ਐਸੇ ਮਨੁੱਖ ਨੂੰ ਨਾਹ ਗੋਪਾਲ ਨਾਲ ਡੂੰਘੀ ਸਾਂਝ ਹਾਸਲ ਹੁੰਦੀ ਹੈ, ਨਾਹ ਉੱਚੀ ਸੁਰਤ, ਤੇ ਨਾਹ ਹੀ ਧਰਮ।
(ਇਹ ਅਹੰਕਾਰ ਦੇ ਕਾਰਨ) 'ਨਾਮ' ਤੋਂ ਬਿਨਾ ਨਿਰਭਉ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ, 'ਅਹੰਕਾਰ' ਨੂੰ ਸਮਝਿਆ ਨਹੀਂ ਜਾ ਸਕਦਾ (ਭਾਵ, ਅਹੰਕਾਰ ਵਿਚ ਟਿਕੇ ਰਿਹਾਂ ਇਹ ਸਮਝ ਭੀ ਨਹੀਂ ਆਉਂਦੀ ਕਿ ਸਾਡੇ ਉਤੇ ਅਹੰਕਾਰ ਦੀ ਕਾਠੀ ਪਈ ਹੋਈ ਹੈ)।
(ਇਹ ਇਕ ਐਸਾ ਸਮੁੰਦਰ ਹੈ ਕਿ) ਇਸ ਦੀ ਡੂੰਘਾਈ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ, ਮੈਂ ਜਤਨ ਕਰ ਕੇ ਥੱਕ ਗਈ ਹਾਂ, ਪਰ ਅੰਤ ਨਹੀਂ ਪਾ ਸਕੀ;
ਗੋਪਾਲ ਦੇ ਨਾਮ ਵਿਚ ਰੰਗੇ ਹੋਏ ਗੁਰਮੁਖਾਂ ਤੋਂ ਬਿਨਾ ਹੋਰ ਕਿਸੇ ਅੱਗੇ ਇਹ ਦੁੱਖ ਦੱਸਿਆ ਭੀ ਨਹੀਂ ਜਾ ਸਕਦਾ।
ਹੇ ਨਾਨਕ! ਜੇ ਮੈਂ ਉਸ ਪਿਆਰੇ ਪ੍ਰਭੂ ਨੂੰ ਮੁੜ ਮੁੜ ਯਾਦ ਕਰਾਂ ਤੇ ਉਹ ਮੇਲਣ ਦੇ ਸਮਰੱਥ ਪਿਆਰਾ ਆਪ ਹੀ ਮਿਲਾ ਲੈਂਦਾ ਹੈ।
ਜਿਸ ਪ੍ਰਭੂ ਨੇ ('ਅਭਿਮਾਨ' ਦੀ ਵਿੱਥ ਪਾ ਕੇ) ਵਿਛੋੜਿਆ ਹੋਇਆ ਹੈ ਉਹ ਗੁਰੂ ਦੇ ਅਥਾਹ ਪਿਆਰ ਦੀ ਰਾਹੀਂ ਮਿਲਾਏਗਾ ॥੩੭॥
(ਹੇ ਪਾਂਡੇ!) ਪਾਪ ਮਾੜਾ (ਕੰਮ) ਹੈ, ਪਰ ਪਾਪੀ ਨੂੰ ਪਿਆਰਾ ਲੱਗਦਾ ਹੈ,
ਉਹ (ਪਾਪੀ) ਪਾਪ ਨਾਲ ਲੱਦਿਆ ਹੋਇਆ ਪਾਪ ਦਾ ਹੀ ਖਿਲਾਰਾ ਖਿਲਾਰਦਾ ਹੈ।
ਜੇ ਮਨੁੱਖ ਪਾਪ ਛੱਡ ਕੇ ਆਪਣੇ ਅਸਲੇ ਨੂੰ ਪਛਾਣੇ,
ਤਾਂ ਉਸ ਨੂੰ ਚਿੰਤਾ, ਵਿਛੋੜਾ ਤੇ ਦੁੱਖ ਨਹੀਂ ਵਿਆਪਦੇ।
ਨਰਕ ਵਿਚ ਪੈਣੋਂ ਕਿਵੇਂ ਬਚੇ? ਤੇ ਜਮਕਾਲ (ਭਾਵ, ਮੌਤ ਦੇ ਡਰ) ਨੂੰ ਇਹ ਕਿਵੇਂ ਟਾਲ ਸਕੇ?
(ਜਦ ਤਕ) ਝੂਠ ਪਾਪ-ਰੂਪ ਮੌਤ (ਜੀਵ ਦੇ ਆਤਮਕ ਜੀਵਨ ਨੂੰ) ਤਬਾਹ ਕਰ ਰਹੀ ਹੈ, ਤਦ ਤਕ ਇਸ ਦਾ ਜੰਮਣਾ ਮਰਣਾ ਕਿਵੇਂ ਮੁੱਕੇ?
(ਜਿਤਨਾ ਚਿਰ) ਮਨ (ਪਾਪਾਂ ਦੇ) ਜੰਜਾਲਾਂ ਨਾਲ ਘਿਰਿਆ ਹੋਇਆ ਹੈ, ਇਹ (ਇਹਨਾਂ ਪਾਪਾਂ ਦੇ) ਹੋਰ ਹੋਰ ਜੰਜਾਲਾਂ ਵਿਚ ਪੈਂਦਾ ਹੈ,
ਗੋਪਾਲ ਦੇ ਨਾਮ ਤੋਂ ਬਿਨਾ (ਇਹਨਾਂ ਜੰਜਾਲਾਂ ਤੋਂ) ਬਚ ਨਹੀਂ ਸਕੀਦਾ, (ਸਗੋਂ ਜੀਵ) ਪਾਪਾਂ ਵਿਚ ਹੀ ਮੁੜ ਮੁੜ ਦੁਖੀ ਹੁੰਦੇ ਹਨ ॥੩੮॥
ਕਾਲੀਆਂ ਕਰਤੂਤਾਂ ਵਾਲਾ ਮਨੁੱਖ ਮੁੜ ਮੁੜ ਫਾਹੀ ਵਿਚ ਫਸਦਾ ਹੈ,
(ਫਸ ਕੇ) ਫਿਰ ਪਛੁਤਾਂਦਾ ਹੈ ਕਿ ਇਹ ਕੀਹ ਹੋ ਗਿਆ;
ਫਸਿਆ ਹੋਇਆ ਭੀ (ਫਾਹੀ ਵਿਚ ਫਸਾਣ ਵਾਲਾ) ਚੋਗਾ ਹੀ ਚੁਗੀ ਜਾਂਦਾ ਹੈ ਤੇ ਹੋਸ਼ ਨਹੀਂ ਕਰਦਾ।
ਜੇ ਸਤਿਗੁਰੂ (ਇਸ ਨੂੰ) ਮਿਲ ਪਏ, ਤਾਂ ਅੱਖੀਂ (ਅਸਲ ਗੱਲ) ਦਿੱਸ ਪੈਂਦੀ ਹੈ।
ਜਿਵੇਂ ਮੱਛੀ ਮੌਤ ਲਿਆਉਣ ਵਾਲੇ ਜਾਲ ਵਿਚ ਵਸ ਜਾਂਦੀ ਹੈ (ਤਿਵੇਂ ਜੀਵ ਆਤਮਕ ਮੌਤ ਲਿਆਉਣ ਵਾਲੇ ਪਾਪਾਂ ਵਿਚ ਫਸਦਾ ਹੈ)।
(ਹੇ ਪਾਂਡੇ! ਗੋਪਾਲ ਦੇ ਨਾਮ ਦੀ) ਦਾਤ ਦੇਣ ਵਾਲੇ ਗੁਰੂ ਤੋਂ ਬਿਨਾ (ਇਸ ਫਾਹੀ ਵਿਚੋਂ) ਛੁਟਕਾਰਾ (ਭੀ) ਨਾਹ ਲੱਭ (ਭਾਵ, ਨਹੀਂ ਲੱਭਦਾ)।
(ਇਸ ਫਾਹੀ ਵਿਚ ਫਸਿਆ ਜੀਵ) ਮੁੜ ਮੁੜ ਜੰਮਦਾ ਤੇ ਮਰਦਾ ਹੈ।
ਜੋ ਜੀਵ ਇਕ ਗੋਪਾਲ ਦੇ ਪਿਆਰ ਵਿਚ ਜੁੜਦਾ ਹੈ ਤੇ ਸੁਰਤ ਲਾਈ ਰੱਖਦਾ ਹੈ;
ਉਹ ਇਸ ਤਰ੍ਹਾਂ ਵਿਕਾਰਾਂ ਦੀ ਫਾਹੀ ਵਿਚੋਂ ਨਿਕਲ ਜਾਂਦਾ ਹੈ, ਤੇ ਫਿਰ ਉਸ ਨੂੰ ਫਾਹੀ ਨਹੀਂ ਪੈਂਦੀ ॥੩੯॥
(ਹੇ ਪਾਂਡੇ!) ਇਹ ਕਾਇਆਂ (ਜੀਵਾਤਮਾ ਨੂੰ) 'ਵੀਰ ਵੀਰ' ਆਖਦੀ ਰਹਿ ਜਾਂਦੀ ਹੈ (ਪਰ ਮੌਤ ਆਇਆਂ) ਵੀਰ ਹੋਰੀਂ ਬਿਗਾਨੇ ਹੋ ਜਾਂਦੇ ਹਨ,
ਵੀਰ ਹੋਰੀਂ (ਪਰਲੋਕ ਵਿਚ ਆਪਣੇ ਘਰ ਵਿਚ ਚਲੇ ਜਾਂਦੇ ਹਨ ਤੇ ਭੈਣ (ਕਾਇਆਂ) ਵਿਛੋੜੇ ਵਿਚ (ਭਾਵ, ਮੌਤ ਆਉਣ ਤੇ) ਸੜ ਜਾਂਦੀ ਹੈ।
(ਫਿਰ ਭੀ ਇਹ) ਅੰਞਾਣ (ਕਾਇਆਂ) ਬੱਚੀ ਪਿਉ ਦੇ ਘਰ ਵਿਚ ਰਹਿੰਦੀ ਹੋਈ ਗੁੱਡੀਆਂ ਗੁੱਡਿਆਂ ਦੇ ਪਿਆਰ ਵਿਚ ਹੀ ਲੱਗੀ ਰਹਿੰਦੀ ਹੈ (ਭਾਵ, ਸਰੀਰ ਤੇ ਜਿੰਦ ਦਾ ਮੇਲ ਚਾਰ ਦਿਨ ਦਾ ਜਾਣਦਿਆਂ ਭੀ ਜੀਵ ਦੁਨੀਆ ਦੇ ਪਦਾਰਥਾਂ ਵਿਚ ਹੀ ਮਸਤ ਰਹਿੰਦਾ ਹੈ)।
(ਜਿੰਦ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ) ਹੇ (ਜੀਵ-) ਇਸਤ੍ਰੀ! ਜੇ ਪਤੀ (-ਪ੍ਰਭੂ) ਨੂੰ ਮਿਲਣਾ ਚਾਹੁੰਦੀ ਹੈਂ ਤਾਂ ਪਿਆਰ ਨਾਲ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ।
ਜਿਸ ਜੀਵ ਨੂੰ ਗੋਪਾਲ ਦੀ ਕਿਰਪਾ ਨਾਲ ਸਤਿਗੁਰੂ ਮਿਲਦਾ ਹੈ ਉਹ (ਇਸ ਗੱਲ ਨੂੰ) ਸਮਝਦਾ ਹੈ। ਪਰ ਕੋਈ ਵਿਰਲਾ ਮਨੁੱਖ ਹੀ ਇਹ ਸੂਝ ਹਾਸਲ ਕਰਦਾ ਹੈ।
ਗੋਪਾਲ-ਪ੍ਰਭੂ ਦੇ ਗੁਣ ਗਾਉਣੇ ਗੋਪਾਲ ਦੇ ਆਪਣੇ ਹੱਥ ਵਿਚ ਹਨ, (ਇਹ ਦਾਤ ਉਹ) ਉਸ ਨੂੰ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ।
ਕੋਈ ਵਿਰਲਾ ਗੁਰਮੁਖ ਸਤਿਗੁਰੂ ਦੀ ਬਾਣੀ ਨੂੰ ਵਿਚਾਰਦਾ ਹੈ;
ਉਹ ਬਾਣੀ ਸਤਿਗੁਰੂ ਦੀ (ਐਸੀ) ਹੈ ਕਿ (ਇਸ ਦੀ ਵਿਚਾਰ ਨਾਲ) ਮਨੁੱਖ ਸ੍ਵੈ-ਸਰੂਪ ਵਿਚ ਟਿਕ ਜਾਂਦਾ ਹੈ ॥੪੦॥
(ਇਹ ਜਗਤ ਦੀ ਬਣਤਰ) ਮੁੜ ਮੁੜ ਭੱਜਦੀ ਹੈ ਤੇ ਘੜੀਦੀ ਹੈ, ਮੁੜ ਮੁੜ ਘੜੀਦੀ ਹੈ ਤੇ ਭੱਜਦੀ ਹੈ।
(ਉਹ ਗੋਪਾਲ ਇਸ ਸੰਸਾਰ-) ਸਰੋਵਰ ਨੂੰ ਭਰ ਕੇ ਸੁਕਾ ਦੇਂਦਾ ਹੈ, ਫਿਰ ਹੋਰ ਨਕਾ-ਨਕ ਭਰਦਾ ਹੈ। ਉਹ ਗੋਪਾਲ ਪ੍ਰਭੂ ਸਭ ਕੁਝ ਕਰਨ-ਜੋਗਾ ਹੈ, ਵੇਪਰਵਾਹ ਹੈ।
(ਹੇ ਪਾਂਡੇ! ਉਸ ਗੋਪਾਲ-ਪ੍ਰਭੂ ਨੂੰ ਭੁਲਾ ਕੇ) ਜੋ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਹੋਏ ਹਨ ਉਹ (ਮਾਇਆ ਪਿਛੇ ਹੀ) ਕਮਲੇ ਹੋਏ ਪਏ ਹਨ, (ਉਹਨਾਂ ਨੂੰ) ਭਾਗਾਂ ਤੋਂ ਬਿਨਾ (ਉਸ ਵੇਪਰਵਾਹ ਦੀ ਸਿਫ਼ਤ-ਸਾਲਾਹ ਵਜੋਂ) ਕੁਝ ਨਹੀਂ ਮਿਲਦਾ।
ਸਤਿਗੁਰੂ ਦੀ ਗਿਆਨ-ਰੂਪ ਡੋਰੀ ਪ੍ਰਭੂ ਨੇ (ਆਪਣੇ) ਹੱਥ ਵਿਚ ਫੜੀ ਹੋਈ; ਜਿਨ੍ਹਾਂ ਨੂੰ (ਇਸ ਡੋਰੀ ਨਾਲ ਆਪਣੇ ਵਲ) ਖਿੱਚਦਾ ਹੈ ਉਹ (ਉਸ ਵਲ) ਤੁਰ ਪੈਂਦੇ ਹਨ (ਭਾਵ, ਜਿਨ੍ਹਾਂ ਉਤੇ ਗੋਪਾਲ-ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ)।
ਉਹ ਪ੍ਰਭੂ ਦੇ ਗੁਣ ਗਾ ਕੇ ਉਸ ਦੇ ਪਿਆਰ ਵਿਚ ਮਸਤ ਰਹਿੰਦੇ ਹਨ, ਮੁੜ ਉਹਨਾਂ ਨੂੰ ਪਛੁਤਾਣਾ ਨਹੀਂ ਪੈਂਦਾ।
ਉਹ (ਪ੍ਰਭੂ ਦੀ ਹੀ) ਭਾਲ ਕਰਦੇ ਹਨ। (ਜਦੋਂ) ਸਤਿਗੁਰੂ ਦੀ ਰਾਹੀਂ (ਰਸਤਾ) ਸਮਝ ਲੈਂਦੇ ਹਨ ਤਾਂ ਆਪਣੇ (ਅਸਲ) ਘਰ ਵਿਚ ਟਿਕ ਜਾਂਦੇ ਹਨ (ਭਟਕਣੋਂ ਹਟ ਜਾਂਦੇ ਹਨ)।
ਇਹ ਸੰਸਾਰ-ਸਮੁੰਦਰ (ਜੀਵਾਂ ਵਾਸਤੇ) ਔਖਾ ਰਸਤਾ ਹੈ, ਇਸ ਵਿਚੋਂ ਤਦੋਂ ਹੀ ਤਰ ਸਕੀਦਾ ਹੈ ਜੇ (ਦੁਨੀਆ ਵਾਲੀਆਂ) ਆਸਾਂ ਬਨਾਣੀਆਂ ਛੱਡ ਦੇਈਏ,
ਸਤਿਗੁਰੂ ਦੀ ਮੇਹਰ ਨਾਲ ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣੀਏ; ਇਸ ਤਰ੍ਹਾਂ ਜਿਊਂਦਿਆਂ ਮਰ ਜਾਈਦਾ ਹੈ (ਭਾਵ, ਇਸੇ ਜੀਵਨ ਵਿਚ ਹੀ ਮਨ ਵਿਕਾਰਾਂ ਵਲੋਂ ਹਟ ਜਾਂਦਾ ਹੈ) ॥੪੧॥
(ਬੇਅੰਤ ਜੀਵ) ਮਾਇਆ ਲਈ ਤਰਲੇ ਲੈਂਦੇ ਮਰ ਗਏ, ਪਰ ਮਾਇਆ ਕਿਸੇ ਦੇ ਨਾਲ ਨਾਹ ਨਿਭੀ,
ਜਦੋਂ (ਜੀਵ-) ਹੰਸ ਦੁਚਿੱਤਾ ਹੋ ਕੇ (ਮੌਤ ਆਇਆਂ) ਉਠ ਤੁਰਦਾ ਹੈ ਤਾਂ ਮਾਇਆ ਦਾ ਸਾਥ ਛੁੱਟ ਜਾਂਦਾ ਹੈ।
ਜੋ ਮਨ ਮਾਇਆ ਵਿਚ ਫਸਿਆ ਹੁੰਦਾ ਹੈ ਉਸ ਨੂੰ ਜਮ ਵਲੋਂ ਤਾੜਨਾ ਹੁੰਦੀ ਹੈ (ਭਾਵ, ਉਹ ਮੌਤ ਦਾ ਨਾਮ ਸੁਣ ਸੁਣ ਕੇ ਡਰਦਾ ਹੈ), (ਮਾਇਆ ਤਾਂ ਇਥੇ ਰਹਿ ਗਈ, ਤੇ ਮਾਇਆ ਦੀ ਖ਼ਾਤਰ ਕੀਤੇ ਹੋਏ) ਅਉਗਣ ਨਾਲ ਤੁਰ ਪੈਂਦੇ ਹਨ।
ਪਰ ਜੇ ਮਨੁੱਖ ਦੇ ਪੱਲੇ ਗੁਣ ਹੋਣ ਤਾਂ ਮਨ ਮਾਇਆ ਵਲੋਂ ਪਰਤ ਕੇ ਆਪਣੇ ਅੰਦਰ ਹੀ ਆਪਾ-ਭਾਵ ਤੋਂ ਮਰ ਜਾਂਦਾ ਹੈ (ਭਾਵ, ਇਸ ਵਿਚ ਮੋਹ ਆਦਿਕ ਵਿਕਾਰ ਨਹੀਂ ਰਹਿ ਜਾਂਦੇ)।