ਰਾਗ ਬਿਲਾਵਲੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਸਹੇਲੀਏ! ਆਓ (ਰਲ ਕੇ ਬੈਠੀਏ) ਹੇ ਸਹੇਲੀਏ! ਆਓ ਪ੍ਰਭੂ ਦੀ ਰਜ਼ਾ ਵਿਚ ਤੁਰੀਏ, ਅਤੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵੀਏ।
ਹੇ ਸਹੇਲੀਏ! (ਆਪਣੇ ਅੰਦਰੋਂ) ਅਹੰਕਾਰ ਦੂਰ ਕਰ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ, ਸ਼ਾਇਦ (ਇਸ ਤਰ੍ਹਾਂ) ਅਸੀਂ ਆਪਣੇ ਪ੍ਰੀਤਮ ਪ੍ਰਭੂ-ਪਤੀ ਨੂੰ ਚੰਗੀਆਂ ਲੱਗ ਸਕੀਏ।
ਹੇ ਸਹੇਲੀਏ! (ਆਪਣੇ ਅੰਦਰੋਂ) ਅਹੰਕਾਰ ਦੂਰ ਕਰ, ਮੋਹ ਦੂਰ ਕਰ, ਮਾਇਆ ਦੇ ਪਿਆਰ ਵਾਲਾ ਵਿਕਾਰ ਦੂਰ ਕਰ, ਸਿਰਫ਼ ਨਿਰਲੇਪ ਪ੍ਰਭੂ ਦੀ ਸਰਨ ਪਈ ਰਹੁ।
ਸਾਰੇ ਪਾਪਾਂ ਦੇ ਨਾਸ ਕਰਨ ਵਾਲੇ ਦਇਆ ਦੇ ਸੋਮੇ ਪ੍ਰੀਤਮ ਪ੍ਰਭੂ ਦੇ ਚਰਨਾਂ ਦੀ ਓਟ ਪਕੜੀ ਰੱਖ।
ਹੇ ਸਹੇਲੀਏ! (ਮੇਰੇ ਉੱਤੇ ਭੀ) ਮਿਹਰ ਕਰ, ਮੈਂ (ਪ੍ਰਭੂ ਦੇ) ਦਾਸਾਂ ਦੀ ਦਾਸੀ ਬਣ ਕੇ (ਸਿਫ਼ਤਿ-ਸਾਲਾਹ ਵਲੋਂ) ਉਪਰਾਮਤਾ ਛੱਡ ਕੇ ਮੁੜ ਹੋਰ ਹੋਰ ਪਾਸੇ ਨਾਹ ਭਟਕਦਾ ਫਿਰਾਂ।
ਨਾਨਕ ਬੇਨਤੀ ਕਰਦਾ ਹੈ- (ਤੂੰ ਮਿਹਰ ਕਰੇਂ), ਤਦੋਂ ਹੀ ਮੈਂ (ਭੀ) ਸਿਫ਼ਤਿ-ਸਾਲਾਹ ਦਾ ਗੀਤ ਗਾ ਸਕਾਂਗਾ ॥੧॥
ਹੇ ਭਾਈ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੇਰੇ ਜੀਵਨ ਵਾਸਤੇ ਸਹਾਰਾ ਹੈ ਜਿਵੇਂ ਅੰਨ੍ਹੇ ਨੂੰ ਡੰਗੋਰੀ ਦਾ ਸਹਾਰਾ ਹੁੰਦਾ ਹੈ,
(ਕਿਉਂਕਿ) ਉਹ ਮਨ ਨੂੰ ਫਸਾਣ ਵਾਲੀ ਸੁੰਦਰੀ ਮਾਇਆ ਕਈ ਤਰੀਕਿਆਂ ਨਾਲ (ਜੀਵਾਂ ਨੂੰ) ਤਾੜਦੀ ਰਹਿੰਦੀ ਹੈ (ਤੇ ਆਪਣੇ ਮੋਹ ਵਿਚ ਅੰਨ੍ਹਾ ਕਰ ਲੈਂਦੀ ਹੈ)।
ਹੇ ਭਾਈ! ਕਈ ਰੰਗਾਂ ਵਾਲੀ ਅਤੇ ਮਨ ਨੂੰ ਮੋਹਣ ਵਾਲੀ ਚੰਚਲ ਮਾਇਆ (ਜੀਵਾਂ ਨੂੰ) ਅਨੇਕਾਂ ਨਖ਼ਰੇ ਵਿਖਾਂਦੀ ਰਹਿੰਦੀ ਹੈ।
ਢੀਠ ਬਣ ਕੇ (ਭਾਵ, ਮੁੜ ਮੁੜ ਆਪਣੇ ਹਾਵ-ਭਾਵ ਵਿਖਾ ਕੇ, ਆਖ਼ਰ ਜੀਵਾਂ ਦੇ) ਮਨ ਵਿਚ ਪਿਆਰੀ ਲੱਗਣ ਲੱਗ ਪੈਂਦੀ ਹੈ, (ਇਸ ਮੋਹਣੀ ਮਾਇਆ ਦੇ ਅਸਰ ਹੇਠ ਪਰਮਾਤਮਾ ਦਾ) ਨਾਮ ਜਪਿਆ ਨਹੀਂ ਜਾ ਸਕਦਾ।
ਹੇ ਭਾਈ! ਗ੍ਰਿਹਸਤ ਵਿਚ (ਗ੍ਰਿਹਸਤੀਆਂ ਨੂੰ) ਜੰਗਲਾਂ ਵਿਚ (ਤਿਆਗੀਆਂ ਨੂੰ), ਤੀਰਥਾਂ ਦੇ ਕੰਢੇ (ਤੀਰਥ-ਇਸ਼ਨਾਨੀਆਂ ਨੂੰ), ਵਰਤ (ਰੱਖਣ ਵਾਲਿਆਂ ਨੂੰ) ਦੇਵ-ਪੂਜਾ (ਕਰਨ ਵਾਲਿਆਂ ਨੂੰ), ਰਾਹਾਂ ਵਿਚ, ਪੱਤਣਾਂ ਤੇ (ਹਰ ਥਾਂ ਇਹ ਮਾਇਆ ਆਪਣੀ) ਤਾੜ ਵਿਚ ਰੱਖਦੀ ਹੈ।
ਨਾਨਕ ਬੇਨਤੀ ਕਰਦਾ ਹੈ-(ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ (ਇਸ ਮਾਇਆ ਦੀ ਤੱਕ ਤੋਂ ਬਚਣ ਲਈ) ਮੈਨੂੰ ਆਪਣਾ ਨਾਮ (ਦਾ ਸਹਾਰਾ ਦੇਈ ਰੱਖ, ਜਿਵੇਂ) ਅੰਨ੍ਹੇ ਨੂੰ ਡੰਗੋਰੀ ਦਾ ਸਹਾਰਾ ਹੁੰਦਾ ਹੈ ॥੨॥
ਹੇ ਪਿਆਰੇ ਖਸਮ-ਪ੍ਰਭੂ! ਜਿਵੇਂ ਹੋ ਸਕੇ, (ਇਸ ਮੋਹਣੀ ਮਾਇਆ ਦੇ ਪੰਜੇ ਤੋਂ) ਮੈਨੂੰ ਨਿਮਾਣੇ ਨੂੰ (ਬਚਾ ਕੇ) ਰੱਖ।
ਮੇਰੇ ਅੰਦਰ ਕੋਈ ਸਿਆਣਪ ਨਹੀਂ ਕਿ ਮੈਂ (ਕੁਝ) ਮੂੰਹੋਂ ਆਖ ਕੇ ਤੈਨੂੰ ਪ੍ਰਸੰਨ ਕਰ ਸਕਾਂ।
ਹੇ ਪਿਆਰੇ ਨਾਥ! ਮੈਂ ਚਤੁਰ ਨਹੀਂ, ਮੈਂ ਚੰਗੀ ਮਾਨਸਕ ਘਾੜਤ ਵਾਲੀ ਨਹੀਂ, ਮੈਂ ਸਿਆਣੀ ਨਹੀਂ, ਮੈਂ ਚੰਗੀ ਸੂਝ ਵਾਲੀ ਨਹੀਂ, ਮੈਂ ਗੁਣ-ਹੀਨ ਵਿਚ (ਕੋਈ ਭੀ) ਗੁਣ ਨਹੀਂ।
ਨਾਹ ਮੇਰਾ ਸੋਹਣਾ ਰੂਪ ਹੈ, ਨਾਹ (ਮੇਰੇ ਅੰਦਰ ਚੰਗੇ ਗੁਣਾਂ ਵਾਲੀ) ਸੁਗੰਧੀ ਹੈ ਨਾਹ ਮੇਰੇ ਬਾਂਕੇ ਨੈਣ ਹਨ-ਜਿੱਥੇ ਤੇਰੀ ਰਜ਼ਾ ਹੈ ਉਥੇ ਹੀ ਮੈਨੂੰ (ਇਸ ਮੋਹਣੀ ਮਾਇਆ ਤੋਂ) ਬਚਾ ਲੈ।
ਹੇ ਤਰਸ ਦੇ ਮਾਲਕ ਪ੍ਰਭੂ! (ਤੂੰ ਐਸਾ ਹੈਂ) ਜਿਸ ਦੀ ਸਾਰੇ ਜੀਵ ਜੈ ਜੈਕਾਰ ਉਚਾਰਦੇ ਹਨ। ਤੂੰ ਕਿਹੋ ਜਿਹਾ ਹੈਂ-ਕਿਸੇ ਨੇ ਭੀ ਇਹ ਭੇਤ ਨਹੀਂ ਸਮਝਿਆ।
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! (ਮੈਂ ਤੇਰਾ) ਸੇਵਕ ਹਾਂ (ਮੈਨੂੰ ਆਪਣੀ) ਸੇਵਾ-ਭਗਤੀ (ਬਖ਼ਸ਼) ਜਿਵੇਂ ਹੋ ਸਕੇ, ਤਿਵੇਂ ਮੈਨੂੰ (ਇਸ ਮੋਹਣੀ ਮਾਇਆ ਤੋਂ) ਬਚਾਈ ਰੱਖ ॥੩॥
ਹੇ ਪ੍ਰਭੂ! ਮੈਂ ਮੱਛੀ (ਵਾਸਤੇ) ਤੂੰ (ਤੇਰਾ ਨਾਮ) ਪਾਣੀ ਹੈ, ਤੈਥੋਂ ਬਿਨਾ (ਤੇਰੀ ਯਾਦ ਤੋਂ ਬਿਨਾ) ਮੇਰਾ ਜੀਊਣ ਨਹੀਂ ਹੋ ਸਕਦਾ।
ਹੇ ਪ੍ਰਭੂ! ਮੈਂ ਪਪੀਹੇ (ਵਾਸਤੇ) ਤੂੰ (ਤੇਰਾ ਨਾਮ) ਵਰਖਾ ਦੀ ਬੂੰਦ ਹੈ, ਮੈਨੂੰ (ਤਦੋਂ) ਸ਼ਾਂਤੀ ਆਉਂਦੀ ਹੈ (ਜਦੋਂ ਨਾਮ-ਬੂੰਦ ਮੇਰੇ) ਮੂੰਹ ਵਿਚ ਪੈਂਦੀ ਹੈ।
(ਜਿਵੇਂ ਵਰਖਾ ਦੀ ਬੂੰਦ ਪਪੀਹੇ ਦੇ ਮੂੰਹ ਵਿਚ ਪੈਂਦੀ ਹੈ ਤਾਂ ਉਹ ਬੂੰਦ ਉਸ ਦੀ ਪਿਆਸ ਦੂਰ ਕਰ ਦੇਂਦੀ ਹੈ, ਤਿਵੇਂ ਜਦੋਂ ਤੇਰਾ ਨਾਮ-ਬੂੰਦ ਮੇਰੇ) ਮੂੰਹ ਵਿਚ ਪੈਂਦੀ ਹੈ ਤਾਂ ਉਹ (ਮੇਰੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਦੂਰ ਕਰ ਦੇਂਦੀ ਹੈ।
ਹੇ ਮੇਰੀ ਜਿੰਦ ਦੇ ਮਾਲਕ! ਹੇ ਮੇਰੇ ਹਿਰਦੇ ਦੇ ਸਾਈਂ! ਹੇ ਮੇਰੇ ਪ੍ਰਾਣਾਂ ਦੇ ਨਾਥ! ਹੇ ਪਿਆਰੇ! ਪਿਆਰ-ਭਰੇ ਕੌਤਕ ਕਰ ਕੇ ਤੂੰ ਸਾਰੀ ਸ੍ਰਿਸ਼ਟੀ ਵਿਚ (ਵੱਸ ਰਿਹਾ ਹੈਂ। ਹੇ ਪਿਆਰੇ! ਮੈਨੂੰ) ਮਿਲ, (ਤਾਕਿ) ਮੇਰੀ ਉੱਚੀ ਆਤਮਕ ਅਵਸਥਾ ਬਣ ਸਕੇ।
ਹੇ ਪ੍ਰਭੂ! ਜਿਵੇਂ ਚਕਵੀ ਆਸ ਬਣਾਈ ਰੱਖਦੀ ਹੈ ਕਿ ਦਿਨ ਚੜ੍ਹ ਰਿਹਾ ਹੈ, ਤਿਵੇਂ ਮੈਂ ਭੀ (ਤੇਰਾ ਮਿਲਾਪ ਹੀ) ਚਿਤਾਰਦੀ ਰਹਿੰਦੀ ਹਾਂ (ਤੇ, ਆਖਦੀ ਰਹਿੰਦੀ ਹਾਂ-) ਹੇ ਹਨੇਰੇ! (ਮਾਇਆ ਦੇ ਮੋਹ ਦੇ ਹਨੇਰੇ! ਮੇਰੇ ਅੰਦਰੋਂ) ਦੂਰ ਹੋ ਜਾ।
ਨਾਨਕ ਬੇਨਤੀ ਕਰਦਾ ਹੈ-ਹੇ ਪਿਆਰੇ (ਮੈਨੂੰ ਆਪਣੇ) ਨਾਲ ਮਿਲਾ ਲੈ, (ਮੈਂ) ਮੱਛੀ ਨੂੰ (ਤੇਰਾ ਨਾਮ-) ਪਾਣੀ ਭੁੱਲ ਨਹੀਂ ਸਕਦਾ ॥੪॥
ਹੇ ਸਹੇਲੀਏ! (ਮੇਰੇ ਹਿਰਦੇ-) ਘਰ ਵਿਚ ਮੇਰਾ (ਪ੍ਰਭੂ) ਪਤੀ ਆ ਵੱਸਿਆ ਹੈ, ਮੇਰੇ ਭਾਗ ਜਾਗ ਪਏ ਹਨ।
(ਮੇਰੇ ਇਸ ਸਰੀਰ-ਘਰ ਦੇ) ਦਰਵਾਜ਼ੇ (ਸਾਰੇ ਗਿਆਨ-ਇੰਦ੍ਰੇ) ਸੋਹਣੇ ਬਣ ਗਏ ਹਨ (ਭਾਵ, ਹੁਣ ਇਹ ਗਿਆਨ-ਇੰਦ੍ਰੇ ਵਿਕਾਰਾਂ ਵਲ ਖਿੱਚ ਨਹੀਂ ਪਾਂਦੇ, ਮੇਰਾ) ਸਾਰਾ ਹਿਰਦੇ-ਜੂਹ ਆਤਮਕ ਜੀਵਨ ਵਾਲਾ ਹੋ ਗਿਆ ਹੈ।
ਹੇ ਸਹੇਲੀਏ! ਆਤਮਕ ਜੀਵਨ ਨਾਲ ਭਰਪੂਰ ਅਤੇ ਸੁਖਾਂ ਦੀ ਦਾਤ ਦੇਣ ਵਾਲਾ ਮਾਲਕ-ਪ੍ਰਭੂ (ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਜਿਸ ਦਾ ਸਦਕਾ ਮੇਰੇ ਅੰਦਰ) ਆਨੰਦ ਬਣ ਗਏ ਹਨ, ਖ਼ੁਸ਼ੀਆਂ ਹੋ ਗਈਆਂ ਹਨ, ਬਹੁਤ ਸੁਆਦ ਬਣ ਗਿਆ ਹੈ।
ਹੇ ਸਹੇਲੀਏ! ਮੇਰਾ ਖਸਮ-ਪ੍ਰਭੂ ਹਰ ਵੇਲੇ ਨਵਾਂ ਹੈ ਜੁਆਨ ਹੈ (ਭਾਵ, ਉਸ ਦਾ ਪਿਆਰ ਕਦੇ ਕਮਜ਼ੋਰ ਨਹੀਂ ਪੈਂਦਾ)। ਮੈਂ (ਆਪਣੀ) ਜੀਭ ਨਾਲ (ਉਸ ਦੇ) ਕਿਹੜੇ ਕਿਹੜੇ ਗੁਣ ਦੱਸਾਂ?
(ਹੇ ਸਹੇਲੀਏ! ਖਸਮ-ਪ੍ਰਭੂ ਦੇ ਮੇਰੇ ਹਿਰਦੇ ਵਿਚ ਆ ਵੱਸਣ ਨਾਲ) ਮੇਰੀ ਹਿਰਦਾ-ਸੇਜ ਸਜ ਗਈ ਹੈ, (ਉਸ ਪ੍ਰਭੂ-ਪਤੀ ਦਾ) ਦਰਸਨ ਕਰ ਕੇ ਮੈਂ ਮਸਤ ਹੋ ਰਹੀ ਹਾਂ (ਉਸ ਨੇ ਮੇਰੇ ਅੰਦਰੋਂ) ਹਰੇਕ ਸਹਿਮ ਤੇ ਦੁੱਖ ਦੂਰ ਕਰ ਦਿੱਤਾ ਹੈ।
ਨਾਨਕ ਬੇਨਤੀ ਕਰਦਾ ਹੈ-ਮੈਨੂੰ ਬੇਅੰਤ ਮਾਲਕ-ਪ੍ਰਭੂ ਮਿਲ ਪਿਆ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ ॥੫॥੧॥੩॥
ਰਾਗ ਬਿਲਾਵਲੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ-ਮੰਗਲ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਲੋਕ
ਹੇ ਨਾਨਕ! ਪ੍ਰਭੂ-ਪਤੀ ਸੋਹਣਾ ਹੈ ਸ਼ਾਂਤੀ-ਰੂਪ ਹੈ, ਦਇਆ ਦਾ ਸੋਮਾ ਹੈ ਅਤੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ।