ਹੇ ਨਾਨਕ! (ਆਖ-) ਇਕ ਖਿਨ ਵਿਚ ਉਸ ਦੇ ਅੰਦਰੋਂ ਦੁੱਖ-ਕਲੇਸ਼ ਮਿਟ ਜਾਂਦੇ ਹਨ, ਉਹ ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੪॥੫॥੬॥
ਮੈਂ ਜਿਸ ਭੀ ਮਨੁੱਖ ਕੋਲ (ਆਪਣੇ ਦੁੱਖ ਦੀ) ਗੱਲ ਕਰਦਾ ਹਾਂ, ਉਹ ਆਪਣੇ ਦੁੱਖ ਨਾਲ ਭਰਿਆ ਹੋਇਆ ਦਿੱਸਦਾ ਹੈ (ਉਹ ਮੇਰਾ ਦੁੱਖ ਕੀਹ ਨਿਵਿਰਤ ਕਰੇ?)।
ਜਿਸ ਮਨੁੱਖ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਆਰਾਧਿਆ ਹੈ, ਉਸ ਨੇ ਹੀ ਇਹ ਡਰ (-ਭਰਿਆ ਸੰਸਾਰ-) ਸਮੁੰਦਰ ਪਾਰ ਕੀਤਾ ਹੈ ॥੧॥
ਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਕੋਈ ਹੋਰ ਧਿਰ (ਕਿਸੇ ਦਾ) ਦੁੱਖ ਪੀੜ ਕੱਟ ਨਹੀਂ ਸਕਦਾ।
ਪਰਮਾਤਮਾ (ਦਾ ਆਦਰਾ) ਛੱਡ ਕੇ ਜੇ ਕਿਸੇ ਹੋਰ ਦਾ ਸੇਵਕ ਬਣੀਏ ਤਾਂ ਇਸ ਕੰਮ ਵਿਚ ਇੱਜ਼ਤ ਵਡਿਆਈ ਸੋਭਾ ਘਟ ਜਾਂਦੀ ਹੈ ॥੧॥ ਰਹਾਉ ॥
ਮਾਇਆ ਦੇ ਕਾਰਨ ਬਣੇ ਹੋਏ ਇਹ ਸਾਕ ਸਜਣ ਰਿਸ਼ਤੇਦਾਰ (ਦੁੱਖਾਂ ਦੀ ਨਿਵਿਰਤੀ ਵਾਸਤੇ) ਕਿਸੇ ਭੀ ਕੰਮ ਨਹੀਂ ਆ ਸਕਦੇ।
ਪਰਮਾਤਮਾ ਦਾ ਭਗਤ ਜੇ ਨੀਵੀਂ ਕੁਲ ਦਾ ਭੀ ਹੋਵੇ, ਉਸ ਨੂੰ ਸ੍ਰੇਸ਼ਟ (ਜਾਣੋ), ਉਸ ਦੀ ਸੰਗਤਿ ਵਿਚ ਰਿਹਾਂ ਮਨ-ਇੱਛਤ ਫਲ ਹਾਸਲ ਕਰ ਲਈਦੇ ਹਨ ॥੨॥
ਜੇ ਮਾਇਆ ਦੇ ਲੱਖਾਂ ਕ੍ਰੋੜਾਂ ਸੁਆਦਲੇ ਖਾਣੇ ਹੋਣ, ਉਹਨਾਂ ਵਿਚ ਲੱਗਿਆਂ (ਖਾਣ ਦੀ) ਤ੍ਰਿਸ਼ਨਾ ਨਹੀਂ ਮੁੱਕਦੀ।
ਪਰਮਾਤਮਾ ਦਾ ਨਾਮ ਸਿਮਰਦਿਆਂ (ਅੰਦਰ, ਮਾਨੋ) ਕ੍ਰੋੜਾਂ (ਸੂਰਜਾਂ ਦਾ) ਚਾਨਣ ਹੋ ਜਾਂਦਾ ਹੈ, ਤੇ ਅੰਦਰ ਉਹ ਕੀਮਤੀ ਨਾਮ-ਪਦਾਰਥ ਦਿੱਸ ਪੈਂਦਾ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ॥੩॥
ਹੇ ਪ੍ਰਭੂ ਪਾਤਿਸ਼ਾਹ! ਹੇ ਜੀਵਾਂ ਦੇ ਸਾਰੇ ਡਰ ਨਾਸ ਕਰਨ ਵਾਲੇ ਹਰੀ! ਜੇਹੜਾ ਮਨੁੱਖ ਭਟਕਦਾ ਭਟਕਦਾ (ਆਖ਼ਰ) ਤੇਰੇ ਦਰ ਤੇ ਆ ਪਹੁੰਚਦਾ ਹੈ,
ਹੇ ਨਾਨਕ! (ਆਖ-) ਉਹ (ਤੇਰੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ, (ਤੇ ਤੇਰੇ ਦਰ ਤੋਂ) ਇਹ ਸੁਖ ਪ੍ਰਾਪਤ ਕਰਦਾ ਹੈ ॥੪॥੬॥੭॥
ਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਪੰਜ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜੀਵ ਪਹਿਲਾਂ ਮਾਂ ਦੇ ਪੇਟ ਵਿਚ ਆ ਨਿਵਾਸ ਕਰਦਾ ਹੈ, (ਫਿਰ) ਉਹ ਥਾਂ ਛੱਡ ਕੇ ਧਰਤੀ ਤੇ ਆਉਂਦਾ ਹੈ।
(ਇਥੇ) ਚਿਤ੍ਰੇ ਹੋਏ ਮਹਲ-ਮਾੜੀਆਂ ਤੇ ਸੋਹਣੇ ਬਾਗ਼ (ਵੇਖ ਵੇਖ ਕੇ ਖ਼ੁਸ਼ ਹੁੰਦਾ ਹੈ, ਪਰ ਇਹਨਾਂ ਵਿਚੋਂ) ਕੋਈ ਭੀ ਚੀਜ਼ (ਅਖ਼ੀਰ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ ॥੧॥
ਹੋਰ ਸਾਰੇ ਲੋਭ ਲਾਲਚ ਝੂਠੇ ਹਨ।
(ਜੇ ਕਿਸੇ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ, ਤਾਂ ਇਹ ਨਾਮ ਹੀ (ਉਸ ਦੀ) ਜਿੰਦ ਵਾਸਤੇ ਸੁਖਾਵੀਂ ਚੀਜ਼ ਹੈ ॥੧॥ ਰਹਾਉ ॥
ਪਿਆਰੇ ਮਿੱਤਰ, ਰਿਸ਼ਤੇਦਾਰ, ਪੁੱਤਰ, ਭਰਾ, ਇਸਤ੍ਰੀ-ਇਹਨਾਂ ਨਾਲ ਗੂੜਾ ਪਿਆਰ ਪਾ ਕੇ ਜੀਵ ਹੱਸਦਾ-ਖੇਡਦਾ ਰਹਿੰਦਾ ਹੈ,
ਪਰ ਜਿਸ ਵੇਲੇ ਅੰਤਲਾ ਸਮਾ ਆ ਪੁੱਜਦਾ ਹੈ, ਉਹਨਾਂ ਸਭਨਾਂ ਦੇ ਵੇਂਹਦਿਆਂ ਵੇਂਹਦਿਆਂ ਮੌਤ ਨੇ ਆ ਫੜਨਾ ਹੁੰਦਾ ਹੈ ॥੨॥
(ਸਾਰੀ ਉਮਰ) ਧੱਕੇ ਜ਼ੁਲਮ ਕਰ ਕਰ ਕੇ ਮਨੁੱਖ ਦੌਲਤ ਸੋਨਾ ਚਾਂਦੀ ਰੁਪਏ ਇਕੱਠੇ ਕਰਦਾ ਰਹਿੰਦਾ ਹੈ।
(ਜਿਵੇਂ ਕਿਸੇ) ਮਜ਼ਦੂਰ ਨੂੰ ਮਜ਼ਦੂਰੀ (ਮਿਲ ਜਾਂਦੀ ਹੈ ਤਿਵੇਂ, ਦੌਲਤ ਇਕੱਠੀ ਕਰਨ ਵਾਲੇ ਨੂੰ) ਉਹ (ਹਰ ਰੋਜ਼ ਦਾ ਖਾਣ-ਪੀਣ) ਮਜ਼ਦੂਰੀ ਮਿਲਦੀ ਰਹੀ, ਬਾਕੀ ਸਾਰਾ ਧਨ (ਮਰਨ ਵੇਲੇ) ਬਿਗਾਨਾ ਹੋ ਜਾਂਦਾ ਹੈ ॥੩॥
ਮਨੁੱਖ ਸੋਹਣੇ ਘੋੜੇ ਵਧੀਆ ਹਾਥੀ ਰਥ (ਆਦਿਕ) ਇਕੱਠੇ ਕਰਦਾ ਰਹਿੰਦਾ ਹੈ, ਪੂਰੇ ਧਿਆਨ ਨਾਲ ਇਹਨਾਂ ਨੂੰ ਆਪਣੀ ਮਲਕੀਅਤ ਬਣਾਂਦਾ ਰਹਿੰਦਾ ਹੈ,
ਪਰ ਜਦੋਂ ਲੰਮਾ ਕੂਚ ਹੁੰਦਾ ਹੈ (ਇਹ ਘੋੜੇ ਆਦਿਕ) ਇਕ ਪੈਰ ਭੀ (ਮਨੁੱਖ ਦੇ ਨਾਲ) ਨਹੀਂ ਤੁਰਦੇ ॥੪॥
ਪਰਮਾਤਮਾ ਦਾ ਨਾਮ ਹੀ ਮਨੁੱਖ ਦਾ ਅਸਲ ਧਨ ਹੈ, ਨਾਮ ਹੀ ਸੁਖਦਾਤਾ ਹੈ, ਨਾਮ ਹੀ ਪਰਵਾਰ ਹੈ, ਨਾਮ ਹੀ ਸਾਥੀ ਹੈ।
ਗੁਰੂ ਨੇ (ਮੈਨੂੰ) ਨਾਨਕ ਨੂੰ ਇਹ ਹਰਿ-ਨਾਮ-ਦੌਲਤ ਹੀ ਦਿੱਤੀ ਹੈ। ਇਹ ਦੌਲਤ ਕਦੇ ਮੁੱਕਦੀ ਨਹੀਂ, ਕਦੇ ਗੁਆਚਦੀ ਨਹੀਂ ॥੫॥੧॥੮॥
ਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਤਿਨ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਉਸ ਮਨੁੱਖ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ, ਉਸ ਦੇ ਅੰਦਰ ਸੁਖ ਆ ਨਿਵਾਸ ਕਰਦੇ ਹਨ, ਪਰਮਾਤਮਾ ਦਾ ਨਾਮ ਉਸ ਦੀ ਤ੍ਰਿਸ਼ਨਾ ਦੀ ਸੜਨ ਬੁਝਾ ਦੇਂਦਾ ਹੈ,
ਜਿਸ ਦੇ ਹਿਰਦੇ ਵਿਚ ਗੁਰੂ ਨੇ (ਸਾਰੇ ਸੁਖਾਂ ਦਾ) ਖ਼ਜ਼ਾਨਾ ਹਰਿ-ਨਾਮ ਪੱਕਾ ਕਰ ਦਿੱਤਾ, ਉਹ ਆਤਮਕ ਮੌਤ ਨਹੀਂ ਸਹੇੜਦਾ, ਉਹ ਨਾਹ (ਮੁੜ ਮੁੜ) ਜੰਮਦਾ ਹੈ ਨਾਹ ਮਰਦਾ ਹੈ ॥੧॥
ਪਰਮਾਤਮਾ ਦਾ ਨਾਮ ਜਪ ਕੇ ਉਸ ਮਨੁੱਖ ਦੇ ਮਾਇਆ ਦੇ ਬੰਧਨ ਟੁੱਟ ਜਾਂਦੇ ਹਨ।
ਮੇਰੇ ਪ੍ਰਭੂ ਜੀ ਜਿਸ ਮਨੁੱਖ ਉੱਤੇ ਕਿਰਪਾਲ ਹੁੰਦੇ ਹਨ, ਉਹ ਮਨੁੱਖ ਸਾਧ ਸੰਗਤਿ ਵਿਚ ਮਿਲ ਕੇ ਮਾਇਆ ਦੇ ਬੰਧਨਾਂ ਤੋਂ ਅਜ਼ਾਦ ਹੋ ਜਾਂਦਾ ਹੈ ॥੧॥ ਰਹਾਉ ॥