ਹੇ ਕਬੀਰ! ਕੂੰਜ ਚੋਗਾ ਚੁਗਦੀ ਹੈ ਤੇ ਆਪਣੇ ਬੱਚਿਆਂ ਦਾ ਭੀ ਚੇਤਾ ਕਰਦੀ ਹੈ, ਮੁੜ ਚੁਗਦੀ ਹੈ, ਚੋਗਾ ਭੀ ਚੁਗਦੀ ਹੈ ਤੇ ਬੱਚਿਆਂ ਦਾ ਚੇਤਾ ਭੀ ਕਰਦੀ ਹੈ।
ਜਿਵੇਂ ਕੂੰਜ ਦੀ ਸੁਰਤ ਹਰ ਵੇਲੇ ਆਪਣੇ ਬੱਚਿਆਂ ਵਿਚ ਰਹਿੰਦੀ ਹੈ, ਤਿਵੇਂ, ("ਹਰਿ ਕਾ ਸਿਮਰਨੁ ਛਾਡਿ ਕੈ") ਮਨੁੱਖ ਦਾ ਮਨ ਮਾਇਆ ਦੀ ਮਲਕੀਅਤ ਦੀ ਤਾਂਘ ਵਿਚ ਟਿਕਿਆ ਰਹਿੰਦਾ ਹੈ ॥੧੨੩॥
ਹੇ ਕਬੀਰ! (ਵਰਖਾ ਰੁੱਤੇ) ਬੱਦਲ ਆਕਾਸ਼ ਵਿਚ (ਚਾਰ ਚੁਫੇਰੇ) ਵਿਛ ਜਾਂਦਾ ਹੈ, ਵਰਖਾ ਕਰ ਕੇ (ਨਿੱਕੇ ਵੱਡੇ ਸਾਰੇ) ਸਰੋਵਰ ਤਾਲਾਬ ਭਰ ਦੇਂਦਾ ਹੈ,
(ਪਰ ਪਪੀਹਾ ਫਿਰ ਭੀ ਵਰਖਾ ਦੀ ਬੂੰਦ ਨੂੰ ਤਰਸਦਾ ਤੇ ਕੂਕਦਾ ਰਹਿੰਦਾ ਹੈ। ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ, ਪਰ ਮਾਇਆ ਦੀ ਮਮਤਾ ਵਿਚ ਫਸੇ ਹੋਏ ਜੀਵ ਉਸ ਦਾ ਦਰਸ਼ਨ ਨਹੀਂ ਕਰ ਸਕਦੇ) ("ਹਰਿ ਕਾ ਸਿਮਰਨੁ ਛਾਡਿ ਕੈ") ਉਹ ਪਪੀਹੇ ਵਾਂਗ ਤਰਲੇ ਲੈਂਦੇ ਹਨ, ਤੇ ਉਹਨਾਂ ਦਾ ਸਦਾ ਮੰਦਾ ਹਾਲ ਹੀ ਰਹਿੰਦਾ ਹੈ ॥੧੨੪॥
ਹੇ ਕਬੀਰ! ਚਕਵੀ ਜਦੋਂ ਰਾਤ ਨੂੰ (ਆਪਣੇ ਚੁਕਵੇ ਤੋਂ) ਵਿਛੁੜਦੀ ਹੈ ਤਾਂ ਸਵੇਰ-ਸਾਰ ਮੁੜ ਆ ਮਿਲਦੀ ਹੈ (ਰਾਤ ਦਾ ਹਨੇਰਾ ਇਹਨਾਂ ਦੇ ਮੇਲ ਦੇ ਰਸਤੇ ਵਿਚ ਰੁਕਾਵਟ ਬਣਿਆ ਰਹਿੰਦਾ ਹੈ, ਉਂਞ ਇਹ ਹਨੇਰਾ ਉਨ੍ਹਾਂ ਨੂੰ ਵਧ ਤੋਂ ਵਧ ਚਾਰ ਪਹਿਰ ਹੀ ਵਿਛੋੜ ਸਕਦਾ ਹੈ।
ਪਰ ਮਾਇਆ ਦੀ ਮਮਤਾ ਦਾ ਹਨੇਰਾ ਐਸਾ ਨਹੀਂ ਜੋ ਛੇਤੀ ਮੁੱਕ ਸਕੇ, ਇਹ ਤਾਂ ਜਨਮਾਂ ਜਨਮਾਂਤਰਾਂ ਤਕ ਖ਼ਲਾਸੀ ਨਹੀਂ ਕਰਦਾ; ਇਸ ਹਨੇਰੇ ਦੇ ਕਾਰਨ) ਜੋ ਮਨੁੱਖ ਪ੍ਰਭੂ ਤੋਂ ਵਿਛੁੜਦੇ ਹਨ, ਉਹ ਨਾਹ ਦਿਨੇ ਮਿਲ ਸਕਦੇ ਹਨ ਨਾਹ ਰਾਤ ਨੂੰ ॥੧੨੫॥
ਹੇ ਕਬੀਰ! ਸਮੁੰਦਰ ਤੋਂ ਵਿਛੁੜੇ ਹੋਏ ਹੇ ਸੰਖ! ਸਮੁੰਦਰ ਦੇ ਵਿਚ ਹੀ ਟਿਕਿਆ ਰਹੁ,
ਨਹੀਂ ਤਾਂ ਹਰ ਰੋਜ਼ ਸੂਰਜ ਚੜ੍ਹਦੇ ਸਾਰ ਹਰੇਕ ਮੰਦਰ ਵਿਚ ਡਰਾਉਣੀ ਢਾਹ ਮਾਰੇਂਗਾ ॥੧੨੬॥
ਹੇ ਕਬੀਰ! (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ (ਮਸਤ ਹੋਇਆ) ਕੀਹ ਕਰ ਰਿਹਾ ਹੈਂ (ਕਿਉਂ ਅਜਾਈਂ ਉਮਰ ਗਵਾ ਰਿਹਾ ਹੈਂ?) ਪ੍ਰਭੂ ਦੀ ਯਾਦ ਵਿਚ ਹੁਸ਼ਿਆਰ ਹੋ ਅਤੇ (ਇਸ ਯਾਦ ਦੀ ਬਰਕਤਿ ਨਾਲ ਉਹਨਾਂ ਸੰਸਾਰਕ) ਸਹਿਮਾਂ ਤੇ ਕਲੇਸ਼ਾਂ ਤੋਂ ਖ਼ਲਾਸੀ ਹਾਸਲ ਕਰ (ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆਂ ਆ ਘੇਰਦੇ ਹਨ। ਤੂੰ ਸਮਝਦਾ ਹੈਂ ਕਿ ਮੋਹ ਦੀ ਨੀਂਦ ਮਿੱਠੀ ਨੀਂਦ ਹੈ, ਪਰ ਇਹ ਮੋਹ ਤੋਂ ਪੈਦਾ ਹੋਏ ਦੁੱਖਾਂ ਕਲੇਸ਼ਾਂ ਤੇ ਸਹਿਮਾਂ ਹੇਠ ਦੱਬੇ ਰਹਿਣਾ ਕਬਰ ਵਿਚ ਪੈਣ ਸਮਾਨ ਹੈ। ਇਹ ਦੁੱਖਾਂ ਕਲੇਸ਼ਾਂ ਸਹਿਮਾਂ ਭਰਿਆ ਜੀਵਨ ਸੁਖੀ ਜੀਵਨ ਨਹੀਂ ਹੈ)।
ਜਿਸ ਮਨੁੱਖ ਦਾ ਵਾਸ ਸਦਾ (ਅਜੇਹੀ) ਕਬਰ ਵਿਚ ਰਹੇ, ਉਹ ਕਦੇ ਸੁਖੀ ਜੀਵਨ ਜਿਊਂਦਾ ਨਹੀਂ ਕਿਹਾ ਜਾ ਸਕਦਾ ॥੧੨੭॥
ਹੇ ਕਬੀਰ! ਮਾਇਆ ਦੇ ਮੋਹ ਵਿਚ ਮਸਤ ਹੋ ਕੇ ਕਿਉਂ ਉਮਰ ਅਜਾਈਂ ਗਵਾ ਰਿਹਾ ਹੈਂ? ਇਸ ਮੋਹ ਨੀਂਦ ਵਿਚੋਂ ਹੁਸ਼ਿਆਰ ਹੋ ਕੇ ਕਿਉਂ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ?
ਇਕ ਦਿਨ ਅਜੇਹਾ ਬੇ-ਬਸ ਹੋ ਕੇ ਸੌਣਾ ਪਏਗਾ ਕਿ ਮੁੜ ਉੱਠਿਆ ਹੀ ਨਹੀਂ ਜਾ ਸਕੇਗਾ (ਇਕ ਦਿਨ ਸਦਾ ਦੀ ਨੀਂਦਰੇ ਸੌਣਾ ਪਏਗਾ) ॥੧੨੮॥
ਹੇ ਕਬੀਰ! ਮਾਇਆ ਦੇ ਮੋਹ ਵਿਚ ਮਸਤ ਹੋ ਕੇ ਕਿਉਂ ਉਮਰ ਅਜਾਈਂ ਗਵਾ ਰਿਹਾ ਹੈਂ? ਹੁਸ਼ਿਆਰ ਹੋ, ਮਮਤਾ ਦੀ ਨੀਂਦ ਦੇ ਹੁਲਾਰੇ ਵਲੋਂ ਸੁਚੇਤ ਰਹੁ।
ਜਿਸ ਪ੍ਰਭੂ ਦੀ ਯਾਦ ਤੋਂ ਵਿਛੁੜਿਆ ਹੋਇਆ ਹੈਂ (ਅਤੇ ਇਹ ਸਹਿਮ ਤੇ ਕਲੇਸ਼ ਸਹਾਰ ਰਿਹਾ ਹੈਂ) ਉਸੇ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹੁ ॥੧੨੯॥
(ਪਰ) ਹੇ ਕਬੀਰ! (ਜੇ "ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ" ਵਾਲਾ ਉੱਦਮ ਕਰਨਾ ਹੈ ਤਾਂ) ਉਹ ਰਸਤਾ ਨਾਹ ਛੱਡੀਏ ਜਿਸ ਉੱਤੇ ਸੰਤ ਗੁਰਮੁਖਿ ਤੁਰਦੇ ਹਨ, ਉਹਨਾਂ ਦੇ ਰਸਤੇ ਉੱਤੇ ਤੁਰੇ ਚੱਲਣਾ ਚਾਹੀਦਾ ਹੈ।
ਸੰਤਾਂ ਗੁਰਮੁਖਾਂ ਦਾ ਦਰਸ਼ਨ ਕੀਤਿਆਂ ਮਨ ਪਵਿਤ੍ਰ ਹੋ ਜਾਂਦਾ ਹੈ, ਉਹਨਾਂ ਦੇ ਪਾਸ ਬੈਠਿਆਂ ਪਰਮਾਤਮਾ ਦਾ ਨਾਮ ਸਿਮਰੀਦਾ ਹੈ (ਸਿਮਰਨ ਦਾ ਸ਼ੌਕ ਪੈ ਜਾਂਦਾ ਹੈ) ॥੧੩੦॥
ਹੇ ਕਬੀਰ! (ਜੇ "ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ" ਵਾਲਾ ਉੱਦਮ ਕਰਨਾ ਹੈ ਤਾਂ) ਰੱਬ ਨਾਲੋਂ ਟੁੱਟੇ ਹੋਏ ਬੰਦੇ ਦੀ ਸੁਹਬਤਿ ਨਹੀਂ ਕਰਨੀ ਚਾਹੀਦੀ, ਉਸ ਤੋਂ ਦੂਰ ਹੀ ਹਟ ਜਾਣਾ ਚਾਹੀਦਾ ਹੈ।
(ਵੇਖ) ਜੇ ਕਿਸੇ ਕਾਲੇ ਭਾਂਡੇ ਨੂੰ ਛੋਹੀਏ, ਤਾਂ ਥੋੜਾ-ਬਹੁਤ ਦਾਗ਼ ਲੱਗ ਹੀ ਜਾਂਦਾ ਹੈ ॥੧੩੧॥
ਹੇ ਕਬੀਰ! (ਜੇ "ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ" ਦਾ ਉੱਦਮ ਕਰਨਾ ਹੈ, ਤਾਂ ਇਹ ਵੇਲੇ-ਸਿਰ ਹੀ ਹੋ ਸਕਦਾ ਹੈ, ਸਾਧਾਰਨ ਤੌਰ ਤੇ ਬੁਢੇਪੇ ਤੋਂ ਪਹਿਲਾਂ ਪਹਿਲਾਂ ਹੀ ਇਹ ਉੱਦਮ ਕਰਨਾ ਚਾਹੀਦਾ ਹੈ; ਪਰ ਜੇ ਜੁਆਨੀ ਵਿਚ ਪਰਮਾਤਮਾ ਦਾ ਭਜਨ ਨਾਹ ਕੀਤਾ (ਉਤੋਂ) ਬੁਢੇਪਾ ਆ ਅੱਪੜਿਆ (ਇਸ ਉਮਰ ਤਕ ਮਾਇਆ ਦੇ ਮੋਹ ਵਿਚ ਫਸੇ ਰਿਹਾਂ ਬੇਅੰਤ ਮੰਦੇ ਸੰਸਕਾਰ ਅੰਦਰ ਜਮ੍ਹਾ ਹੁੰਦੇ ਗਏ, ਇਹ ਕਿਵੇਂ ਹੁਣ ਸਿਮਰਨ ਵਲ ਪਰਤਣ ਦੇਣਗੇ?)।
ਜੇ ਕਿਸੇ ਘਰ ਨੂੰ ਬੂਹੇ ਵਲੋਂ ਹੀ ਅੱਗ ਲੱਗ ਜਾਏ, ਤਾਂ ਉਸ ਵੇਲੇ (ਘਰ ਵਿਚੋਂ) ਬਹੁਤਾ ਕੁਝ (ਸੜਨੋਂ) ਬਚਾਇਆ ਨਹੀਂ ਜਾ ਸਕਦਾ (ਇਸੇ ਤਰ੍ਹਾਂ ਜੇ ਜੁਆਨੀ ਵਿਕਾਰਾਂ ਵਿਚ ਗਲ ਜਾਏ, ਤਾਂ ਬੁਢੇਪੇ ਵਿਚ ਉਮਰ ਦੇ ਗਿਣਤੀ ਦੇ ਦਿਨ ਹੋਣ ਕਰਕੇ ਜੀਵਨ ਬਹੁਤ ਸੰਵਾਰਿਆ ਨਹੀਂ ਜਾ ਸਕਦਾ ॥੧੩੨॥
(ਪਰ) ਹੇ ਕਬੀਰ! (ਜੇ ਸਿਮਰਨ ਤੋਂ ਖੁੰਝਿਆਂ ਹੀ ਜੁਆਨੀ ਲੰਘ ਗਈ ਹੈ ਅਤੇ ਬੁਢੇਪਾ ਆ ਜਾਣ ਤੇ ਹੁਣ ਸੂਝ ਪਈ ਹੈ, ਤਾਂ ਭੀ ਨਿਰਾਸ ਹੋਣ ਦੀ ਲੋੜ ਨਹੀਂ। ਸਿਮਰਨ ਪ੍ਰਭੂ ਦੀ ਆਪਣੀ ਬਖ਼ਸ਼ਸ਼ ਹੈ ਜਦੋਂ ਦੇਵੇ ਤਦੋਂ ਹੀ ਜੀਵ ਸਿਮਰਨ ਕਰ ਸਕਦਾ ਹੈ। ਜੁਆਨੀ ਹੋਵੇ ਚਾਹੇ ਬੁਢੇਪਾ, ਸਿਮਰਨ ਕਰਨ ਦਾ) ਸਬਬ ਉਹੀ ਬਣਦਾ ਹੈ ਜੋ ਕਰਤਾਰ ਆਪ ਬਣਾਏ;
(ਇਹ ਦਾਤ ਕਿਸੇ ਭੀ ਜੀਵ ਦੇ ਹੱਥ ਵਿਚ ਨਹੀਂ ਹੈ, ਇਹ ਸਬਬ ਬਣਾਣ ਵਾਲਾ) ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ, ਸਿਰਫ਼ ਸ੍ਰਿਸ਼ਟੀ ਦਾ ਰਚਨਹਾਰ ਆਪ ਹੀ ਇਹ ਸਬਬ ਬਣਾਣ-ਜੋਗਾ ਹੈ ॥੧੩੩॥
ਹੇ ਕਬੀਰ! ਅੰਬਾਂ ਦੇ ਬੂਟਿਆਂ ਨੂੰ (ਪਹਿਲਾਂ) ਫਲ ਲੱਗਦੇ ਹਨ, ਤੇ (ਸਹਜੇ ਸਹਜੇ ਫਿਰ ਉਹ) ਪੱਕਣੇ ਸ਼ੁਰੂ ਹੁੰਦੇ ਹਨ;
ਪੱਕਣ ਤੋਂ ਪਹਿਲਾਂ ਜੇ ਇਹ ਅੰਬ (ਹਨੇਰੀ ਆਦਿਕ ਨਾਲ ਟਹਿਣੀ ਨਾਲੋਂ) ਹਿੱਲ ਨਾਹ ਜਾਣ ਤਾਂ ਹੀ ਮਾਲਕ ਤਕ ਅੱਪੜਦੇ ਹਨ ॥੧੩੪॥
ਹੇ ਕਬੀਰ! ਜੋ ਲੋਕ ਠਾਕੁਰ (ਦੀ ਮੂਰਤੀ) ਮੁੱਲ ਲੈ ਕੇ (ਉਸ ਦੀ) ਪੂਜਾ ਕਰਦੇ ਹਨ, ਅਤੇ ਮਨ ਦੇ ਹਠ ਨਾਲ ਤੀਰਥਾਂ ਤੇ ਜਾਂਦੇ ਹਨ,
(ਅਸਲ ਵਿਚ ਉਹ ਲੋਕ) ਇਕ ਦੂਜੇ ਨੂੰ (ਇਹ ਕੰਮ ਕਰਦਿਆਂ) ਵੇਖ ਕੇ ਸਾਂਗ ਬਣਾਈ ਜਾਂਦੇ ਹਨ (ਇਸ ਵਿਚ ਅਸਲੀਅਤ ਕੋਈ ਨਹੀਂ ਹੁੰਦੀ, ਸਭ ਕੁਝ ਲੋਕਾਂ ਵਿਚ ਚੰਗਾ ਅਖਵਾਣ ਲਈ ਹੀ ਕੀਤਾ ਜਾਂਦਾ ਹੈ, ਹਿਰਦੇ ਵਿਚ ਪਰਮਾਤਮਾ ਦੇ ਪਿਆਰ ਦਾ ਕੋਈ ਹੁਲਾਰਾ ਨਹੀਂ ਹੁੰਦਾ, ਸਹੀ ਰਾਹ ਤੋਂ ਖੁੰਝੇ ਹੋਏ ਇਹ ਲੋਕ ਭਟਕਦੇ ਹਨ ॥੧੩੫॥
ਹੇ ਕਬੀਰ! (ਪੰਡਿਤਾਂ ਦੇ ਪਿੱਛੇ ਲੱਗਾ ਹੋਇਆ ਇਹ) ਸਾਰਾ ਜਗਤ ਪੱਥਰ (ਦੀ ਮੂਰਤੀ) ਨੂੰ ਪਰਮੇਸਰ ਮਿਥ ਰਿਹਾ ਹੈ ਤੇ ਇਸ ਦੀ ਪੂਜਾ ਕਰ ਰਿਹਾ ਹੈ।
ਜਿਨ੍ਹਾਂ ਮਨੁੱਖਾਂ ਨੂੰ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਪੱਥਰ ਨੂੰ ਪੂਜ ਕੇ ਉਹ ਪਰਮਾਤਮਾ ਦੀ ਭਗਤੀ ਕਰ ਰਹੇ ਹਨ ਉਹ ਡੂੰਘੇ ਪਾਣੀਆਂ ਵਿਚ ਡੁੱਬੇ ਸਮਝੋ (ਜਿਥੋਂ ਉਹਨਾਂ ਦਾ ਕੋਈ ਥਹੁ-ਪਤਾ ਹੀ ਨਹੀਂ ਲੱਗਣਾ) ॥੧੩੬॥
ਹੇ ਕਬੀਰ! (ਇਹਨਾਂ ਪੰਡਿਤਾਂ ਦੇ) ਸ਼ਾਸਤ੍ਰ, ਮਾਨੋ ਕੈਦਖ਼ਾਨਾ ਹਨ, (ਇਹਨਾਂ ਸ਼ਾਸਤ੍ਰਾਂ ਵਿਚ) ਸਿਆਹੀ ਨਾਲ ਲਿਖੀ ਹੋਈ ਕਰਮ-ਕਾਂਡ ਦੀ ਮਰਯਾਦਾ, ਮਾਨੋ, ਉਸ ਕੈਦਖ਼ਾਨੇ ਦੇ ਬੰਦ ਦਰਵਾਜ਼ੇ ਹਨ।
(ਇਸ ਕੈਦਖ਼ਾਨੇ ਵਿਚ ਰੱਖੀਆਂ) ਪੱਥਰ ਦੀਆਂ ਮੂਰਤੀਆਂ ਨੇ ਧਰਤੀ ਨੇ ਬੰਦਿਆਂ ਨੂੰ (ਸੰਸਾਰ-ਸਮੁੰਦਰ ਵਿਚ) ਡੋਬ ਦਿੱਤਾ ਹੈ, ਪੰਡਿਤ ਲੋਕ ਡਾਕੇ ਮਾਰ ਰਹੇ ਹਨ (ਭਾਵ, ਸਾਦਾ-ਦਿਲ ਲੋਕਾਂ ਨੂੰ ਸ਼ਾਸਤ੍ਰਾਂ ਦੀ ਕਰਮ-ਕਾਂਡ ਦੀ ਮਰਯਾਦਾ ਤੇ ਮੂਰਤੀ-ਪੂਜਾ ਵਿਚ ਲਾ ਕੇ ਦੱਛਣਾ-ਦਾਨ ਆਦਿ ਦੀ ਰਾਹੀਂ ਲੁੱਟ ਰਹੇ ਹਨ) ॥੧੩੭॥
(ਸ਼ਲੋਕ ਨੰ: ੧੩੨ ਦੇ ਖ਼ਿਆਲ ਨੂੰ ਮੁੜ ਜਾਰੀ ਰੱਖਦੇ ਹੋਏ ਆਖਦੇ ਹਨ ਕਿ:) ਹੇ ਕਬੀਰ! (ਪਰਮਾਤਮਾ ਦਾ ਸਿਮਰਨ ਕਰਨ ਵਿਚ ਕਦੇ ਆਲਸ ਨਾਹ ਕਰ) ਭਲਕੇ (ਸਿਮਰਨ ਕਰਾਂਗਾ, ਇਹ ਸਲਾਹ) ਕਰਦਾ ਹੁਣੇ ਹੀ (ਸਿਮਰਨ) ਕਰ (ਭਲਕੇ ਸਿਮਰਨ ਸ਼ੁਰੂ ਕਰਨ ਦੇ ਥਾਂ ਹੁਣੇ ਹੀ ਸ਼ੁਰੂ ਕਰ ਦੇਹ। ਨਹੀਂ ਤਾਂ ਭਲਕ ਭਲਕ ਕਰਦਿਆਂ)
ਜਦੋਂ ਮੌਤ ਸਿਰ ਤੇ ਆ ਜਾਂਦੀ ਹੈ ਉਸ ਵੇਲੇ ਸਮਾਂ ਵਿਹਾ ਜਾਣ ਤੇ ਕੁਝ ਨਹੀਂ ਹੋ ਸਕਦਾ ॥੧੩੮॥
ਹੇ ਕਬੀਰ! ਮੈਂ ਇਕ ਅਜੇਹਾ ਮਨੁੱਖ ਵੇਖਿਆ (ਜਿਸ ਨੇ ਕਦੇ ਪਰਮਾਤਮਾ ਦਾ ਸਿਮਰਨ ਨਹੀਂ ਸੀ ਕੀਤਾ) ਉਹ (ਬਾਹਰੋਂ ਵੇਖਣ ਨੂੰ) ਧੋਤੀ ਹੋਈ ਚਮਕਦੀ ਲਾਖ ਵਰਗਾ ਸੀ।
ਪ੍ਰਭੂ ਦੀ ਯਾਦ ਤੋਂ ਖੁੰਝਿਆ ਹੋਇਆ ਮਨੁੱਖ ਭਾਵੇਂ ਬਹੁਤ ਹੀ ਚੁਸਤ-ਚਲਾਕ ਦਿੱਸਦਾ ਹੋਵੇ, ਪਰ ਉਹ ਅਸਲ ਵਿਚ ਅਕਲ ਤੋਂ ਸੱਖਣਾ ਹੁੰਦਾ ਹੈ ਕਿਉਂਕਿ ਪ੍ਰਭੂ ਤੋਂ ਵਿਛੁੜ ਕੇ ਉਸ ਦਾ ਜੀਵਨ ਗੰਦਾ ਹੁੰਦਾ ਹੈ ॥੧੩੯॥
ਹੇ ਕਬੀਰ! (ਪ੍ਰਭੂ ਦੀ ਯਾਦ ਤੋਂ ਭੁੱਲਾ ਹੋਇਆ ਮਨੁੱਖ ਬੜਾ ਚੁਸਤ-ਚਾਲਾਕ ਹੁੰਦਾ ਹੋਇਆ ਭੀ ਅਕਲ-ਹੀਣ ਤੇ ਫਿਟਕਾਰ-ਜੋਗ ਹੁੰਦਾ ਹੈ ਕਿਉਂਕਿ ਉਸ ਦਾ ਜੀਵਨ ਨੀਵਾਂ ਰਹਿ ਜਾਂਦਾ ਹੈ। ਪਰ ਮੇਰੇ ਉਤੇ ਪ੍ਰਭੂ ਦੀ ਮੇਹਰ ਹੋਈ ਹੈ, ਦੁਨੀਆ ਦੇ ਲੋਕ ਤਾਂ ਕਿਤੇ ਰਹੇ) ਮੇਰੀ ਅਕਲ ਨੂੰ ਜਮਰਾਜ ਭੀ ਫਿਟਕਾਰ ਨਹੀਂ ਪਾ ਸਕਦਾ,
ਕਿਉਂਕਿ ਮੈਂ ਉਸ ਪਾਲਣਹਾਰ ਪ੍ਰਭੂ ਨੂੰ ਸਿਮਰਿਆ ਹੈ ਜਿਸ ਨੇ ਇਸ ਵਿਚਾਰੇ ਜਮ ਨੂੰ ਪੈਦਾ ਕੀਤਾ ਹੈ ॥੧੪੦॥
(ਭਗਤੀ ਕਰਨ ਵਾਲਿਆਂ ਨੂੰ) ਪਰਮਾਤਮਾ (ਇਉਂ ਪ੍ਰਤੀਤ ਹੁੰਦਾ ਹੈ ਜਿਵੇਂ) ਕਸਤੂਰੀ ਹੈ, ਸਾਰੇ ਭਗਤ ਉਸ ਦੇ ਭੌਰੇ ਬਣ ਜਾਂਦੇ ਹਨ (ਜਿਵੇਂ ਭੌਰੇ ਫੁੱਲ ਦੀ ਸੁਗੰਧੀ ਵਿਚ ਮਸਤ ਹੋ ਜਾਂਦੇ ਹਨ ਤੇ ਕਿਤੇ ਗੰਦੀ-ਮੰਦੀ ਬੂ ਵਾਲੇ ਥਾਂ ਵਲ ਨਹੀਂ ਜਾਂਦੇ, ਤਿਵੇਂ ਭਗਤ ਪਰਮਾਤਮਾ ਦੇ ਪਿਆਰ ਦੀ ਸੁਗੰਧੀ ਵਿਚ ਲੀਨ ਰਹਿੰਦੇ ਹਨ ਤੇ ਮਾਇਕ ਪਦਾਰਥਾਂ ਵਲ ਨਹੀਂ ਪਰਤਦੇ)।