ਹੇ ਕਠੋਰ-ਚਿੱਤ ਮਨੁੱਖ! ਪਰਮਾਤਮਾ ਦਾ ਨਾਮ-ਅੰਮ੍ਰਿਤ ਪੀ (ਅਤੇ ਪਖੰਡ ਛੱਡ) ॥੩॥੪॥
ਜੋ ਮਨੁੱਖ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦੇ ਹਨ, ਉਹਨਾਂ ਨੂੰ ਹੋਰ ਹੋਰ ਆਸਾਂ ਚੰਗੀਆਂ ਨਹੀਂ ਲੱਗਦੀਆਂ।
ਜਿਨ੍ਹਾਂ ਸੰਤ ਜਨਾਂ ਨੇ ਪ੍ਰਭੂ ਨੂੰ ਸਿਮਰਿਆ ਹੈ, ਪ੍ਰਭੂ ਉਹਨਾਂ ਦੇ ਮਨ ਨੂੰ ਚਿੰਤਾ ਤੋਂ ਬਚਾਈ ਰੱਖਦਾ ਹੈ ॥੧॥
ਹੇ (ਮੇਰੇ) ਮਨ! ਸੰਸਾਰ-ਸਮੁੰਦਰ ਤੋਂ ਕਿਵੇਂ ਪਾਰ ਲੰਘੇਂਗਾ? ਇਸ (ਸੰਸਾਰ-ਸਮੁੰਦਰ) ਵਿਚ ਵਿਕਾਰਾਂ ਦਾ ਪਾਣੀ (ਭਰਿਆ ਪਿਆ) ਹੈ।
ਹੇ ਮਨ! ਇਹ ਨਾਸਵੰਤ ਮਾਇਕ ਪਦਾਰਥ ਵੇਖ ਕੇ ਤੂੰ (ਪਰਮਾਤਮਾ ਵਲੋਂ) ਖੁੰਝ ਗਿਆ ਹੈਂ ॥੧॥ ਰਹਾਉ ॥
ਮੈਨੂੰ ਨਾਮੇ ਨੂੰ (ਭਾਵੇਂ ਜੀਕਰ) ਛੀਂਬੇ ਦੇ ਘਰ ਜਨਮ ਦਿੱਤਾ, ਪਰ (ਉਸ ਦੀ ਮਿਹਰ ਨਾਲ) ਮੈਨੂੰ ਸਤਿਗੁਰੂ ਦਾ ਉਪਦੇਸ਼ ਮਿਲ ਗਿਆ;
ਹੁਣ ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ (ਨਾਮੇ) ਨੂੰ ਰੱਬ ਮਿਲ ਪਿਆ ਹੈ ॥੨॥੫॥
ਰਾਗ ਆਸਾ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਰਨ, ਮੱਛੀ, ਭੌਰਾ, ਭੰਬਟ, ਹਾਥੀ-ਇਕ ਇਕ ਐਬ ਦੇ ਕਾਰਨ ਇਹਨਾਂ ਦਾ ਨਾਸ ਹੋ ਜਾਂਦਾ ਹੈ, (ਹਰਨ ਨੂੰ ਘੰਡੇਹੇੜੇ ਦਾ ਨਾਦ ਸੁਣਨ ਦਾ ਰਸ; ਮੀਨ ਨੂੰ ਜੀਭ ਦਾ ਚਸਕਾ; ਭੌਰੇ ਨੂੰ ਫੁੱਲ ਸੁੰਘਣ ਦੀ ਬਾਣ; ਭੰਬਟ ਦਾ ਦੀਵੇ ਉੱਤੇ ਸੜ ਮਰਨਾ, ਅੱਖਾਂ ਨਾਲ ਵੇਖਣ ਦਾ ਚਸਕਾ; ਹਾਥੀ ਨੂੰ ਕਾਮ ਵਾਸ਼ਨਾ)
ਪਰ ਇਸ ਮਨੁੱਖ ਵਿਚ ਇਹ ਪੰਜੇ ਅਸਾਧ ਰੋਗ ਹਨ, ਇਸ ਦੇ ਬਚਣ ਦੀ ਕਦ ਤਕ ਆਸ ਹੋ ਸਕਦੀ ਹੈ? ॥੧॥
ਹੇ ਪ੍ਰਭੂ! ਜੀਵ ਅਗਿਆਨਤਾ ਨਾਲ ਪਿਆਰ ਕਰ ਰਹੇ ਹਨ;
ਇਸ ਵਾਸਤੇ ਇਹਨਾਂ ਦੇ ਬਿਬੇਕ ਦਾ ਦੀਵਾ ਧੁੰਧਲਾ ਹੋ ਗਿਆ ਹੈ (ਭਾਵ, ਪਰਖ-ਹੀਣ ਹੋ ਰਹੇ ਹਨ, ਭਲੇ ਬੁਰੇ ਦੀ ਪਛਾਣ ਨਹੀਂ ਕਰਦੇ) ॥੧॥ ਰਹਾਉ ॥
ਪਸ਼ੂ ਆਦਿਕ ਟੇਢੀਆਂ ਜੂਨਾਂ ਦੇ ਜੀਵ ਵਿਚਾਰ-ਹੀਨ ਹਨ, ਉਹਨਾਂ ਦਾ ਪਾਪ ਪੁੰਨ ਵਲੋਂ ਬੇ-ਪਰਵਾਹ ਰਹਿਣਾ ਕੁਦਰਤੀ ਹੈ;
ਪਰ ਮਨੁੱਖ ਨੂੰ ਇਹ ਜਨਮ ਮੁਸ਼ਕਲ ਨਾਲ ਮਿਲਿਆ ਹੈ, ਇਸ ਦੀ ਸੰਗਤਿ ਭੀ ਨੀਚ ਵਿਕਾਰਾਂ ਨਾਲ ਹੀ ਹੈ (ਇਸ ਨੂੰ ਤਾਂ ਸੋਚ ਕਰਨੀ ਚਾਹੀਦੀ ਸੀ) ॥੨॥
ਕੀਤੇ ਕਰਮਾਂ ਦੇ ਅਧੀਨ ਜਨਮ ਲੈ ਕੇ ਜੀਵ ਜਿਥੇ ਜਿਥੇ ਭੀ ਹਨ,
ਸਾਰੇ ਜੀਅ ਜੰਤਾਂ ਨੂੰ ਕਾਲ ਦੀ (ਆਤਮਕ ਮੌਤ ਦੀ) ਐਸੀ ਫਾਹੀ ਪਈ ਹੋਈ ਹੈ ਜੋ ਕੱਟੀ ਨਹੀਂ ਜਾ ਸਕਦੀ, ਇਹਨਾਂ ਦੀ ਕੁਝ ਪੇਸ਼ ਨਹੀਂ ਜਾਂਦੀ ॥੩॥
ਹੇ ਰਵਿਦਾਸ! ਹੇ ਪ੍ਰਭੂ ਦੇ ਦਾਸ ਰਵਿਦਾਸ! ਤੂੰ ਤਾਂ ਵਿਕਾਰਾਂ ਦੇ ਮੋਹ ਵਿਚੋਂ ਨਿਕਲ; ਇਹ ਭਟਕਣਾ ਛੱਡ ਦੇਹ, ਸਤਿਗੁਰੂ ਦਾ ਗਿਆਨ ਕਮਾ, ਇਹੀ ਤਪਾਂ ਦਾ ਤਪ ਹੈ।
ਭਗਤ ਜਨਾਂ ਦੇ ਭੈ ਦੂਰ ਕਰਨ ਵਾਲੇ ਹੇ ਪ੍ਰਭੂ! ਆਖ਼ਰ ਮੈਨੂੰ ਰਵਿਦਾਸ ਨੂੰ ਭੀ (ਆਪਣੇ ਪਿਆਰ ਦਾ) ਪਰਮ ਅਨੰਦ ਬਖ਼ਸ਼ੋ (ਮੈਂ ਤੇਰੀ ਸਰਨ ਆਇਆ ਹਾਂ) ॥੪॥੧॥
ਹੇ ਦੇਵਾਂ ਦੇ ਦੇਵ ਪ੍ਰਭੂ! ਸੰਤ ਤੇਰਾ ਹੀ ਰੂਪ ਹਨ, ਸੰਤਾਂ ਦੀ ਸੰਗਤਿ ਤੇਰੀ ਜਿੰਦ-ਜਾਨ ਹੈ।
ਸਤਿਗੁਰੂ ਦੀ ਮੱਤ ਲੈ ਕੇ ਸੰਤਾਂ (ਦੀ ਵਡਿਆਈ) ਨੂੰ (ਮਨੁੱਖ) ਸਮਝ ਲੈਂਦਾ ਹੈ ॥੧॥
ਹੇ ਦੇਵਤਿਆਂ ਦੇ ਦੇਵਤੇ ਪ੍ਰਭੂ! ਮੈਨੂੰ ਸੰਤਾਂ ਦੀ ਸੰਗਤਿ ਬਖ਼ਸ਼, ਮਿਹਰ ਕਰ, ਮੈਂ ਸੰਤਾਂ ਦੀ ਪ੍ਰਭੂ-ਕਥਾ ਦਾ ਰਸ ਲੈ ਸਕਾਂ;
ਮੈਨੂੰ ਸੰਤਾਂ ਦਾ (ਭਾਵ, ਸੰਤਾਂ ਨਾਲ) ਪ੍ਰੇਮ (ਕਰਨ ਦੀ ਦਾਤਿ) ਦੇਹ ॥੧॥ ਰਹਾਉ ॥
ਹੇ ਪ੍ਰਭੂ! ਮੈਨੂੰ ਸੰਤਾਂ ਵਾਲੀ ਕਰਣੀ, ਸੰਤਾਂ ਦਾ ਰਸਤਾ, ਸੰਤਾਂ ਦੇ ਦਾਸਾਂ ਦੀ ਸੇਵਾ ਬਖ਼ਸ਼ ॥੨॥
ਮੈਂ ਤੈਥੋਂ ਇਕ ਹੋਰ (ਦਾਤਿ ਭੀ) ਮੰਗਦਾ ਹਾਂ, ਮੈਨੂੰ ਆਪਣੀ ਭਗਤੀ ਦੇਹ, ਜੋ ਮਨ-ਚਿੰਦੇ ਫਲ ਦੇਣ ਵਾਲੀ ਮਣੀ ਹੈ;
ਮੈਨੂੰ ਵਿਕਾਰੀਆਂ ਤੇ ਪਾਪੀਆਂ ਦਾ ਦਰਸ਼ਨ ਨਾਹ ਕਰਾਈਂ ॥੩॥
ਰਵਿਦਾਸ ਆਖਦਾ ਹੈ-ਅਸਲ ਸਿਆਣਾ ਉਹ ਮਨੁੱਖ ਹੈ ਜੋ ਇਹ ਜਾਣਦਾ ਹੈ,
ਕਿ ਸੰਤਾਂ ਤੇ ਬੇਅੰਤ ਪ੍ਰਭੂ ਵਿਚ ਕੋਈ ਵਿੱਥ ਨਹੀਂ ਹੈ ॥੪॥੨॥
ਹੇ ਮਾਧੋ! ਤੂੰ ਚੰਦਨ ਦਾ ਬੂਟਾ ਹੈਂ, ਮੈਂ ਨਿਮਾਣਾ ਹਰਿੰਡ ਹਾਂ (ਪਰ ਤੇਰੀ ਮਿਹਰ ਨਾਲ) ਮੈਨੂੰ ਤੇਰੇ (ਚਰਨਾਂ) ਵਿਚ ਰਹਿਣ ਲਈ ਥਾਂ ਮਿਲ ਗਈ ਹੈ।
ਤੇਰੀ ਸੋਹਣੀ ਮਿੱਠੀ ਵਾਸ਼ਨਾ ਮੇਰੇ ਅੰਦਰ ਵੱਸ ਪਈ ਹੈ, ਹੁਣ ਮੈਂ ਨੀਵੇਂ ਰੁੱਖ ਤੋਂ ਉੱਚਾ ਬਣ ਗਿਆ ਹਾਂ ॥੧॥
ਹੇ ਮਾਧੋ! ਮੈਂ ਤੇਰੀ ਸਾਧ ਸੰਗਤਿ ਦੀ ਓਟ ਫੜੀ ਹੈ (ਮੈਨੂੰ ਇਥੋਂ ਵਿਛੁੜਨ ਨਾਹ ਦੇਈਂ),
ਮੈਂ ਮੰਦ-ਕਰਮੀ ਹਾਂ (ਤੇਰਾ ਸਤ-ਸੰਗ ਛੱਡ ਕੇ ਮੁੜ ਮੰਦੇ ਪਾਸੇ ਤੁਰ ਪੈਂਦਾ ਹਾਂ, ਪਰ) ਤੂੰ ਮਿਹਰ ਕਰਨ ਵਾਲਾ ਹੈਂ (ਤੂੰ ਫਿਰ ਜੋੜ ਲੈਂਦਾ ਹੈਂ) ॥੧॥ ਰਹਾਉ ॥
ਹੇ ਮਾਧੋ! ਤੂੰ ਚਿੱਟਾ ਪੀਲਾ (ਸੋਹਣਾ) ਰੇਸ਼ਮ ਹੈਂ, ਮੈਂ ਨਿਮਾਣਾ (ਉਸ) ਕੀੜੇ ਵਾਂਗ ਹਾਂ (ਜੋ ਰੇਸ਼ਮ ਨੂੰ ਛੱਡ ਕੇ ਬਾਹਰ ਨਿਕਲ ਜਾਂਦਾ ਹੈ ਤੇ ਮਰ ਜਾਂਦਾ ਹੈ।)
ਮਾਧੋ! (ਮਿਹਰ ਕਰ) ਮੈਂ ਤੇਰੀ ਸਾਧ ਸੰਗਤ ਵਿਚ ਜੁੜਿਆ ਰਹਾਂ, ਜਿਵੇਂ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਦੇ ਛੱਤੇ ਵਿਚ (ਟਿਕੀਆਂ ਰਹਿੰਦੀਆਂ ਹਨ) ॥੨॥
ਰਵਿਦਾਸ ਚਮਿਆਰ ਆਖਦਾ ਹੈ-(ਲੋਕਾਂ ਦੀਆਂ ਨਜ਼ਰਾਂ ਵਿਚ) ਮੇਰੀ ਜਾਤਿ ਨੀਵੀਂ, ਮੇਰੀ ਕੁਲ ਨੀਵੀਂ, ਮੇਰਾ ਜਨਮ ਨੀਵਾਂ;
(ਪਰ, ਹੇ ਮਾਧੋ! ਮੇਰੀ ਜਾਤਿ, ਕੁਲ ਤੇ ਜਨਮ ਸੱਚ-ਮੁਚ ਨੀਵੇਂ ਰਹਿ ਜਾਣਗੇ) ਜੇ ਮੈਂ, ਹੇ ਮੇਰੇ ਮਾਲਕ ਪ੍ਰਭੂ! ਤੇਰੀ ਭਗਤੀ ਨਾਹ ਕੀਤੀ ॥੩॥੩॥
(ਇਹ ਨਾਮ-ਧਨ ਲੱਭ ਕੇ ਹੁਣ) ਜੇ ਮੇਰਾ ਸਰੀਰ ਨਾਸ ਭੀ ਹੋ ਜਾਏ ਤਾਂ ਭੀ ਮੈਨੂੰ ਕੋਈ ਪਰਵਾਹ ਨਹੀਂ।
ਹੇ ਰਾਮ! ਤੇਰਾ ਸੇਵਕ ਤਦੋਂ ਹੀ ਘਬਰਾਏਗਾ ਜੇ (ਇਸ ਦੇ ਮਨ ਵਿਚੋਂ ਤੇਰੇ ਚਰਨਾਂ ਦਾ) ਪਿਆਰ ਦੂਰ ਹੋਵੇਗਾ ॥੧॥
(ਹੇ ਸੋਹਣੇ ਰਾਮ!) ਮੇਰਾ ਮਨ ਕਉਲ ਫੁੱਲ ਵਰਗੇ ਤੇਰੇ ਸੋਹਣੇ ਚਰਨਾਂ ਨੂੰ ਆਪਣੇ ਰਹਿਣ ਦੀ ਥਾਂ ਬਣਾ ਚੁਕਿਆ ਹੈ;
(ਤੇਰੇ ਚਰਨ-ਕਮਲਾਂ ਵਿਚੋਂ ਨਾਮ-ਰਸ) ਪੀਂਦਿਆਂ ਪੀਂਦਿਆਂ ਮੈਂ ਲੱਭ ਲਿਆ ਹੈ, ਮੈਂ ਲੱਭ ਲਿਆ ਹੈ ਤੇਰਾ ਨਾਮ-ਧਨ ॥੧॥ ਰਹਾਉ ॥
ਸੌਖ, ਬਿਪਤਾ, ਧਨ-ਇਹ ਮਾਇਆ ਦੇ ਪਰਦੇ ਹਨ (ਜੋ ਮਨੁੱਖ ਦੀ ਮੱਤ ਉਤੇ ਪਏ ਰਹਿੰਦੇ ਹਨ);