ਉਸ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ ਜੋ ਤੇਰੀ ਸਿਫ਼ਤ-ਸਾਲਾਹ ਕਰਦਾ ਹੈ ਤੇ ਜਿਸ ਉਤੇ ਮਾਇਆ-ਰਹਿਤ ਪ੍ਰਭੂ ਦੀ ਕਿਰਪਾ ਹੁੰਦੀ ਹੈ।
(ਸਮਝੋ) ਉਹੀ ਸ਼ਾਹੂਕਾਰ ਹੈ ਤੇ ਸੱਚਾ ਵਣਜਾਰਾ ਹੈ ਜਿਸ ਨੇ ਤੇਰਾ ਨਾਮ (ਰੂਪ) ਧਨ ਵੱਖਰ ਲਦਿਆ ਹੈ।
ਹੇ ਸੰਤ ਜਨੋ! ਸਾਰੇ ਉਸੇ ਦੀ ਸਿਫ਼ਤ-ਸਾਲਾਹ ਕਰੋ ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦਾ ਟਿੱਬਾ (ਮਨ ਵਿਚੋਂ) ਢਾਹ ਕੇ ਕੱਢ ਦਿੱਤਾ ਹੈ ॥੧੬॥
ਹੇ ਕਬੀਰ! (ਉਂਞ ਤਾਂ) ਮਰਦਾ ਮਰਦਾ ਸਾਰਾ ਸੰਸਾਰ ਮਰ ਹੀ ਰਿਹਾ ਹੈ, ਪਰ ਕਿਸੇ ਨੇ ਵੀ (ਸੱਚੇ) ਮਰਨ ਦੀ ਜਾਚ ਨਹੀਂ ਸਿੱਖੀ।
ਜੋ ਮਨੁੱਖ ਇਸ ਤਰ੍ਹਾਂ ਦੀ ਸੱਚੀ ਮੌਤ ਮਰਦਾ ਹੈ, ਉਸ ਨੂੰ ਫਿਰ ਮਰਨਾ ਨਹੀਂ ਪੈਂਦਾ ॥੧॥
ਮੈਨੂੰ ਤਾਂ ਇਹ ਪਤਾ ਨਹੀਂ ਕਿ (ਸੱਚਾ) ਮਰਨਾ ਕੀਹ ਹੁੰਦਾ ਹੈ ਤੇ ਸਾਨੂੰ ਕਿਵੇਂ ਮਰਨਾ ਚਾਹੀਦਾ ਹੈ,
ਜੇ ਮਾਲਕ ਮਨੋਂ ਨਾ ਵਿਸਾਰਿਆ ਜਾਏ, ਤਾਂ ਸੁਖੱਲਾ ਮਰਨਾ ਹੁੰਦਾ ਹੈ (ਭਾਵ, ਮਨੁੱਖ ਸੌਖਾ ਹੀ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ)।
ਮਰਨ ਤੋਂ ਸਾਰਾ ਸੰਸਾਰ ਡਰਦਾ ਹੈ ਤੇ ਹਰ ਕੋਈ ਜੀਊਣਾ ਚਾਹੁੰਦਾ ਹੈ।
ਗੁਰੂ ਦੀ ਕਿਰਪਾ ਨਾਲ ਜੋ ਮਨੁੱਖ ਜੀਊਂਦਾ ਹੀ ਮਰਦਾ ਹੈ (ਭਾਵ, ਹਉਮੇ ਮਾਰ ਦੇਂਦਾ ਹੈ), ਉਹ ਹਰੀ ਦੀ ਰਜ਼ਾ ਨੂੰ ਸਮਝਦਾ ਹੈ।
ਹੇ ਨਾਨਕ! ਇਸ ਤਰ੍ਹਾਂ ਦੀ ਮੌਤ ਜੋ ਮਰਦਾ ਹੈ, (ਭਾਵ, ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ) ਉਸ ਨੂੰ ਅਟੱਲ ਜੀਵਨ ਮਿਲ ਜਾਂਦਾ ਹੈ ॥੨॥
ਜਦੋਂ ਹਰੀ ਸੁਆਮੀ ਆਪ ਮੇਹਰਵਾਨ ਹੁੰਦਾ ਹੈ ਤਾਂ ਆਪਣਾ ਨਾਮ (ਜੀਵਾਂ ਪਾਸੋਂ) ਆਪ ਜਪਾਉਂਦਾ ਹੈ।
ਆਪਣਾ ਸੇਵਕ ਹਰੀ ਨੂੰ ਪਿਆਰਾ ਲੱਗਦਾ ਹੈ, ਉਸ ਨੂੰ ਆਪ ਹੀ ਸਤਿਗੁਰੂ ਮਿਲਾ ਕੇ ਸੁਖ ਬਖ਼ਸ਼ਦਾ ਹੈ।
ਪ੍ਰਭੂ ਆਪਣੇ ਸੇਵਕਾਂ ਦੀ ਆਪ ਲਾਜ ਰੱਖਦਾ ਹੈ ਤੇ ਆਪਣੇ ਭਗਤਾਂ ਦੀ ਚਰਨੀਂ ਲਿਆ ਪਾਂਦਾ ਹੈ।
ਧਰਮ ਰਾਜ ਭੀ ਜੋ ਪ੍ਰਭੂ ਦਾ ਹੀ ਬਣਾਇਆ ਹੋਇਆ ਹੈ ਤੇ ਉਹ ਪ੍ਰਭੂ ਦੇ ਸੇਵਕ ਦੇ ਨੇੜੇ ਨਹੀਂ ਆਉਂਦਾ।
ਜੋ ਮਨੁੱਖ ਪ੍ਰਭੂ ਦਾ ਪਿਆਰਾ ਹੈ ਉਹ ਸਭ ਦਾ ਪਿਆਰਾ ਹੈ ਤੇ ਹੋਰ ਬਥੇਰੀ ਸ੍ਰਿਸ਼ਟੀ ਖਪ ਖਪ ਕੇ ਜੰਮਦੀ ਮਰਦੀ ਹੈ ॥੧੭॥
ਸਾਰਾ ਸੰਸਾਰ 'ਰਾਮ, ਰਾਮ' ਆਖਦਾ ਫਿਰਦਾ ਹੈ ਪਰ ਇਸ ਤਰ੍ਹਾਂ 'ਰਾਮ' (ਪ੍ਰਭੂ) ਲੱਭਿਆ ਨਹੀਂ ਜਾਂਦਾ।
ਪ੍ਰਭੂ ਅਪਹੁੰਚ ਹੈ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੜਾ ਵੱਡਾ ਹੈ ਅਤੁੱਲ ਹੈ ਤੇ ਤੋਲਿਆ ਨਹੀਂ ਜਾ ਸਕਦਾ।
ਕਿਸੇ ਨੇ ਉਸ ਦੀ ਕੀਮਤ ਨਹੀਂ ਪਾਈ ਤੇ ਕਿਸੇ ਥਾਂ ਤੋਂ (ਮੁੱਲ ਦੇ ਕੇ) ਲਿਆ ਭੀ ਨਹੀਂ ਜਾਂਦਾ।
(ਪਰ) ਜੇ ਗੁਰੂ ਦੇ ਸ਼ਬਦ ਨਾਲ (ਮਨ) ਵਿੰਨ੍ਹਿਆ ਜਾਏ ਤਾਂ ਇਸ ਤਰ੍ਹਾਂ ਪ੍ਰਭੂ ਮਨ ਵਿਚ ਆ ਵੱਸਦਾ ਹੈ।
ਹੇ ਨਾਨਕ! ਪ੍ਰਭੂ ਆਪ ਤਾਂ ਮਿਣਤੀ ਤੋਂ ਪਰੇ ਹੈ, ਪਰ ਸਤਿਗੁਰੂ ਦੀ ਕਿਰਪਾ ਨਾਲ (ਸਮਝ ਪੈਂਦੀ ਹੈ ਕਿ ਉਹ ਸ੍ਰਿਸ਼ਟੀ ਵਿਚ) ਵਿਆਪਕ ਹੈ।
ਪ੍ਰਭੂ ਆਪ ਹੀ ਹਰ ਥਾਂ ਮਿਲਿਆ ਹੋਇਆ ਹੈ ਤੇ ਆਪ ਹੀ ਆ ਕੇ (ਜੀਵ ਨੂੰ) ਪਰਗਟ ਹੁੰਦਾ ਹੈ ॥੧॥
ਹੇ ਮਨ! ਐਸਾ ਧਨ ਕੇਵਲ 'ਨਾਮ' ਹੀ ਹੈ, ਜਿਸ ਨਾਲ ਸਦਾ ਲਈ ਸੁਖ ਮਿਲਦਾ ਹੈ।
ਏਹ ਧਨ ਕਦੀ ਨਹੀਂ ਘਟਦਾ, ਇਸ ਦਾ ਸਦਾ ਲਾਭ ਹੀ ਲਾਭ ਹੈ।
ਖਾਣ ਨਾਲ ਤੇ ਖ਼ਰਚਣ ਨਾਲ ਭੀ ਇਸ ਦੀ ਘਾਟ ਨਹੀਂ ਪੈਂਦੀ, (ਕਿਉਂਕਿ) ਉਹ ਪ੍ਰਭੂ ਸਦਾ ਹੀ (ਇਹ ਧਨ) ਦੇਈ ਜਾਂਦਾ ਹੈ।
ਕਦੇ (ਇਸ ਧਨ ਸੰਬੰਧੀ) ਕੋਈ ਚਿੰਤਾ ਨਹੀਂ ਹੁੰਦੀ ਤੇ (ਅੱਗੇ ਦਰਗਾਹ ਵਿਚ) ਸ਼ਰਮਿੰਦਗੀ ਨਹੀਂ ਉਠਾਣੀ ਪੈਂਦੀ।
ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਸਤਿਗੁਰੂ ਦੇ ਸਨਮੁਖ ਹੋਇਆਂ ਹੀ (ਇਹ ਧਨ) ਲੱਭਦਾ ਹੈ ॥੨॥
ਪ੍ਰਭੂ ਆਪ ਹੀ ਸਾਰੇ ਸਰੀਰਾਂ ਦੇ ਵਿਚ ਹੈ ਤੇ ਆਪ ਹੀ ਸਭ ਤੋਂ ਵੱਖਰਾ ਹੈ,
ਆਪ ਹੀ (ਸਭ ਵਿਚ) ਲੁਕਿਆ ਹੋਇਆ ਹੈ ਤੇ ਆਪੇ ਪ੍ਰਤੱਖ ਹੁੰਦਾ ਹੈ।
ਯੱਤੀ ਜੁਗਾਂ ਤਕ ਉਸ ਨੇ ਘੁੱਪ ਹਨੇਰਾ ਪੈਦਾ ਕਰ ਕੇ ਆਪ ਸੁੰਨ (ਅਫੁਰ) ਹਾਲਤ ਵਿਚ ਪਰਵੇਸ਼ ਕੀਤਾ।
ਉਸ ਵੇਲੇ ਕੋਈ ਵੇਦ ਪੁਰਾਨ ਜਾਂ ਸ਼ਾਸਤ੍ਰ ਨਹੀਂ ਸੀ, ਕੇਵਲ ਪ੍ਰਭੂ ਆਪ ਹੀ ਆਪ ਸੀ।
(ਫਿਰ ਰਚਨਾ ਨੂੰ ਰਚ ਕੇ ਵੀ) ਪ੍ਰਭੂ ਸਭ ਤੋਂ ਵੱਖਰਾ ਸਮਾਧੀ ਲਾ ਕੇ ਬੈਠਾ ਹੋਇਆ ਹੈ (ਭਾਵ, ਮਾਇਆ ਦੀ ਰਚਨਾ ਰਚ ਕੇ ਭੀ ਇਸ ਮਾਇਆ ਦੇ ਪ੍ਰਭਾਵ ਤੋਂ ਆਪ ਨਿਰਲੇਪ ਹੈ)।
ਪ੍ਰਭੂ ਆਪ ਹੀ (ਮਾਨੋ) ਡੂੰਘਾ ਸਮੁੰਦਰ ਹੈ ਤੇ ਇਹ ਗੱਲ ਉਹ ਆਪ ਹੀ ਜਾਣਦਾ ਹੈ ਕਿ ਉਹ ਕਿਤਨਾ ਵੱਡਾ ਹੈ ॥੧੮॥
ਸੰਸਾਰ ਹਉਮੈ ਵਿਚ ਮੁਇਆ ਪਿਆ ਹੈ, ਨਿੱਤ (ਹਿਠਾਂ ਹਿਠਾਂ) ਪਿਆ ਗਰਕਦਾ ਹੀ ਹੈ।