ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 856


ਜਰਾ ਜੀਵਨ ਜੋਬਨੁ ਗਇਆ ਕਿਛੁ ਕੀਆ ਨ ਨੀਕਾ ॥

ਬੁਢੇਪਾ ਆ ਗਿਆ ਹੈ, ਜੁਆਨੀ ਦੀ ਉਮਰ ਲੰਘ ਗਈ ਹੈ, ਪਰ ਮੈਂ ਹੁਣ ਤਕ ਕੋਈ ਚੰਗਾ ਕੰਮ ਨਹੀਂ ਕੀਤਾ।

ਇਹੁ ਜੀਅਰਾ ਨਿਰਮੋਲਕੋ ਕਉਡੀ ਲਗਿ ਮੀਕਾ ॥੩॥

ਮੇਰੀ ਇਹ ਜਿੰਦ ਅਮੋਲਕ ਸੀ, ਪਰ ਮੈਂ ਇਸ ਨੂੰ ਕੌਡੀ ਦੇ ਬਰਾਬਰ ਕਰ ਦਿੱਤਾ ਹੈ ॥੩॥

ਕਹੁ ਕਬੀਰ ਮੇਰੇ ਮਾਧਵਾ ਤੂ ਸਰਬ ਬਿਆਪੀ ॥

ਕਬੀਰ ਆਖਦਾ ਹੈ- (ਆਪਣੇ ਪ੍ਰਭੂ ਅੱਗੇ ਇਉਂ) ਬੇਨਤੀ ਕਰ-ਹੇ ਪਿਆਰੇ ਪ੍ਰਭੂ! ਤੂੰ ਸਭ ਜੀਆਂ ਵਿਚ ਵਿਆਪਕ ਹੈਂ (ਤੇ ਸਭ ਦੇ ਦਿਲ ਦੀ ਜਾਣਦਾ ਹੈਂ, ਮੇਰਾ ਅੰਦਰਲਾ ਹਾਲ ਭੀ ਤੂੰ ਜਾਣਦਾ ਹੈਂ)

ਤੁਮ ਸਮਸਰਿ ਨਾਹੀ ਦਇਆਲੁ ਮੋਹਿ ਸਮਸਰਿ ਪਾਪੀ ॥੪॥੩॥

ਤੇਰੇ ਜੇਡਾ ਕੋਈ ਦਇਆ ਕਰਨ ਵਾਲਾ ਨਹੀਂ, ਤੇ ਮੇਰੇ ਵਰਗਾ ਕੋਈ ਪਾਪੀ ਨਹੀਂ (ਸੋ, ਮੈਨੂੰ ਤੂੰ ਆਪ ਹੀ ਇਹਨਾਂ ਵਿਕਾਰਾਂ ਤੋਂ ਬਚਾ) ॥੪॥੩॥

ਬਿਲਾਵਲੁ ॥

ਨਿਤ ਉਠਿ ਕੋਰੀ ਗਾਗਰਿ ਆਨੈ ਲੀਪਤ ਜੀਉ ਗਇਓ ॥

ਇਹ ਜੁਲਾਹ (-ਪੁੱਤਰ) ਰੋਜ਼ ਸਵੇਰੇ ਉੱਠ ਕੇ (ਪਾਣੀ ਦੀ) ਗਾਗਰ ਲਿਆਉਂਦਾ ਹੈ ਤੇ ਪੋਚਾ ਫੇਰਦਾ ਖਪ ਜਾਂਦਾ ਹੈ,

ਤਾਨਾ ਬਾਨਾ ਕਛੂ ਨ ਸੂਝੈ ਹਰਿ ਹਰਿ ਰਸਿ ਲਪਟਿਓ ॥੧॥

ਇਸ ਨੂੰ ਆਪਣੇ ਖੱਡੀ ਦੇ ਕੰਮ ਦੀ ਸੁਰਤ ਹੀ ਨਹੀਂ ਰਹੀ, ਸਦਾ ਹਰੀ ਦੇ ਰਸ ਵਿਚ ਹੀ ਮਗਨ ਰਹਿੰਦਾ ਹੈ ॥੧॥

ਹਮਾਰੇ ਕੁਲ ਕਉਨੇ ਰਾਮੁ ਕਹਿਓ ॥

ਸਾਡੀ ਕੁਲ ਵਿਚ ਕਦੇ ਕਿਸੇ ਨੇ ਪਰਮਾਤਮਾ ਦਾ ਭਜਨ ਨਹੀਂ ਸੀ ਕੀਤਾ।

ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ ॥੧॥ ਰਹਾਉ ॥

ਜਦੋਂ ਦਾ ਮੇਰਾ ਔਂਤਰਾ (ਪੁੱਤਰ) ਭਗਤੀ ਵਿਚ ਲੱਗਾ ਹੈ, ਤਦੋਂ ਤੋਂ ਸਾਨੂੰ ਕੋਈ ਸੁਖ ਨਹੀਂ ਰਿਹਾ ॥੧॥ ਰਹਾਉ ॥

ਸੁਨਹੁ ਜਿਠਾਨੀ ਸੁਨਹੁ ਦਿਰਾਨੀ ਅਚਰਜੁ ਏਕੁ ਭਇਓ ॥

ਹੇ ਮੇਰੀਓ ਦਿਰਾਣੀਓ ਜਿਠਾਣੀਓ! ਸੁਣੋ, (ਸਾਡੇ ਘਰ) ਇਹ ਕਿਹਾ ਅਚਰਜ ਭਾਣਾ ਵਰਤ ਗਿਆ ਹੈ?

ਸਾਤ ਸੂਤ ਇਨਿ ਮੁਡੀਂਏ ਖੋਏ ਇਹੁ ਮੁਡੀਆ ਕਿਉ ਨ ਮੁਇਓ ॥੨॥

ਇਸ ਮੂਰਖ ਮੁੰਡੇ ਨੇ ਸੂਤਰ ਆਦਿਕ ਦਾ ਕੰਮ ਹੀ ਛੱਡ ਦਿੱਤਾ ਹੈ। ਇਸ ਨਾਲੋਂ ਤਾਂ ਇਹ ਮਰ ਹੀ ਜਾਂਦਾ ਤਾਂ ਚੰਗਾ ਸੀ ॥੨॥

ਸਰਬ ਸੁਖਾ ਕਾ ਏਕੁ ਹਰਿ ਸੁਆਮੀ ਸੋ ਗੁਰਿ ਨਾਮੁ ਦਇਓ ॥

(ਪਰ ਸੰਸਾਰ ਭਾਵੇਂ ਜੋ ਵੀ ਕਹਿੰਦਾ ਰਹੇ) ਜੋ ਪ੍ਰਭੂ ਸਾਰੇ ਸੁਖ ਦੇਣ ਵਾਲਾ ਹੈ ਉਸ ਦਾ ਨਾਮ (ਮੈਨੂੰ ਕਬੀਰ ਨੂੰ ਮੇਰੇ) ਗੁਰੂ ਨੇ ਬਖ਼ਸ਼ਿਆ ਹੈ।

ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਰਿਓ ॥੩॥

ਜਿਸ ਪਰਮਾਤਮਾ ਨੇ ਹਰਨਾਖ਼ਸ਼ ਨੂੰ ਨਹੁੰਆਂ ਨਾਲ ਮਾਰ ਕੇ ਆਪਣੇ ਭਗਤ ਪ੍ਰਹਿਲਾਦ ਦੀ ਲਾਜ ਰੱਖੀ ਸੀ ॥੩॥

ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ ਲਇਓ ॥

ਮੈਂ ਪਿਤਾ-ਪੁਰਖੀ ਛੱਡ ਦਿੱਤੀ ਹੈ, ਮੈਂ ਆਪਣੇ ਘਰ ਵਿਚ ਪੂਜੇ ਜਾਣ ਵਾਲੇ ਦੇਵਤੇ (ਭਾਵ, ਬ੍ਰਹਮਣ) ਛੱਡ ਬੈਠਾ ਹਾਂ। ਹੁਣ ਮੈਂ ਸਤਿਗੁਰੂ ਦਾ ਸ਼ਬਦ ਹੀ ਧਾਰਨ ਕੀਤਾ ਹੈ।

ਕਹਤ ਕਬੀਰੁ ਸਗਲ ਪਾਪ ਖੰਡਨੁ ਸੰਤਹ ਲੈ ਉਧਰਿਓ ॥੪॥੪॥

ਕਬੀਰ ਆਖਦਾ ਹੈ-ਜੋ ਪ੍ਰਭੂ ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ, ਸਤ-ਸੰਗਤ ਵਿਚ ਉਸ ਦਾ ਨਾਮ ਸਿਮਰ ਕੇ ਮੈਂ (ਸੰਸਾਰ-ਸਾਗਰ ਤੋਂ) ਪਾਰ ਲੰਘ ਗਿਆ ਹਾਂ ॥੪॥੪॥

ਬਿਲਾਵਲੁ ॥

ਕੋਊ ਹਰਿ ਸਮਾਨਿ ਨਹੀ ਰਾਜਾ ॥

(ਹੇ ਭਾਈ!) ਜਗਤ ਵਿਚ ਕੋਈ ਜੀਵ ਪਰਮਾਤਮਾ ਦੇ ਬਰਾਬਰ ਦਾ ਰਾਜਾ ਨਹੀਂ ਹੈ।

ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥੧॥ ਰਹਾਉ ॥

ਇਹ ਦੁਨੀਆ ਦੇ ਸਭ ਰਾਜੇ ਚਾਰ ਦਿਨਾਂ ਦੇ ਰਾਜੇ ਹੁੰਦੇ ਹਨ, (ਇਹ ਲੋਕ ਆਪਣੇ ਰਾਜ-ਪ੍ਰਤਾਪ ਦੇ) ਝੂਠੇ ਵਿਖਾਵੇ ਕਰਦੇ ਹਨ ॥੧॥ ਰਹਾਉ ॥

ਤੇਰੋ ਜਨੁ ਹੋਇ ਸੋਇ ਕਤ ਡੋਲੈ ਤੀਨਿ ਭਵਨ ਪਰ ਛਾਜਾ ॥

(ਹੇ ਪ੍ਰਭੂ!) ਜੋ ਮਨੁੱਖ ਤੇਰਾ ਦਾਸ ਹੋ ਕੇ ਰਹਿੰਦਾ ਹੈ ਉਹ (ਇਹਨਾਂ ਦੁਨੀਆ ਦੇ ਰਾਜਿਆਂ ਦੇ ਸਾਹਮਣੇ) ਘਾਬਰਦਾ ਨਹੀਂ, (ਕਿਉਂਕਿ, ਹੇ ਪ੍ਰਭੂ! ਤੇਰੇ ਸੇਵਕ ਦਾ ਪ੍ਰਤਾਪ) ਸਾਰੇ ਜਗਤ ਵਿਚ ਛਾਇਆ ਰਹਿੰਦਾ ਹੈ।

ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ ॥੧॥

ਹੱਥ ਚੁੱਕਣਾ ਤਾਂ ਕਿਤੇ ਰਿਹਾ, ਤੇਰੇ ਸੇਵਕ ਦੇ ਸਾਹਮਣੇ ਉਹ ਉੱਚਾ ਬੋਲ ਭੀ ਬੋਲ ਨਹੀਂ ਸਕਦੇ ॥੧॥

ਚੇਤਿ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ॥

ਹੇ ਮੇਰੇ ਗ਼ਾਫ਼ਲ ਮਨ! ਤੂੰ ਭੀ ਪ੍ਰਭੂ ਨੂੰ ਸਿਮਰ, (ਤਾਂ ਜੋ ਤੇਰੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਇੱਕ-ਰਸ ਵਾਜੇ ਵੱਜਣ (ਤੇ, ਤੈਨੂੰ ਦੁਨੀਆ ਦੇ ਰਾਜਿਆਂ ਤੋਂ ਕੋਈ ਘਬਰਾਹਟ ਨਾਹ ਹੋਵੇ)।

ਕਹਿ ਕਬੀਰ ਸੰਸਾ ਭ੍ਰਮੁ ਚੂਕੋ ਧ੍ਰੂ ਪ੍ਰਹਿਲਾਦ ਨਿਵਾਜਾ ॥੨॥੫॥

ਕਬੀਰ ਆਖਦਾ ਹੈ-(ਜੋ ਮਨੁੱਖ ਪ੍ਰਭੂ ਨੂੰ ਸਿਮਰਦਾ ਹੈ, ਉਸ ਦਾ) ਸਹਿਮ, ਉਸ ਦੀ ਭਟਕਣਾ ਸਭ ਦੂਰ ਹੋ ਜਾਂਦੇ ਹਨ, ਪ੍ਰਭੂ (ਆਪਣੇ ਸੇਵਕ ਨੂੰ) ਧ੍ਰੂ ਤੇ ਪ੍ਰਹਿਲਾਦ ਵਾਂਗ ਪਾਲਦਾ ਹੈ ॥੨॥੫॥

ਬਿਲਾਵਲੁ ॥

ਰਾਖਿ ਲੇਹੁ ਹਮ ਤੇ ਬਿਗਰੀ ॥

ਹੇ ਪ੍ਰਭੂ! ਮੇਰੀ ਲਾਜ ਰੱਖ ਲੈ। ਮੈਥੋਂ ਬੜਾ ਮਾੜਾ ਕੰਮ ਹੋਇਆ ਹੈ,

ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ ॥੧॥ ਰਹਾਉ ॥

ਕਿ ਨਾਹ ਮੈਂ ਚੰਗਾ ਸੁਭਾਵ ਬਣਾਇਆ, ਨਾਹ ਮੈਂ ਜੀਵਨ ਦਾ ਫ਼ਰਜ਼ ਕਮਾਇਆ, ਤੇ ਨਾਹ ਤੇਰੀ ਬੰਦਗੀ, ਤੇਰੀ ਭਗਤੀ ਕੀਤੀ। ਮੈਂ ਸਦਾ ਅਹੰਕਾਰ ਕਰਦਾ ਰਿਹਾ, ਤੇ ਵਿੰਗੇ ਰਾਹ ਪਿਆ ਰਿਹਾ ਹਾਂ (ਟੇਢਾ-ਪਨ ਫੜਿਆ ਹੋਇਆ ਹੈ) ॥੧॥ ਰਹਾਉ ॥

ਅਮਰ ਜਾਨਿ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ॥

ਇਸ ਸਰੀਰ ਨੂੰ ਕਦੇ ਨਾਹ ਮਰਨ ਵਾਲਾ ਸਮਝ ਕੇ ਮੈਂ ਸਦਾ ਇਸ ਨੂੰ ਹੀ ਪਾਲਦਾ ਰਿਹਾ, (ਇਹ ਸੋਚ ਹੀ ਨਾਹ ਫੁਰੀ ਕਿ) ਇਹ ਸਰੀਰ ਤਾਂ ਕੱਚੇ ਘੜੇ ਵਾਂਗ ਨਾਸਵੰਤ ਹੈ।

ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ ਬਿਸਾਰਿ ਅਵਰ ਲਗਰੀ ॥੧॥

ਜਿਸ ਪ੍ਰਭੂ ਨੇ ਮਿਹਰ ਕਰ ਕੇ ਮੇਰਾ ਇਹ ਸੁਹਣਾ ਸਰੀਰ ਬਣਾ ਕੇ ਮੈਨੂੰ ਪੈਦਾ ਕੀਤਾ, ਉਸ ਨੂੰ ਵਿਸਾਰ ਕੇ ਮੈਂ ਹੋਰਨੀਂ ਪਾਸੀਂ ਲੱਗਾ ਰਿਹਾ ॥੧॥

ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ ॥

(ਹੇ ਪ੍ਰਭੂ!) ਮੈਂ ਤੇਰਾ ਚੋਰ ਹਾਂ, ਮੈਂ ਭਲਾ ਨਹੀਂ ਅਖਵਾ ਸਕਦਾ। ਫਿਰ ਭੀ (ਹੇ ਪ੍ਰਭੂ!) ਮੈਂ ਤੇਰੇ ਚਰਨਾਂ ਦੀ ਸ਼ਰਨ ਆ ਪਿਆ ਹਾਂ;

ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ ॥੨॥੬॥

ਕਬੀਰ ਆਖਦਾ ਹੈ- (ਹੇ ਪ੍ਰਭੂ!) ਮੇਰੀ ਇਹ ਅਰਜ਼ੋਈ ਸੁਣ, ਮੈਨੂੰ ਜਮਾਂ ਦੀ ਸੋਇ ਨਾਹ ਘੱਲੀਂ (ਭਾਵ, ਮੈਨੂੰ ਜਨਮ ਮਰਨ ਦੇ ਗੇੜ ਵਿਚ ਨਾਹ ਪੈਣ ਦੇਈਂ) ॥੨॥੬॥

ਬਿਲਾਵਲੁ ॥

ਦਰਮਾਦੇ ਠਾਢੇ ਦਰਬਾਰਿ ॥

ਹੇ ਪ੍ਰਭੂ! ਮੈਂ ਤੇਰੇ ਦਰ ਤੇ ਮੰਗਤਾ ਬਣ ਕੇ ਖੜਾ ਹਾਂ।

ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲਿੑ ਕਿਵਾਰ ॥੧॥ ਰਹਾਉ ॥

ਭਲਾ ਤੈਥੋਂ ਬਿਨਾ ਹੋਰ ਕੌਣ ਮੇਰੀ ਤਰਫ਼ਦਾਰੀ ਕਰ ਸਕਦਾ ਹੈ? ਹੇ ਦਾਤੇ! ਬੂਹਾ ਖੋਲ੍ਹ ਕੇ ਮੈਨੂੰ ਦੀਦਾਰ ਬਖ਼ਸ਼ ॥੧॥ ਰਹਾਉ ॥

ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਨਨੑ ਸੁਨੀਅਤੁ ਸੁਜਸੁ ਤੁਮੑਾਰ ॥

ਤੂੰ ਹੀ (ਜਗਤ ਦੇ ਸਾਰੇ) ਧਨ ਪਦਾਰਥ ਦਾ ਮਾਲਕ ਹੈਂ, ਤੇ ਬੜਾ ਖੁਲ੍ਹੇ ਦਿਲ ਵਾਲਾ ਦਾਨੀ ਹੈਂ। (ਜਗਤ ਵਿਚ) ਤੇਰੀ ਹੀ (ਦਾਨੀ ਹੋਣ ਦੀ) ਮਿੱਠੀ ਸੋਭਾ ਕੰਨੀਂ ਸੁਣੀ ਜਾ ਰਹੀ ਹੈ।

ਮਾਗਉ ਕਾਹਿ ਰੰਕ ਸਭ ਦੇਖਉ ਤੁਮੑ ਹੀ ਤੇ ਮੇਰੋ ਨਿਸਤਾਰੁ ॥੧॥

ਮੈਂ ਹੋਰ ਕਿਸ ਪਾਸੋਂ ਮੰਗਾਂ? ਮੈਨੂੰ ਤਾਂ ਸਭ ਕੰਗਾਲ ਦਿੱਸ ਰਹੇ ਹਨ। ਮੇਰਾ ਬੇੜਾ ਤੇਰੇ ਰਾਹੀਂ ਹੀ ਪਾਰ ਹੋ ਸਕਦਾ ਹੈ ॥੧॥

ਜੈਦੇਉ ਨਾਮਾ ਬਿਪ ਸੁਦਾਮਾ ਤਿਨ ਕਉ ਕ੍ਰਿਪਾ ਭਈ ਹੈ ਅਪਾਰ ॥

ਜੈਦੇਵ, ਨਾਮਦੇਵ, ਸੁਦਾਮਾ ਬ੍ਰਾਹਮਣ-ਇਹਨਾਂ ਉੱਤੇ ਤੇਰੀ ਹੀ ਬੇਅੰਤ ਕਿਰਪਾ ਹੋਈ ਸੀ।

ਕਹਿ ਕਬੀਰ ਤੁਮ ਸੰਮ੍ਰਥ ਦਾਤੇ ਚਾਰਿ ਪਦਾਰਥ ਦੇਤ ਨ ਬਾਰ ॥੨॥੭॥

ਕਬੀਰ ਆਖਦਾ ਹੈ-ਤੂੰ ਸਭ ਦਾਤਾਂ ਦੇਣ ਜੋਗਾ ਦਾਤਾਰ ਹੈਂ। ਜੀਵਾਂ ਨੂੰ ਚਾਰੇ ਪਦਾਰਥ ਦੇਂਦਿਆਂ ਤੈਨੂੰ ਰਤਾ ਢਿੱਲ ਨਹੀਂ ਲੱਗਦੀ ॥੨॥੭॥

ਬਿਲਾਵਲੁ ॥

ਡੰਡਾ ਮੁੰਦ੍ਰਾ ਖਿੰਥਾ ਆਧਾਰੀ ॥

ਹੇ ਜੋਗੀ! ਤੂੰ ਡੰਡਾ, ਮੁੰਦ੍ਰਾ, ਖ਼ਫ਼ਨੀ ਤੇ ਝੋਲੀ

ਭ੍ਰਮ ਕੈ ਭਾਇ ਭਵੈ ਭੇਖਧਾਰੀ ॥੧॥

ਆਦਿਕ ਦਾ ਧਾਰਮਿਕ ਬਾਣਾ ਪਾ ਕੇ, ਭਟਕਣਾ ਵਿਚ ਪੈ ਕੇ ਕੁਰਾਹੇ ਪੈ ਗਿਆ ਹੈਂ ॥੧॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430