ਹੇ ਨਾਨਕ! (ਇਸ ਖ਼ੂਨੀ ਵਿਆਹ ਵਿਚ ਸੈਦਪੁਰ ਨਗਰ ਦੇ ਅੰਦਰ ਹਰ ਪਾਸੇ) ਵਿਰਲਾਪ ਹੋ ਰਹੇ ਹਨ ਤੇ ਲਹੂ ਦਾ ਕੇਸਰ ਛਿੜਕਿਆ ਜਾ ਰਿਹਾ ਹੈ ॥੧॥
(ਸੈਦਪੁਰ ਦੀ ਕਤਲਾਮ ਦੀ ਇਹ ਦੁਰ-ਘਟਨਾ ਬੜੀ ਭਿਆਨਕ ਹੈ, ਪਰ ਇਹ ਭੀ ਠੀਕ ਹੈ ਕਿ ਜਗਤ ਵਿਚ ਸਭ ਕੁਝ ਮਾਲਕ-ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ, ਇਸ ਵਾਸਤੇ) ਲੋਥਾਂ-ਭਰੇ ਇਸ ਸ਼ਹਿਰ ਵਿਚ ਬੈਠ ਕੇ ਭੀ ਨਾਨਕ ਉਸ ਮਾਲਕ-ਪ੍ਰਭੂ ਦੇ ਗੁਣ ਹੀ ਗਾਂਦਾ ਹੈ,
(ਹੇ ਭਾਈ ਲਾਲੋ! ਤੂੰ ਭੀ ਇਸ) ਅਟੱਲ ਨਿਯਮ ਨੂੰ ਉਚਾਰ (ਚੇਤੇ ਰੱਖ ਕਿ) ਜਿਸ ਮਾਲਕ-ਪ੍ਰਭੂ ਨੇ (ਇਹ ਸ੍ਰਿਸ਼ਟੀ) ਪੈਦਾ ਕੀਤੀ ਹੈ, ਉਸੇ ਨੇ ਇਸ ਨੂੰ ਮਾਇਆ ਦੇ ਮੋਹ ਵਿਚ ਪਰਵਿਰਤ ਕੀਤਾ ਹੋਇਆ ਹੈ, ਉਹ ਆਪ ਹੀ ਨਿਰਲੇਪ ਰਹਿ ਕੇ (ਉਹਨਾਂ ਦੁਰ-ਘਟਨਾਵਾਂ ਨੂੰ) ਵੇਖ ਰਿਹਾ ਹੈ (ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰਦੀਆਂ ਹਨ)।
ਉਹ ਮਾਲਕ-ਪ੍ਰਭੂ ਅਟੱਲ ਨਿਯਮਾਂ ਵਾਲਾ ਹੈ, ਉਸ ਦਾ ਨਿਆਉਂ (ਹੁਣ ਤਕ) ਅਟੱਲ ਹੈ, ਉਹ (ਅਗਾਂਹ ਨੂੰ ਭੀ) ਅਟੱਲ ਨਿਯਮ ਵਰਤਾਇਗਾ ਉਹੀ ਨਿਆਉਂ ਕਰੇਗਾ ਜੋ ਅਟੱਲ ਹੈ।
(ਉਸ ਅਟੱਲ ਨਿਯਮ ਅਨੁਸਾਰ ਹੀ ਇਸ ਵੇਲੇ ਸੈਦਪੁਰ ਵਿਚ ਹਰ ਪਾਸੇ) ਮਨੁੱਖਾ ਸਰੀਰ-ਰੂਪ ਕੱਪੜਾ ਟੋਟੇ ਟੋਟੇ ਹੋ ਰਿਹਾ ਹੈ। ਇਹ ਇਕ ਐਸੀ ਭਿਆਨਕ ਘਟਨਾ ਹੋਈ ਹੈ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ।
(ਪਰ ਹੇ ਭਾਈ ਲਾਲੋ! ਜਦ ਤਕ ਮਨੁੱਖ ਮਾਇਆ ਦੇ ਮੋਹ ਵਿਚ ਪਰਵਿਰਤ ਹਨ, ਅਜੇਹੇ ਘੱਲੂ-ਘਾਰੇ ਵਾਪਰਦੇ ਹੀ ਰਹਿਣੇ ਹਨ, ਮੁਗ਼ਲ ਅੱਜ) ਸੰਮਤ ਅਠੱਤਰ ਵਿਚ ਆਏ ਹਨ, ਇਹ ਸੰਮਤ ਸਤਾਨਵੇ ਵਿਚ ਚਲੇ ਜਾਣਗੇ, ਕੋਈ ਹੋਰ ਸੂਰਮਾ ਭੀ ਉੱਠ ਖੜਾ ਹੋਵੇਗਾ।
(ਜੀਵ ਮਾਇਆ ਦੇ ਰੰਗ ਵਿਚ ਮਸਤ ਹੋ ਕੇ ਉਮਰ ਅਜਾਈਂ ਗਵਾ ਰਹੇ ਹਨ) ਨਾਨਕ ਤਾਂ (ਇਸ ਵੇਲੇ ਭੀ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, (ਸਾਰੀ ਉਮਰ ਹੀ) ਇਹ ਸਿਫ਼ਤਿ-ਸਾਲਾਹ ਕਰਦਾ ਰਹੇਗਾ, ਕਿਉਂਕਿ ਇਹ ਮਨੁੱਖਾ ਜਨਮ ਦਾ ਸਮਾ ਸਿਫ਼ਤਿ-ਸਾਲਾਹ ਵਾਸਤੇ ਹੀ ਮਿਲਿਆ ਹੈ ॥੨॥੩॥੫॥
ਰਾਗ ਤਿਲੰਗ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਸਾਰੇ ਜੀਵ ਹੁਕਮ ਅਨੁਸਾਰ ਖਸਮ-ਪ੍ਰਭੂ ਤੋਂ ਹੀ ਜਗਤ ਵਿਚ ਆਏ ਹਨ, ਸਾਰੀ ਲੁਕਾਈ ਉਸ ਦੇ ਹੁਕਮ ਵਿਚ (ਹੀ) ਕੰਮ ਕਰ ਰਹੀ ਹੈ।
ਉਹ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ (ਰਚਿਆ ਜਗਤ-) ਤਮਾਸ਼ਾ ਅਟੱਲ (ਨਿਯਮਾਂ ਵਾਲਾ ਹੈ)। ਹਰ ਥਾਂ ਉਹ ਮਾਲਕ ਆਪ ਮੌਜੂਦ ਹੈ ॥੧॥
ਹੇ ਭਾਈ! ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਕਰਿਆ ਕਰੋ। ਉਹ ਹਰੀ ਸਭ ਦੇ ਉਪਰ ਹੈ ਤੇ ਮਾਲਕ ਹੈ।
ਜਿਸ ਹਰੀ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਮੈਂ ਕਿਸ ਗਿਣਤੀ ਵਿਚ ਹਾਂ ਕਿ ਉਸ ਦੇ ਗੁਣ ਬਿਆਨ ਕਰ ਸਕਾਂ? ਰਹਾਉ॥
ਹੇ ਭਾਈ! ਹਵਾ, ਪਾਣੀ, ਧਰਤੀ ਆਕਾਸ਼-ਇਹ ਸਾਰੇ ਪਰਮਾਤਮਾ ਦੇ (ਰਹਿਣ ਵਾਸਤੇ) ਘਰ ਮੰਦਰ ਬਣੇ ਹੋਏ ਹਨ।
ਹੇ ਨਾਨਕ! ਇਹਨਾਂ ਸਭਨਾਂ ਵਿਚ ਪਰਮਾਤਮਾ ਆਪ ਵੱਸ ਰਿਹਾ ਹੈ। ਦੱਸੋ, ਇਹਨਾਂ ਵਿਚੋਂ ਕਿਸ ਨੂੰ ਮੈਂ ਅਸੱਤ ਆਖਾਂ? ॥੨॥੧॥
ਹੇ ਮੇਰੇ ਮਨ! ਖੋਟੀ ਬੁਧਿ ਵਾਲਾ ਮਨੁੱਖ ਸਦਾ ਉਹ ਕੰਮ ਕਰਦਾ ਰਹਿੰਦਾ ਹੈ ਜਿਨ੍ਹਾਂ ਤੋਂ ਕੋਈ ਲਾਭ ਨਹੀਂ ਹੁੰਦਾ, (ਫਿਰ ਭੀ ਅਜੇਹੇ ਵਿਅਰਥ ਕੰਮ ਕਰ ਕੇ) ਲਾਫ਼ਾਂ ਮਾਰਦਾ ਰਹਿੰਦਾ ਹੈ।
ਜਦੋਂ ਕੋਈ ਠੱਗੀ ਕਰ ਕੇ, ਕੋਈ ਝੂਠ ਬੋਲ ਕੇ (ਕੁਝ ਧਨ-ਮਾਲ) ਲੈ ਆਉਂਦਾ ਹੈ, ਤਦੋਂ ਸਮਝਦਾ ਹੈ ਕਿ ਮੈਂ ਦੁਨੀਆ ਨੂੰ ਜਿੱਤ ਲਿਆ ਹੈ ॥੧॥
ਹੇ ਮੇਰੇ ਮਨ! ਜਗਤ ਇਹੋ ਜਿਹਾ ਹੈ ਜਿਵੇਂ ਇਕ ਖੇਡ ਹੁੰਦੀ ਹੈ, ਇਹ ਸਾਰਾ ਨਾਸਵੰਤ ਹੈ,
ਇਕ ਛਿਨ ਵਿਚ ਨਾਸ ਹੋ ਜਾਂਦਾ ਹੈ (ਪਰ ਖੋਟੀ ਮਤਿ ਵਾਲਾ ਮਨੁੱਖ ਫਿਰ ਭੀ) ਪਰਮਾਤਮਾ ਦਾ ਨਾਮ ਨਹੀਂ ਸਿਮਰਦਾ। ਹੇ ਮੇਰੇ ਮਨ! ਤੂੰ ਤਾਂ ਪਰਮਾਤਮਾ ਦਾ ਧਿਆਨ ਧਰਦਾ ਰਹੁ ਰਹਾਉ॥
ਹੇ ਮੇਰੇ ਮਨ! ਖੋਟੀ ਮਤਿ ਵਾਲੇ ਮਨੁੱਖ ਨੂੰ ਉਹ ਵੇਲਾ (ਕਦੇ) ਯਾਦ ਨਹੀਂ ਆਉਂਦਾ, ਜਦੋਂ ਦੁਖਦਾਈ ਕਾਲ ਆ ਕੇ ਫੜ ਲੈਂਦਾ ਹੈ।
ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਮੇਹਰ ਕਰ ਕੇ ਆ ਵੱਸਦਾ ਹੈ, ਉਸ ਨੂੰ (ਮੌਤ ਦੇ ਡਰ ਤੋਂ) ਛਡਾ ਲੈਂਦਾ ਹੈ ॥੨॥੨॥
ਰਾਗ ਤਿਲੰਗ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਚੇਤਨ ਜੋਤਿ ਅਤੇ ਅਚੇਤਨ ਮਿੱਟੀ ਮਿਲਾ ਕੇ ਪਰਮਾਤਮਾ ਨੇ ਇਹ ਜਗਤ ਇਹ ਜਹਾਨ ਬਣਾ ਦਿੱਤਾ ਹੈ।
ਆਸਮਾਨ, ਧਰਤੀ, ਰੁੱਖ, ਪਾਣੀ (ਆਦਿਕ ਇਹ ਸਭ ਕੁਝ) ਪਰਮਾਤਮਾ ਦੀ ਰਚਨਾ ਹੈ ॥੧॥
ਹੇ ਮਨੁੱਖ! ਜੋ ਕੁਝ ਤੂੰ ਅੱਖੀਂ ਵੇਖਦਾ ਹੈਂ ਨਾਸਵੰਤ ਹੈ।
ਪਰ ਦੁਨੀਆ (ਮਾਇਆ ਦੇ) ਲਾਲਚ ਵਿਚ (ਪਰਮਾਤਮਾ ਵਲੋਂ) ਭੁੱਲੀ ਹੋਈ ਹੈ, ਤੇ, ਹਰਾਮ ਖਾਂਦੀ ਰਹਿੰਦੀ ਹੈ (ਪਰਾਇਆ ਹੱਕ ਖੋਂਹਦੀ ਰਹਿੰਦੀ ਹੈ) ਰਹਾਉ॥
ਹੇ ਭਾਈ! ਗ਼ਾਫ਼ਲ ਮਨੁੱਖ ਭੂਤਾਂ ਪ੍ਰੇਤਾਂ ਪਸ਼ੂਆਂ ਵਾਂਗ ਹਰਾਮ ਮਾਰ ਕੇ ਹਰਾਮ ਖਾਂਦਾ ਹੈ।
ਇਸ ਦੇ ਦਿਲ ਉਤੇ (ਮਾਇਆ ਦਾ) ਮੁਕੰਮਲ ਕਬਜ਼ਾ ਹੋਇਆ ਰਹਿੰਦਾ ਹੈ, ਪਰਮਾਤਮਾ ਇਸ ਨੂੰ ਦੋਜ਼ਕ ਦੀ ਸਜ਼ਾ ਦੇਂਦਾ ਹੈ ॥੨॥
ਹੇ ਭਾਈ! ਤਦੋਂ ਪਾਲਣ ਵਾਲਾ ਪਿਉ, ਭਰਾ, ਦਰਬਾਰ, ਜਾਇਦਾਦ, ਘਰ-
ਇਹ ਸਾਰੇ (ਜਗਤ ਤੋਂ) ਵਿਦਾ ਹੋਣ ਵੇਲੇ ਕਿਸ ਕੰਮ ਆਉਣਗੇ? ਜਦੋਂ ਮੌਤ ਦਾ ਫ਼ਰਿਸ਼ਤਾ (ਆ ਕੇ) ਬੰਨ੍ਹ ਲੈਂਦਾ ਹੈ ॥੩॥
ਹੇ ਭਾਈ! ਪਵਿਤ੍ਰ ਪਰਮਾਤਮਾ (ਤੇਰੇ ਦਿਲ ਦਾ) ਸਾਰਾ ਹਾਲ ਜਾਣਦਾ ਹੈ।
ਹੇ ਨਾਨਕ! ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ (ਪਰਮਾਤਮਾ ਦੇ ਦਰ ਤੇ) ਅਰਦਾਸ ਕਰਿਆ ਕਰ (ਕਿ ਤੈਨੂੰ ਮਾਇਆ ਦੀ ਹਵਸ ਵਿਚ ਨਾਹ ਫਸਣ ਦੇਵੇ) ॥੪॥੧॥
ਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ।
ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ,
(ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ।
ਹੇ ਨਾਨਕ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ ॥੧॥
ਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ।
ਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ ਰਹਾਉ॥