ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 247


ਮਾਇਆ ਬੰਧਨ ਟਿਕੈ ਨਾਹੀ ਖਿਨੁ ਖਿਨੁ ਦੁਖੁ ਸੰਤਾਏ ॥

ਮਾਇਆ ਦੇ (ਮੋਹ ਦੇ) ਬੰਧਨਾਂ ਦੇ ਕਾਰਨ ਮਨੁੱਖ ਦਾ ਮਨ (ਇੱਕ ਥਾਂ) ਟਿਕਦਾ ਨਹੀਂ, (ਹਰੇਕ ਕਿਸਮ ਦਾ) ਦੁੱਖ ਇਸ ਨੂੰ ਹਰ ਵੇਲੇ ਕਲੇਸ਼ ਦੇਂਦਾ ਹੈ।

ਨਾਨਕ ਮਾਇਆ ਕਾ ਦੁਖੁ ਤਦੇ ਚੂਕੈ ਜਾ ਗੁਰਸਬਦੀ ਚਿਤੁ ਲਾਏ ॥੩॥

ਹੇ ਨਾਨਕ! ਮਾਇਆ ਦੇ ਮੋਹ ਤੋਂ ਪੈਦਾ ਹੋਇਆ ਦੁੱਖ ਤਦੋਂ ਹੀ ਮੁੱਕਦਾ ਹੈ ਜਦੋਂ ਮਨੁੱਖ ਗੁਰੂ ਦੇ ਸ਼ਬਦ ਵਿਚ ਆਪਣਾ ਚਿੱਤ ਜੋੜਦਾ ਹੈ ॥੩॥

ਮਨਮੁਖ ਮੁਗਧ ਗਾਵਾਰੁ ਪਿਰਾ ਜੀਉ ਸਬਦੁ ਮਨਿ ਨ ਵਸਾਏ ॥

ਹੇ ਪਿਆਰੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੂਰਖ ਤੇ ਉਜੱਡ ਹੀ ਰਹਿੰਦਾ ਹੈ, ਉਹ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਨਹੀਂ ਵਸਾਂਦਾ।

ਮਾਇਆ ਕਾ ਭ੍ਰਮੁ ਅੰਧੁ ਪਿਰਾ ਜੀਉ ਹਰਿ ਮਾਰਗੁ ਕਿਉ ਪਾਏ ॥

ਹੇ ਜਿੰਦੇ! ਮਾਇਆ (ਦੇ ਮੋਹ) ਦਾ ਚੱਕਰ ਉਸ ਨੂੰ (ਸਹੀ ਜੀਵਨ-ਰਾਹ ਵਲੋਂ) ਅੰਨ੍ਹਾ ਕਰ ਦੇਂਦਾ ਹੈ (ਇਸ ਵਾਸਤੇ ਉਹ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਲੱਭ ਨਹੀਂ ਸਕਦਾ।

ਕਿਉ ਮਾਰਗੁ ਪਾਏ ਬਿਨੁ ਸਤਿਗੁਰ ਭਾਏ ਮਨਮੁਖਿ ਆਪੁ ਗਣਾਏ ॥

ਗੁਰੂ ਦੀ ਮਰਜ਼ੀ ਅਨੁਸਾਰ ਤੁਰਨ ਤੋਂ ਬਿਨਾ ਮਨੁੱਖ ਹਰੀ ਦੇ ਮਿਲਾਪ ਦਾ ਰਸਤਾ ਲੱਭ ਨਹੀਂ ਸਕਦਾ (ਕਿਉਂਕਿ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਆਪਣੇ ਆਪ ਨੂੰ ਵੱਡਾ ਪਰਗਟ ਕਰਦਾ ਹੈ (ਤੇ ਉਸ ਦੇ ਅੰਦਰ ਸੇਵਕ ਵਾਲੀ ਨਿਮ੍ਰਤਾ ਆ ਨਹੀਂ ਸਕਦੀ)।

ਹਰਿ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤੁ ਲਾਏ ॥

(ਦੂਜੇ ਪਾਸੇ,) ਪਰਮਾਤਮਾ ਦੇ ਸੇਵਕ-ਭਗਤ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਸਦਾ ਸੁੱਖੀ ਰਹਿੰਦੇ ਹਨ।

ਜਿਸ ਨੋ ਹਰਿ ਜੀਉ ਕਰੇ ਕਿਰਪਾ ਸਦਾ ਹਰਿ ਕੇ ਗੁਣ ਗਾਏ ॥

(ਪਰ, ਹੇ ਜਿੰਦੇ! ਕਿਸੇ ਦੇ ਵੱਸ ਦੀ ਗੱਲ ਨਹੀਂ) ਜਿਸ ਮਨੁੱਖ ਉਤੇ ਪਰਮਾਤਮਾ ਆਪ ਦਇਆ ਕਰਦਾ ਹੈ, ਉਹੀ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ।

ਨਾਨਕ ਨਾਮੁ ਰਤਨੁ ਜਗਿ ਲਾਹਾ ਗੁਰਮੁਖਿ ਆਪਿ ਬੁਝਾਏ ॥੪॥੫॥੭॥

ਹੇ ਨਾਨਕ! ਪਰਮਾਤਮਾ ਦਾ ਨਾਮ ਹੀ ਜਗਤ ਵਿਚ (ਅਸਲ) ਖੱਟੀ ਹੈ, ਇਸ ਗੱਲ ਦੀ ਸੂਝ ਪਰਮਾਤਮਾ ਆਪ ਹੀ (ਮਨੁੱਖ ਨੂੰ) ਗੁਰੂ ਦੀ ਸਰਨ ਪਾ ਕੇ ਦੇਂਦਾ ਹੈ ॥੪॥੫॥

ਰਾਗੁ ਗਉੜੀ ਛੰਤ ਮਹਲਾ ੫ ॥

ਰਾਗ ਗਉੜੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮੇਰੈ ਮਨਿ ਬੈਰਾਗੁ ਭਇਆ ਜੀਉ ਕਿਉ ਦੇਖਾ ਪ੍ਰਭ ਦਾਤੇ ॥

ਹੇ ਦਾਤਾਰ! (ਤੇਰੇ ਦਰਸਨ ਤੋਂ ਬਿਨਾ) ਮੇਰੇ ਮਨ ਵਿਚ ਕਾਹਲੀ ਪੈ ਰਹੀ ਹੈ, (ਦੱਸ) ਮੈਂ ਤੈਨੂੰ ਕਿਵੇਂ ਵੇਖਾਂ?

ਮੇਰੇ ਮੀਤ ਸਖਾ ਹਰਿ ਜੀਉ ਗੁਰ ਪੁਰਖ ਬਿਧਾਤੇ ॥

ਹੇ ਪ੍ਰਭੂ! ਹੇ ਮੇਰੇ ਮਿੱਤਰ! ਹੇ ਮੇਰੇ ਸਾਥੀ! ਹੇ ਹਰੀ! ਹੇ ਸਭ ਤੋਂ ਵੱਡੇ! ਹੇ ਸਰਬ-ਵਿਆਪਕ! ਹੇ ਸਿਰਜਣਹਾਰ ਜੀਉ!

ਪੁਰਖੋ ਬਿਧਾਤਾ ਏਕੁ ਸ੍ਰੀਧਰੁ ਕਿਉ ਮਿਲਹ ਤੁਝੈ ਉਡੀਣੀਆ ॥

ਤੂੰ ਸਰਬ-ਵਿਆਪਕ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਤੂੰ ਹੀ ਲੱਛਮੀ-ਪਤੀ ਹੈਂ (ਤੈਥੋਂ ਵਿੱਛੁੜ ਕੇ) ਅਸੀਂ ਵਿਆਕੁਲ ਹੋ ਰਹੀਆਂ ਹਾਂ, (ਦੱਸ,) ਅਸੀਂ ਤੈਨੂੰ ਕਿਵੇਂ ਮਿਲੀਏ?

ਕਰ ਕਰਹਿ ਸੇਵਾ ਸੀਸੁ ਚਰਣੀ ਮਨਿ ਆਸ ਦਰਸ ਨਿਮਾਣੀਆ ॥

(ਹੇ ਜਿੰਦੇ! ਜੇਹੜੀਆਂ ਜੀਵ-ਇਸਤ੍ਰੀਆਂ) ਮਾਣ ਛੱਡ ਕੇ (ਆਪਣੇ) ਹੱਥਾਂ ਨਾਲ ਸੇਵਾ ਕਰਦੀਆਂ ਹਨ, (ਆਪਣਾ) ਸਿਰ (ਗੁਰੂ ਦੇ) ਚਰਨਾਂ ਉਤੇ ਰੱਖਦੀਆਂ ਹਨ, ਤੇ (ਆਪਣੇ) ਮਨ ਵਿਚ (ਪ੍ਰਭੂ ਦੇ) ਦਰਸਨ ਦੀ ਆਸ ਧਰਦੀਆਂ ਹਨ,

ਸਾਸਿ ਸਾਸਿ ਨ ਘੜੀ ਵਿਸਰੈ ਪਲੁ ਮੂਰਤੁ ਦਿਨੁ ਰਾਤੇ ॥

ਉਹਨਾਂ ਨੂੰ ਹਰੇਕ ਸਾਹ ਦੇ ਨਾਲ (ਉਹ ਚੇਤੇ ਰਹਿੰਦਾ ਹੈ) ਉਹਨਾਂ ਨੂੰ ਦਿਨ ਰਾਤ (ਕਿਸੇ ਭੀ ਵੇਲੇ) ਇਕ ਘੜੀ ਭਰ, ਇਕ ਪਲ ਭਰ, ਇਕ ਮੁਹੂਰਤ ਭਰ ਉਹ ਪ੍ਰਭੂ ਨਹੀਂ ਭੁੱਲਦਾ।

ਨਾਨਕ ਸਾਰਿੰਗ ਜਿਉ ਪਿਆਸੇ ਕਿਉ ਮਿਲੀਐ ਪ੍ਰਭ ਦਾਤੇ ॥੧॥

ਹੇ ਨਾਨਕ! (ਆਖ-) ਹੇ ਦਾਤਾਰ ਪ੍ਰਭੂ! (ਅਸੀਂ ਜੀਵ ਤੈਥੋਂ ਬਿਨਾ) ਤਿਹਾਏ ਪਪੀਹੇ ਵਾਂਗ (ਤੜਪ ਰਹੇ) ਹਾਂ, (ਦੱਸ) ਤੈਨੂੰ ਕਿਵੇਂ ਮਿਲੀਏ? ॥੧॥

ਇਕ ਬਿਨਉ ਕਰਉ ਜੀਉ ਸੁਣਿ ਕੰਤ ਪਿਆਰੇ ॥

ਹੇ ਪਿਆਰੇ ਕੰਤ ਜੀਉ! ਸੁਣ, ਮੈਂ ਇਕ ਬੇਨਤੀ ਕਰਦੀ ਹਾਂ।

ਮੇਰਾ ਮਨੁ ਤਨੁ ਮੋਹਿ ਲੀਆ ਜੀਉ ਦੇਖਿ ਚਲਤ ਤੁਮਾਰੇ ॥

ਤੇਰੇ ਕੌਤਕ-ਤਮਾਸ਼ੇ ਵੇਖ ਵੇਖ ਕੇ ਮੈਂ ਠੱਗੀ ਗਈ ਹਾਂ।

ਚਲਤਾ ਤੁਮਾਰੇ ਦੇਖਿ ਮੋਹੀ ਉਦਾਸ ਧਨ ਕਿਉ ਧੀਰਏ ॥

(ਤੇਰੇ ਕੌਤਕ-ਤਮਾਸ਼ਿਆਂ ਨੇ) ਮੇਰਾ ਮਨ ਮੋਹ ਲਿਆ ਹੈ ਮੇਰਾ ਤਨ (ਹਰੇਕ ਇੰਦ੍ਰਾ) ਮੋਹ ਲਿਆ ਹੈ। (ਪਰ ਹੁਣ ਇਹ) ਜੀਵ-ਇਸਤ੍ਰੀ (ਇਹਨਾਂ ਕੌਤਕ-ਤਮਾਸ਼ਿਆਂ ਤੋਂ) ਉਦਾਸ ਹੋ ਗਈ ਹੈ, (ਤੇਰੇ ਮਿਲਾਪ ਤੋਂ ਬਿਨਾ ਇਸ ਨੂੰ) ਧੀਰਜ ਨਹੀਂ ਆਉਂਦੀ।

ਗੁਣਵੰਤ ਨਾਹ ਦਇਆਲੁ ਬਾਲਾ ਸਰਬ ਗੁਣ ਭਰਪੂਰਏ ॥

ਹੇ ਸਭ ਗੁਣਾਂ ਦੇ ਮਾਲਕ ਖਸਮ! ਤੂੰ ਦਇਆ ਦਾ ਘਰ ਹੈਂ, ਤੂੰ ਸਦਾ-ਜਵਾਨ ਹੈਂ, ਤੂੰ ਸਾਰੇ ਗੁਣਾਂ ਨਾਲ ਭਰਪੂਰ ਹੈਂ।

ਪਿਰ ਦੋਸੁ ਨਾਹੀ ਸੁਖਹ ਦਾਤੇ ਹਉ ਵਿਛੁੜੀ ਬੁਰਿਆਰੇ ॥

ਹੇ ਸਾਰੇ ਸੁਖਾਂ ਦੇ ਦਾਤੇ ਪਤੀ! (ਤੇਰੇ ਵਿਚ ਕੋਈ) ਦੋਸ ਨਹੀਂ, ਮੈਂ ਮੰਦ-ਕਰਮਣ ਆਪ ਹੀ ਤੈਥੋਂ ਵਿੱਛੁੜੀ ਹੋਈ ਹਾਂ।

ਬਿਨਵੰਤਿ ਨਾਨਕ ਦਇਆ ਧਾਰਹੁ ਘਰਿ ਆਵਹੁ ਨਾਹ ਪਿਆਰੇ ॥੨॥

ਹੇ ਨਾਨਕ! (ਆਖ-) ਹੇ ਪਿਆਰੇ ਪਤੀ! (ਇਹ ਜੀਵ-ਇਸਤ੍ਰੀ) ਬੇਨਤੀ ਕਰਦੀ ਹੈ, ਤੂੰ ਮਿਹਰ ਕਰ ਤੇ ਇਸ ਦੇ ਹਿਰਦੇ-ਘਰ ਵਿਚ ਆ ਵੱਸ ॥੨॥

ਹਉ ਮਨੁ ਅਰਪੀ ਸਭੁ ਤਨੁ ਅਰਪੀ ਅਰਪੀ ਸਭਿ ਦੇਸਾ ॥

ਮੈਂ ਉਸ ਮਿੱਤਰ ਪਿਆਰੇ ਨੂੰ ਆਪਣਾ ਮਨ ਭੇਟ ਕਰ ਦਿਆਂ, ਆਪਣਾ ਸਰੀਰ (ਹਿਰਦਾ) ਭੇਟ ਕਰ ਦਿਆਂ, (ਇਹ) ਸਾਰੇ ਦੇਸ਼ (ਗਿਆਨ-ਇੰਦ੍ਰੇ) ਵਾਰਨੇ ਕਰ ਦਿਆਂ,

ਹਉ ਸਿਰੁ ਅਰਪੀ ਤਿਸੁ ਮੀਤ ਪਿਆਰੇ ਜੋ ਪ੍ਰਭ ਦੇਇ ਸਦੇਸਾ ॥

ਆਪਣਾ ਸਿਰ ਉਸ ਦੇ ਹਵਾਲੇ ਕਰ ਦਿਆਂ, ਜੇਹੜਾ ਮੈਨੂੰ ਪ੍ਰਭੂ ਨਾਲ ਮਿਲਾਪ ਕਰਾਣ ਵਾਲਾ ਸੁਨੇਹਾ ਦੇਵੇ।

ਅਰਪਿਆ ਤ ਸੀਸੁ ਸੁਥਾਨਿ ਗੁਰ ਪਹਿ ਸੰਗਿ ਪ੍ਰਭੂ ਦਿਖਾਇਆ ॥

(ਜਿਸ ਜੀਵ-ਇਸਤ੍ਰੀ ਨੇ) ਸਾਧ ਸੰਗਤਿ ਦੀ ਬਰਕਤਿ ਨਾਲ ਆਪਣਾ ਸਿਰ ਗੁਰੂ ਦੇ ਹਵਾਲੇ ਕਰ ਦਿੱਤਾ, ਗੁਰੂ ਨੇ ਉਸ ਨੂੰ ਹਿਰਦੇ ਵਿਚ ਹੀ ਵੱਸਦਾ ਪਰਮਾਤਮਾ ਵਿਖਾਲ ਦਿੱਤਾ;

ਖਿਨ ਮਾਹਿ ਸਗਲਾ ਦੂਖੁ ਮਿਟਿਆ ਮਨਹੁ ਚਿੰਦਿਆ ਪਾਇਆ ॥

ਇਕ ਖਿਨ ਵਿਚ ਹੀ ਉਸ ਜੀਵ-ਇਸਤ੍ਰੀ ਦਾ ਸਾਰਾ ਹੀ (ਪ੍ਰਭੂ ਤੋਂ ਵਿਛੋੜੇ ਦਾ) ਦੁਖ ਦੂਰ ਹੋ ਗਿਆ, (ਕਿਉਂਕਿ) ਉਸ ਨੂੰ ਮਨ ਦੀ ਮੁਰਾਦ ਮਿਲ ਗਈ।

ਦਿਨੁ ਰੈਣਿ ਰਲੀਆ ਕਰੈ ਕਾਮਣਿ ਮਿਟੇ ਸਗਲ ਅੰਦੇਸਾ ॥

ਉਹ ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਵਿਚ ਜੁੜ ਕੇ) ਦਿਨ ਰਾਤ ਆਤਮਕ ਆਨੰਦ ਮਾਣਦੀ ਹੈ, ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ।

ਬਿਨਵੰਤਿ ਨਾਨਕੁ ਕੰਤੁ ਮਿਲਿਆ ਲੋੜਤੇ ਹਮ ਜੈਸਾ ॥੩॥

ਨਾਨਕ ਬੇਨਤੀ ਕਰਦਾ ਹੈ-(ਜੇਹੜੀ ਜੀਵ-ਇਸਤ੍ਰੀ ਸਾਧ ਸੰਗਤਿ ਦਾ ਆਸਰਾ ਲੈ ਕੇ ਆਪਣਾ ਆਪ ਗੁਰੂ ਦੇ ਹਵਾਲੇ ਕਰਦੀ ਹੈ ਉਸ ਨੂੰ) ਖਸਮ-ਪ੍ਰਭੂ ਮਿਲ ਪੈਂਦਾ ਹੈ ਤੇ ਉਹ ਖਸਮ-ਪ੍ਰਭੂ ਐਸਾ ਹੈ, ਜਿਹੋ ਜਿਹਾ ਅਸੀਂ ਸਾਰੇ ਜੀਵ (ਸਦਾ) ਢੂੰਡਦੇ ਰਹਿੰਦੇ ਹਾਂ, (ਉਹੀ ਹੈ ਜਿਸ ਨੂੰ ਅਸੀਂ ਸਾਰੇ ਮਿਲਣਾ ਲੋੜਦੇ ਹਾਂ) ॥੩॥

ਮੇਰੈ ਮਨਿ ਅਨਦੁ ਭਇਆ ਜੀਉ ਵਜੀ ਵਾਧਾਈ ॥

ਹੇ ਸਹੇਲੀਏ! (ਜਦੋਂ ਦਾ) ਮੇਰੇ ਹਿਰਦੇ-ਘਰ ਵਿਚ ਸੋਹਣਾ ਪਿਆਰਾ ਪ੍ਰਭੂ ਪਤੀ ਆ ਵੱਸਿਆ ਹੈ,

ਘਰਿ ਲਾਲੁ ਆਇਆ ਪਿਆਰਾ ਸਭ ਤਿਖਾ ਬੁਝਾਈ ॥

ਮੇਰੀ ਸਾਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ, ਮੇਰੇ ਮਨ ਵਿਚ (ਹੁਣ) ਚਾਉ ਬਣਿਆ ਰਹਿੰਦਾ ਹੈ, ਮੇਰੇ ਅੰਦਰ ਉਹ ਆਤਮਕ ਹਾਲਤ ਪ੍ਰਬਲ ਬਣੀ ਪਈ ਹੈ ਕਿ ਮੇਰਾ ਦਿਲ ਹੁਲਾਰੇ ਲੈ ਰਿਹਾ ਹੈ।

ਮਿਲਿਆ ਤ ਲਾਲੁ ਗੁਪਾਲੁ ਠਾਕੁਰੁ ਸਖੀ ਮੰਗਲੁ ਗਾਇਆ ॥

(ਜਦੋਂ ਦਾ) ਸੋਹਣਾ ਪਿਆਰਾ ਠਾਕੁਰ ਗੋਪਾਲ ਮੈਨੂੰ ਮਿਲਿਆ ਹੈ, ਮੇਰੀਆਂ ਸਹੇਲੀਆਂ ਨੇ (ਮੇਰੇ ਗਿਆਨ-ਇੰਦ੍ਰਿਆਂ ਨੇ) ਖ਼ੁਸ਼ੀ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ ਹੈ।

ਸਭ ਮੀਤ ਬੰਧਪ ਹਰਖੁ ਉਪਜਿਆ ਦੂਤ ਥਾਉ ਗਵਾਇਆ ॥

ਮੇਰੇ ਇਹਨਾਂ ਮਿੱਤਰਾਂ ਸਨਬੰਧੀਆਂ ਨੂੰ (ਮੇਰੇ ਗਿਆਨ-ਇੰਦ੍ਰਿਆਂ ਨੂੰ) ਚਾਉ ਚੜ੍ਹਿਆ ਰਹਿੰਦਾ ਹੈ, ਤੇ (ਮੇਰੇ ਅੰਦਰੋਂ) ਕਾਮਾਦਿਕ ਵੈਰੀਆਂ ਦਾ ਨਾਮ-ਨਿਸ਼ਾਨ ਮਿਟ ਗਿਆ ਹੈ।

ਅਨਹਤ ਵਾਜੇ ਵਜਹਿ ਘਰ ਮਹਿ ਪਿਰ ਸੰਗਿ ਸੇਜ ਵਿਛਾਈ ॥

ਮੈਂ ਪ੍ਰਭੂ-ਪਤੀ ਨਾਲ ਸੇਜ ਵਿਛਾ ਲਈ ਹੈ, (ਮੈਂ ਆਪਣੇ ਹਿਰਦੇ ਨੂੰ ਪ੍ਰਭੂ ਦੀ ਯਾਦ ਵਿਚ ਜੋੜ ਦਿੱਤਾ ਹੈ), ਹੁਣ ਮੇਰੇ ਹਿਰਦੇ ਵਿਚ ਬਿਨਾ ਵਜਾਏ ਵਾਜੇ ਵੱਜ ਰਹੇ ਹਨ (ਮੇਰੇ ਹਿਰਦੇ ਵਿਚ ਲਗਾਤਾਰ ਉਹ ਹੁਲਾਰਾ ਬਣਿਆ ਰਹਿੰਦਾ ਹੈ ਜੋ ਵੱਜਦੇ ਵਾਜਿਆਂ ਨੂੰ ਸੁਣ ਕੇ ਅਨੁਭਵ ਕਰੀਦਾ ਹੈ)।

ਬਿਨਵੰਤਿ ਨਾਨਕੁ ਸਹਜਿ ਰਹੈ ਹਰਿ ਮਿਲਿਆ ਕੰਤੁ ਸੁਖਦਾਈ ॥੪॥੧॥

ਨਾਨਕ ਬੇਨਤੀ ਕਰਦਾ ਹੈ-ਜਿਸ ਜੀਵ-ਇਸਤ੍ਰੀ ਨੂੰ ਸਾਰੇ ਸੁਖਾਂ ਦਾ ਦਾਤਾ ਪ੍ਰਭੂ-ਪਤੀ ਮਿਲ ਪੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ ॥੪॥੧॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430