ਪਰ ਤੈਨੂੰ ਉਹ ਦਿੱਸਦੇ ਨਹੀਂ, ਤੂੰ ਵਿਕਾਰਾਂ ਦੇ ਨਸ਼ੇ ਵਿਚ ਮਸਤ ਹੋ ਕੇ ਆਤਮਕ ਜੀਵਨ ਵਲੋਂ ਬੇ-ਫ਼ਿਕਰ ਹੋਇਆ ਪਿਆ ਹੈਂ ॥੩॥
ਹੇ ਭਾਈ! ਜਿਵੇਂ ਕਿਸੇ ਪੰਛੀ ਨੂੰ ਫੜਨ ਲਈ ਜਾਲ ਖਿਲਾਰ ਕੇ ਉਸ ਉਤੇ ਚੋਗ ਖਿਲਾਰੀ ਜਾਂਦੀ ਹੈ, ਤਿਵੇਂ ਤੂੰ (ਦੁਨੀਆ ਦੇ ਪਦਾਰਥਾਂ ਦੇ ਚੋਗ ਵਿਚ) ਫਸ ਰਿਹਾ ਹੈਂ।
ਨਾਨਕ ਆਖਦਾ ਹੈ- (ਹੇ ਭਾਈ!) ਮਾਇਆ ਦੇ ਬੰਧਨਾਂ ਨੂੰ ਕੱਟਣ ਵਾਸਤੇ ਮੈਂ ਤਾਂ ਗੁਰੂ ਮਹਾ ਪੁਰਖ ਨੂੰ ਆਪਣੇ ਹਿਰਦੇ ਵਿਚ ਵਸਾ ਰਿਹਾ ਹਾਂ ॥੪॥੨॥੮੮॥
(ਹੇ ਸਹੇਲੀਏ!) ਬੇਅੰਤ ਹਰੀ ਦਾ ਨਾਮ ਕਿਸੇ ਦੁਨੀਆਵੀ ਪਦਾਰਥ ਵੱਟੇ ਨਹੀਂ ਮਿਲ ਸਕਦਾ।
ਉਹ ਹਰਿ-ਨਾਮ ਮੇਰੀ ਜਿੰਦ ਦਾ ਪਿਆਰਾ ਬਣ ਗਿਆ ਹੈ, ਮੇਰੇ ਮਨ ਦਾ ਸਹਾਰਾ ਬਣ ਗਿਆ ਹੈ। ਜਿਵੇਂ ਕੋਈ ਪਾਨ ਵੇਚਣ ਵਾਲੀ (ਆਪਣੇ) ਪਾਨਾਂ ਦਾ ਖ਼ਿਆਲ ਰੱਖਦੀ ਹੈ, ਤਿਵੇਂ ਮੈਂ ਹਰਿ-ਨਾਮ ਨੂੰ ਆਪਣੇ ਚਿੱਤ ਵਿਚ ਚਿਤਾਰਦੀ ਰਹਿੰਦੀ ਹਾਂ ॥੧॥ ਰਹਾਉ ॥
(ਹੇ ਸਹੇਲੀਏ!) ਜਦੋਂ ਗੁਰੂ ਨੇ ਮੈਨੂੰ (ਭੇਦ) ਦੱਸ ਦਿੱਤਾ, ਤਾਂ ਮੈਂ ਆਤਮਕ ਅਡੋਲਤਾ ਵਿਚ ਲੀਨ ਹੋ ਗਈ, ਹੁਣ ਮੇਰੀ ਸਰੀਰ-ਚੋਲੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਗਈ ਹੈ।
ਜਦੋਂ ਤੋਂ (ਗੁਰੂ ਦੀ ਕਿਰਪਾ ਨਾਲ) ਮੇਰੇ ਵੱਡੇ ਭਾਗ ਜਾਗ ਪਏ ਹਨ, ਤਦੋਂ ਤੋਂ ਮੈਨੂੰ ਪਿਆਰੇ ਦਾ ਦਰਸਨ ਹੋ ਰਿਹਾ ਹੈ। ਹੁਣ ਮੇਰਾ ਇਹ ਸੁਹਾਗ (ਮੇਰੇ ਸਿਰ ਤੋਂ) ਲਾਂਭੇ ਨਹੀਂ ਹੋਵੇਗਾ ॥੧॥
(ਹੇ ਸਹੇਲੀਏ!) ਨਾਹ ਕੋਈ ਸੋਹਣੇ ਪਦਾਰਥ, ਨਾਹ ਕੋਈ ਧੂਪ, ਨਾਹ ਸੁਗੰਧੀਆਂ, ਨਾਹ ਦੀਵੇ (-ਕੋਈ ਭੀ ਅਜੇਹੇ ਪਦਾਰਥ ਮੈਂ ਆਪਣੇ ਪਤੀ ਦੇਵ ਅੱਗੇ ਭੇਟਾ ਨਹੀਂ ਕੀਤੇ। ਗੁਰੂ ਦੀ ਕਿਰਪਾ ਨਾਲ ਹੀ) ਮੇਰਾ ਆਪਾ ਪ੍ਰਭੂ-ਪਤੀ ਨਾਲ ਇੱਕ-ਮਿੱਕ ਹੋ ਗਿਆ ਹੈ, ਉਸ ਦੇ ਨਾਲ ਮਿਲ ਕੇ ਮੇਰਾ ਮਨ ਖਿੜ ਪਿਆ ਹੈ।
ਨਾਨਕ ਆਖਦਾ ਹੈ- (ਹੇ ਸਹੇਲੀਏ!) ਪਿਆਰੇ ਪ੍ਰਭੂ ਨੇ ਮੈਨੂੰ ਸੁਹਾਗਣ ਬਣਾ ਕੇ ਆਪਣੇ ਨਾਲ ਮਿਲਾ ਲਿਆ ਹੈ, ਮੇਰੀ ਹਿਰਦਾ-ਸੇਜ ਹੁਣ ਬਹੁਤ ਸੋਹਣੀ ਬਣ ਗਈ ਹੈ ॥੨॥੩॥੮੯॥
ਹੇ ਭਾਈ! ਸਦਾ ਗੋਬਿੰਦ ਦਾ ਨਾਮ ਸਿਮਰ ਸਿਮਰ ਕੇ ਮਨੁੱਖ ਗੋਬਿੰਦ ਦਾ ਰੂਪ ਹੀ ਹੋ ਜਾਂਦਾ ਹੈ।
ਜਦੋਂ ਤੋਂ (ਕਿਸੇ ਮਨੁੱਖ ਨੂੰ) ਦਇਆ ਦਾ ਸੋਮਾ ਗੁਰੂ ਮਿਲ ਪੈਂਦਾ ਹੈ, ਤਦੋਂ ਤੋਂ (ਉਸ ਦੇ ਅੰਦਰੋਂ) ਖੋਟੀ ਮਤਿ ਦੂਰ ਹੋ ਜਾਂਦੀ ਹੈ ॥੧॥ ਰਹਾਉ ॥
(ਹੇ ਭਾਈ! ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਤਦੋਂ ਉਸ ਨੂੰ ਨਿਸ਼ਚਾ ਬਣ ਜਾਂਦਾ ਹੈ ਕਿ) ਦਇਆ ਅਤੇ ਸ਼ਾਂਤੀ ਦਾ ਪੁੰਜ ਸਾਰੇ ਗੁਣਾਂ ਨਾਲ ਭਰਪੂਰ ਪਿਆਰਾ ਪ੍ਰਭੂ ਹਰ ਥਾਂ ਵਿਆਪਕ ਹੈ।
(ਸਿਮਰਨ ਦੀ ਬਰਕਤਿ ਨਾਲ) ਉਸ ਦੇ ਸਰੀਰ ਵਿਚੋਂ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰ ਆਦਿਕ ਸਾਰੇ ਵਿਕਾਰ ਨਾਸ ਹੋ ਜਾਂਦੇ ਹਨ ॥੧॥
(ਹੇ ਭਾਈ! ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸੇਵਾ, ਸੰਤੋਖ, ਦਇਆ, ਧਰਮ, ਪਵਿੱਤ੍ਰ ਜੀਵਨ (ਆਪਣੇ ਅੰਦਰ ਪੈਦਾ ਕਰਨ ਦਾ) ਇਹ ਉਪਦੇਸ਼ ਸੰਤ ਜਨਾਂ ਪਾਸੋਂ ਗ੍ਰਹਿਣ ਕਰਦਾ ਹੈ।
ਨਾਨਕ ਆਖਦਾ ਹੈ- ਜਿਸ ਜਿਸ ਮਨੁੱਖ ਨੇ ਆਪਣੇ ਮਨ ਦੀ ਰਾਹੀਂ (ਗੁਰੂ ਨਾਲ) ਸਾਂਝ ਪਾਈ, ਉਹਨਾਂ ਨੂੰ (ਉੱਚੇ ਆਤਮਕ ਜੀਵਨ ਦੀ) ਸਾਰੀ ਸਮਝ ਆ ਗਈ ॥੨॥੪॥੯੦॥
ਹੇ ਮੇਰੇ ਮਾਲਕ! (ਅਸੀਂ ਜੀਵ ਤੇਰੇ ਪੈਦਾ ਕੀਤੇ ਹੋਏ ਹਾਂ) ਅਸਾਂ ਵਿਚਾਰੇ ਜੀਵਾਂ ਦੀ ਕੋਈ ਪਾਂਇਆਂ ਹੀ ਨਹੀਂ ਕਿ ਤੇਰੀ ਬਾਬਤ ਇਕ ਰੋਮ ਜਿਤਨਾ ਭੀ ਕੁਝ ਕਹਿ ਸਕੀਏ।
(ਅਸੀਂ ਸਾਧਾਰਨ ਜੀਵ ਤਾਂ ਕਿਸੇ ਗਿਣਤੀ ਵਿਚ ਹੀ ਨਹੀਂ) ਬ੍ਰਹਮਾ, ਸ਼ਿਵ, ਸਿੱਧ, ਮੁਨੀ, ਇੰਦ੍ਰ (ਆਦਿਕ ਵਰਗੇ) ਬੇਅੰਤ ਇਹ ਨਹੀਂ ਸਮਝ ਸਕੇ ਕਿ ਤੂੰ ਕਿਹੋ ਜਿਹਾ ਹੈਂ ॥੧॥
ਹੇ ਭਾਈ! (ਪਰਮਾਤਮਾ ਕਿਹੋ ਜਿਹਾ ਹੈ?-ਇਹ ਗੱਲ) ਕੀਹ ਦੱਸੀਏ? ਦੱਸੀ ਨਹੀਂ ਜਾ ਸਕਦੀ।
ਮੈਂ ਤਾਂ ਜਿਧਰ ਤੱਕਦਾ ਹਾਂ, ਉਧਰ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ ॥੧॥ ਰਹਾਉ ॥
ਹੇ ਮੇਰੇ ਪ੍ਰਭੂ! ਜਿੱਥੇ ਇਹ ਸੁਣੀਦਾ ਹੈ ਕਿ ਜਮਾਂ ਦੇ ਬੜੇ ਹੀ ਭਿਆਨਕ ਦੁੱਖ ਮਿਲਦੇ ਹਨ, ਉਥੇ ਤੂੰ ਹੀ (ਬਚਾਣ ਵਾਸਤੇ) ਮਦਦਗਾਰ ਬਣਦਾ ਹੈਂ-
ਹੇ ਪ੍ਰਭੂ! ਗੁਰੂ ਨੇ (ਮੈਨੂੰ) ਨਾਨਕ ਨੂੰ ਇਹ ਸਮਝ ਬਖ਼ਸ਼ੀ ਹੈ। ਤਾਹੀਏਂ ਮੈਂ ਨਾਨਕ ਤੇਰੀ ਸਰਨ ਆ ਪਿਆ ਹਾਂ, ਤੇਰੇ ਚਰਨ ਫੜ ਲਏ ਹਨ ॥੨॥੫॥੯੧॥
ਹੇ ਭਾਈ! ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ, ਅਪਹੁੰਚ ਹਸਤੀ ਵਾਲੇ ਨਾਸ-ਰਹਿਤ ਕਰਤਾਰ ਨੂੰ ਨਿਮਖ ਨਿਮਖ ਜਪਦੇ ਰਹਿਣਾ ਚਾਹੀਦਾ ਹੈ।
ਇਹ ਸੁਣੀਦਾ ਹੈ ਕਿ ਉਹ ਅਚਰਜ ਹੈ ਅਚਰਜ ਹੈ, (ਉਸ ਨਾਲ) ਮਿਲਾਪ ਹੋ ਜਾਂਦਾ ਹੈ ਜੇ ਸੰਤ ਜਨਾਂ ਦੇ ਚਰਨਾਂ ਦਾ ਮੇਲ ਪ੍ਰਾਪਤ ਹੋ ਜਾਏ। (ਸੋ ਸੰਤ ਜਨਾਂ ਦੇ) ਚਰਨਾਂ ਵਿਚ ਮਨ ਜੋੜਨਾ ਚਾਹੀਦਾ ਹੈ ॥੧॥
(ਹੇ ਭਾਈ!) ਕਿਸ ਵਿਧੀ ਨਾਲ, ਕਿਸ ਸੰਜਮ ਨਾਲ ਉਹ ਮਿਲ ਸਕਦਾ ਹੈ?
ਹੇ ਭਲੇ ਪੁਰਖ! (ਮੈਨੂੰ) ਦੱਸ ਕਿ ਪਰਮਾਤਮਾ ਨੂੰ ਕਿਸ ਤਰੀਕੇ ਨਾਲ ਸਿਮਰਨਾ ਚਾਹੀਦਾ ਹੈ? ॥੧॥ ਰਹਾਉ ॥
(ਹੇ ਪ੍ਰਭੂ!) ਜੇਹੜਾ ਮਨੁੱਖ ਕਿਸੇ ਹੋਰ ਮਨੁੱਖ ਦੀ (ਕੋਈ) ਸੇਵਾ ਕਰਦਾ ਹੈ ਉਹ ਉਸ ਦੀ ਕੀਤੀ ਹੋਈ ਸੇਵਾ ਨੂੰ ਸਦਾ ਹੀ ਮੁੜ ਮੁੜ ਯਾਦ ਕਰਦਾ ਰਹਿੰਦਾ ਹੈ;
ਹੇ ਨਾਨਕ! (ਆਖ-) ਹੇ ਪ੍ਰਭੂ! ਤੂੰ ਸੁਖਾਂ ਦਾ ਸਮੁੰਦਰ ਹੈਂ (ਤੂੰ ਅਨੇਕਾਂ ਹੀ ਸੁਖ ਬਖ਼ਸ਼ਦਾ ਹੈਂ ਇਸ ਵਾਸਤੇ) ਮੈਂ ਸਦਾ ਤੇਰੀ ਹੀ ਸਰਨ ਤੇਰੀ ਹੀ ਸਰਨ ਪਿਆ ਰਹਾਂਗਾ, ਮੈਨੂੰ ਸਿਰਫ਼ ਤੇਰੇ ਨਾਮ ਦਾ ਹੀ ਸਹਾਰਾ ਹੈ ॥੨॥੬॥੯੨॥
ਹੇ ਭਾਈ! ਜਦੋਂ ਮੈਂ ਗੁਰੂ ਦੀ ਸਰਨ ਆ ਪਿਆ, ਜਦੋਂ ਮੈਂ ਗੁਰੂ ਦੀ ਸੇਵਾ ਕਰਨ ਲੱਗ ਪਿਆ,
(ਮੇਰੇ ਅੰਦਰੋਂ) ਧੰਧਾ, ਬੰਧਨ ਅਤੇ ਸਾਰਾ ਜੰਜਾਲ (ਮੁੱਕ ਗਿਆ), ਮੇਰੀ ਬ੍ਰਿਤੀ ਹੋਰ ਹੋਰ ਕੰਮਾਂ ਤੋਂ ਅਟੰਕ ਹੋ ਗਈ ॥੧॥ ਰਹਾਉ ॥
ਹੇ ਭਾਈ! ਗੁਰੂ ਪਾਸੋਂ ਮੈਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ (ਜਿਸ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦਾ ਸੁਖ ਅਤੇ ਆਨੰਦ (ਮੇਰੇ ਅੰਦਰ ਉਤਪੰਨ ਹੋ ਗਿਆ)।