ਬੇਸ਼ੱਕ ਕੋਈ ਧਿਰ ਮਨ ਵਿਚ ਨਿਰਨਾ ਕਰ ਕੇ ਵੇਖ ਲਵੇ, ਗੁਰੂ (ਦੀ ਸਰਨ) ਤੋਂ ਬਿਨਾ ਕਿਸੇ ਨੇ ਭੀ (ਪਰਮਾਤਮਾ ਦਾ ਨਾਮ-ਧਨ) ਹਾਸਲ ਨਹੀਂ ਕੀਤਾ।
ਗੁਰੂ (ਭੀ) ਮਿਲਦਾ ਹੈ ਪਰਮਾਤਮਾ ਦੀ ਮਿਹਰ ਨਾਲ, ਆਤਮਕ ਅਡੋਲਤਾ ਵਿਚ ਮਿਲਦਾ ਹੈ ਪਿਆਰ ਵਿਚ ਮਿਲਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਭਟਕਣਾ ਨੇ ਕੁਰਾਹੇ ਪਾ ਰੱਖਿਆ ਹੁੰਦਾ ਹੈ। ਕਿਸਮਤ ਤੋਂ ਬਿਨਾ ਪਰਮਾਤਮਾ ਦਾ ਨਾਮ-ਧਨ ਨਹੀਂ ਲੱਭ ਸਕਦਾ ॥੫॥
(ਪੰਡਿਤ ਲੋਕ ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਤਿੰਨਾਂ ਗੁਣਾਂ ਵਿਚ ਰੱਖਣ ਵਾਲੇ ਕਰਮ-ਕਾਂਡ ਦਾ ਹੀ) ਵਿਚਾਰ ਕਰਦੇ ਹਨ, ਤੇ, ਇਹ ਤਿੰਨਾਂ ਗੁਣਾਂ ਦੀ ਵਿਚਾਰ ਨਿਰੀ ਮਾਇਆ ਹੀ ਹੈ।
(ਇਸ ਉੱਦਮ ਨਾਲ) ਕਦੇ ਭੀ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ, (ਉਹ ਲੋਕ) ਮਾਇਆ ਤੋਂ ਖ਼ਲਾਸੀ ਪਾਣ ਦਾ ਰਸਤਾ ਨਹੀਂ ਲੱਭ ਸਕਦੇ।
ਗੁਰੂ (ਦੀ ਸਰਨ) ਤੋਂ ਬਿਨਾ (ਮਾਇਆ ਦੇ ਮੋਹ ਦੀਆਂ) ਫਾਹੀਆਂ ਨਹੀਂ ਟੁੱਟਦੀਆਂ, ਪਰਮਾਤਮਾ ਦੇ ਨਾਮ ਵਿਚ ਪਿਆਰ ਨਹੀਂ ਬਣ ਸਕਦਾ ॥੬॥
ਪੰਡਿਤ ਲੋਕ ਮੁਨੀ ਲੋਕ (ਸ਼ਾਸਤ੍ਰਾਂ ਨੂੰ) ਪੜ੍ਹ ਪੜ੍ਹ ਕੇ ਥੱਕ ਜਾਂਦੇ ਹਨ (ਕਰਮ ਕਾਂਡ ਦੇ ਗੇੜ ਵਿਚ ਪਾਈ ਰੱਖਣ ਵਾਲੇ) ਵੇਦ (ਆਦਿਕ ਧਰਮ-ਪੁਸਤਕਾਂ ਦਾ ਹੀ) ਅਭਿਆਸ ਕਰਦੇ ਰਹਿੰਦੇ ਹਨ,
(ਪਰ ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਚਿੱਤ ਵਿਚ ਨਹੀਂ ਵੱਸਦਾ, ਪ੍ਰਭੂ ਚਰਨਾਂ ਵਿਚ ਨਿਵਾਸ ਨਹੀਂ ਹੁੰਦਾ।
ਸਿਰ ਤੋਂ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਮਨ ਵਿਚ (ਮਾਇਆ ਦੀ ਖ਼ਾਤਰ) ਠੱਗੀ (ਟਿਕੀ ਰਹਿਣ ਕਰਕੇ) ਆਤਮਕ ਮੌਤ ਬਣੀ ਰਹਿੰਦੀ ਹੈ ॥੭॥
(ਉਂਞ ਤਾਂ) ਹਰੇਕ ਪ੍ਰਾਣੀ ਪਰਮਾਤਮਾ ਦਾ ਨਾਮ ਪ੍ਰਾਪਤ ਕਰਨ ਲਈ ਤਾਂਘਦਾ ਹੈ, ਪਰ ਚੰਗੀ ਕਿਸਮਤ ਤੋਂ ਬਿਨਾ ਮਿਲਦਾ ਨਹੀਂ ਹੈ।
ਜਦੋਂ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ ਤਾਂ ਗੁਰੂ ਮਿਲਦਾ ਹੈ (ਤੇ, ਗੁਰੂ ਦੀ ਰਾਹੀਂ) ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ।
ਹੇ ਨਾਨਕ! ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ (ਮੈਂ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੇ ਨਾਮ ਨਾਲ ਸਦਾ ਜੁੜਿਆ ਰਹਿੰਦਾ ਹਾਂ ॥੮॥੨॥
ਰਾਗ ਮਲਾਰ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਜਿਸ ਮਨੁੱਖ ਉੱਤੇ) ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਗੁਰੂ ਦੀ ਸੇਵਾ ਵਿਚ ਲਾਂਦਾ ਹੈ,
(ਜਿਹੜਾ ਗੁਰੂ) ਉਸ ਦਾ ਦੁੱਖ ਦੂਰ ਕਰ ਕੇ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਵਸਾਂਦਾ ਹੈ।
(ਜਿਸ ਉੱਤੇ ਪਰਮਾਤਮਾ ਕਿਰਪਾ ਕਰਦਾ ਹੈ, ਉਸ ਨੂੰ) ਗੁਰੂ ਦੀ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣਾ ਨਾਮ) ਸੁਣਾਂਦਾ ਹੈ,
ਉਹ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਆਪਣਾ ਚਿੱਤ ਜੋੜਦਾ ਹੈ ਅਤੇ ਸਦਾ ਕਾਇਮ ਰਹਿਣ ਵਾਲੀ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ ॥੧॥
ਹੇ ਮੇਰੇ ਮਨ! ਸਦਾ ਪਰਮਾਤਮਾ ਦੀ ਭਗਤੀ ਕਰਦਾ ਰਹੁ, (ਇਹੀ ਹੈ) ਅਸਲ ਖ਼ਜ਼ਾਨਾ।
ਹਰਿ-ਨਾਮ ਦਾ (ਇਹ) ਧਨ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਅਤੇ ਹਰ ਵੇਲੇ ਆਤਮਕ ਅਡੋਲਤਾ ਵਿਚ ਸੁਰਤ ਜੁੜੀ ਰਹਿੰਦੀ ਹੈ ॥੧॥ ਰਹਾਉ ॥
(ਜਿਵੇਂ ਜਿਹੜੀ) ਇਸਤ੍ਰੀ ਖਸਮ ਤੋਂ ਬਿਨਾ (ਹੁੰਦੀ ਹੋਈ ਸਰੀਰਕ) ਸਿੰਗਾਰ ਕਰਦੀ ਹੈ,
ਉਹ ਭੈੜੇ ਆਚਰਨ ਵਾਲੀ ਆਖੀ ਜਾਂਦੀ ਹੈ ਅਤੇ ਸਦਾ ਖ਼ੁਆਰ ਹੁੰਦੀ ਹੈ।
(ਤਿਵੇਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਇਹ ਰਵਈਆ ਵਿਅਰਥ ਜਾਂਦਾ ਹੈ,
ਕਿ ਉਹ ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਬਥੇਰੇ ਵਿਖਾਵੇ ਦੇ ਧਾਰਮਿਕ ਕਰਮਾਂ ਦੀ ਤਾਕੀਦ ਕਰਦੇ ਹਨ ॥੨॥
ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਨੂੰ ਇਹ ਆਤਮਕ ਸੁਹਜ ਫਬਦਾ ਹੈ,
ਕਿ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ।
ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਸਿਰਫ਼ ਪਰਮਾਤਮਾ ਨਾਮ ਡੂੰਘੀ ਸਾਂਝ ਪਾਂਦੀ ਹੈ।
ਉਸ ਜੀਵ-ਇਸਤ੍ਰੀ ਨੂੰ ਸੋਭਾ ਵਾਲੀ ਕਿਹਾ ਜਾਂਦਾ ਹੈ ॥੩॥
(ਨਾਮ ਦੀ ਦਾਤਿ) ਦੇਣ ਵਾਲੇ ਗੁਰੂ ਤੋਂ ਬਿਨਾ ਕਿਸੇ ਨੇ ਭੀ (ਪਰਮਾਤਮਾ ਦਾ ਮਿਲਾਪ) ਹਾਸਲ ਨਹੀਂ ਕੀਤਾ।
ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਲੋਭ ਦੇ ਕਾਰਨ (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ (ਦੇ ਪਿਆਰ) ਵਿਚ ਮਗਨ ਰਹਿੰਦਾ ਹੈ।
ਹੇ ਗਿਆਨਵਾਨ! ਜੇ ਕਿਸੇ ਨੂੰ ਆਤਮਕ ਜੀਵਨ ਦੀ ਸੂਝ ਪਈ ਹੈ,
ਤਾਂ ਇਉਂ ਸਮਝ ਰੱਖੋ ਕਿ ਗੁਰੂ ਨੂੰ ਮਿਲਣ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੁੰਦੀ ॥੪॥
(ਇਹ) ਫੜ (ਕਿ ਮੈਂ ਭਗਤੀ ਕਰਦਾ ਹਾਂ) ਹਰ ਕੋਈ ਹਰ ਵੇਲੇ ਮਾਰ ਸਕਦਾ ਹੈ,
ਪਰ ਮਨ ਵੱਸ ਵਿਚ ਆਉਣ ਤੋਂ ਬਿਨਾ ਭਗਤੀ ਹੋ ਨਹੀਂ ਸਕਦੀ।
ਆਤਮਕ ਜੀਵਨ ਦੀ ਸੂਝ ਵਾਲੀ ਮੱਤ ਦੀ ਰਾਹੀਂ ਜਿਸ ਹਿਰਦੇ-ਕੰਵਲ ਦਾ ਖਿੜਾਉ ਹੋ ਜਾਂਦਾ ਹੈ,
ਨਾਮ (ਜਪਣ) ਦੀ ਰਾਹੀਂ ਉਸ ਹਿਰਦੇ ਵਿਚ (ਸਦਾ ਲਈ) ਨਾਮ ਦਾ ਨਿਵਾਸ ਹੋ ਜਾਂਦਾ ਹੈ ॥੫॥
(ਗੁਰੂ ਦੀ ਸਰਨ ਆਉਣ ਤੋਂ ਬਿਨਾ ਆਪਣੀ) ਹਉਮੈ ਦੇ ਆਸਰੇ ਹਰ ਕੋਈ ਭਗਤੀ ਕਰਦਾ ਹੈ,
ਪਰ ਇਸ ਤਰ੍ਹਾਂ ਮਨੁੱਖ ਦਾ ਮਨ ਨਾਮ-ਜਲ ਨਾਲ ਤਰ ਨਹੀਂ ਹੁੰਦਾ, ਨਾਹ ਹੀ ਉਸਦੇ ਅੰਦਰ ਆਤਮਕ ਅਨੰਦ ਪੈਦਾ ਹੁੰਦਾ ਹੈ।
ਇਹ ਫੜ (ਕਿ ਮੈਂ ਭਗਤੀ ਕਰਦਾ ਹਾਂ) ਮਾਰ ਮਾਰ ਕੇ ਮਨੁੱਖ ਆਪਣੇ ਆਪ ਨੂੰ (ਭਗਤ) ਜ਼ਾਹਰ ਕਰਦਾ ਹੈ,
(ਪਰ ਇਹੋ ਜਿਹੀ) ਭਗਤੀ ਵਿਅਰਥ ਜਾਂਦੀ ਹੈ, (ਮਨੁੱਖ ਆਪਣਾ ਸਾਰਾ) ਜਨਮ ਗਵਾ ਲੈਂਦਾ ਹੈ ॥੬॥
(ਅਸਲ) ਭਗਤ ਉਹ ਹਨ ਜਿਹੜੇ ਗੁਰੂ ਦੇ ਮਨ ਵਿਚ ਪਿਆਰੇ ਲੱਗਦੇ ਹਨ,
ਹਰ ਵੇਲੇ ਹਰਿ-ਨਾਮ ਵਿਚ ਸੁਰਤ ਜੋੜੀ ਰੱਖਦੇ ਹਨ।
ਉਹ ਮਨੁੱਖ ਹਰਿ-ਨਾਮ ਨੂੰ ਸਦਾ ਹੀ ਆਪਣੇ ਅੰਗ-ਸੰਗ ਵੇਖਦੇ ਹਨ,