ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 634


ਸੋਰਠਿ ਮਹਲਾ ੯ ॥

ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥

ਹੇ ਮਿੱਤਰ! (ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ,

ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥

(ਕਿ) ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ। ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ (ਬਣਦਾ) ॥੧॥ ਰਹਾਉ ॥

ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥

ਹੇ ਮਿੱਤਰ! (ਜਦੋਂ ਮਨੁੱਖ)! ਸੁਖ ਵਿਚ (ਹੁੰਦਾ ਹੈ, ਤਦੋਂ) ਕਈ ਯਾਰ ਦੋਸਤ ਮਿਲ ਕੇ (ਉਸ ਪਾਸ) ਬੈਠਦੇ ਹਨ, ਤੇ, (ਉਸ ਨੂੰ) ਚੌਹੀਂ ਪਾਸੀਂ ਘੇਰੀ ਰੱਖਦੇ ਹਨ।

ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥

(ਪਰ ਜਦੋਂ ਉਸ ਨੂੰ ਕੋਈ) ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, (ਫਿਰ) ਕੋਈ ਭੀ (ਉਸ ਦੇ) ਨੇੜੇ ਨਹੀਂ ਢੁਕਦਾ ॥੧॥

ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥

ਹੇ ਮਿੱਤਰ! ਘਰ ਦੀ ਇਸਤ੍ਰੀ (ਭੀ), ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਜੇਹੜੀ ਸਦਾ (ਖਸਮ ਦੇ) ਨਾਲ ਲੱਗੀ ਰਹਿੰਦੀ ਹੈ,

ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥

ਜਿਸ ਹੀ ਵੇਲੇ (ਪਤੀ ਦਾ) ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, (ਇਸਤ੍ਰੀ ਉਸ ਤੋਂ ਇਹ ਆਖ ਕੇ) ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁਕਾ ਹੈ ਮਰ ਚੁਕਾ ਹੈ ॥੨॥

ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥

(ਹੇ ਮਿੱਤਰ! ਦੁਨੀਆ ਦਾ) ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ (ਮਨੁੱਖ ਨੇ) ਪਿਆਰ ਪਾਇਆ ਹੋਇਆ ਹੈ,

ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥

ਪਰ, ਹੇ ਨਾਨਕ! (ਆਖ-) ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ (ਮਨੁੱਖ ਦੀ) ਮਦਦ ਨਹੀਂ ਕਰ ਸਕਦਾ ॥੩॥੧੨॥੧੩੯॥

ਸੋਰਠਿ ਮਹਲਾ ੧ ਘਰੁ ੧ ਅਸਟਪਦੀਆ ਚਉਤੁਕੀ ॥

ਰਾਗ ਸੋਰਠਿ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਚਾਰ-ਤੁਕੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥

ਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਨਹੀਂ ਪੈਂਦਾ, ਮੈਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪੂਜਦਾ, ਮੈਂ ਕਿਤੇ ਸਮਾਧਾਂ ਤੇ ਮਸਾਣਾਂ ਵਿਚ ਭੀ ਨਹੀਂ ਜਾਂਦਾ।

ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥

ਮਾਇਆ ਦੀ ਤ੍ਰਿਸ਼ਨਾ ਵਿਚ ਫਸ ਕੇ ਮੈਂ (ਪਰਮਾਤਮਾ ਦੇ ਦਰ ਤੋਂ ਬਿਨਾ) ਕਿਸੇ ਹੋਰ ਘਰ ਵਿਚ ਨਹੀਂ ਜਾਂਦਾ, ਮੇਰੀ ਮਾਇਕ ਤ੍ਰਿਸ਼ਨਾ ਪਰਮਾਤਮਾ ਦੇ ਨਾਮ ਨੇ ਮਿਟਾ ਦਿੱਤੀ ਹੈ।

ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ ॥

ਗੁਰੂ ਨੇ ਮੈਨੂੰ ਮੇਰੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਿਵਾਸ-ਅਸਥਾਨ ਵਿਖਾ ਦਿੱਤਾ ਹੈ, ਅਤੇ ਅਡੋਲ ਅਵਸਥਾ ਵਿਚ ਰੱਤੇ ਹੋਏ ਮੇਰੇ ਮਨ ਨੂੰ ਉਹ ਸਹਿਜ-ਅਵਸਥਾ ਚੰਗੀ ਲੱਗ ਰਹੀ ਹੈ।

ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ ॥੧॥

ਹੇ ਮੇਰੇ ਸਾਈਂ! (ਇਹ ਸਭ ਤੇਰੀ ਹੀ ਮੇਹਰ ਹੈ) ਤੂੰ ਆਪ ਹੀ (ਮੇਰੇ ਦਿਲ ਦੀ) ਜਾਣਨ-ਵਾਲਾ ਹੈਂ; ਆਪ ਹੀ ਪਛਾਣਨ ਵਾਲਾ ਹੈਂ, ਤੂੰ ਆਪ ਹੀ ਮੈਨੂੰ (ਚੰਗੀ) ਮਤਿ ਦੇਂਦਾ ਹੈਂ (ਜਿਸ ਕਰਕੇ ਤੇਰਾ ਦਰ ਛੱਡ ਕੇ ਹੋਰ ਪਾਸੇ ਨਹੀਂ ਭਟਕਦਾ) ॥੧॥

ਮਨੁ ਬੈਰਾਗਿ ਰਤਉ ਬੈਰਾਗੀ ਸਬਦਿ ਮਨੁ ਬੇਧਿਆ ਮੇਰੀ ਮਾਈ ॥

ਹੇ ਮੇਰੀ ਮਾਂ! ਮੇਰਾ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਗਿਆ ਹੈ (ਪ੍ਰੋਤਾ ਗਿਆ ਹੈ। ਸ਼ਬਦ ਦੀ ਬਰਕਤਿ ਨਾਲ ਮੇਰੇ ਅੰਦਰ ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਪੈਦਾ ਹੋ ਗਿਆ ਹੈ)। ਉਹੀ ਮਨੁੱਖ (ਅਸਲ) ਤਿਆਗੀ ਹੈ ਜਿਸ ਦਾ ਮਨ ਪਰਮਾਤਮਾ ਦੇ ਬਿਰਹੋਂ-ਰੰਗ ਵਿਚ ਰੰਗਿਆ ਗਿਆ ਹੈ।

ਅੰਤਰਿ ਜੋਤਿ ਨਿਰੰਤਰਿ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ॥ ਰਹਾਉ ॥

ਉਸ (ਬੈਰਾਗੀ) ਦੇ ਅੰਦਰ ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਉਹ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਵਿਚ (ਮਸਤ ਰਹਿੰਦਾ ਹੈ), ਸਦਾ ਕਾਇਮ ਰਹਿਣ ਵਾਸਤੇ ਮਾਲਕ-ਪ੍ਰਭੂ (ਦੇ ਚਰਨਾਂ ਵਿਚ) ਉਸ ਦੀ ਸੁਰਤਿ ਜੁੜੀ ਰਹਿੰਦੀ ਹੈ ਰਹਾਉ॥

ਅਸੰਖ ਬੈਰਾਗੀ ਕਹਹਿ ਬੈਰਾਗ ਸੋ ਬੈਰਾਗੀ ਜਿ ਖਸਮੈ ਭਾਵੈ ॥

ਅਨੇਕਾਂ ਹੀ ਵੈਰਾਗੀ ਵੈਰਾਗ ਦੀਆਂ ਗੱਲਾਂ ਕਰਦੇ ਹਨ, ਪਰ ਅਸਲ ਵੈਰਾਗ ਉਹ ਹੈ ਜੋ (ਪਰਮਾਤਮਾ ਦੇ ਬਿਰਹੋਂ-ਰੰਗ ਵਿਚ ਇਤਨਾ ਰੰਗਿਆ ਹੋਇਆ ਹੈ ਕਿ ਉਹ) ਖਸਮ-ਪ੍ਰਭੂ ਨੂੰ ਪਿਆਰਾ ਲੱਗਦਾ ਹੈ,

ਹਿਰਦੈ ਸਬਦਿ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੈ ॥

ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ (ਪਰਮਾਤਮਾ ਦੀ ਯਾਦ ਨੂੰ ਵਸਾਂਦਾ ਹੈ ਤੇ) ਸਦਾ ਪਰਮਾਤਮਾ ਦੇ ਡਰ-ਅਦਬ ਵਿਚ ਮਸਤ (ਰਹਿ ਕੇ) ਗੁਰੂ ਦੀ ਦੱਸੀ ਹੋਈ ਕਾਰ ਕਰਦਾ ਹੈ।

ਏਕੋ ਚੇਤੈ ਮਨੂਆ ਨ ਡੋਲੈ ਧਾਵਤੁ ਵਰਜਿ ਰਹਾਵੈ ॥

ਉਹ ਬੈਰਾਗੀ ਸਿਰਫ਼ ਪਰਮਾਤਮਾ ਨੂੰ ਚੇਤਦਾ ਹੈ (ਜਿਸ ਕਰਕੇ ਉਸ ਦਾ) ਮਨ (ਮਾਇਆ ਵਾਲੇ ਪਾਸੇ) ਨਹੀਂ ਡੋਲਦਾ, ਉਹ ਬੈਰਾਗੀ (ਮਾਇਆ ਵਲ) ਦੌੜਦੇ ਮਨ ਨੂੰ ਰੋਕ ਕੇ (ਪ੍ਰਭੂ-ਚਰਨਾਂ ਵਿਚ) ਜੋੜੀ ਰੱਖਦਾ ਹੈ।

ਸਹਜੇ ਮਾਤਾ ਸਦਾ ਰੰਗਿ ਰਾਤਾ ਸਾਚੇ ਕੇ ਗੁਣ ਗਾਵੈ ॥੨॥

ਅਡੋਲ ਅਵਸਥਾ ਵਿਚ ਮਸਤ ਉਹ ਬੈਰਾਗੀ ਸਦਾ (ਪ੍ਰਭੂ ਦੇ ਨਾਮ-) ਰੰਗ ਵਿਚ ਰੰਗਿਆ ਰਹਿੰਦਾ ਹੈ, ਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ॥੨॥

ਮਨੂਆ ਪਉਣੁ ਬਿੰਦੁ ਸੁਖਵਾਸੀ ਨਾਮਿ ਵਸੈ ਸੁਖ ਭਾਈ ॥

ਹੇ ਭਾਈ! (ਜਿਸ ਮਨੁੱਖ ਦਾ) ਚੰਚਲ ਮਨ ਰਤਾ ਭਰ ਭੀ ਆਤਮਕ ਆਨੰਦ ਵਿਚ ਨਿਵਾਸ ਦੇਣ ਵਾਲੇ ਨਾਮ ਵਿਚ ਵੱਸਦਾ ਹੈ (ਉਹ ਮਨੁੱਖ ਅਸਲ ਬੈਰਾਗੀ ਹੈ, ਤੇ ਉਹ ਬੈਰਾਗੀ) ਆਤਮਕ ਆਨੰਦ (ਮਾਣਦਾ ਹੈ)।

ਜਿਹਬਾ ਨੇਤ੍ਰ ਸੋਤ੍ਰ ਸਚਿ ਰਾਤੇ ਜਲਿ ਬੂਝੀ ਤੁਝਹਿ ਬੁਝਾਈ ॥

ਹੇ ਪ੍ਰਭੂ! ਤੂੰ ਆਪ (ਉਸ ਬੈਰਾਗੀ ਨੂੰ ਜੀਵਨ ਦੇ ਸਹੀ ਰਸਤੇ ਦੀ) ਸਮਝ ਦਿੱਤੀ ਹੈ, (ਜਿਸ ਦੀ ਬਰਕਤਿ ਨਾਲ ਉਸ ਦੀ ਤ੍ਰਿਸ਼ਨਾ-) ਅੱਗ ਬੁਝ ਗਈ ਹੈ, ਤੇ ਉਸ ਦੀ ਜੀਭ ਉਸ ਦੀਆਂ ਅੱਖਾਂ (ਆਦਿਕ) ਇੰਦ੍ਰੇ ਸਦਾ-ਥਿਰ (ਹਰਿ-ਨਾਮ) ਵਿਚ ਰੰਗੇ ਰਹਿੰਦੇ ਹਨ।

ਆਸ ਨਿਰਾਸ ਰਹੈ ਬੈਰਾਗੀ ਨਿਜ ਘਰਿ ਤਾੜੀ ਲਾਈ ॥

ਉਹ ਬੈਰਾਗੀ ਦੁਨੀਆ ਦੀਆਂ ਆਸਾਂ ਤੋਂ ਨਿਰਮੋਹ ਹੋ ਕੇ ਜੀਵਨ ਬਿਤੀਤ ਕਰਦਾ ਹੈ, ਉਹ (ਦੁਨੀਆ ਵਾਲੇ ਘਰ-ਘਾਟ ਦੀ ਅਪਣੱਤ ਛੱਡ ਕੇ) ਉਸ ਘਰ ਵਿਚ ਸੁਰਤਿ ਜੋੜੀ ਰੱਖਦਾ ਹੈ ਜੋ ਸਚ ਮੁਚ ਉਸ ਦਾ ਆਪਣਾ ਹੀ ਰਹੇਗਾ।

ਭਿਖਿਆ ਨਾਮਿ ਰਜੇ ਸੰਤੋਖੀ ਅੰਮ੍ਰਿਤੁ ਸਹਜਿ ਪੀਆਈ ॥੩॥

ਅਜੇਹੇ ਬੈਰਾਗੀ (ਗੁਰੂ-ਦਰ ਤੋਂ ਮਿਲੀ) ਨਾਮ-ਭਿੱਛਿਆ ਨਾਲ ਰੱਜੇ ਰਹਿੰਦੇ ਹਨ, ਸੰਤੋਖੀ ਰਹਿੰਦੇ ਹਨ, (ਕਿਉਂਕਿ ਉਹਨਾਂ ਨੂੰ ਗੁਰੂ ਨੇ) ਅਡੋਲ ਆਤਮਕ ਅਵਸਥਾ ਵਿਚ ਟਿਕਾ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪਿਲਾ ਦਿੱਤਾ ਹੈ ॥੩॥

ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ ॥

ਜਦ ਤਕ (ਮਨ ਵਿਚ) ਰਤਾ ਭਰ ਭੀ ਕੋਈ ਹੋਰ ਝਾਕ ਹੈ ਕਿਸੇ ਹੋਰ ਆਸਰੇ ਦੀ ਭਾਲ ਹੈ ਤਦ ਤਕ ਬਿਰਹੋਂ-ਅਵਸਥਾ ਪੈਦਾ ਨਹੀਂ ਹੋ ਸਕਦੀ।

ਸਭੁ ਜਗੁ ਤੇਰਾ ਤੂ ਏਕੋ ਦਾਤਾ ਅਵਰੁ ਨ ਦੂਜਾ ਭਾਈ ॥

(ਪਰ ਹੇ ਪ੍ਰਭੂ! ਇਹ ਬਿਰਹੋਂ ਦੀ) ਦਾਤ ਦੇਣ ਵਾਲਾ ਤੂੰ ਇਕ ਆਪ ਹੀ ਹੈਂ, ਤੈਥੋਂ ਬਿਨਾ ਕੋਈ ਹੋਰ (ਇਹ ਦਾਤਿ) ਦੇਣ ਵਾਲਾ ਨਹੀਂ ਹੈ, ਤੇ ਇਹ ਸਾਰਾ ਜਗਤ ਤੇਰਾ ਆਪਣਾ ਹੀ (ਰਚਿਆ ਹੋਇਆ) ਹੈ।

ਮਨਮੁਖਿ ਜੰਤ ਦੁਖਿ ਸਦਾ ਨਿਵਾਸੀ ਗੁਰਮੁਖਿ ਦੇ ਵਡਿਆਈ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਦੁੱਖ ਵਿਚ ਟਿਕੇ ਰਹਿੰਦੇ ਹਨ, ਜੇਹੜੇ ਬੰਦੇ ਗੁਰੂ ਦੀ ਸ਼ਰਨ ਪੈਂਦੇ ਹਨ, ਉਹਨਾਂ ਨੂੰ ਪ੍ਰਭੂ (ਨਾਮ ਦੀ ਦਾਤਿ ਦੇ ਕੇ) ਆਦਰ ਮਾਣ ਬਖ਼ਸ਼ਦਾ ਹੈ।

ਅਪਰ ਅਪਾਰ ਅਗੰਮ ਅਗੋਚਰ ਕਹਣੈ ਕੀਮ ਨ ਪਾਈ ॥੪॥

ਉਸ ਬੇਅੰਤ ਅਪਹੁੰਚ ਤੇ ਅਗੋਚਰ ਪ੍ਰਭੂ ਦੀ ਕੀਮਤ (ਜੀਵਾਂ ਦੇ) ਬਿਆਨ ਕਰਨ ਨਾਲ ਨਹੀਂ ਦੱਸੀ ਜਾ ਸਕਦੀ (ਉਸਦੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ) ॥੪॥

ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥

ਪਰਮਾਤਮਾ ਇਕ ਐਸੀ ਆਤਮਕ ਅਵਸਥਾ ਦਾ ਮਾਲਕ ਹੈ ਕਿ ਉਸ ਉਤੇ ਮਾਇਆ ਦੇ ਫੁਰਨੇ ਜ਼ੋਰ ਨਹੀਂ ਪਾ ਸਕਦੇ, ਉਹ ਤਿੰਨਾਂ ਹੀ ਭਵਨਾਂ ਦਾ ਮਾਲਕ ਹੈ, ਉਸ ਦਾ ਨਾਮ ਜੀਵਾਂ ਵਾਸਤੇ ਮਹਾਨ ਉੱਚਾ ਸ੍ਰੇਸ਼ਟ ਧਨ ਹੈ।

ਮਸਤਕਿ ਲੇਖੁ ਜੀਆ ਜਗਿ ਜੋਨੀ ਸਿਰਿ ਸਿਰਿ ਲੇਖੁ ਸਹਾਮੰ ॥

ਜਗਤ ਵਿਚ ਜਿਤਨੇ ਭੀ ਜੀਵ ਜਨਮ ਲੈਂਦੇ ਹਨ ਉਹਨਾਂ ਦੇ ਮੱਥੇ ਉਤੇ (ਉਹਨਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪਰਮਾਤਮਾ ਦੀ ਰਜ਼ਾ ਵਿਚ ਹੀ) ਲੇਖ (ਲਿਖਿਆ ਜਾਂਦਾ ਹੈ, ਹਰੇਕ ਜੀਵ ਨੂੰ) ਆਪੋ ਆਪਣੇ ਸਿਰ ਉਤੇ ਲਿਖਿਆ ਲੇਖ ਸਹਿਣਾ ਪੈਂਦਾ ਹੈ।

ਕਰਮ ਸੁਕਰਮ ਕਰਾਏ ਆਪੇ ਆਪੇ ਭਗਤਿ ਦ੍ਰਿੜਾਮੰ ॥

ਪਰਮਾਤਮਾ ਆਪ ਹੀ (ਸਾਧਾਰਨ) ਕੰਮ ਤੇ ਚੰਗੇ ਕੰਮ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ (ਜੀਵਾਂ ਦੇ ਹਿਰਦੇ ਵਿਚ ਆਪਣੀ) ਭਗਤੀ ਦ੍ਰਿੜ੍ਹ ਕਰਦਾ ਹੈ।

ਮਨਿ ਮੁਖਿ ਜੂਠਿ ਲਹੈ ਭੈ ਮਾਨੰ ਆਪੇ ਗਿਆਨੁ ਅਗਾਮੰ ॥੫॥

ਅਪਹੁੰਚ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੀ) ਡੂੰਘੀ ਸਾਂਝ ਬਖਸ਼ਦਾ ਹੈ। (ਸੱਚਾ ਵੈਰਾਗੀ) ਪਰਮਾਤਮਾ ਦੇ ਡਰ-ਅਦਬ ਵਿਚ ਗਿੱਝ ਜਾਂਦਾ ਹੈ, ਉਸ ਦੇ ਮਨ ਵਿਚ ਤੇ ਮੂੰਹ ਵਿਚ (ਪਹਿਲਾਂ ਜੋ ਭੀ ਵਿਕਾਰਾਂ ਦੀ ਨਿੰਦਾ ਆਦਿਕ ਦੀ) ਮੈਲ (ਹੁੰਦੀ ਹੈ ਉਹ) ਦੂਰ ਹੋ ਜਾਂਦੀ ਹੈ ॥੫॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430