ਜਿਸ ਨੂੰ ਸਿਮਰਿਆਂ ਸੁਖ ਮਿਲਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੨॥
ਹੇ ਪਰਮਾਤਮਾ! ਤੇਰੀ ਕੋਈ ਖ਼ਾਸ ਕੁਲ ਨਹੀਂ, ਮਾਇਆ ਦੀ ਕਾਲਖ਼ ਤੈਨੂੰ ਨਹੀਂ ਲੱਗ ਸਕਦੀ, ਸਭ ਵਿਚ ਮੌਜੂਦ ਹੈਂ, ਅਪਹੁੰਚ ਤੇ ਬੇਅੰਤ ਹੈਂ,
ਤੂੰ ਸਦਾ ਹੀ ਕਾਇਮ ਰਹਿਣ ਵਾਲਾ ਤੇ ਸੱਚ-ਮੁਚ ਹਸਤੀ ਵਾਲਾ ਵੇਖਣ ਵਿਚ ਆਉਂਦਾ ਹੈਂ,
ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ (ਇਸ ਵਿਚ ਭੀ) ਕੋਈ ਚੀਜ਼ ਫ਼ਰਜ਼ੀ (ਭਾਵ, ਮਨਘੜਤ) ਨਹੀਂ ਜਾਪਦੀ।
(ਜਿਤਨੀ ਭੀ) ਸ੍ਰਿਸ਼ਟੀ ਪ੍ਰਭੂ ਨੇ ਪੈਦਾ ਕੀਤੀ ਹੈ (ਇਸ ਵਿਚ) ਸਭ ਜੀਵਾਂ ਨੂੰ ਦਾਤਾਰ ਪ੍ਰਭੂ (ਦਾਤਾਂ) ਦੇਂਦਾ ਹੈ;
ਸਭ ਨੂੰ ਇੱਕੋ ਹੀ (ਹੁਕਮ-ਰੂਪ) ਧਾਗੇ ਵਿਚ ਪ੍ਰੋ ਕੇ (ਸਭ ਵਿਚ ਉਸ ਨੇ ਆਪਣੀ) ਜੋਤਿ ਮਿਲਾਈ ਹੋਈ ਹੈ;
ਆਪਣੇ ਹੁਕਮ ਅੰਦਰ ਹੀ (ਉਸ ਨੇ ਜੀਵਾਂ ਨੂੰ) ਸੰਸਾਰ-ਸਮੁੰਦਰ ਵਿਚ (ਫਸਾਇਆ ਹੋਇਆ ਹੈ ਤੇ) ਹੁਕਮ ਅੰਦਰ ਹੀ (ਇਸ ਵਿਚੋਂ) ਤਾਰਦਾ ਹੈ।
ਹੇ ਪ੍ਰਭੂ ਜੀ! ਤੈਨੂੰ ਉਹੀ ਮਨੁੱਖ ਸਿਮਰਦਾ ਹੈ ਜਿਸ ਦੇ ਮੱਥੇ ਤੇ ਭਾਗ ਹੋਵੇ;
ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ, ਮੈਂ ਤੈਥੋਂ ਸਦਕੇ ਹਾਂ ॥੧॥
ਹੇ ਪ੍ਰਭੂ! ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਤੂੰ ਸਹਿਜ ਸੁਭਾਇ ਹੀ (ਜੀਵਾਂ ਦੇ) ਮਨ ਵਿਚ ਆ ਵੱਸਦਾ ਹੈਂ,
ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਮਾਨੋ, ਨੌ ਖ਼ਜ਼ਾਨੇ (ਹਿਰਦੇ) ਘਰ ਵਿਚ ਹੀ ਲੱਭ ਲੈਂਦੇ ਹਨ;
ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਮਨੁੱਖ ਸਤਿਗੁਰੂ ਦਾ ਸ਼ਬਦ ਕਮਾਉਣ ਲੱਗ ਪੈਂਦੇ ਹਨ,
ਅਤੇ, ਹੇ ਨਾਨਕ! ਜੀਵ ਸੱਚ ਵਿਚ ਲੀਨ ਹੋ ਜਾਂਦੇ ਹਨ ॥੧॥
(ਇਸ ਜਗਤ ਵਿਚ) ਬੇਅੰਤ ਜੀਵ ਇਹਨਾਂ ਥਾਵਾਂ ਤੇ ਬੈਠ ਗਏ ਹਨ ਤੇ ਬਹੁਤ ਵਾਜੇ ਵਜਾ ਗਏ ਹਨ,
ਹੇ ਨਾਨਕ! ਪਰ ਸੱਚੇ ਨਾਮ ਤੋਂ ਵਾਂਜੇ ਰਹਿ ਕੇ ਕਿਸੇ ਦੀ ਭੀ ਇੱਜ਼ਤ ਨਹੀਂ ਰਹੀ ॥੨॥
ਹੇ ਪ੍ਰਭੂ! (ਤੌਰੇਤ, ਜ਼ਬੂਰ, ਅੰਜੀਲ, ਕੁਰਾਨ) ਕਤੇਬਾਂ ਸਮੇਤ ਵੇਦ (ਭਾਵ, ਹਿੰਦੂ ਮੁਸਲਮਾਨ ਆਦਿਕ ਸਾਰੇ ਮਤਾਂ ਦੇ ਧਰਮ-ਪੁਸਤਕ) ਤੈਨੂੰ ਖੜੇ ਸਿਮਰ ਰਹੇ ਹਨ,
ਇਤਨੇ ਜੀਵ ਤੇਰੇ ਦਰ ਤੇ ਡਿੱਗੇ ਹੋਏ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ,
ਕਈ ਬ੍ਰਹਮੇ ਤੇ ਸਿੰਘਾਸਨਾਂ ਵਾਲੇ ਕਈ ਇੰਦਰ ਤੈਨੂੰ ਧਿਆਉਂਦੇ ਹਨ, ਹੇ ਹਰੀ!
ਕਈ ਸ਼ਿਵ ਤੇ ਵਿਸ਼ਨੂੰ ਦੇ ਅਵਤਾਰ ਤੇਰਾ ਜਸ ਮੂੰਹੋਂ ਉਚਾਰ ਰਹੇ ਹਨ,
ਕਈ ਪੀਰ, ਪੈਗ਼ੰਬਰ, ਬੇਅੰਤ ਸ਼ੇਖ਼ ਤੇ ਵਲੀ (ਤੇਰੇ ਗੁਣ ਗਾ ਰਹੇ ਹਨ),
ਹੇ ਨਿਰੰਕਾਰ! ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿਚ ਤੂੰ ਹੀ ਮੌਲ ਰਿਹਾ ਹੈਂ।
ਝੂਠ ਦੇ ਕਾਰਨ ਜੀਵ (ਆਪਣੇ ਆਪ ਦਾ) ਨਾਸ ਕਰ ਲੈਂਦਾ ਹੈ, ਤੇ ਧਰਮ ਦੀ ਰਾਹੀਂ (ਜੀਵਾਂ ਦੀ) ਤੋੜ ਨਿਭ ਜਾਂਦੀ ਹੈ।
ਪਰ ਜਿਧਰ ਜਿਧਰ ਤੂੰ ਆਪ ਲਾਉਂਦਾ ਹੈਂ, ਓਧਰ ਓਧਰ ਹੀ ਲੱਗ ਸਕੀਦਾ ਹੈ ॥੨॥
(ਗ਼ਾਫ਼ਲ ਮਨੁੱਖ) ਚੰਗੇ ਕੰਮਾਂ ਵਿਚ ਆਲਸ ਕਰਦਾ ਹੈ ਤੇ ਭੈੜੇ ਕੰਮਾਂ ਵਿਚ ਸ਼ੇਰ ਹੁੰਦਾ ਹੈ;
ਹੇ ਨਾਨਕ! ਗ਼ਾਫ਼ਲ ਦਾ ਪੈਰ ਛੇਤੀ ਹੀ ਮੌਤ ਦੀ ਫਾਹੀ ਵਿਚ ਆ ਜਾਂਦਾ ਹੈ (ਭਾਵ, ਮੌਤ ਆ ਦਬੋਚਦੀ ਹੈ) ॥੧॥
(ਹੇ ਪ੍ਰਭੂ!) ਅਸਾਡੇ ਕਈ ਖੋਟੇ ਕਰਮ ਤੇ ਖੋਟੇ ਕਰਮਾਂ ਦਾ ਮੋਹ ਤੈਥੋਂ ਲੁਕਿਆ ਹੋਇਆ ਨਹੀਂ।
ਹੇ ਨਾਨਕ! ਪ੍ਰਭੂ ਮੇਰੇ ਮਨ ਵਿਚ ਸੱਚਾ ਮਿੱਤਰ ਹੈ ਜੋ ਮੇਰੇ ਖੋਟੇ ਕਰਮਾਂ ਤੇ ਪਰਦਾ ਪਾ ਰੱਖਦਾ ਹੈ (ਭਾਵ, ਨਸ਼ਰ ਨਹੀਂ ਹੋਣ ਦੇਂਦਾ) ॥੨॥
ਹੇ ਦਇਆ ਦੇ ਘਰ ਪ੍ਰਭੂ! ਮੈਂ ਤੈਥੋਂ (ਇਹ) ਮੰਗਦਾ ਹਾਂ (ਕਿ ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ;
ਤੇਰਾ ਨਾਮ ਉਚਾਰਿਆਂ ਹੀ ਮੈਂ ਜੀਊਂਦਾ ਹਾਂ, (ਤੇ, ਮਾਨੋ,) ਨੌ ਖ਼ਜ਼ਾਨੇ ਤੇ (ਧਰਤੀ ਦਾ) ਰਾਜ ਪਾ ਲੈਂਦਾ ਹਾਂ,
ਇਹ ਅੰਮ੍ਰਿਤ-ਨਾਮ ਰੂਪ ਖ਼ਜ਼ਾਨਾ ਤੇਰੇ ਸੇਵਕਾਂ ਦੇ ਘਰ ਵਿਚ ਬਹੁਤ ਹੈ;
ਜਦੋਂ ਮੈਂ ਉਹਨਾਂ ਦੀ ਸੰਗਤ ਵਿਚ (ਬੈਠ ਕੇ, ਆਪਣੇ) ਕੰਨਾਂ ਨਾਲ (ਤੇਰਾ) ਜਸ ਸੁਣਦਾ ਹਾਂ, ਮੈਂ ਨਿਹਾਲ ਹੋ ਜਾਂਦਾ ਹਾਂ।
(ਜਿਉਂ ਜਿਉਂ) ਮੈਂ ਉਹਨਾਂ ਦੀ ਸੇਵਾ ਕਰਦਾ ਹਾਂ, (ਮੇਰਾ) ਸਰੀਰ ਪਵਿਤ੍ਰ ਹੁੰਦਾ ਹੈ,
(ਉਹਨਾਂ ਨੂੰ) ਪੱਖਾ ਝੱਲ ਕੇ, (ਉਹਨਾਂ ਲਈ) ਪਾਣੀ ਢੋ ਕੇ, (ਚੱਕੀ) ਪੀਹ ਕੇ, (ਤੇ ਉਹਨਾਂ ਦੇ) ਪੈਰ ਧੋ ਕੇ ਮੈਂ ਖ਼ੁਸ਼ ਹੁੰਦਾ ਹਾਂ।
ਪਰ, ਹੇ ਪ੍ਰਭੂ! ਮੈਥੋਂ ਆਪਣੇ ਆਪ ਤੋਂ ਕੁਝ ਨਹੀਂ ਹੋ ਸਕਦਾ, ਤੂੰ ਹੀ ਮੇਰੇ ਵਲ ਮੇਹਰ ਦੀ ਨਜ਼ਰ ਨਾਲ ਤੱਕ,
ਤੇ ਮੈਨੂੰ ਗੁਣ-ਹੀਨ ਨੂੰ ਸੰਤਾਂ ਦੀ ਸੰਗਤ ਵਿਚ ਥਾਂ ਦੇਹ ॥੩॥
ਹੇ ਸੱਜਣ! ਮੈਂ ਸਦਾ ਤੇਰੇ ਪੈਰਾਂ ਦੀ ਖ਼ਾਕ ਹੋਇਆ ਰਹਾਂ,
ਨਾਨਕ ਅਰਦਾਸਦਾ ਹੈ ਕਿ ਮੈਂ ਤੇਰੀ ਸਰਨ ਪਿਆ ਰਹਾਂ ਅਤੇ ਤੈਨੂੰ ਹੀ ਆਪਣੇ ਅੰਗ-ਸੰਗ ਵੇਖਾਂ ॥੧॥
(ਵਿਕਾਰਾਂ ਵਿਚ) ਡਿੱਗੇ ਹੋਏ ਭੀ ਬੇਅੰਤ ਜੀਵ ਪਵਿਤ੍ਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਲੱਗ ਜਾਏ,
ਪ੍ਰਭੂ ਦਾ ਨਾਮ ਹੀ ਅਠਾਹਠ ਤੀਰਥ ਹੈ, ਪਰ, ਹੇ ਨਾਨਕ! (ਇਹ ਉਸ ਨੂੰ ਮਿਲਦਾ ਹੈ) ਜਿਸ ਦੇ ਮੱਥੇ ਤੇ ਭਾਗ (ਲਿਖੇ) ਹਨ ॥੨॥
ਪਾਲਣਹਾਰ ਪ੍ਰਭੂ ਦਾ ਨਾਮ ਰੋਜ਼ ਸਾਹ ਲੈਂਦਿਆਂ ਤੇ ਖਾਂਦਿਆਂ ਹਰ ਵੇਲੇ ਜਪਣਾ ਚਾਹੀਦਾ ਹੈ,
ਉਹ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਕਰਦਾ ਹੈ ਉਸ ਨੂੰ (ਆਪਣੇ ਮਨੋਂ) ਭੁਲਾਂਦਾ ਨਹੀਂ,
ਉਹ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਮਾਰਦਾ ਹੈ,