(ਗੁਰੂ ਨੇ ਆਪ ਹੀ) ਹਰਿਗੋਬਿੰਦ ਦੀ ਉਮਰ ਲੰਮੀ ਕਰ ਦਿੱਤੀ ਹੈ, (ਗੁਰੂ ਨੇ ਆਪ ਹੀ ਹਰਿਗੋਬਿੰਦ ਨੂੰ) ਸੁਖ ਖ਼ੁਸ਼ੀ ਆਨੰਦ ਦੇਣ ਦੀ ਵਿਚਾਰ ਕੀਤੀ ਹੈ ॥੧॥ ਰਹਾਉ ॥
ਜਿਸ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਜੰਗਲ ਸਾਰੀ ਬਨਸਪਤੀ, ਤਿੰਨੇ ਹੀ ਭਵਨ ਹਰੇ-ਭਰੇ ਰਹਿੰਦੇ ਹਨ, ਉਹ ਪਰਮਾਤਮਾ ਸਾਰੇ ਜੀਵਾਂ ਨੂੰ ਆਸਰਾ ਦੇਂਦਾ ਹੈ।
ਹੇ ਨਾਨਕ! (ਜੇਹੜੇ ਭੀ ਮਨੁੱਖ ਪਰਮਾਤਮਾ ਦੀ ਸਰਨ ਪੈਂਦੇ ਹਨ) ਉਹ ਮਨ-ਮੰਗੀਆਂ ਮੁਰਾਦਾਂ ਪਾ ਲੈਂਦੇ ਹਨ, ਪਰਮਾਤਮਾ ਉਹਨਾਂ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਕਰਦਾ ਹੈ (ਬੱਸ! ਉਸ ਪਰਮਾਤਮਾ ਦਾ ਹੀ ਆਸਰਾ ਲਿਆ ਕਰੋ) ॥੨॥੫॥੨੩॥
(ਗੁਰੂ) ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ,
ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਪਣਾ ਆਤਮਕ ਮੌਤ ਦਾ ਜਾਲ ਕੱਟ ਲੈਂਦਾ ਹੈ ॥੧॥ ਰਹਾਉ ॥
ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕ ਕੇ ਜਗਤ-ਪਾਲਕ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ।
ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਜਮ ਦਾ ਜਾਲ ਟੁੱਟ ਜਾਂਦਾ ਹੈ ॥੧॥
ਹੇ ਭਾਈ! (ਪ੍ਰਭੂ) ਆਪ ਹੀ ਗੁਰੂ (ਰੂਪ ਹੋ ਕੇ) ਆਪ ਹੀ (ਜੀਵਾਂ ਨੂੰ ਜਮ ਜਾਲ ਤੋਂ) ਬਚਾਣ ਵਾਲਾ ਹੈ।
(ਤਾਹੀਏਂ) ਨਾਨਕ (ਸਦਾ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੨॥੬॥੨੪॥
ਹੇ ਭਾਈ! ਆਪਣੇ ਮਨ ਵਿਚ ਸਦਾ ਪਰਮਾਤਮਾ ਦਾ ਨਾਮ-ਅੰਮ੍ਰਿਤ ਸਿੰਜਦਾ ਰਹੁ,
ਅਤੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਪਰਮਾਤਮਾ ਦੇ ਗੁਣ ਗਾਇਆ ਕਰ ॥੧॥
ਹੇ ਮੇਰੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਬਣਾ,
ਕਿ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਨੂੰ ਆਪਣੇ ਨੇੜੇ ਵੱਸਦਾ ਸਮਝ ਸਕੇਂ ॥੧॥ ਰਹਾਉ ॥
ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਚੰਗੇ ਭਾਗ (ਜਾਗਦੇ ਹਨ)
ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਗਿੱਝ ਜਾਂਦਾ ਹੈ ॥੨॥੭॥੨੫॥
(ਹੇ ਭਾਈ! ਗੁਰੂ ਦੀ ਰਾਹੀਂ ਆਪਣੇ ਨਾਮ ਦੀ ਦਾਤ ਦੇ ਕੇ ਜਿਸ ਮਨੁੱਖ ਦਾ ਰੋਗ) ਪ੍ਰਭੂ ਨੇ ਆਪ ਦੂਰ ਕੀਤਾ ਹੈ, ਉਸੇ ਦਾ ਹੀ ਰੋਗ ਦੂਰ ਹੋਇਆ ਹੈ।
(ਨਾਮ ਦੀ ਬਰਕਤ ਨਾਲ ਉਸ ਮਨੁੱਖ ਨੂੰ) ਆਤਮਕ ਸ਼ਾਂਤੀ ਮਿਲ ਜਾਂਦੀ ਹੈ, ਉਸ ਨੂੰ ਸੁਖ ਅਤੇ ਆਤਮਕ ਅਡੋਲਤਾ ਵਾਲੀ ਅਵਸਥਾ ਮਿਲ ਜਾਂਦੀ ਹੈ ॥੧॥ ਰਹਾਉ ॥
ਹੇ ਮੇਰੇ ਵੀਰ! (ਪਰਮਾਤਮਾ ਦਾ ਨਾਮ ਜਿੰਦ ਦੀ ਖ਼ੁਰਾਕ ਹੈ, ਇਹ) ਖ਼ੁਰਾਕ ਰੱਜ ਰੱਜ ਕੇ ਖਾਇਆ ਕਰ।
ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਧਿਆਇਆ ਕਰ ॥੧॥
ਹੇ ਨਾਨਕ! (ਆਖ-ਹੇ ਭਾਈ!) ਪੂਰੇ ਗੁਰੂ ਦੀ ਸਰਨ ਪਿਆ ਰਹੁ,
(ਗੁਰੂ ਸਰਨ-ਪਏ ਦੀ ਸਹੈਤਾ ਕਰਨ ਵਾਲਾ ਹੈ) ਤੇ ਉਸ ਗੁਰੂ ਨੇ (ਸਦਾ) ਆਪਣੇ ਇਸ ਨਾਮ ਦੀ ਲਾਜ ਪਾਲੀ ਹੈ ॥੨॥੮॥੨੬॥
ਹੇ ਭਾਈ! ਗੁਰੂ ਦੇ ਘਰਾਂ ਨੂੰ (ਸਾਧ ਸੰਗਤਿ-ਸੰਸਥਾ ਨੂੰ ਪਰਮਾਤਮਾ ਨੇ) ਸਦਾ ਕਾਇਮ ਰਹਿਣ ਵਾਲੇ ਬਣਾ ਦਿੱਤਾ ਹੋਇਆ ਹੈ (ਭਾਵ, ਸਾਧ ਸੰਗਤਿ ਹੀ ਸਦਾ ਲਈ ਐਸੇ ਅਸਥਾਨ ਹਨ ਜਿਥੇ ਪਰਮਾਤਮਾ ਨਾਲ ਮੇਲ ਹੋ ਸਕਦਾ ਹੈ) ਰਹਾਉ॥
ਹੇ ਭਾਈ! ਜੇਹੜਾ ਭੀ ਮਨੁੱਖ ਇਹਨਾਂ ਘਰਾਂ ਦੀ (ਸਾਧ ਸੰਗਤਿ ਦੀ) ਨਿੰਦਾ ਕਰਦਾ ਹੈ (ਭਾਵ, ਜੇਹੜਾ ਭੀ ਮਨੁੱਖ ਸਤਸੰਗ ਤੋਂ ਨਫ਼ਰਤ ਕਰਦਾ ਹੈ) ਉਸ ਮਨੁੱਖ ਨੂੰ ਪਰਮਾਤਮਾ ਨੇ ਪਹਿਲਾਂ ਹੀ ਆਤਮਕ ਮੌਤ ਦਿੱਤੀ ਹੁੰਦੀ ਹੈ (ਉਹ ਮਨੁੱਖ ਪਹਿਲਾਂ ਹੀ ਆਤਮਕ ਤੌਰ ਤੇ ਮੋਇਆ ਹੋਇਆ ਹੁੰਦਾ ਹੈ) ॥੧॥
ਹੇ ਨਾਨਕ! ਜਿਸ ਪਰਮਾਤਮਾ ਦਾ ਹੁਕਮ ਅਟੱਲ ਹੈ ਤੇ ਬੇਅੰਤ ਹੈ ਉਸ ਪਰਮਾਤਮਾ ਦੀ ਸਰਨ ਵਿਚ (ਸਾਧ ਸੰਗਤਿ ਦੀ ਬਰਕਤਿ ਨਾਲ ਹੀ ਆ ਸਕੀਦਾ ਹੈ) ॥੨॥੯॥੨੭॥
(ਹੇ ਭਾਈ! ਜੇ) (ਜੇਹੜਾ ਮਨੁੱਖ ਨਾਮ-ਸਿਮਰਨ ਦੁਆਰਾ ਆਤਮਕ ਆਨੰਦ ਮਾਣਦਾ ਹੈ, ਉਸ ਦੇ) ਸਾਰੇ ਦੁੱਖ ਸਾਰੇ ਕਲੇਸ਼ ਅਤੇ ਹੋਰ ਸਾਰੇ ਰੋਗ ਨਾਸ ਹੋ ਜਾਂਦੇ ਹਨ।
ਤੇਰੇ ਉਤੇ ਪਰਮਾਤਮਾ ਨੇ ਬਖ਼ਸ਼ਸ਼ ਕੀਤੀ ਹੈ, ਤਾਂ ਤੂੰ ਸੰਤਾਂ ਵਾਲੇ (ਨਾਮ-ਸਿਮਰਨ ਦੇ) ਆਤਮਕ ਆਨੰਦ ਮਾਣ ਰਹਾਉ॥
ਹੇ ਭਾਈ! (ਜੇ ਤੂੰ ਨਾਮ-ਸਿਮਰਨ ਦੀ ਇਹ ਦਵਾਈ ਵਰਤਦਾ ਰਹੇਂਗਾ, ਤਾਂ) ਸਾਰੇ ਸੁਖ ਤੇਰੇ ਸਾਥੀ ਬਣੇ ਰਹਿਣਗੇ, ਤੇਰਾ ਮਨ ਰੋਗਾਂ ਤੋਂ ਬਚਿਆ ਰਹੇਗਾ, ਤੇਰਾ ਸਰੀਰ ਰੋਗਾਂ ਤੋਂ ਬਚਿਆ ਰਹੇਗਾ।
ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹੁ, (ਤਾਪ ਸੰਤਾਪ ਅਤੇ ਰੋਗ ਆਦਿਕਾਂ ਨੂੰ ਦੂਰ ਕਰਨ ਲਈ) ਇਹ ਦਵਾਈ ਫਬਵੀਂ ਹੈ ॥੧॥
ਹੇ ਭਾਈ! (ਮਨੁੱਖਾ ਜੀਵਨ ਵਾਲੇ ਦਿਨ ਹੀ ਪਰਮਾਤਮਾ ਨਾਲ) ਮਿਲਾਪ ਪੈਦਾ ਕਰਨ ਦੇ ਚੰਗੇ ਅਵਸਰ ਹਨ (ਜਿਤਨਾ ਚਿਰ ਇਹ ਜਨਮ ਮਿਲਿਆ ਹੋਇਆ ਹੈ, ਬਾਹਰ ਭਟਕਣਾ ਛਡ ਕੇ) ਆਪਣੇ ਹਿਰਦੇ-ਘਰ ਦੇਸ ਵਿਚ ਆ ਕੇ ਟਿਕਿਆ ਰਹੁ।
ਹੇ ਨਾਨਕ! (ਆਖ-) ਜਿਸ ਮਨੁੱਖ ਉਤੇ ਪ੍ਰਭੂ ਜੀ ਦਇਆਵਾਨ ਹੋ ਜਾਂਦੇ ਹਨ, (ਪ੍ਰਭੂ ਨਾਲੋਂ ਉਸ ਦੇ) ਸਾਰੇ ਵਿਛੋੜੇ ਦੂਰ ਹੋ ਜਾਂਦੇ ਹਨ ॥੨॥੧੦॥੨੮॥
ਹੇ ਭਾਈ! ਸੰਤ ਜਨਾਂ ਦੇ ਮਨ ਵਿਚ (ਸਦਾ ਇਹ) ਯਕੀਨ ਬਣਿਆ ਰਹਿੰਦਾ ਹੈ ਕਿ ਮਾਇਆ ਦੇ ਖਿਲਾਰੇ ਕਿਸੇ ਭੀ ਮਨੁੱਖ ਦੇ ਨਾਲ ਨਹੀਂ ਜਾਂਦੇ।
ਰਾਜੇ ਮਹਾਰਾਜੇ ਭੀ (ਮੌਤ ਆਉਣ ਤੇ) ਇਹਨਾਂ ਨੂੰ ਛੱਡ ਕੇ ਤੁਰ ਪੈਂਦੇ ਹਨ (ਇਸ ਵਾਸਤੇ ਸੰਤ ਜਨ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਹਨ) ਰਹਾਉ॥
(ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਹਰ ਵੇਲੇ ਇਹ ਧਾਰਨ ਵਾਲੇ ਨੂੰ ਕਿ ਮੈਂ ਵੱਡਾ ਬਣ ਜਾਵਾਂ ਮੈਂ ਵੱਡਾ ਬਣ ਜਾਵਾਂ-ਇਸ) ਮੈਂ ਮੈਂ ਦੀ ਹੀ ਸੂਝ ਵਾਲੇ ਨੂੰ (ਜ਼ਰੂਰ) ਆਤਮਕ ਮੌਤ ਮਿਲਦੀ ਹੈ-ਇਹ ਮਰਯਾਦਾ ਧੁਰ-ਦਰਗਾਹ ਤੋਂ ਚਲੀ ਆ ਰਹੀ ਹੈ।
ਮਾਇਆ ਦੇ ਮੋਹ ਦੇ ਇਹੀ ਭਿਆਨਕ ਨਤੀਜੇ ਹੁੰਦੇ ਹਨ ਕਿ ਮਾਇਆ-ਗ੍ਰਸੇ ਮਨੁੱਖ ਸਦਾ ਅਨੇਕਾਂ ਜੂਨਾਂ ਵਿਚ ਜੰਮਦੇ ਮਰਦੇ ਰਹਿੰਦੇ ਹਨ ॥੧॥
ਗੁਰਮੁਖ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਸਦਾ ਜਗਤ ਦੇ ਪਾਲਣਹਾਰ ਪ੍ਰਭੂ ਦਾ ਨਾਮ ਜਪਦੇ ਹਨ।
ਹੇ ਨਾਨਕ! ਪਰਮਾਤਮਾ ਦੇ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੀਜ ਕੇ ਸੰਤ ਜਨ ਸਦਾ ਪ੍ਰਭੂ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਤੋਂ, ਮਾਇਆ ਦੇ ਮੋਹ ਤੋਂ) ਪਾਰ ਲੰਘ ਜਾਂਦੇ ਹਨ ॥੨॥੧੧॥੨੯॥
(ਹੇ ਭਾਈ! ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਸ ਨੂੰ) ਪੂਰੇ ਗੁਰੂ ਨੇ ਆਤਮਕ ਅਡੋਲਤਾ ਵਿਚ ਇਕ-ਰਸ ਟਿਕਾਉ ਦੇ ਸਾਰੇ ਸੁਖ ਆਨੰਦ ਦੇ ਦਿੱਤੇ।
ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣਿਆ ਰਹਿੰਦਾ ਹੈ, ਉਸ ਦੇ ਅੰਗ-ਸੰਗ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ (ਆਪਣੇ ਮਨ ਵਿਚ) ਵਿਚਾਰਦਾ ਰਹਿੰਦਾ ਹੈ ਰਹਾਉ॥