ਨਾਨਕ ਆਖਦਾ ਹੈ- ਮੈਂ ਐਸੇ ਸੇਵਕ ਤੋਂ ਸਦਕੇ ਜਾਂਦਾ ਹਾਂ। ਤੇਰੇ ਨਾਮ ਦੀ ਦਾਤ ਉਸ ਪਾਸੋਂ ਸਭ ਜੀਵ ਲੈਂਦੇ ਹਨ ॥੨॥
ਜੇ ਤੇਰੀ ਰਜ਼ਾ ਹੋਵੇ ਤਾਂ ਜੀਵ (ਗੁਰੂ ਦੀ ਸਰਨ ਪੈ ਕੇ, ਮਾਇਆ ਦੀ ਭੁੱਖ ਵਲੋਂ) ਪੂਰੇ ਤੌਰ ਤੇ ਰੱਜ ਜਾਂਦਾ ਹੈ,
ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਤੇ ਉਸ ਦੀ ਮਾਇਆ ਦੀ ਸਾਰੀ ਪਿਆਸ ਬੁੱਝ ਜਾਂਦੀ ਹੈ।
ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਤੇ ਉਹ (ਵੱਡਾ ਨਾਮ-) ਖ਼ਜ਼ਾਨਾ ਪ੍ਰਾਪਤ ਕਰ ਲੈਂਦਾ ਹੈ।
ਮੈਂ ਸਤਿਗੁਰੂ ਤੋਂ ਵਾਰੀ ਜਾਂਦਾ ਹਾਂ ਜਿਸ ਦੇ ਸਾਰੇ ਸਿੱਖ ਸੇਵਕ ਨਾਮ-ਖ਼ਜ਼ਾਨੇ ਨੂੰ ਵਰਤਣ ਲੱਗ ਪੈਂਦੇ ਹਨ,
ਤੇ ਇੰਜ (ਸਹਮਾਂ ਵਲੋਂ) ਨਿਡਰ ਹੋ ਜਾਂਦੇ ਹਨ, ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ, ਜਮਾਂ ਦਾ ਸਹਮ ਮਿਟਾ ਲੈਂਦੇ ਹਨ।
ਨਾਨਕ ਆਖਦਾ ਹੈ ਕਿ (ਹੇ ਪ੍ਰਭੂ! ਮੇਹਰ ਕਰ, ਮੈਂ) ਦਾਸ (ਗੁਰੂ ਦੇ) ਚਰਨਾਂ ਵਿਚ ਟਿਕਿਆ ਰਹਾਂ, (ਗੁਰੂ ਦਾ) ਸੇਵਕ ਬਣਿਆ ਰਹਾਂ, ਤੇ, ਸੁਰਤ ਜੋੜ ਕੇ ਤੇਰੀ ਭਗਤੀ ਕਰਦਾ ਰਹਾਂ ॥੩॥
ਹੇ ਪ੍ਰਭੂ ਜੀ! (ਤੇਰੀ ਮੇਹਰ ਨਾਲ ਮੇਰੀ ਹਰੇਕ) ਆਸ ਤੇ ਕਾਮਨਾ ਪੂਰੀ ਹੋ ਗਈ ਹੈ।
ਹੇ ਪ੍ਰਭੂ ਜੀ! ਮੈਂ ਗੁਣ-ਹੀਨ ਹਾਂ ਤੇਰੇ ਅੰਦਰ ਸਾਰੇ ਹੀ ਗੁਣ ਹਨ।
ਤੇਰੇ ਅੰਦਰ ਸਾਰੇ ਹੀ ਗੁਣ ਹਨ, ਹੇ ਮੇਰੇ ਮਾਲਕ! ਮੈਂ ਕਿਸ ਮੂੰਹ ਨਾਲ ਤੇਰੀ ਵਡਿਆਈ ਕਰਾਂ?
ਤੂੰ ਮੇਰਾ ਕੋਈ ਗੁਣ ਜਾਂ ਔਗੁਣ ਨਾ ਦੇਖ ਕੇ ਇਕ ਛਿਨ ਵਿਚ ਹੀ ਤੂੰ ਮੇਰੇ ਉਤੇ ਮੇਹਰ ਕਰ ਦਿਤੀ,
ਤੇ ਮੈਂ ਨੌ ਖ਼ਜ਼ਾਨੇ ਹਾਸਲ ਕਰ ਲਏ ਹਨ, ਮੇਰੇ ਅੰਦਰ ਚੜ੍ਹਦੀ ਕਲਾ ਬਣ ਗਈ ਹੈ ਤੇ ਆਤਮਕ ਆਨੰਦ ਦੇ ਇਕ-ਰਸ ਵਾਜੇ ਵੱਜਣ ਲੱਗ ਪਏ ਹਨ।
ਨਾਨਕ ਆਖਦਾ ਹੈ ਕਿ ਮੈਂ (ਪ੍ਰਭੂ) ਖਸਮ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ ਤੇ ਮੇਰੇ ਸਾਰੇ ਹੀ ਚਿੰਤਾ-ਫ਼ਿਕਰ ਲਹਿ ਗਏ ਹਨ ॥੪॥੧॥
ਨਾਸਵੰਤ ਪਦਾਰਥਾਂ ਦੀ ਕੀਹ ਗੱਲ ਸੁਨਣੀ, ਇਹ ਤਾਂ ਹਵਾ ਦੇ ਬੁੱਲਿਆਂ ਵਾਂਗ ਚਲੇ ਜਾਂਦੇ ਹਨ।
ਹੇ ਨਾਨਕ! ਉਹ ਕੰਨ (ਪ੍ਰਭੂ ਨੂੰ) ਕਬੂਲ ਹਨ ਜੇਹੜੇ ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ (ਦੀ ਸਿਫ਼ਤ-ਸਾਲਾਹ) ਨੂੰ ਸੁਣਦੇ ਹਨ ॥੧॥
ਛੰਤ।
ਜਿਨ੍ਹਾਂ ਨੇ ਆਪਣੇ ਕੰਨਾਂ ਨਾਲ ਪ੍ਰਭੂ (ਦਾ ਨਾਮ) ਸੁਣਿਆ ਹੈ, ਉਹਨਾਂ ਤੋਂ ਮੈਂ ਸਦਕੇ ਕੁਰਬਾਨ ਜਾਂਦਾ ਹਾਂ।
ਜੇਹੜੇ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸੁਖੀ ਰਹਿੰਦੇ ਹਨ।
ਉਹ ਮਨੁੱਖ ਆਤਮਕ ਅਡੋਲਤਾ ਵਿਚ ਰਹਿ ਕੇ ਸੁਖੀ ਜੀਵਨ ਜੀਊਂਦੇ ਹਨ, ਉਹ ਅਮੋਲਕ ਗੁਣਾਂ ਵਾਲੇ ਹੋ ਜਾਂਦੇ ਹਨ, ਉਹ ਤਾਂ ਜਗਤ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਸਤੇ ਆਉਂਦੇ ਹਨ।
ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਪਰਮਾਤਮਾ ਦੇ ਚਰਨ ਜਹਾਜ਼ ਹਨ (ਆਪ ਨਾਮ ਜਪਣ ਵਾਲੇ ਮਨੁੱਖ) ਅਨੇਕਾਂ ਨੂੰ (ਪ੍ਰਭੂ-ਚਰਨਾਂ ਵਿਚ ਜੋੜ ਕੇ) ਪਾਰ ਲੰਘਾ ਦੇਂਦੇ ਹਨ।
ਮੇਰੇ ਮਾਲਕ-ਪ੍ਰਭੂ ਨੇ ਜਿਨ੍ਹਾਂ ਉਤੇ ਮੇਹਰ (ਦੀ ਨਿਗਾਹ) ਕੀਤੀ, ਉਹਨਾਂ ਦੇ ਕਰਮਾਂ ਦਾ ਹਿਸਾਬ ਕਰਨਾ ਉਸ ਨੇ ਛੱਡ ਦਿੱਤਾ।
ਨਾਨਕ ਆਖਦਾ ਹੈ- ਮੈਂ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜਿਸ ਨੇ ਆਪਣੇ ਕੰਨਾਂ ਨਾਲ ਪਰਮਾਤਮਾ (ਦੀ ਸਿਫ਼ਤ-ਸਾਲਾਹ) ਨੂੰ ਸੁਣਿਆ ਹੈ ॥੧॥
ਮੈਂ ਆਪਣੀਆਂ ਅੱਖਾਂ ਨਾਲ ਜਗਤ ਨੂੰ ਵੇਖਿਆ ਹੈ, (ਅਜੇ ਭੀ) ਮੈਨੂੰ (ਜਗਤ ਵੇਖਣ ਦੀ ਪਿਆਸ) ਬਹੁਤ ਹੈ, ਇਹ ਪਿਆਸ ਬੁੱਝਦੀ ਨਹੀਂ।
ਹੇ ਨਾਨਕ! ਜਿਨ੍ਹਾਂ ਅੱਖਾਂ ਨੇ ਮੇਰੇ ਪਿਆਰੇ ਪ੍ਰਭੂ ਨੂੰ ਵੇਖਿਆ, ਉਹ ਅੱਖਾਂ ਹੋਰ ਕਿਸਮ ਦੀਆਂ ਹਨ (ਉਹਨਾਂ ਅੱਖਾਂ ਨੂੰ ਦੁਨੀਆ ਦੇ ਪਦਾਰਥ ਵੇਖਣ ਦੀ ਲਾਲਸਾ ਨਹੀਂ ਹੁੰਦੀ) ॥੧॥
ਛੰਤੁ।
ਮੈਂ ਉਹਨਾਂ ਤੋਂ ਸਦਕੇ ਹਾਂ, ਜਿਨ੍ਹਾਂ ਨੇ ਪਰਮਾਤਮਾ ਦਾ ਦਰਸਨ ਕੀਤਾ ਹੈ,
ਉਹ (ਵਡ-ਭਾਗੀ) ਬੰਦੇ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਸੰਦ ਆਉਂਦੇ ਹਨ।
ਜਿਨ੍ਹਾਂ ਜੀਵਾਂ ਨੂੰ ਮਾਲਕ-ਪ੍ਰਭੂ ਨੇ ਆਦਰ-ਮਾਣ ਦਿੱਤਾ ਹੈ, (ਹਰ ਥਾਂ) ਮੰਨੇ-ਪ੍ਰਮੰਨੇ ਜਾਂਦੇ ਹਨ, ਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।
ਉਹ ਪਰਮਾਤਮਾ ਦੇ ਨਾਮ-ਰਸ ਨਾਲ ਰੱਜੇ ਰਹਿੰਦੇ ਹਨ, ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ, ਤੇ ਪਰਮਾਤਮਾ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣਦੇ ਹਨ।
ਉਹੀ ਮਨੁੱਖ ਭਲੇ ਹਨ, ਸੰਤ ਹਨ, ਸੁਖੀ ਹਨ, ਜੋ ਆਪਣੇ ਮਾਲਕ ਪ੍ਰਭੂ ਨੂੰ ਚੰਗੇ ਲੱਗਦੇ ਹਨ।
ਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਨੇ ਹਰੀ ਪ੍ਰਭੂ ਦਾ ਦਰਸਨ ਕਰ ਲਿਆ ਹੈ, ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੨॥
ਜੇਹੜਾ ਸਰੀਰ ਪਰਮਾਤਮਾ ਦੇ ਨਾਮ ਤੋਂ ਸੱਖਣਾ ਰਹਿੰਦਾ ਹੈ, ਉਹ ਮਾਇਆ ਦੇ ਮੋਹ ਦੇ ਹਨੇਰੇ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ।
ਹੇ ਨਾਨਕ! ਉਸ ਮਨੁੱਖ ਦਾ ਜੀਵਨ ਕਾਮਯਾਬ ਹੈ ਜਿਸ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਆ ਵੱਸਦਾ ਹੈ ॥੧॥
ਛੰਤੁ।
ਮੈਂ ਉਹਨਾਂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ ਜਿਨ੍ਹਾਂ ਮੇਰੇ ਹਰੀ-ਪ੍ਰਭੂ ਦਾ ਦਰਸਨ ਕਰ ਲਿਆ ਹੈ,
ਜੋ ਨਾਮ-ਰਸ ਚੱਖ ਕੇ ਰੱਜ ਜਾਂਦੇ ਹਨ ਤੇ ਜਿਨ੍ਹਾਂ ਨੂੰ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਜਲ ਮਿੱਠਾ ਲੱਗਦਾ ਹੈ।
ਪਰਮਾਤਮਾ ਉਹਨਾਂ ਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ ਤੇ ਉਹਨਾਂ ਉਤੇ ਪ੍ਰਸੰਨ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ, ਉਹਨਾਂ ਨੂੰ ਸਾਰੇ ਆਨੰਦ ਪ੍ਰਾਪਤ ਹੋ ਜਾਂਦੇ ਹਨ।
ਜਗਤ ਦੇ ਮਾਲਕ-ਪ੍ਰਭੂ ਦੀ ਜੈ-ਜੈਕਾਰ ਆਖ ਆਖ ਕੇ ਉਹਨਾਂ ਦੇ ਸਰੀਰ ਤੋਂ ਦੁੱਖ ਤੇ ਭਰਮ ਦੂਰ ਹੋ ਜਾਂਦੇ ਹਨ।
ਉਹ ਮੋਹ ਤੋਂ ਰਹਿਤ ਹੋ ਜਾਂਦੇ ਹਨ, ਉਹਨਾਂ ਦੇ ਅੰਦਰੋਂ ਵਿਕਾਰ ਮੁੱਕ ਜਾਂਦੇ ਹਨ, ਕਾਮਾਦਿਕ ਪੰਜਾਂ ਨਾਲੋਂ ਉਹਨਾਂ ਦਾ ਸਾਥ ਟੁੱਟ ਜਾਂਦਾ ਹੈ।