ਹੇ ਭਾਈ! ਹਰੇਕ ਜੀਵ (ਭਾਵੇਂ) ਪਰਮਾਤਮਾ ਦੇ ਦਰਸਨ ਨੂੰ ਤਾਂਘਦਾ ਹੋਵੇ,
ਪਰ (ਉਸ ਦਾ ਮਿਲਾਪ) ਵੱਡੀ ਕਿਸਮਤ ਨਾਲ ਹੀ ਮਿਲਦਾ ਹੈ ਰਹਾਉ॥
(ਸ਼ੋਕ!) ਮੈਨੂੰ ਕਿਉਂ ਗ਼ਫ਼ਲਤ ਦੀ ਨੀਂਦ ਆ ਗਈ? ਮੈਂ ਕਿਉਂ ਸੋਹਣੇ ਪ੍ਰਭੂ ਨੂੰ ਭੁਲਾ ਦਿੱਤਾ?
(ਸ਼ੋਕ!) ਇਹਨਾਂ ਕਾਮਾਦਿਕ ਵੈਰੀਆਂ ਨੇ ਮੈਨੂੰ ਇਹ ਵੱਡੀ ਮਨ ਨੂੰ ਮੋਹਣ ਵਾਲੀ ਮਾਇਆ ਚੰਬੋੜ ਦਿੱਤੀ ॥੧॥
ਪ੍ਰੇਮ ਦੀ ਅਣਹੋਂਦ (ਮੇਰੇ ਅੰਦਰ) ਕਸਾਈ-ਪੁਣਾ ਕਰ ਰਹੀ ਹੈ,
ਇਹ ਵਿਛੋੜਾ (ਮਾਨੋ) ਇਕ ਨਿਰਦਈ ਜੀਵ ਹੈ ਜਿਸ ਦੇ ਅੰਦਰ ਰਤਾ ਭਰ ਦਇਆ ਨਹੀਂ ਹੈ ॥੨॥
ਭਟਕਦਿਆਂ ਭਟਕਦਿਆਂ ਅਨੇਕਾਂ ਹੀ ਜਨਮ ਬੀਤ ਗਏ।
ਇਹ ਦੁੱਤਰ ਮਾਇਆ ਹਿਰਦੇ-ਘਰ ਵਿਚ (ਮੇਰੇ ਮਨ ਨੂੰ) ਟਿਕਣ ਨਹੀਂ ਦੇਂਦੀ ॥੩॥
ਪਰ ਮੈਂ ਦਿਨ ਰਾਤ ਆਪਣੇ ਕਮਾਏ ਦਾ ਫਲ ਭੋਗ ਰਿਹਾ ਹਾਂ।
ਕਿਸੇ ਨੂੰ ਦੋਸ ਨਹੀਂ ਦਿੱਤਾ ਜਾ ਸਕਦਾ, ਮੈਂ ਪਿਛਲੇ ਜਨਮਾਂ ਦਾ ਆਪਣਾ ਹੀ ਕੀਤਾ ਭਟਕਣਾ ਵਿਚ ਪਾ ਰਿਹਾ ਹੈ ॥੪॥
ਹੇ ਸੱਜਣੋ! ਹੇ ਭਰਾਵੋ! ਹੇ ਸੰਤ ਜਨੋ! ਸੁਣੋ।
ਹੇ ਨਾਨਕ! (ਆਖ-) ਪਰਮਾਤਮਾ ਦੇ ਸੋਹਣੇ ਚਰਣਾਂ ਦੀ ਸਰਨ ਪਿਆਂ ਹੀ ਉੱਚ ਆਤਮਕ ਅਵਸਥਾ ਪ੍ਰਾਪਤ ਹੋ ਸਕਦੀ ਹੈ ॥੫॥੩੪॥੪੦॥
ਰਾਗ ਸੂਹੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਉਹ ਕੁੱਲੀ ਚੰਗੀ ਹੈ, ਜਿਸ ਵਿਚ (ਰਹਿਣ ਵਾਲਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ।
(ਪਰ) ਉਹ ਪੱਕੇ ਮਹੱਲ ਕਿਸੇ ਕੰਮ ਨਹੀਂ, ਜਿਨ੍ਹਾਂ ਵਿਚ (ਵੱਸਣ ਵਾਲਾ ਮਨੁੱਖ) ਪਰਮਾਤਮਾ ਨੂੰ ਭੁਲਾ ਦੇਂਦਾ ਹੈ ॥੧॥ ਰਹਾਉ ॥
ਹੇ ਭਾਈ! ਸਾਧ ਸੰਗਤਿ ਵਿਚ ਗ਼ਰੀਬੀ (ਸਹਾਰਦਿਆਂ ਭੀ) ਆਨੰਦ ਹੈ ਕਿਉਂਕਿ ਉਸ (ਸਾਧ ਸੰਗਤਿ) ਵਿਚ ਪਰਮਾਤਮਾ ਚਿੱਤ ਵਿਚ ਵੱਸਿਆ ਰਹਿੰਦਾ ਹੈ।
ਇਹੋ ਜਿਹਾ ਵੱਡਾ ਅਖਵਾਣਾ ਸੜ ਜਾਏ (ਜਿਸ ਦੇ ਕਾਰਨ ਮਨੁੱਖ) ਮਾਇਆ ਨਾਲ ਹੀ ਚੰਬੜਿਆ ਰਹੇ ॥੧॥
(ਗਰੀਬੀ ਵਿਚ) ਚੱਕੀ ਪੀਹ ਕੇ, ਕੰਬਲੀ ਪਹਿਨ ਕੇ ਆਨੰਦ (ਪ੍ਰਾਪਤ ਰਹਿੰਦਾ ਹੈ, ਕਿਉਂਕਿ) ਮਨ ਨੂੰ ਸੰਤੋਖ ਮਿਲਿਆ ਰਹਿੰਦਾ ਹੈ।
ਪਰ, ਹੇ ਭਾਈ! ਇਹੋ ਜਿਹਾ ਰਾਜ ਕਿਸੇ ਕੰਮ ਨਹੀਂ ਜਿਸ ਵਿਚ (ਮਨੁੱਖ ਮਾਇਆ ਵਲੋਂ ਕਦੇ) ਰੱਜੇ ਹੀ ਨਾਹ ॥੨॥
ਹੇ ਭਾਈ! ਜੇਹੜਾ ਮਨੁੱਖ ਇਕ ਪਰਮਾਤਮਾ ਦੇ ਪ੍ਰੇਮ ਵਿਚ ਨੰਗਾ ਭੀ ਤੁਰਿਆ ਫਿਰਦਾ ਹੈ, ਉਹ ਸੋਭਾ ਖੱਟਦਾ ਹੈ,
ਪਰ ਰੇਸ਼ਮੀ ਕੱਪੜੇ ਪਹਿਨਣੇ ਵਿਅਰਥ ਹਨ ਜਿਨ੍ਹਾਂ ਵਿਚ ਮਸਤ ਹੋ ਕੇ ਮਨੁੱਖ (ਮਾਇਆ ਦਾ ਹੋਰ ਹੋਰ) ਲੋਭ ਕਰਦਾ ਰਹਿੰਦਾ ਹੈ ॥੩॥
(ਹੇ ਭਾਈ! ਜੀਵਾਂ ਨੂੰ ਕੀਹ ਦੋਸ? ਪ੍ਰਭੂ) ਆਪ ਹੀ ਸਭ ਕੁਝ ਕਰਦਾ ਹੈ (ਜੀਵਾਂ ਪਾਸੋਂ) ਕਰਾਂਦਾ ਹੈ।
ਹੇ ਨਾਨਕ! (ਆਖ-) ਹੇ ਪ੍ਰਭੂ! ਸਭ ਕੁਝ ਤੇਰੇ ਹੱਥ ਵਿਚ ਹੈ (ਮੇਹਰ ਕਰ, ਤੇਰਾ ਦਾਸ ਤੇਰੇ ਦਰ ਤੋਂ ਇਹ) ਦਾਨ ਹਾਸਲ ਕਰ ਲਏ ਕਿ ਮੈਂ ਹਰੇਕ ਸਾਹ ਦੇ ਨਾਲ ਤੈਨੂੰ ਸਿਮਰਦਾ ਰਹਾਂ ॥੪॥੧॥੪੧॥
ਜੇਹੜਾ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲਾ ਹੈ (ਜੇ ਪ੍ਰਭੂ ਦੀ ਮੇਹਰ ਹੋਵੇ, ਤਾਂ ਮੈਂ) ਆਪਣੇ ਪ੍ਰਾਣ ਆਪਣਾ ਧਨ ਉਸ ਸੰਤ ਦੇ ਹਵਾਲੇ ਕਰ ਦਿਆਂ, ਮੈਂ ਉਸ ਦਾ ਪਾਣੀ ਭਰਨ ਵਾਲਾ ਬਣਿਆ ਰਹਾਂ।
ਭਰਾ, ਮਿੱਤਰ, ਪੁੱਤਰਾਂ ਨਾਲੋਂ ਜਿੰਦ ਨਾਲੋਂ ਭੀ, ਮੈਨੂੰ ਉਹ ਪਿਆਰਾ ਲੱਗੇ ॥੧॥ ਰਹਾਉ ॥
(ਹੇ ਭਾਈ! ਜੇ ਪ੍ਰਭੂ ਮੇਹਰ ਕਰੇ ਤਾਂ) ਮੈਂ ਆਪਣੇ ਕੇਸਾਂ ਦਾ ਪੱਖਾ ਬਣਾ ਕੇ ਪ੍ਰਭੂ ਦੇ ਸੰਤ ਨੂੰ ਚੌਰ ਝੁਲਾਂਦਾ ਰਹਾਂ,
ਮੈਂ ਸੰਤ ਦੇ ਬਚਨਾਂ ਉੱਤੇ ਆਪਣਾ ਸਿਰ ਨਿਵਾਈ ਰੱਖਾਂ, ਉਸ ਦੇ ਚਰਨਾਂ ਦੀ ਧੂੜ ਲੈ ਕੇ ਮੈਂ ਆਪਣੇ ਮੱਥੇ ਉਤੇ ਲਾਂਦਾ ਰਹਾਂ ॥੧॥
(ਹੇ ਭਾਈ! ਜੇ ਪ੍ਰਭੂ ਦਇਆ ਕਰੇ, ਤਾਂ) ਮੈਂ ਨਿਮਾਣਿਆਂ ਵਾਂਗ (ਸੰਤ ਅੱਗੇ) ਮਿੱਠੇ ਬੋਲਾਂ ਨਾਲ ਬੇਨਤੀ ਕਰਦਾ ਰਹਾਂ,
ਅਹੰਕਾਰ ਛੱਡ ਕੇ ਉਸ ਦੀ ਸਰਨ ਪਿਆ ਰਹਾਂ, ਤੇ, ਉਸ ਸੰਤ ਪਾਸੋਂ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਮਿਲਾਪ ਹਾਸਲ ਕਰਾਂ ॥੨॥
(ਹੇ ਭਾਈ! ਪ੍ਰਭੂ ਕਿਰਪਾ ਕਰੇ) ਮੈਂ ਉਸ ਦੇ ਸੇਵਕ ਦਾ ਦਰਸ਼ਨ ਮੁੜ ਮੁੜ ਵੇਖਦਾ ਰਹਾਂ।
ਆਤਮਕ ਜੀਵਨ ਦੇਣ ਵਾਲੇ ਉਸ ਸੰਤ ਦੇ ਬਚਨਾਂ ਦਾ ਜਲ ਮੈਂ ਆਪਣੇ ਮਨ ਵਿਚ ਸਿੰਜਦਾ ਰਹਾਂ, ਤੇ, ਮੁੜ ਮੁੜ ਉਸ ਨੂੰ ਨਮਸਕਾਰ ਕਰਦਾ ਰਹਾਂ ॥੩॥
ਹੇ ਪ੍ਰਭੂ! ਮੈਂ ਆਪਣੇ ਮਨ ਵਿਚ ਇਹੀ ਆਸ ਕਰਦਾ ਰਹਾਂ, ਮੈਂ ਤੇਰੇ ਪਾਸੋਂ ਤੇਰੇ ਸੇਵਕ ਦਾ ਸਾਥ ਮੰਗਦਾ ਰਹਾਂ।
ਨਾਨਕ ਉਤੇ ਮੇਹਰ ਕਰ, ਮੈਂ ਤੇਰੇ ਦਾਸ ਦੇ ਚਰਨੀਂ ਲੱਗਾ ਰਹਾਂ, ਮੈਂ ਹਰ ਵੇਲੇ ਇਹੀ ਚਿਤਾਰਦਾ ਰਹਾਂ ॥੪॥੨॥੪੨॥
ਹੇ ਪ੍ਰਭੂ! ਜਿਸ (ਮਾਇਆ) ਨੇ ਸਾਰੀ ਸ੍ਰਿਸ਼ਟੀ ਤੇ ਸਾਰੇ ਦੇਸ ਆਪਣੇ ਪਿਆਰ ਵਿਚ ਫਸਾਏ ਹੋਏ ਹਨ, ਉਸੇ (ਮਾਇਆ) ਦੇ ਵੱਸ ਵਿਚ ਮੈਂ ਭੀ ਪਿਆ ਹੋਇਆ ਹਾਂ।
ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼, ਤੇ ਮੈਨੂੰ ਇਸ ਵਿਕਾਰੀ ਜੀਵ ਨੂੰ (ਮਾਇਆ ਦੇ ਹੱਥੋਂ) ਬਚਾ ਲੈ ॥੧॥ ਰਹਾਉ ॥
ਹੇ ਪ੍ਰਭੂ! ਮੈਂ ਭੀ ਉਸ (ਮਾਇਆ) ਦੇ ਪਿੱਛੇ (ਮੁੜ ਮੁੜ) ਜਾਂਦਾ ਹਾਂ ਜਿਸ ਪਾਸੋਂ ਕੋਈ ਭੀ ਕਦੇ ਸੁਖੀ ਨਹੀਂ ਹੋਇਆ।
ਮੈਂ ਮੁੜ ਮੁੜ (ਉਹਨਾਂ ਪਦਾਰਥਾਂ ਨਾਲ) ਚੰਬੜਦਾ ਹਾਂ, ਜੋ (ਆਖ਼ਰ) ਸਭਨਾਂ ਨੂੰ ਛੱਡ ਜਾਂਦੇ ਹਨ ॥੧॥
ਹੇ ਤਰਸ ਦੇ ਮਾਲਕ! ਹੇ ਹਰੀ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ।
ਹੇ ਪ੍ਰਭੂ! (ਤੇਰੇ ਸੇਵਕ) ਨਾਨਕ ਦੀ (ਤੇਰੇ ਅੱਗੇ ਇਹੀ) ਬੇਨਤੀ ਹੈ ਕਿ ਮੈਂ ਸਾਧ ਸੰਗਤਿ ਵਿਚ ਟਿਕਿਆ ਰਹਾਂ ॥੨॥੩॥੪੩॥