ਉਸ ਦੇ ਸਾਰੇ ਡਰ ਸਹਿਮ ਇਕ ਖਿਨ ਵਿਚ ਦੂਰ ਹੋ ਜਾਂਦੇ ਹਨ,
(ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਆ ਵੱਸਦਾ ਹੈ ॥੧॥
(ਉਹ) ਪਰਮਾਤਮਾ ਆਪਣੇ ਸੰਤ ਜਨਾਂ ਦਾ ਸਦਾ ਮਦਦਗਾਰ ਹੈ।
ਉਹ ਸਭਨੀਂ ਥਾਈਂ ਪੂਰਨ ਤੌਰ ਤੇ ਮੌਜੂਦ ਹੈ, ਘਰ ਵਿਚ ਘਰੋਂ ਬਾਹਰ ਹਰ ਥਾਂ (ਸੰਤ ਜਨਾਂ ਦੇ ਨਾਲ) ਹੁੰਦਾ ਹੈ ॥੧॥ ਰਹਾਉ ॥
(ਸੇਵਕ ਵਾਸਤੇ) ਪਰਮਾਤਮਾ ਦਾ ਨਾਮ ਹੀ ਧਨ ਹੈ, ਨਾਮ ਹੀ ਮਾਲ ਹੈ, ਨਾਮ ਹੀ ਜਵਾਨੀ ਹੈ ਅਤੇ ਨਾਮ ਜਪਣਾ ਹੀ ਜੀਊਣ ਦੀ ਸੁਚੱਜੀ ਜਾਚ ਹੈ।
ਪਰਮਾਤਮਾ ਸੇਵਕ ਦੀ ਜਿੰਦ ਦੀ ਪਾਲਣਾ ਕਰਦਾ ਹੈ, ਸਦਾ ਉਸ ਦੇ ਪ੍ਰਾਣਾਂ ਦੀ ਰਾਖੀ ਕਰਦਾ ਹੈ, ਉਸ ਨੂੰ ਸਾਰੇ ਸੁਖ ਦੇਂਦਾ ਹੈ।
ਪਰਮਾਤਮਾ ਆਪਣੇ ਸੇਵਕ ਨੂੰ ਹੱਥ ਦੇ ਕੇ ਬਚਾਂਦਾ ਹੈ।
ਉਹ ਅੱਖ ਝਮਕਣ ਜਿਤਨੇ ਸਮੇ ਲਈ ਭੀ ਆਪਣੇ ਸੇਵਕ ਦਾ ਸਾਥ ਨਹੀਂ ਛੱਡਦਾ, ਸਦਾ ਉਸ ਦੇ ਨਾਲ ਰਹਿੰਦਾ ਹੈ ॥੨॥
ਪਰਮਾਤਮਾ ਵਰਗਾ ਪਿਆਰ ਕਰਨ ਵਾਲਾ ਹੋਰ ਕੋਈ ਨਹੀਂ ਹੈ।
ਉਹ ਸਦਾ-ਥਿਰ ਪ੍ਰਭੂ ਬੜੇ ਗਹੁ ਨਾਲ (ਆਪਣੇ ਭਗਤਾਂ ਦੀ) ਸੰਭਾਲ ਕਰਦਾ ਹੈ।
ਉਹਨਾਂ ਵਾਸਤੇ ਪਰਮਾਤਮਾ ਹੀ ਮਾਂ ਹੈ, ਪਰਮਾਤਮਾ ਹੀ ਪਿਉ ਹੈ, ਪਰਮਾਤਮਾ ਹੀ ਪੁੱਤਰ ਹੈ ਪਰਮਾਤਮਾ ਹੀ ਸਨਬੰਧੀ ਹੈ।
ਜਗਤ ਦੇ ਸ਼ੁਰੂ ਤੋਂ ਜੁਗਾਂ ਦੇ ਸ਼ੁਰੂ ਤੋਂ ਭਗਤ (ਉਸ) ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਆ ਰਹੇ ਹਨ ॥੩॥
ਭਗਤ ਜਨਾਂ ਦੇ ਮਨ ਵਿਚ ਪਰਮਾਤਮਾ ਦਾ ਹੀ ਆਸਰਾ ਹੈ ਪਰਮਾਤਮਾ ਦਾ ਹੀ ਤਾਣ ਹੈ।
ਉਹ ਇੱਕ (ਪਰਮਾਤਮਾ) ਤੋਂ ਬਿਨਾ ਹੋਰ ਕਿਸੇ ਦੂਜੇ ਦਾ ਆਸਰਾ ਨਹੀਂ ਤੱਕਦੇ।
ਨਾਨਕ ਦੇ ਮਨ ਵਿਚ (ਭੀ) ਇਹੀ ਹੌਸਲਾ ਹੈ,
ਕਿ ਪਰਮਾਤਮਾ ਸਾਡਾ ਹਰੇਕ ਕੰਮ ਸੁਆਰਦਾ ਹੈ ॥੪॥੩੮॥੫੧॥
ਪਰਮਾਤਮਾ ਦਾ ਨਾਮ ਸਿਮਰਦਿਆਂ ਡਰ ਨੂੰ ਭੀ ਡਰ ਪੈ ਜਾਂਦਾ ਹੈ (ਡਰ ਸਿਮਰਨ ਕਰਨ ਵਾਲੇ ਦੇ ਨੇੜੇ ਨਹੀਂ ਜਾਂਦਾ)।
ਮਾਇਆ ਦੇ ਤਿੰਨਾਂ ਹੀ ਗੁਣਾਂ ਤੋਂ ਪੈਦਾ ਹੋਣ ਵਾਲੀ ਹਰੇਕ ਬੀਮਾਰੀ (ਭਗਤ ਜਨ ਦੇ ਅੰਦਰੋਂ) ਦੂਰ ਹੋ ਜਾਂਦੀ ਹੈ। ਪ੍ਰਭੂ ਦੇ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹਦੇ ਰਹਿੰਦੇ ਹਨ ॥੧॥ ਰਹਾਉ ॥
ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਨੂੰ ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਦਾ ਟਿਕਾਣਾ ਮਿਲਿਆ ਰਹਿੰਦਾ ਹੈ।
ਧਰਮਰਾਜ ਜਮਰਾਜ ਭੀ ਦਿਨ ਰਾਤ ਪਰਮਾਤਮਾ ਦੇ ਭਗਤ ਦਾ ਦਰਸਨ ਕਰਨਾ ਲੋੜਦਾ ਹੈ (ਕਿਉਂਕਿ ਉਸ ਦਰਸਨ ਨਾਲ ਉਹ) ਪਵਿੱਤਰ ਹੋ ਸਕਦਾ ਹੈ ॥੧॥
ਗੁਰਮੁਖਾਂ ਦੀ ਸੰਗਤ ਵਿਚ ਰਿਹਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ (ਹਰੇਕ ਵਿਕਾਰ ਮਨੁੱਖ ਦੇ ਅੰਦਰੋਂ) ਖ਼ਤਮ ਹੋ ਜਾਂਦਾ ਹੈ।
ਪਰ ਇਹੋ ਜਿਹੇ ਸੰਤ ਜਨ ਵੱਡੇ ਭਾਗਾਂ ਨਾਲ ਹੀ ਮਿਲਦੇ ਹਨ। ਹੇ ਨਾਨਕ! ਮੈਂ ਉਹਨਾਂ ਸੰਤ ਜਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੨॥੩੯॥੫੨॥
ਉਹ ਮਨੁੱਖ (ਅਸਲ ਵਿਚ ਕਾਮਾਦਿਕ) ਪੰਜ ਪੀਰਾਂ ਦਾ ਉਪਾਸਕ ਹੁੰਦਾ ਹੈ ਕਿਉਂਕਿ ਉਹ ਇਹਨਾਂ ਪੰਜਾਂ ਨੂੰ (ਆਪਣੇ ਹਿਰਦੇ ਵਿਚ) ਸਾਂਭੀ ਰੱਖਦਾ ਹੈ,
ਤੇ ਸਦਾ ਗਿਣ-ਮਿਥ ਕੇ ਆਪਣੀ ਜੀਭ ਨਾਲ ਝੂਠ ਬੋਲਦਾ ਰਹਿੰਦਾ ਹੈ
(ਨਾਮ-ਸਿਮਰਨ ਛੱਡ ਕੇ ਜਿਹੜਾ ਮਨੁੱਖ ਆਪਣੇ ਸਰੀਰ ਉੱਤੇ) ਗਣੇਸ਼ ਆਦਿਕ ਦਾ ਨਿਸ਼ਾਨ ਬਣਾ ਕੇ ਆਪਣੇ ਧਰਮੀ ਹੋਣ ਦਾ ਵਿਖਾਵਾ ਕਰਦਾ ਹੈ,
ਉਹ (ਅਸਲ ਵਿਚ) ਅੰਦਰੇ ਅੰਦਰ ਮਾਇਆ ਦੀ ਖ਼ਾਤਰ ਤਰਲੈ ਲੈ ਲੈ ਕੇ ਸੜਦਾ ਰਹਿੰਦਾ ਹੈ, ਜਿਵੇਂ ਵਿਧਵਾ ਇਸਤ੍ਰੀ (ਪਤੀ ਤੋਂ ਬਿਨਾ ਸਦਾ ਦੁਖੀ ਰਹਿੰਦੀ ਹੈ) ॥੧॥
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਹੋਰ) ਸਾਰੀ (ਵਿਖਾਵੇ ਵਾਲੀ ਧਾਰਮਿਕ ਕ੍ਰਿਆ) ਝੂਠਾ ਉੱਦਮ ਹੈ।
ਪੂਰੇ ਗੁਰੂ ਦੀ ਸਰਣ ਪੈਣ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ। ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਠੱਗੀ ਦਾ ਪਾਜ ਚੱਲ ਨਹੀਂ ਸਕਦਾ ॥੧॥ ਰਹਾਉ ॥
ਅਸਲ ਵਿਚ ਉਹੀ ਮਨੁੱਖ ਗੰਦੀ ਰਹਿਣੀ ਵਾਲਾ ਹੈ ਜਿਹੜਾ ਇਸ ਸਾਰੀ ਰਚਨਾ ਵਿਚ (ਇਸ ਦੇ ਕਰਤਾਰ ਸਿਰਜਣਹਾਰ ਨੂੰ ਵੱਸਦਾ) ਨਹੀਂ ਪਛਾਣ ਸਕਦਾ।
ਜੇ ਬਾਹਰਲਾ ਚੌਕਾ ਲਿਪਿਆ ਜਾਏ (ਤਾਂ ਉਸ ਬਾਹਰਲੀ ਸੁੱਚ ਨੂੰ) ਪਰਮਾਤਮਾ ਸੁੱਚ ਨਹੀਂ ਸਮਝਦਾ।
ਜਿਸ ਮਨੁੱਖ ਦਾ ਹਿਰਦਾ ਤਾਂ ਵਿਕਾਰਾਂ ਨਾਲ ਗੰਦਾ ਹੋਇਆ ਪਿਆ ਹੈ, ਪਰ ਉਹ ਆਪਣੇ ਸਰੀਰ ਨੂੰ (ਸੁੱਚ ਦੀ ਖ਼ਾਤਰ) ਸਦਾ ਧੋਂਦਾ ਰਹਿੰਦਾ ਹੈ,
ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਪਣੀ ਇੱਜ਼ਤ ਗਵਾ ਲੈਂਦਾ ਹੈ ॥੨॥
(ਆਪਣੇ ਧਰਮੀ ਹੋਣ ਦਾ ਵਿਖਾਵਾ ਕਰਨ ਵਾਲਾ ਮਨੁੱਖ ਅੰਦਰੋਂ) ਮਾਇਆ ਇਕੱਠੀ ਕਰਨ ਦੀ ਖ਼ਾਤਰ (ਭੇਖ ਤੇ ਸੁੱਚ ਆਦਿਕ ਦਾ) ਹੀਲਾ ਕਰਦਾ ਹੈ,
ਪਰ (ਪਵਿੱਤਰ ਜੀਵਨ ਵਾਲੇ ਰਸਤੇ ਉਤੇ) ਕਦੇ ਭੀ ਸਿੱਧਾ ਪੈਰ ਨਹੀਂ ਧਰਦਾ।
ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਉਸ ਨੂੰ ਆਪਣੇ ਚਿੱਤ ਵਿਚ ਨਹੀਂ ਵਸਾਂਦਾ।
(ਹਾਂ) ਝੂਠ-ਮੂਠ (ਲੋਕਾਂ ਨੂੰ ਠੱਗਣ ਲਈ ਆਪਣੇ) ਮੂੰਹੋਂ (ਰਾਮ ਰਾਮ) ਉਚਾਰਦਾ ਰਹਿੰਦਾ ਹੈ ॥੩॥
ਜਿਸ ਮਨੁੱਖ ਉੱਤੇ ਕਰਤਾਰ-ਸਿਰਜਣਹਾਰ ਮਿਹਰ ਕਰਦਾ ਹੈ,
ਸਾਧ ਸੰਗਤ ਵਿਚ ਉਸ ਮਨੁੱਖ ਦਾ ਬਹਿਣ-ਖਲੋਣ ਹੋ ਜਾਂਦਾ ਹੈ,
ਪਰਮਾਤਮਾ ਦੇ ਨਾਮ ਨਾਲ ਪਰਮਾਤਮਾ ਦੀ ਭਗਤੀ ਨਾਲ ਉਸ ਦਾ ਪ੍ਰੇਮ ਬਣ ਜਾਂਦਾ ਹੈ।
ਹੇ ਨਾਨਕ! ਉਹ ਮਨੁੱਖ ਨੂੰ (ਆਤਮਕ ਅਨੰਦ ਵਿਚ ਕਦੇ) ਤੋਟ ਨਹੀਂ ਆਉਂਦੀ ॥੪॥੪੦॥੫੩॥
ਸੰਤ ਜਨਾਂ ਉਤੇ ਤੁਹਮਤਾਂ ਲਾਣ ਵਾਲੇ ਮਨੁੱਖ ਨੂੰ ਸਾਰਾ ਜਗਤ ਫਿਟਕਾਰਾਂ ਪਾਂਦਾ ਹੈ,
(ਕਿਉਂਕਿ ਜਗਤ ਜਾਣਦਾ ਹੈ ਕਿ) ਤੁਹਮਤਾਂ ਲਾਣ ਦਾ ਇਹ ਕਸਬ ਝੂਠਾ ਹੈ।
(ਤੁਹਮਤਾਂ ਲਾ ਲਾ ਕੇ) ਤੁਹਮਤਾਂ ਲਾਣ ਵਾਲੇ ਦਾ ਆਪਣਾ ਆਚਰਨ ਹੀ ਗੰਦਾ ਹੋ ਜਾਂਦਾ ਹੈ।
ਪਰ ਪਰਮਾਤਮਾ ਆਪਣੇ ਸੇਵਕ ਨੂੰ (ਵਿਕਾਰਾਂ ਵਿਚ ਡਿੱਗਣ ਤੋਂ) ਆਪ ਬਚਾਈ ਰੱਖਦਾ ਹੈ ॥੧॥
(ਸੰਤ ਜਨਾਂ ਉਤੇ) ਤੁਹਮਤਾਂ ਲਾਣ ਵਾਲਾ ਮਨੁੱਖ ਤੁਹਮਤਾਂ ਲਾਣ ਵਾਲੇ ਦੀ ਸੁਹਬਤ ਵਿਚ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ।
ਪ੍ਰਭੂ-ਪਰਮੇਸਰ ਨੇ (ਵਿਕਾਰਾਂ ਵਿਚ ਡਿੱਗਣ ਵਲੋਂ ਸਦਾ ਹੀ ਆਪਣੇ) ਸੇਵਕਾਂ ਦੀ ਰੱਖਿਆ ਕੀਤੀ ਹੈ, ਪਰ ਉਹਨਾਂ ਉਤੇ ਤੁਹਮਤਾਂ ਲਾਣ ਵਾਲਿਆਂ ਦੇ ਸਿਰ ਉੱਤੇ ਆਤਮਕ ਮੌਤ (ਸਦਾ) ਗੱਜਦੀ ਰਹਿੰਦੀ ਹੈ ॥੧॥ ਰਹਾਉ ॥