ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਹੇ ਸੁਖ ਦੇਣ ਵਾਲੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ।
ਹੇ ਅਪਹੁੰਚ ਪ੍ਰਭੂ! ਹੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਪ੍ਰਭੂ! ਹੇ ਅਬਿਨਾਸੀ ਪ੍ਰਭੂ! ਪੂਰੇ ਗੁਰੂ ਦੀ ਰਾਹੀਂ ਹੀ ਤੇਰੇ ਨਾਲ ਡੂੰਘੀ ਸਾਂਝ ਪੈ ਸਕਦੀ ਹੈ ॥੨॥
(ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ ਗੁਰੂ ਦੀ ਸਰਨ ਪੈ ਕੇ) ਜਦੋਂ ਤੋਂ (ਆਪਣੇ ਅੰਦਰੋਂ ਹਉਮੈ ਦੂਰ ਕਰਦੇ ਹਨ, ਗੁਰੂ ਉਹਨਾਂ ਦੀ ਭਟਕਣਾ ਤੇ ਡਰ ਦੂਰ ਕਰ ਕੇ ਉਹਨਾਂ ਨੂੰ ਪਵਿਤ੍ਰ ਜੀਵਨ ਵਾਲਾ ਬਣਾ ਦੇਂਦਾ ਹੈ।
ਸਾਧ ਸੰਗਤਿ ਵਿਚ (ਗੁਰੂ ਦੇ) ਦਰਸਨ ਦੀ ਬਰਕਤਿ ਨਾਲ ਉਹਨਾਂ ਦੇ ਜਨਮ ਮਰਨ ਦੇ ਗੇੜ ਦਾ ਸਹਮ ਮੁੱਕ ਜਾਂਦਾ ਹੈ ॥੩॥
ਮੈਂ (ਗੁਰੂ ਦੇ) ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ, ਮੈਂ (ਗੁਰੂ ਤੋਂ) ਲੱਖਾਂ ਵਾਰੀ ਕੁਰਬਾਨ ਜਾਂਦਾ ਹਾਂ,
ਹੇ ਦਾਸ ਨਾਨਕ! (ਆਖ-) ਕਿਉਂਕਿ ਉਸ (ਗੁਰੂ) ਦੀ ਕਿਰਪਾ ਨਾਲ ਹੀ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਤੇ ਪ੍ਰੀਤਮ ਪ੍ਰਭੂ (ਦੇ ਚਰਨਾਂ) ਵਿਚ ਜੁੜ ਸਕੀਦਾ ਹੈ ॥੪॥੭॥੧੨੮॥
ਹੇ ਪ੍ਰਭੂ! ਤੇਰਾ (ਸੋਹਣਾ ਸਰਬ-ਵਿਆਪਕ) ਰੂਪ ਵੇਖ ਕੇ ਸਾਰੀ ਲੁਕਾਈ ਮਸਤ ਹੋ ਜਾਂਦੀ ਹੈ।
ਤੇਰੀ ਮਿਹਰ ਤੋਂ ਬਿਨਾ ਤੈਨੂੰ ਕੋਈ ਜੀਵ ਪ੍ਰਸੰਨ ਨਹੀਂ ਕਰ ਸਕਦਾ ॥੧॥ ਰਹਾਉ ॥
(ਹੇ ਭਾਈ!) ਸੁਰਗ-ਲੋਕ, ਪਾਤਾਲ-ਲੋਕ, ਮਾਤ-ਲੋਕ ਸਾਰਾ ਬ੍ਰਹਮੰਡ, ਸਭਨਾਂ ਵਿਚ ਇਕ ਉਹ ਪਰਮਾਤਮਾ ਹੀ ਸਮਾਇਆ ਹੋਇਆ ਹੈ।
ਹੇ ਸਭ ਉਤੇ ਦਇਆ ਕਰਨ ਵਾਲੇ ਸਭ ਦੇ ਠਾਕੁਰ! ਸਾਰੇ ਜੀਵ ਤੈਨੂੰ 'ਸੁਖਾਂ ਦਾ ਦਾਤਾ' ਆਖ ਆਖ ਕੇ (ਤੇਰੇ ਅੱਗੇ) ਦੋਵੇਂ ਹੱਥ ਜੋੜਦੇ ਹਨ, ਤੇ ਤੇਰੇ ਦਰ ਤੇ ਹੀ ਸਹਾਇਤਾ ਲਈ ਪੁਕਾਰ ਕਰਦੇ ਹਨ ॥੧॥
ਹੇ ਠਾਕੁਰ! ਤੇਰਾ ਨਾਮ ਹੈ 'ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ'। ਤੂੰ ਸਭ ਨੂੰ ਸੁਖ ਦੇਣ ਵਾਲਾ ਹੈਂ, ਤੂੰ ਪਵਿੱਤਰ ਹਸਤੀ ਵਾਲਾ ਹੈਂ, ਤੂੰ ਸ਼ਾਂਤੀ-ਸਰੂਪ ਹੈਂ।
ਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਸੰਤ ਜਨਾਂ ਨਾਲ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਹੀ (ਤੇਰੇ ਸੇਵਕਾਂ ਵਾਸਤੇ) ਗਿਆਨ-ਚਰਚਾ ਹੈ, ਸਮਾਧੀਆਂ ਹੈ, (ਲੋਕ ਪਰਲੋਕ ਦੀ) ਇੱਜ਼ਤ ਹੈ ॥੨॥੮॥੧੨੯॥
ਹੇ ਸਭ ਜੀਵਾਂ ਨਾਲ ਪਿਆਰ ਕਰਨ ਵਾਲੇ ਪ੍ਰਭੂ! ਮੈਨੂੰ ਮਿਲ।
ਹੇ ਪ੍ਰਭੂ! (ਜਗਤ ਵਿਚ) ਤੇਰਾ ਕੀਤਾ ਹੀ ਵਰਤ ਰਿਹਾ ਹੈ (ਉਹੀ ਹੁੰਦਾ ਹੈ ਜੋ ਤੂੰ ਕਰਦਾ ਹੈਂ) ॥੧॥ ਰਹਾਉ ॥
ਹੇ ਪ੍ਰਭੂ ਪਾਤਿਸ਼ਾਹ! (ਮਾਇਆ-ਗ੍ਰਸਿਆ ਜੀਵ) ਅਨੇਕਾਂ ਜਨਮਾਂ ਵਿਚ ਬਹੁਤ ਜੂਨੀਆਂ ਵਿਚ ਭਟਕਦਾ ਚਲਿਆ ਆਉਂਦਾ ਹੈ, (ਜਨਮ ਮਰਨ ਦਾ) ਦੁੱਖ ਮੁੜ ਮੁੜ ਸਹਾਰਦਾ ਹੈ।
ਤੇਰੀ ਮਿਹਰ ਨਾਲ (ਇਸ ਨੇ ਹੁਣ) ਮਨੁੱਖਾ ਸਰੀਰ ਪ੍ਰਾਪਤ ਕੀਤਾ ਹੈ (ਇਸ ਨੂੰ ਆਪਣਾ) ਦਰਸਨ ਦੇਹ (ਤੇ ਇਸ ਦੀ ਵਿਕਾਰਾਂ ਵਲੋਂ ਰੱਖਿਆ ਕਰ) ॥੧॥
ਹੇ ਭਾਈ! ਜਗਤ ਵਿਚ ਉਹੀ ਕੁਝ ਬੀਤਦਾ ਹੈ, ਜੋ ਉਸ ਪਰਮਾਤਮਾ ਨੂੰ ਪਸੰਦ ਆਉਂਦਾ ਹੈ। ਕੋਈ ਹੋਰ ਜੀਵ (ਉਸ ਦੀ ਰਜ਼ਾ ਦੇ ਉਲਟ ਕੁਝ) ਨਹੀਂ ਕਰ ਸਕਦਾ।
ਹੇ ਪ੍ਰਭੂ! ਜੀਵ ਤੇਰੀ ਰਜ਼ਾ ਅਨੁਸਾਰ ਹੀ ਮਾਇਆ ਦੀ ਭਟਕਣਾ ਵਿਚ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਸਦਾ ਮੋਹ ਵਿਚ ਸੁੱਤਾ ਰਹਿੰਦਾ ਹੈ ਤੇ ਇਸ ਨੀਂਦ ਵਿਚੋਂ ਸੁਚੇਤ ਨਹੀਂ ਹੁੰਦਾ ॥੨॥
ਹੇ ਮੇਰੀ ਜਿੰਦ ਦੇ ਪਤੀ! ਹੇ ਪਿਆਰੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਦਇਅਲ ਪ੍ਰਭੂ! ਤੂੰ (ਮੇਰੀ) ਬੇਨਤੀ ਸੁਣ।
ਹੇ ਮੇਰੇ ਪਿਤਾ-ਪ੍ਰਭੂ! ਅਨਾਥ ਜੀਵਾਂ ਦੀ ਪਾਲਣਾ ਕਰ (ਇਹਨਾਂ ਨੂੰ ਵਿਕਾਰਾਂ ਦੇ ਹੱਲਿਆਂ ਤੋਂ) ਬਚਾ ਲੈ ॥੩॥
ਹੇ ਪ੍ਰਭੂ! ਜਿਸ ਭੀ ਮਨੁੱਖ ਨੂੰ ਤੂੰ ਆਪਣਾ ਦਰਸਨ ਦਿੱਤਾ ਹੈ, ਸਾਧ ਸੰਗਤਿ ਦੇ ਆਸਰੇ ਰੱਖ ਕੇ ਦਿੱਤਾ ਹੈ।
(ਹੇ ਪ੍ਰਭੂ! ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਇਹ ਸੁਖ ਮੰਗਦਾ ਹੈ ਕਿ ਮੈਨੂੰ ਨਾਨਕ ਨੂੰ ਭੀ ਆਪਣੇ ਸੰਤ ਜਨਾਂ ਦੇ ਚਰਨਾਂ ਦੇ ਧੂੜ ਬਖ਼ਸ਼ ॥੪॥੯॥੧੩੦॥
(ਹੇ ਭਾਈ!) ਮੈਂ ਉਹਨਾਂ (ਸੰਤ ਜਨਾਂ) ਤੋਂ ਸਦਕੇ ਜਾਂਦਾ ਹਾਂ,
ਜਿਨ੍ਹਾਂ ਦੇ ਹਿਰਦੇ ਵਿਚ ਸਿਰਫ਼ ਪਰਮਾਤਮਾ ਦਾ ਨਾਮ (ਹੀ ਜ਼ਿੰਦਗੀ ਦਾ) ਆਸਰਾ ਹੈ ॥੧॥ ਰਹਾਉ ॥
(ਹੇ ਭਾਈ!) ਸੰਤ ਜਨ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਆਤਮਕ ਵਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।
ਉਹਨਾਂ ਦੀ ਸੰਗਤਿ ਵਿਚ ਰਿਹਾਂ ਆਤਮਕ ਅਡੋਲਤਾ ਦੇ ਸੁਖ ਆਨੰਦ ਪ੍ਰਾਪਤ ਹੁੰਦੇ ਹਨ, ਉਹਨਾਂ ਦੇ ਬਰਾਬਰ ਦੇ ਹੋਰ ਕੋਈ ਦਾਨੀ ਨਹੀਂ ਹੋ ਸਕਦੇ ॥੧॥
(ਹੇ ਭਾਈ!) ਜਿਨ੍ਹਾਂ (ਸੰਤ) ਜਨਾਂ ਨੂੰ ਆਪ ਪਰਮਾਤਮਾ ਦੀ ਤਾਂਘ ਲੱਗੀ ਰਹੇ, ਉਹੀ ਜਗਤ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ ਆਏ ਸਮਝੋ।
ਉਹਨਾਂ ਦੀ ਸਰਨ ਜਿਹੜਾ ਮਨੁੱਖ ਆ ਪੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। (ਹੇ ਭਾਈ!) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਸਭ ਆਸਾਂ ਪੂਰੀਆਂ ਹੋ ਜਾਂਦੀਆਂ ਹਨ ॥੨॥
(ਹੇ ਭਾਈ!) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਮਨ ਖਿੜ ਆਉਂਦਾ ਹੈ। ਮੈਂ ਤਾਂ ਜਦੋਂ ਸੰਤ ਜਨਾਂ ਦੀ ਚਰਨੀਂ ਆ ਡਿੱਗਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ।
ਹੇ ਪ੍ਰਭੂ! ਮੇਰੇ ਉਤੇ ਕਿਰਪਾਲ ਹੋਇਆ ਰਹੁ (ਤਾ ਕਿ ਤੇਰੀ ਕਿਰਪਾ ਨਾਲ) ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ॥੩॥
(ਹੇ ਭਾਈ!) ਹਕੂਮਤ ਜਵਾਨੀ ਉਮਰ ਜੋ ਕੁਝ ਭੀ ਜਗਤ ਵਿਚ (ਸਾਂਭਣ-ਜੋਗ) ਦਿੱਸਦਾ ਹੈ ਇਹ ਘਟਦਾ ਹੀ ਜਾਂਦਾ ਹੈ।
ਹੇ ਨਾਨਕ! (ਆਖ-) ਪਰਮਾਤਮਾ ਦਾ ਨਾਮ (ਹੀ ਇਕ ਐਸਾ) ਖ਼ਜ਼ਾਨਾ (ਹੈ ਜੋ) ਸਦਾ ਨਵਾਂ (ਰਹਿੰਦਾ) ਹੈ, ਤੇ ਹੈ ਭੀ ਪਵਿਤ੍ਰ (ਭਾਵ, ਇਸ ਖ਼ਜ਼ਾਨੇ ਨਾਲ ਮਨ ਵਿਗੜਨ ਦੇ ਥਾਂ ਪਵਿਤ੍ਰ ਹੁੰਦਾ ਜਾਂਦਾ ਹੈ)। (ਸੰਤ ਜਨ) ਇਹ ਨਾਮ-ਧਨ ਹੀ ਸਦਾ ਖੱਟਦੇ-ਕਮਾਂਦੇ ਰਹਿੰਦੇ ਹਨ ॥੪॥੧੦॥੧੩੧॥