(ਉਸ ਸ੍ਵੈ-ਸਰੂਪ ਵਿਚ) ਮੈਂ (ਨਾਮੇ) ਨੂੰ ਪਰਮਾਤਮਾ ਦਾ ਦੀਦਾਰ ਹੋਇਆ ॥੪॥੩॥
(ਮੈਂ ਆਪਣੇ ਪ੍ਰਭੂ-ਪਤੀ ਦੀ ਨਾਰ ਬਣ ਚੁੱਕੀ ਹਾਂ) ਪ੍ਰਭੂ ਮੇਰਾ ਖਸਮ ਹੈ ਤੇ ਮੈਂ (ਉਸ ਦੀ ਖ਼ਾਤਰ) ਕਮਲੀ ਹੋ ਰਹੀ ਹਾਂ,
ਉਸ ਨੂੰ ਮਿਲਣ ਲਈ ਮੈਂ (ਭਗਤੀ ਤੇ ਭਲੇ ਗੁਣਾਂ ਦੇ) ਸੁਹਣੇ ਸੁਹਣੇ ਸ਼ਿੰਗਾਰ ਕਰ ਰਹੀ ਹਾਂ ॥੧॥
ਹੁਣ ਜਗਤ ਬੇ-ਸ਼ੱਕ ਮੈਨੂੰ ਭੈੜਾ ਆਖੀ ਜਾਏ (ਨਾ ਮੇਰੇ ਕੰਨ ਇਹ ਨਿੰਦਾ ਸੁਣਨ ਦੀ ਪਰਵਾਹ ਕਰਦੇ ਹਨ; ਨਾ ਮੇਰਾ ਮਨ ਨਿੰਦਾ ਸੁਣ ਕੇ ਦੁਖੀ ਹੁੰਦਾ ਹੈ)
ਮੇਰਾ ਤਨ ਅਤੇ ਮੇਰਾ ਮਨ ਮੇਰੇ ਪਿਆਰੇ ਪ੍ਰਭੂ ਜੋਗੇ ਹੋ ਚੁਕੇ ਹਨ ॥੧॥ ਰਹਾਉ ॥
(ਕੋਈ ਨਿੰਦਾ ਪਿਆ ਕਰੇ) ਕਿਸੇ ਨਾਲ ਝਗੜਾ ਕਰਨ ਦੀ ਲੋੜ ਨਹੀਂ,
ਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਅੰਮ੍ਰਿਤ ਪੀਣਾ ਚਾਹੀਦਾ ਹੈ ॥੨॥
ਹੁਣ ਹਿਰਦੇ ਵਿਚ ਪ੍ਰਭੂ ਨਾਲ ਜਾਣ-ਪਛਾਣ ਕਰ ਕੇ (ਮੇਰੇ ਅੰਦਰ) ਅਜਿਹੀ ਹਾਲਤ ਬਣ ਗਈ ਹੈ,
ਕਿ ਮੈਂ ਲੋਕਾਂ ਦੀ ਨਿੰਦਾ ਵਲੋਂ ਬੇ-ਪਰਵਾਹ ਹੋ ਕੇ ਆਪਣੇ ਪ੍ਰਭੂ ਨੂੰ ਮਿਲ ਰਹੀ ਹਾਂ ॥੩॥
ਕੋਈ ਮਨੁੱਖ ਮੈਨੂੰ ਚੰਗਾ ਆਖੇ, ਚਾਹੇ ਕੋਈ ਮੰਦਾ ਆਖੇ (ਇਸ ਗੱਲ ਦੀ ਮੈਨੂੰ ਪਰਵਾਹ ਨਹੀਂ ਰਹੀ),
ਮੈਨੂੰ ਨਾਮੇ ਨੂੰ (ਲੱਛਮੀ ਦਾ ਪਤੀ) ਪਰਮਾਤਮਾ ਮਿਲ ਪਿਆ ਹੈ ॥੪॥੪॥
ਕਦੇ (ਕੋਈ ਜੀਵ ਐਸੀ ਮੌਜ ਵਿਚ ਹੈ ਕਿ ਉਸ ਨੂੰ) ਖੀਰ, ਖੰਡ, ਘਿਉ (ਵਰਗੇ ਸੁਹਣੇ ਪਦਾਰਥ) ਭੀ ਚੰਗੇ ਨਹੀਂ ਲੱਗਦੇ;
ਪਰ ਕਦੇ (ਉਸ ਪਾਸੋਂ) ਘਰ ਘਰ ਦੇ ਟੁੱਕਰ ਮੰਗਾਉਂਦਾ ਹੈ (ਕਦੇ ਉਸ ਨੂੰ ਮੰਗਤਾ ਬਣਾ ਦੇਂਦਾ ਹੈ, ਤੇ ਉਹ ਘਰ ਘਰ ਦੇ ਟੁਕੜੇ ਮੰਗਦਾ ਫਿਰਦਾ ਹੈ),
ਕਦੇ (ਉਸ ਪਾਸੋਂ) ਰੂੜੀਆਂ ਫੁਲਾਉਂਦਾ ਹੈ, ਤੇ (ਉਹਨਾਂ ਵਿਚੋਂ) ਦਾਣੇ ਚੁਣਾਉਂਦਾ ਹੈ ॥੧॥
ਹੇ ਭਾਈ! ਜਿਸ ਹਾਲਤ ਵਿਚ ਪਰਮਾਤਮਾ (ਸਾਨੂੰ ਜੀਵਾਂ ਨੂੰ) ਰੱਖਦਾ ਹੈ ਉਸੇ ਹਾਲਤ ਵਿਚ (ਅਮੀਰੀ ਦੀ ਆਕੜ ਤੇ ਗਰੀਬੀ ਦੀ ਘਬਰਾਹਟ ਤੋਂ ਨਿਰਲੇਪ) ਰਹਿਣਾ ਚਾਹੀਦਾ ਹੈ।
ਇਹ ਗੱਲ ਦੱਸੀ ਨਹੀਂ ਜਾ ਸਕਦੀ ਕਿ ਪਰਮਾਤਮਾ ਕੇਡਾ ਵੱਡਾ ਹੈ (ਸਾਡੇ ਦੁਖਾਂ ਸੁਖਾਂ ਦਾ ਭੇਤ ਉਹ ਹੀ ਜਾਣਦਾ ਹੈ) ॥੧॥ ਰਹਾਉ ॥
ਕਦੇ (ਕੋਈ ਮਨੁੱਖ ਇਤਨਾ ਅਮੀਰ ਹੈ ਕਿ ਉਹ) ਸੋਹਣੇ ਘੋੜੇ ਨਚਾਉਂਦਾ ਹੈ (ਭਾਵ, ਕਦੇ ਉਸ ਪਾਸ ਐਸੀ ਸੁਹਣੀ ਚਾਲ ਵਾਲੇ ਘੋੜੇ ਹਨ ਕਿ ਚੱਲਣ ਵੇਲੇ, ਮਾਨੋ, ਉਹ ਨੱਚ ਰਹੇ ਹਨ),
ਪਰ ਕਦੇ ਉਸ ਨੂੰ ਪੈਰੀਂ ਜੁੱਤੀ (ਪਾਣ ਜੋਗੀ) ਭੀ ਨਹੀਂ ਲੱਭਦੀ ॥੨॥
ਕਦੇ ਕਿਸੇ ਮਨੁੱਖ ਨੂੰ ਚਿੱਟੇ ਵਿਛਾਉਣਿਆਂ ਵਾਲੇ ਪਲੰਘਾਂ ਉੱਤੇ ਸੁਆਉਂਦਾ ਹੈ,
ਪਰ ਕਦੇ ਉਸ ਨੂੰ ਭੁੰਞੇ (ਵਿਛਾਉਣ ਲਈ) ਪਰਾਲੀ ਭੀ ਨਹੀਂ ਮਿਲਦੀ ॥੩॥
ਨਾਮਦੇਵ ਆਖਦਾ ਹੈ ਕਿ ਪ੍ਰਭੂ ਦਾ ਇਕ ਨਾਮ ਹੀ ਹੈ ਜੋ (ਇਹਨਾਂ ਦੋਹਾਂ ਹਾਲਤਾਂ ਵਿਚੋਂ ਅਛੋਹ ਰੱਖ ਕੇ) ਪਾਰ ਲੰਘਾਉਂਦਾ ਹੈ,
ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਨੂੰ ਪ੍ਰਭੂ (ਅਮੀਰੀ ਦੀ ਆਕੜ ਤੇ ਗਰੀਬੀ ਦੀ ਘਬਰਾਹਟ) ਤੋਂ ਪਾਰ ਉਤਾਰਦਾ ਹੈ ॥੪॥੫॥
ਮੈਂ ਬੜੇ ਚਾਅ ਨਾਲ ਤੇਰੇ ਮੰਦਰ ਆਇਆ ਸਾਂ,
ਪਰ (ਚੂੰ ਕਿ ਇਹ ਲੋਕ 'ਮੇਰੀ ਜਾਤਿ ਹੀਨੜੀ' ਸਮਝਦੇ ਹਨ, ਇਹਨਾਂ) ਮੈਨੂੰ ਨਾਮੇ ਨੂੰ ਭਗਤੀ ਕਰਦੇ ਨੂੰ (ਬਾਹੋਂ) ਫੜ ਕੇ (ਮੰਦਰ ਵਿਚੋਂ) ਉਠਾਲ ਦਿੱਤਾ ॥੧॥
ਹੇ ਜਾਦਵ ਕੁਲ ਦੇ ਸ਼ਿਰੋਮਣੀ! ਹੇ ਕ੍ਰਿਸ਼ਨ! ਹੇ ਪ੍ਰਭੂ! (ਲੋਕ) ਮੇਰੀ ਜਾਤ ਨੂੰ ਬੜੀ ਨੀਵੀਂ (ਆਖਦੇ ਹਨ)
ਹੇ ਪ੍ਰਭੂ! ਮੈਂ ਛੀਂਬੇ ਦੇ ਘਰ ਕਿਉਂ ਜੰਮ ਪਿਆ? ॥੧॥ ਰਹਾਉ ॥
ਮੈਂ ਆਪਣੀ ਕੰਬਲੀ ਲੈ ਕੇ (ਉੱਥੋਂ) ਮੁੜ ਕੇ ਤੁਰ ਪਿਆ,
ਤੇ (ਹੇ ਪ੍ਰਭੂ!) ਮੈਂ ਤੇਰੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ ॥੨॥
(ਪਰ ਪ੍ਰਭੂ ਦੀ ਅਚਰਜ ਖੇਡ ਵਰਤੀ) ਜਿਉਂ ਜਿਉਂ ਨਾਮਾ ਆਪਣੇ ਪ੍ਰਭੂ ਦੇ ਗੁਣ ਗਾਉਂਦਾ ਹੈ,
(ਉਸ ਦਾ) ਮੰਦਰ (ਉਸ ਦੇ) ਭਗਤਾਂ ਦੀ ਖ਼ਾਤਰ, (ਉਸ ਦੇ) ਸੇਵਕਾਂ ਦੀ ਖ਼ਾਤਰ ਫਿਰਦਾ ਜਾ ਰਿਹਾ ਹੈ ॥੩॥੬॥
ਰਾਗ ਭੈਰਉ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿਵੇਂ ਭੁੱਖੇ ਮਨੁੱਖ ਨੂੰ ਅੰਨ ਪਿਆਰਾ ਲੱਗਦਾ ਹੈ,
ਜਿਵੇਂ ਪਿਆਸੇ ਨੂੰ ਪਾਣੀ ਨਾਲ ਗ਼ਰਜ਼ ਹੁੰਦੀ ਹੈ,
ਜਿਵੇਂ ਕੋਈ ਮੂਰਖ ਆਪਣੇ ਟੱਬਰ ਦੇ ਆਸਰੇ ਹੋ ਜਾਂਦਾ ਹੈ,
ਤਿਵੇਂ (ਮੈਂ) ਨਾਮੇ ਦਾ ਪ੍ਰਭੂ ਨਾਲ ਪਿਆਰ ਹੈ ॥੧॥
(ਮੇਰੀ) ਨਾਮਦੇਵ ਦੀ ਪ੍ਰੀਤ ਪਰਮਾਤਮਾ ਨਾਲ ਲੱਗ ਗਈ ਹੈ,
(ਉਸ ਪ੍ਰੀਤ ਦੀ ਬਰਕਤਿ ਨਾਲ, ਨਾਮਦੇਵ) ਕੋਈ ਬਾਹਰਲੇ ਭੇਖ ਆਦਿਕ ਦਾ ਉਚੇਚ ਕਰਨ ਤੋਂ ਬਿਨਾ ਹੀ ਬੈਰਾਗੀ ਬਣ ਗਿਆ ਹੈ ॥੧॥ ਰਹਾਉ ॥
ਜਿਵੇਂ ਕੋਈ ਨਾਰ ਪਰਾਏ ਮਨੁੱਖ ਨਾਲ ਪਿਆਰ ਪਾ ਲੈਂਦੀ ਹੈ,
ਜਿਵੇਂ ਕਿਸੇ ਲੋਭੀ ਮਨੁੱਖ ਨੂੰ ਧਨ ਪਿਆਰਾ ਲੱਗਦਾ ਹੈ।
ਜਿਵੇਂ ਕਿਸੇ ਵਿਸ਼ਈ ਬੰਦੇ ਨੂੰ ਇਸਤ੍ਰੀ ਚੰਗੀ ਲੱਗਦੀ ਹੈ,
ਤਿਵੇਂ ਨਾਮੇ ਨੂੰ ਪਰਮਾਤਮਾ ਮਿੱਠਾ ਲੱਗਦਾ ਹੈ ॥੨॥
ਪਰ ਅਸਲੀ ਸੁੱਚਾ ਪਿਆਰ ਉਹ ਹੈ ਜੋ ਪ੍ਰਭੂ ਆਪ (ਕਿਸੇ ਮਨੁੱਖ ਦੇ ਹਿਰਦੇ ਵਿਚ) ਪੈਦਾ ਕਰੇ,
ਉਸ ਮਨੁੱਖ ਦੀ ਮੇਰ-ਤੇਰ ਗੁਰੂ ਦੀ ਕਿਰਪਾ ਨਾਲ ਮਿਟ ਜਾਂਦੀ ਹੈ।
ਉਸ ਦਾ ਪ੍ਰਭੂ ਨਾਲ ਪ੍ਰੇਮ ਕਦੇ ਟੁੱਟਦਾ ਨਹੀਂ, ਹਰ ਵੇਲੇ ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ।
(ਮੈਂ ਨਾਮੇ ਉੱਤੇ ਭੀ ਪ੍ਰਭੂ ਦੀ ਮਿਹਰ ਹੋਈ ਹੈ ਤੇ) ਨਾਮੇ ਦਾ ਚਿੱਤ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਟਿਕ ਗਿਆ ਹੈ ॥੩॥
ਜਿਵੇਂ ਮਾਂ-ਪੁੱਤਰ ਦਾ ਪਿਆਰ ਹੁੰਦਾ ਹੈ,
ਤਿਵੇਂ ਮੇਰਾ ਮਨ ਪ੍ਰਭੂ! (-ਚਰਨਾਂ) ਨਾਲ ਰੰਗਿਆ ਗਿਆ ਹੈ।
ਨਾਮਦੇਵ ਬੇਨਤੀ ਕਰਦਾ ਹੈ-ਮੇਰੀ ਪ੍ਰਭੂ ਨਾਲ ਪ੍ਰੀਤ ਲੱਗ ਗਈ ਹੈ,
ਪ੍ਰਭੂ (ਹੁਣ ਸਦਾ) ਮੇਰੇ ਚਿੱਤ ਵਿਚ ਵੱਸਦਾ ਹੈ ॥੪॥੧॥੭॥
ਅੰਨ੍ਹਾ (ਪਾਪੀ) ਆਪਣੀ ਵਹੁਟੀ ਛੱਡ ਦੇਂਦਾ ਹੈ,