ਸੰਸਾਰੀ ਸਾਥੀਆਂ ਨਾਲ (ਸਾਥ ਨਿਬਾਹੁਣ ਵਾਲੇ) ਸਾਰੇ ਬੋਲ ਝੂਠ ਹੀ ਹੋ ਜਾਂਦੇ ਹਨ।
ਪਰ, (ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ (ਮਾਇਆ ਦੇ ਮੋਹ ਦੀ) ਠਗ-ਬੂਟੀ ਖਵਾ ਕੇ ਜੀਵ ਨੂੰ ਕੁਰਾਹੇ ਪਾ ਦੇਂਦਾ ਹੈ।
ਹੇ ਨਾਨਕ! (ਜਨਮਾਂ ਜਨਮਾਂਤਰਾਂ ਦੇ) ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ ਨਹੀਂ ਜਾ ਸਕਦਾ ॥੨॥
ਜੀਵ ਪਸ਼ੂ ਪੰਛੀ ਭੂਤ ਪ੍ਰੇਤ ਆਦਿਕ
ਅਨੇਕਾਂ ਜੂਨਾਂ ਵਿਚ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਜੀਵ ਭਟਕਦਾ ਫਿਰਦਾ ਹੈ।
ਜਿਸ ਅਸਲ ਟਿਕਾਣੇ ਤੇ ਜਾਣਾ ਹੈ ਉਥੇ ਟਿਕ ਨਹੀਂ ਸਕਦਾ,
ਨਿਥਾਵਾਂ ਹੋ ਕੇ ਮੁੜ ਮੁੜ ਉੱਠ ਕੇ (ਹੋਰ ਹੋਰ ਜੂਨਾਂ ਵਿਚ) ਭਟਕਦਾ ਹੈ।
(ਮਾਇਆ ਦੇ ਮੋਹ ਦੇ ਕਾਰਨ) ਮਨੁੱਖ ਦੇ ਮਨ ਵਿਚ ਤਨ ਵਿਚ ਅਨੇਕਾਂ ਵਾਸਨਾਂ ਦਾ ਖਿਲਾਰਾ ਖਿਲਰਿਆ ਰਹਿੰਦਾ ਹੈ,
ਹਉਮੈ ਇਸ ਵਿਚਾਰੇ ਦੇ ਆਤਮਕ ਜੀਵਨ ਨੂੰ ਲੁੱਟ ਲੈਂਦੀ ਹੈ।
ਇਸ ਦੇ ਅੰਦਰ ਐਬ ਪੈਦਾ ਹੋ ਜਾਂਦੇ ਹਨ, ਅਤੇ ਉਹਨਾਂ ਦੀ ਸਜ਼ਾ ਭੀ ਬਹੁਤ ਮਿਲਦੀ ਹੈ,
(ਉਸ ਤੋਂ ਬਚਣ ਲਈ ਦੁਨੀਆਵੀ ਪਦਾਰਥਾਂ ਵਾਲੀ ਕੋਈ) ਕੀਮਤ ਦੱਸੀ ਨਹੀਂ ਜਾ ਸਕਦੀ (ਕਿਸੇ ਭੀ ਕੀਮਤ ਨਾਲ ਇਸ ਸਜ਼ਾ ਤੋਂ ਖ਼ਲਾਸੀ ਨਹੀਂ ਹੋ ਸਕਦੀ)।
ਪਰਮਾਤਮਾ ਦਾ ਨਾਮ ਭੁੱਲਣ ਕਰਕੇ ਜੀਵ ਨਰਕ ਵਿਚ ਸੁੱਟਿਆ ਜਾਂਦਾ ਹੈ,
ਉਥੇ ਨਾਹ ਮਾਂ, ਨਾਹ ਕੋਈ ਸੰਬੰਧੀ, ਨਾਹ ਕੋਈ ਮਿੱਤਰ, ਨਾਹ ਇਸਤ੍ਰੀ-(ਕੋਈ ਭੀ ਸਹਾਇਤਾ ਨਹੀਂ ਕਰ ਸਕਦਾ)।
ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ,
ਹੇ ਨਾਨਕ! ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਜੋਗਾ ਹੁੰਦਾ ਹੈ ॥੩॥
ਜੀਵ ਭਟਕ ਭਟਕ ਕੇ (ਆਖ਼ਿਰ ਉਸ ਪਰਮਾਤਮਾ ਦੀ) ਸਰਨ ਆਉਂਦਾ ਹੈ,
(ਜੋ) ਪ੍ਰਭੂ ਦੀਨਾਂ ਦਾ ਨਾਥ ਹੈ, ਜਗਤ ਦਾ ਮਾਂ-ਪਿਉ ਹੈ, ਦਇਆ ਦਾ ਘਰ ਹੈ, (ਜੀਵਾਂ ਦੇ) ਦੁੱਖ ਦਰਦ ਦੂਰ ਕਰਨ ਵਾਲਾ ਹੈ।
ਉਸ ਜੀਵ ਨੂੰ ਉਹ (ਪਰਮਾਤਮਾ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ,
ਜਿਹੜਾ ਜੀਵ ਉਸ ਪ੍ਰਭੂ ਨੂੰ ਚੰਗਾ ਲੱਗ ਪੈਂਦਾ ਹੈ।
(ਸੰਸਾਰ-ਰੂਪ) ਅੰਨ੍ਹੇ ਖੂਹ ਵਿਚੋਂ (ਪ੍ਰਭੂ ਜੀਵ ਨੂੰ) ਕੱਢਣ ਦੇ ਸਮਰੱਥ ਹੈ,
ਪ੍ਰਭੂ ਦੀ ਪਿਆਰ-ਭਰੀ ਭਗਤੀ ਨਾਲ ਜੀਵ ਦਾ ਪਾਰ-ਉਤਾਰਾ ਹੋ ਜਾਂਦਾ ਹੈ।
ਪਰਮਾਤਮਾ ਨੇ ਗੁਰੂ-ਰੂਪ ਆਪਣਾ ਸਰੀਰ (ਆਪ ਹੀ ਸਦਾ) ਧਾਰਨ ਕੀਤਾ ਹੈ,
ਤੇ ਜੀਵਾਂ ਨੂੰ ਮਾਇਆ ਦੀ ਵੱਡੀ ਅੱਗ ਤੋਂ ਆਪ ਹੀ ਸਦਾ ਬਚਾਇਆ ਹੈ।
ਨਹੀਂ ਤਾਂ ਇਸ ਜੀਵ ਪਾਸੋਂ ਜਪ ਤਪ (ਨਾਮ ਦੀ ਕਮਾਈ) ਤੇ ਸੰਜਮ (ਸੁੱਧ ਆਚਰਨ) ਦੀ ਮਿਹਨਤ ਕੁਝ ਭੀ ਨਹੀਂ ਹੋ ਸਕਦੀ।
ਹੇ ਪ੍ਰਭੂ! ਜਗਤ ਦੇ ਸ਼ੁਰੂ ਤੋਂ ਅੰਤ ਤਕ ਤੂੰ ਹੀ ਕਾਇਮ ਰਹਿਣ ਵਾਲਾ ਹੈਂ, ਤੂੰ ਅਪਹੁੰਚ ਹੈਂ, ਤੂੰ ਅਥਾਹ ਹੈਂ।
ਤੇਰਾ ਦਾਸ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹੈ।
ਹੇ ਨਾਨਕ! ਮੇਰਾ ਹਰੀ-ਪ੍ਰਭੂ ਆਤਮਕ ਜੀਵਨ ਦਾ ਦਰਜਾ (ਦੇਣ ਵਾਲਾ) ਹੈ ॥੪॥੩॥੧੯॥
ਹੇ ਲੋਕੋ! ਤੁਸੀਂ ਕਿਉਂ ਆਪਣੇ ਮਨ ਨੂੰ ਡੁਲਾਂਦੇ ਹੋ? ਸੋਹਣਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ ॥੧॥
ਮੈਂ ਤਾਂ ਇਉਂ ਸਮਝ ਲਿਆ ਹੈ
ਕਿ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ, ਸਰਨ ਪਿਆਂ ਦੀ ਮਦਦ ਕਰਨ ਵਾਲਾ ਸੂਰਮਾ ਹੈ, (ਆਪਣੇ ਸੇਵਕ ਦੀ) ਆਪ ਲਾਜ ਰੱਖਦਾ ਹੈ ॥੧॥ ਰਹਾਉ ॥
ਹੇ ਲੋਕੋ! ਪਰਮਾਤਮਾ ਆਪਣੇ ਭਗਤਾਂ ਦੀ ਅਰਜ਼ੋਈ ਮੰਨਣ ਵਾਲਾ ਹੈ, ਅਤੇ (ਉਹਨਾਂ ਨੂੰ) ਸਦਾ ਹੀ ਸੁਖ ਦੇਣ ਵਾਲਾ ਹੈ ॥੨॥
(ਹੇ ਪ੍ਰਭੂ! ਮੈਂ ਨਾਨਕ ਤੇਰੇ ਦਰ ਦਾ ਸੇਵਕ ਹਾਂ) ਆਪਣੇ (ਇਸ) ਸੇਵਕ ਉਤੇ ਮਿਹਰ ਕਰਨੀ, ਮੈਂ (ਤੇਰਾ ਸੇਵਕ) ਤੇਰਾ ਨਾਮ ਹੀ ਸਿਮਰਦਾ ਰਹਾਂ ॥੩॥
ਹੇ ਪ੍ਰਭੂ! ਕਿਸੇ ਹੋਰ ਦੂਜੇ (ਨੂੰ ਤੇਰੇ ਵਰਗਾ ਸਮਝਣ) ਦਾ ਭੁਲੇਖਾ ਦੂਰ ਕਰ ਕੇ ਗਰੀਬ ਨਾਨਕ (ਤੇਰੇ ਦਰ ਤੋਂ) ਤੇਰਾ ਨਾਮ ਮੰਗਦਾ ਹੈ ॥੪॥੪॥੨੦॥
ਮੇਰਾ ਮਾਲਕ ਪ੍ਰਭੂ ਬਹੁਤ ਤਾਕਤਾਂ ਦਾ ਮਾਲਕ ਹੈ।
ਮੈਂ (ਤਾਂ ਉਸ ਦੇ ਦਰ ਤੇ ਇਕ) ਨਿਮਾਣਾ ਸੇਵਕ ਹਾਂ ॥੧॥
ਹੇ ਮੇਰੇ ਮਨ ਦੇ ਪਿਆਰੇ! ਹੇ ਮੇਰੀ ਜਿੰਦ ਦੇ ਪਿਆਰੇ! ਤੂੰ ਮੇਰਾ ਸੋਹਣਾ ਪਿਆਰਾ ਪ੍ਰਭੂ ਹੈਂ।
ਮੈਨੂੰ (ਆਪਣੇ ਨਾਮ ਦਾ) ਦਾਨ ਬਖ਼ਸ਼ ॥੧॥ ਰਹਾਉ ॥
ਹੋਰ ਸਾਰੇ ਆਸਰੇ ਖੋਜ ਕੇ ਵੇਖ ਲਏ ਹਨ,
ਕੋਈ ਹੋਰ ਦੂਜਾ (ਉਸ ਪ੍ਰਭੂ ਦੇ ਬਰਾਬਰ ਦਾ) ਨਹੀਂ ਹੈ ॥੨॥
ਪਰਮਾਤਮਾ ਸਾਰੇ ਜੀਵਾਂ ਨੂੰ ਪਾਲਦਾ ਹੈ, ਸਭ ਨੂੰ ਰੋਜ਼ੀ ਅਪੜਾਂਦਾ ਹੈ।
ਉਹ ਹੁਣ ਭੀ ਹੈ, ਅਗਾਂਹ ਨੂੰ ਭੀ ਕਾਇਮ ਰਹੇਗਾ, ਪਹਿਲਾਂ ਭੀ ਸੀ ॥੩॥
ਹੇ ਦੇਵ! ਮੇਰੇ ਉੱਤੇ ਦਇਆ ਕਰ,
ਨਾਨਕ ਤੇਰੀ ਸੇਵਾ ਭਗਤੀ ਵਿਚ ਲੱਗਾ ਰਹੇ ॥੪॥੫॥੨੧॥
ਵਿਕਾਰੀਆਂ ਨੂੰ ਬਚਾਣ ਵਾਲੇ ਅਤੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲੇ ਪਰਮਾਤਮਾ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ।
(ਹਰ ਵੇਲੇ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ) ਕੋਈ ਅਜਿਹਾ ਸੰਤ ਮਿਲ ਪਏ ਜਿਸ ਦੀ ਰਾਹੀਂ ਸਦਾ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ ॥੧॥
ਹੇ ਪ੍ਰਭੂ! ਮੈਨੂੰ (ਤਾਂ) ਕੋਈ ਨਹੀਂ ਜਾਣਦਾ, ਪਰ ਮੈਂ ਤੇਰਾ ਦਾਸ ਅਖਵਾਂਦਾ ਹਾਂ।
ਮੈਨੂੰ ਇਹੀ ਸਹਾਰਾ ਹੈ, ਮੈਨੂੰ ਇਹੀ ਆਸਰਾ ਹੈ (ਕਿ ਤੂੰ ਆਪਣੇ ਦਾਸ ਦੀ ਲਾਜ ਰੱਖੇਂਗਾ) ॥੧॥ ਰਹਾਉ ॥
ਹੇ ਸਾਰੇ ਜੀਵਾਂ ਨੂੰ ਸਹਾਰਾ ਦੇਣ ਵਾਲੇ! ਹੇ ਸਭਨਾਂ ਨੂੰ ਪਾਲਣ ਵਾਲੇ! ਮੈਂ ਨਿਮਾਣਾ ਇਕ ਬੇਨਤੀ ਕਰਦਾ ਹਾਂ,
ਕਿ ਤੂੰ ਪਾਣੀ ਹੋਵੇਂ ਤੇ ਮੈਂ ਤੇਰੀ ਮੱਛੀ ਬਣਿਆ ਰਹਾਂ (ਪਰ ਇਹ ਕਿਵੇਂ ਹੋ ਸਕੇ-ਇਹ) ਜੁਗਤਿ ਤੂੰ ਆਪ ਹੀ ਜਾਣਦਾ ਹੈਂ ॥੨॥
ਹੇ ਸਰਬ-ਵਿਆਪਕ! ਹੇ ਸਾਰੇ ਪਸਾਰੇ ਦੇ ਮਾਲਕ! ਮੈਂ ਤੇਰੀ ਸਰਨ ਆ ਪਿਆ ਹਾਂ।
ਇਹ ਸਾਰਾ ਆਕਾਰ-ਧਰਤੀ, ਧਰਤੀਆਂ ਦੇ ਚੱਕਰ, ਧਰਤੀ ਦੇ ਹਿੱਸੇ-ਇਹ ਸਭ ਕੁਝ ਤੂੰ ਆਪ ਹੀ ਹੈਂ (ਤੂੰ ਆਪਣੇ ਆਪ ਤੋਂ ਪੈਦਾ ਕੀਤੇ ਹਨ) ॥੩॥