ਸਾਰੇ (ਮੂੰਹੋਂ) ਆਖਦੇ ਹੀ ਆਖਦੇ (ਭਾਵ, ਹੋਰਨਾਂ ਨੂੰ ਉਪਦੇਸ਼ ਕਰਦੇ ਹੀ) ਸੁਣੇ ਹਨ, ਪਰ ਕਿਸੇ ਦੀ ਰਹਤ ਵੇਖ ਕੇ ਮੈਨੂੰ ਆਨੰਦ ਨਹੀਂ ਆਇਆ।
ਉਹਨਾਂ ਲੋਕਾਂ ਦੇ ਗੁਣ ਮੈਂ ਕੀਹ ਆਖਾਂ, ਜਿਹੜੇ ਹਰੀ ਦੇ ਨਾਮ ਨੂੰ ਛੱਡ ਕੇ ਦੂਜੇ (ਭਾਵ, ਮਾਇਆ ਦੇ ਪਿਆਰ) ਵਿਚ ਲੱਗੇ ਹੋਏ ਹਨ?
ਹੇ ਗੁਰੂ (ਅਮਰਦਾਸ)! ਪਿਆਰੇ (ਹਰੀ) ਨੇ ਮੈਨੂੰ, ਭਿਖੇ ਨੂੰ, ਤੂੰ ਮਿਲਾ ਦਿੱਤਾ ਹੈ, ਜਿਵੇਂ ਤੂੰ ਰੱਖੇਂਗਾ ਤਿਵੇਂ ਮੈਂ ਰਹਾਂਗਾ ॥੨॥੨੦॥
ਸਮਾਧੀ-ਰੂਪ ਸੰਨਾਹ (ਜ਼ਿਰਹ-ਬਖ਼ਤਰ) ਪਹਿਨ ਕੇ ਗਿਆਨ-ਰੂਪ ਘੋੜੇ ਉੱਤੇ (ਗੁਰੂ ਅਮਰਦਾਸ ਜੀ ਨੇ) ਆਸਣ ਜਮਾਇਆ ਹੋਇਆ ਹੈ।
ਧਰਮ ਦਾ ਧਨੁਖ ਹੱਥਾਂ ਵਿਚ ਫੜ ਕੇ (ਗੁਰੂ ਅਮਰਦਾਸ) ਭਗਤਾਂ ਵਾਲੇ ਸੀਲ-ਰੂਪ ਤੀਰ ਨਾਲ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਲੜ ਰਿਹਾ ਹੈ।
ਹਰੀ ਦਾ ਭਉ ਰੱਖਣ ਦੇ ਕਾਰਨ (ਗੁਰੂ ਅਮਰਦਾਸ) ਨਿਰਭਉ ਹੈ, ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹਰੀ ਨੂੰ (ਗੁਰੂ ਅਮਰਦਾਸ ਨੇ) ਮਨ ਵਿਚ ਧਾਰਿਆ ਹੈ-ਇਹ (ਗੁਰੂ ਅਮਰਦਾਸ ਨੇ ਮਾਨੋ), ਨੇਜਾ ਗੱਡਿਆ ਹੋਇਆ ਹੈ;
ਅਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਪੰਜਾਂ ਵੈਰੀਆਂ ਦਾ ਨਾਸ ਕਰ ਦਿੱਤਾ ਹੈ।
ਤੇਜਭਾਨ ਜੀ ਦੇ ਪੁਤ੍ਰ ਹੇ ਗੁਰੂ ਅਮਰਦਾਸ ਜੀ! ਤੂੰ ਭੱਲਿਆਂ ਦੀ ਕੁਲ ਵਿਚ ਸ਼ਿਰੋਮਣੀ ਹੈਂ ਅਤੇ (ਗੁਰੂ) ਨਾਨਕ (ਦੇਵ ਜੀ) ਦੇ ਵਰ ਨਾਲ ਰਾਜਿਆਂ ਦਾ ਰਾਜਾ ਹੈਂ।
ਸਲ੍ਯ੍ਯ ਕਵੀ (ਇਉਂ) ਆਖਦਾ ਹੈ- ਹੇ ਗੁਰੂ ਅਮਰਦਾਸ! ਤੂੰ ਇਸ ਤਰ੍ਹਾਂ ਜੁੱਧ ਕਰ ਕੇ (ਇਹ ਵਿਕਾਰਾਂ ਦਾ) ਦਲ ਜਿੱਤ ਲਿਆ ਹੈ ॥੧॥੨੧॥
ਬੱਦਲਾਂ ਦੀਆਂ ਕਣੀਆਂ, ਧਰਤੀ ਦੀ ਬਨਸਪਤੀ, ਬਸੰਤ ਦੇ ਫੁੱਲ-ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ।
ਸੂਰਜ ਤੇ ਚੰਦ੍ਰਮਾ ਦੀਆਂ ਕਿਰਨਾਂ, ਸਮੁੰਦਰ ਦਾ ਪੇਟ ਗੰਗਾ ਦੀਆਂ ਠਿਲ੍ਹਾਂ-ਇਹਨਾਂ ਦਾ ਅੰਤ ਕੌਣ ਪਾ ਸਕਦਾ ਹੈ?
ਸ਼ਿਵ ਜੀ ਵਾਂਗ ਪੂਰਨ ਸਮਾਧੀ ਲਾ ਕੇ ਅਤੇ ਸਤਿਗੁਰੂ ਦੇ ਬਖ਼ਸ਼ੇ ਗਿਆਨ ਦੁਆਰਾ, ਹੇ ਭਲ੍ਯ੍ਯ ਕਵੀ! ਉਹਨਾਂ ਉਪਰ-ਦੱਸੇ ਪਦਾਰਥਾਂ ਨੂੰ ਭਾਵੇਂ ਕੋਈ ਮਨੁੱਖ ਵਰਣਨ ਕਰ ਸਕੇ,
ਪਰ ਭੱਲਿਆਂ ਦੀ ਕੁਲ ਵਿਚ ਪ੍ਰਗਟ ਹੋਏ ਹੇ ਗੁਰੂ ਅਮਰਦਾਸ ਜੀ! ਤੇਰੇ ਗੁਣ ਵਰਣਨ ਨਹੀਂ ਹੋ ਸਕਦੇ। ਤੇਰੇ ਜਿਹਾ ਤੂੰ ਆਪ ਹੀ ਹੈਂ ॥੧॥੨੨॥
ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੈਂ ਇਕਾਗ੍ਰ-ਮਨ ਹੋ ਕੇ ਮਾਇਆ ਤੋਂ ਰਹਿਤ ਅਕਾਲ ਪੁਰਖ ਨੂੰ ਸਿਮਰਾਂ,
ਗੁਰੂ ਜੀ ਦੀ ਕ੍ਰਿਪਾ ਨਾਲ ਸਦਾ ਹਰੀ ਦੇ ਗੁਣ ਗਾਵਾਂ,
ਅਤੇ ਗੁਣ ਗਾਂਦਿਆਂ ਗਾਂਦਿਆਂ ਮੇਰੇ ਮਨ ਵਿਚ ਖਿੜਾਉ ਪੈਦਾ ਹੋਵੇ,
ਹੇ ਸਤਿਗੁਰੂ! ਮੈਂ ਦਾਸ ਦੀ ਆਸ ਪੂਰੀ ਕਰ।
(ਜਿਸ ਗੁਰੂ ਰਾਮਦਾਸ ਜੀ ਨੇ) ਗੁਰੂ (ਅਮਰਦਾਸ ਜੀ) ਨੂੰ ਸੇਵ ਕੇ ਉੱਚੀ ਪਦਵੀ ਪਾਈ ਹੈ,
ਅਤੇ ਅਬਿਨਾਸੀ ਤੇ ਅਦ੍ਰਿਸ਼ਟ ਹਰੀ ਨੂੰ ਸਿਮਰਿਆ ਹੈ,
ਉਸ (ਗੁਰੂ ਰਾਮਦਾਸ) ਦੀ ਚਰਨੀਂ ਲੱਗਿਆਂ, ਦਲਿੱਦ੍ਰ ਨਹੀਂ ਚੰਬੜਦਾ,
ਕਲ੍ਯ੍ਯਸਹਾਰ ਕਵੀ ਉਸ (ਗੁਰੂ ਰਾਮਦਾਸ ਜੀ) ਦੇ ਗੁਣ ਗਾਉਂਦਾ ਹੈ।
ਮੈਂ ਉਸ ਸ੍ਰੇਸ਼ਟ ਜਨ (ਗੁਰੂ ਰਾਮਦਾਸ ਜੀ) ਦੇ ਨਿਰਮਲ ਗੁਣ ਗਾਉਂਦਾ ਹਾਂ, ਜਿਸ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ ਅਨੁਭਵ ਹੋਇਆ ਹੈ,
ਇਸ (ਗੁਰੂ ਰਾਮਦਾਸ ਜੀ) ਨੇ (ਅਮਰਦਾਸ ਜੀ) ਨੂੰ ਸੇਵ ਕੇ ਸ਼ਬਦ ਦਾ ਆਨੰਦ ਪ੍ਰਾਪਤ ਕੀਤਾ ਹੈ ਤੇ ਨਿਰੰਜਨ ਦਾ ਨਾਮ ਹਿਰਦੇ ਵਿਚ ਟਿਕਾਇਆ ਹੈ।
(ਗੁਰੂ ਰਾਮਦਾਸ) ਅਕਾਲ ਪੁਰਖ ਦੇ ਨਾਮ ਦਾ ਰਸੀਆ ਹੈ, ਗੋਬਿੰਦ ਦੇ ਗੁਣਾਂ ਦਾ ਗਾਹਕ ਹੈ, ਅਕਾਲ ਪੁਰਖ ਨਾਲ ਪਿਆਰ ਕਰਨ ਵਾਲਾ ਹੈ, ਅਤੇ ਸਮ-ਦ੍ਰਿਸ਼ਟਤਾ ਦਾ ਸਰੋਵਰ ਹੈ।
ਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ, ਗੁਰੂ ਰਾਮਦਾਸ ਜੀ (ਹਿਰਦੇ-ਰੂਪੀ) ਖ਼ਾਲੀ ਸਰੋਵਰਾਂ ਨੂੰ (ਨਾਮ ਨਾਲ) ਭਰਨ ਵਾਲੇ ਹਨ ॥੧॥
(ਗੁਰੂ ਰਾਮਦਾਸ) ਅੰਮ੍ਰਿਤ ਦਾ ਸਰੋਵਰ (ਹੈ, ਜੋ) ਸਦਾ ਭਰਿਆ ਰਹਿੰਦਾ ਹੈ (ਅਤੇ ਜਿਸ ਵਿਚੋਂ) ਅਟੱਲ ਪਦਵੀ ਦੇਣ ਵਾਲੇ ਅੰਮ੍ਰਿਤ ਦੇ ਚਸ਼ਮੇ ਚੱਲ ਰਹੇ ਹਨ।
(ਇਸ ਅੰਮ੍ਰਿਤ ਨੂੰ) ਉਹ ਸੰਤ ਜਨ ਪੀਂਦੇ ਹਨ (ਅਤੇ) ਅੰਤਰ-ਆਤਮੇ ਇਸ਼ਨਾਨ ਕਰਦੇ ਹਨ, ਜਿਨ੍ਹਾਂ ਨੇ ਪੂਰਬਲੇ ਜਨਮ ਦੀ ਕੋਈ ਸੇਵਾ ਕੀਤੀ ਹੋਈ ਹੈ।
(ਗੁਰੂ ਰਾਮਦਾਸ ਜੀ ਨੇ) ਉਹਨਾਂ (ਸੰਤ ਜਨਾਂ) ਦਾ ਭਉ ਦੂਰ ਕਰਕੇ, ਉਹਨਾਂ ਨੂੰ ਨਿਰਭੈਤਾ ਦੀ ਪਦਵੀ ਬਖ਼ਸ਼ ਦਿੱਤੀ ਹੈ, ਤੇ ਆਪਣਾ ਸ਼ਬਦ ਸੁਣਾਉਂਦਿਆਂ ਹੀ ਉਹਨਾਂ ਨੂੰ ਪਾਰ ਉਤਾਰ ਦਿੱਤਾ ਹੈ।
ਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ ਗੁਰੂ ਰਾਮਦਾਸ ਜੀ (ਹਿਰਦੇ-ਰੂਪ) ਖ਼ਾਲੀ ਸਰੋਵਰਾਂ ਨੂੰ (ਨਾਮ-ਅੰਮ੍ਰਿਤ ਨਾਲ) ਭਰਨ ਵਾਲੇ ਹਨ ॥੨॥
ਗੁਰੂ (ਰਾਮਦਾਸ ਜੀ) ਦੀ ਮੱਤ ਡੂੰਘੀ ਹੈ, (ਆਪ ਦੀ) ਨਿਰਮਲ ਸਤ ਸੰਗਤ ਹੈ; (ਅਤੇ ਆਪ ਦਾ) ਆਤਮਾ ਹਰੀ ਦੇ ਪਿਆਰ ਵਿਚ ਗੂੜ੍ਹਾ ਰੰਗਿਆ ਹੋਇਆ ਹੈ।
(ਸਤਿਗੁਰੂ ਰਾਮਦਾਸ ਜੀ ਦਾ) ਮਨ ਜਾਗਿਆ ਹੋਇਆ ਹੈ, (ਉਹਨਾਂ ਦੇ ਹਿਰਦੇ ਦਾ) ਕਉਲ ਫੁੱਲ ਆਤਮਕ ਅਡੋਲਤਾ ਵਿਚ ਖਿੜਿਆ ਹੋਇਆ ਹੈ ਅਤੇ (ਉਹਨਾਂ ਨੇ) ਨਿਰਭਉ ਹਰੀ ਨੂੰ ਹਿਰਦੇ ਵਿਚ ਹੀ ਲੱਭ ਲਿਆ ਹੈ।