ਤਰ੍ਹਾਂ) ਲੋਭ ਦੇ ਵੱਸ ਹੋ ਕੇ ਜੋ ਜੋ ਕੰਮ ਜੀਵ ਕਰਦਾ ਹੈ, ਉਹ ਸਾਰੇ ਮੁੜ (ਮੋਹ ਦੇ ਬੰਧਨ-ਰੂਪ ਜ਼ੰਜੀਰ ਬਣ ਕੇ ਇਸ ਦੇ) ਗਲ ਵਿਚ ਪੈਂਦੇ ਹਨ ॥੧॥
ਪਰਮਾਤਮਾ ਦੀ ਭਗਤੀ ਤੋਂ ਬਿਨਾ ਮਨੁੱਖਾ ਜਨਮ ਵਿਅਰਥ ਹੀ ਜਾਂਦਾ ਹੈ (ਕਿਉਂਕਿ ਹਿਰਦੇ ਵਿਚ ਪ੍ਰਭੂ ਆ ਕੇ ਨਹੀਂ ਵੱਸਦਾ)।
ਤੇ, ਸਾਧ ਸੰਗਤਿ ਵਿਚ (ਆ ਕੇ) ਭਗਵਾਨ ਦਾ ਸਿਮਰਨ ਕਰਨ ਤੋਂ ਬਿਨਾ ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਕਿਸੇ ਭੀ ਹਿਰਦੇ ਵਿਚ ਟਿਕ ਹੀ ਨਹੀਂ ਸਕਦਾ ॥੧॥ ਰਹਾਉ ॥
ਜਿਵੇਂ ਜੰਗਲ ਵਿਚ ਖਿੜੇ ਹੋਏ ਫੁੱਲਾਂ ਦੀ ਸੁਗੰਧੀ ਕੋਈ ਭੀ ਨਹੀਂ ਲੈ ਸਕਦਾ (ਉਹ ਫੁੱਲ ਉਜਾੜ ਵਿਚ ਕਿਸੇ ਪ੍ਰਾਣੀ ਨੂੰ ਸੁਗੰਧੀ ਨਾਹ ਦੇਣ ਦੇ ਕਾਰਨ ਆਪਣਾ ਖੇੜਾ ਵਿਅਰਥ ਹੀ ਖੇੜ ਜਾਂਦੇ ਹਨ),
ਤਿਵੇਂ, (ਪ੍ਰਭੂ ਦੀ ਬੰਦਗੀ ਤੋਂ ਬਿਨਾ) ਜੀਵ ਅਨੇਕਾਂ ਜੂਨਾਂ ਵਿਚ ਭਟਕਦੇ ਰਹਿੰਦੇ ਹਨ, ਤੇ ਮੁੜ ਮੁੜ ਕਾਲ-ਵੱਸ ਪੈਂਦੇ ਰਹਿੰਦੇ ਹਨ ॥੨॥
ਧਨ, ਜੁਆਨੀ, ਪੁੱਤਰ ਤੇ ਇਸਤ੍ਰੀ ਇਹ ਸਾਰੇ ਉਸ ਪ੍ਰਭੂ ਨੇ (ਜੀਵ ਨੂੰ ਕਿਸੇ ਤਮਾਸ਼ੇ ਵਿਚ ਨਿਰਲੇਪ ਜਿਹਾ ਰਹਿਣ ਵਾਂਗ) ਵੇਖਣ ਲਈ ਦਿੱਤੇ ਹਨ (ਕਿ ਇਸ ਜਗਤ-ਤਮਾਸ਼ੇ ਵਿਚ ਇਹ ਨਿਰਲੇਪ ਹੀ ਰਹੇ),
ਪਰ ਜੀਵ ਇਹਨਾਂ ਵਿਚ ਹੀ ਰੁਕ ਕੇ ਫਸ ਜਾਂਦੇ ਹਨ; ਇੰਦ੍ਰੇ ਜੀਵ ਨੂੰ ਖਿੱਚ ਲੈਂਦੇ ਹਨ ॥੩॥
ਕਬੀਰ ਆਖਦਾ ਹੈ-ਇਹ ਸਰੀਰ (ਮਾਨੋ) ਕੱਖਾਂ ਦਾ ਕੋਠਾ ਹੈ, ਉਮਰ (ਦੇ ਦਿਨ ਬੀਤਦੇ ਜਾਣੇ ਇਸ ਕੋਠੇ ਨੂੰ) ਅੱਗ ਲੱਗੀ ਹੋਈ ਹੈ, ਹਰ ਪਾਸੇ ਇਹੀ ਬਣਤਰ ਬਣੀ ਹੋਈ ਹੈ, (ਪਰ ਕੋਈ ਭੀ ਇਸ ਪਾਸੇ ਧਿਆਨ ਨਹੀਂ ਦੇਂਦਾ; ਕਿਆ ਅਚਰਜ ਭਿਆਨਕ ਦ੍ਰਿਸ਼ ਹੈ!)
ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਮੈਂ ਤਾਂ ਸਤਿਗੁਰੂ ਦਾ ਆਸਰਾ ਲਿਆ ਹੈ ॥੪॥੧॥੮॥੫੯॥
(ਹੇ ਅਹੰਕਾਰੀ ਜੀਵ! ਕਿਸ ਗੱਲ ਦਾ ਮਾਣ ਕਰਦਾ ਹੈਂ?) ਪਿਉ ਦੀ ਗੰਦੀ ਬੂੰਦ ਅਤੇ ਮਾਂ ਦੀ ਰਕਤ-
(ਇਹਨਾਂ ਦੋਹਾਂ ਤੋਂ ਤਾਂ ਪਰਮਾਤਮਾ ਨੇ) ਜੀਵ ਦਾ ਇਹ ਮਿੱਟੀ ਦਾ ਬੁੱਤ ਬਣਾਇਆ ਹੈ ॥੧॥
ਹੇ ਪ੍ਰਭੂ! (ਤੈਥੋਂ ਵੱਖਰੀ) ਮੇਰੀ ਕੋਈ ਹਸਤੀ ਨਹੀਂ ਹੈ ਅਤੇ ਕੋਈ ਮੇਰੀ ਮਲਕੀਅਤ ਨਹੀਂ ਹੈ।
ਹੇ ਮੇਰੇ ਗੋਬਿੰਦ! ਇਹ ਸਰੀਰ, ਧਨ ਅਤੇ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ ॥੧॥ ਰਹਾਉ ॥
ਇਸ ਮਿੱਟੀ (ਦੇ ਪੁਤਲੇ) ਵਿਚ (ਇਸ ਨੂੰ ਖੜਾ ਰੱਖਣ ਲਈ) ਪ੍ਰਾਣ ਟਿਕੇ ਹੋਏ ਹਨ,