ਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪਣੀ ਸੱਤਿਆ (ਇਸ ਸ੍ਰਿਸ਼ਟੀ ਵਿਚ) ਟਿਕਾਈ ਹੈ।
ਹੇ ਨਾਨਕ! (ਆਖ) ਮੈਂ ਕਈ ਵਾਰ (ਐਸੇ ਪ੍ਰਭੂ ਤੋਂ) ਸਦਕੇ ਹਾਂ ॥੮॥੧੮॥
(ਪ੍ਰਭੂ ਦੇ) ਭਜਨ ਤੋਂ ਬਿਨਾ (ਹੋਰ ਕੋਈ ਸ਼ੈ ਮਨੁੱਖ ਦੇ) ਨਾਲ ਨਹੀਂ ਜਾਂਦੀ, ਸਾਰੀ ਮਾਇਆ (ਜੋ ਮਨੁੱਖ ਕਮਾਉਂਦਾ ਰਹਿੰਦਾ ਹੈ, ਜਗਤ ਤੋਂ ਤੁਰਨ ਵੇਲੇ ਇਸ ਦੇ ਵਾਸਤੇ) ਸੁਆਹ (ਸਮਾਨ) ਹੈ।
ਹੇ ਨਾਨਕ! ਅਕਾਲ ਪੁਰਖ ਦਾ ਨਾਮ (ਸਿਮਰਨ) ਦੀ ਕਮਾਈ ਕਰਨਾ ਹੀ (ਸਭ ਤੋਂ) ਚੰਗਾ ਧਨ ਹੈ (ਇਹੀ ਮਨੁੱਖ ਦੇ ਨਾਲ ਨਿਭਦਾ ਹੈ) ॥੧॥
ਸੰਤਾਂ ਨਾਲ ਮਿਲ ਕੇ (ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰੋ,
ਇੱਕ ਪ੍ਰਭੂ ਨੂੰ ਸਿਮਰੋ ਤੇ ਪ੍ਰਭੂ ਦੇ ਨਾਮ ਦਾ ਆਸਰਾ (ਲਵੋ)।
ਹੇ ਮਿਤ੍ਰ! ਹੋਰ ਸਾਰੇ ਹੀਲੇ ਛੱਡ ਦਿਉ,
ਤੇ ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਹਿਰਦੇ ਵਿਚ ਟਿਕਾਉ।
ਉਹ ਪ੍ਰਭੂ (ਸਭ ਕੁਝ ਆਪ) ਕਰਨ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ,
ਉਸ ਪ੍ਰਭੂ ਦਾ ਨਾਮ-ਰੂਪੀ (ਸੋਹਣਾ) ਪਦਾਰਥ ਪੱਕਾ ਕਰ ਕੇ ਸਾਂਭ ਲਵੋ।
(ਹੇ ਭਾਈ!) (ਨਾਮ-ਰੂਪ) ਇਹ ਧਨ ਇਕੱਠਾ ਕਰੋ ਤੇ ਭਾਗਾਂ ਵਾਲੇ ਬਣੋ,
ਸੰਤਾਂ ਦਾ ਇਹੀ ਪਵਿਤ੍ਰ ਉਪਦੇਸ਼ ਹੈ।
ਆਪਣੇ ਮਨ ਵਿਚ ਇਕ (ਪ੍ਰਭੂ ਦੀ) ਆਸ ਰੱਖੋ,
ਹੇ ਨਾਨਕ! (ਇਸ ਤਰ੍ਹਾਂ) ਸਾਰੇ ਰੋਗ ਮਿਟ ਜਾਣਗੇ ॥੧॥
(ਹੇ ਮਿਤ੍ਰ!) ਜਿਸ ਧਨ ਦੀ ਖ਼ਾਤਰ (ਤੂੰ) ਚੌਹੀਂ ਪਾਸੀਂ ਉਠ ਦੌੜਦਾ ਹੈਂ,
ਉਹ ਧਨ ਤੂੰ ਪ੍ਰਭੂ ਦੀ ਸੇਵਾ ਤੋਂ ਲਏਂਗਾ।
ਹੇ ਮਿਤ੍ਰ! ਜਿਸ ਸੁਖ ਨੂੰ ਤੂੰ ਸਦਾ ਤਾਂਘਦਾ ਹੈਂ,
ਉਹ ਸੁਖ ਸੰਤਾਂ ਦੀ ਸੰਗਤਿ ਵਿਚ ਪਿਆਰ ਕੀਤਿਆਂ (ਮਿਲਦਾ ਹੈ)।
ਜਿਸ ਸੋਭਾ ਦੀ ਖ਼ਾਤਰ ਤੂੰ ਨੇਕ ਕਮਾਈ ਕਰਦਾ ਹੈਂ,
ਉਹ ਸੋਭਾ (ਖੱਟਣ ਲਈ) ਤੂੰ ਅਕਾਲ ਪੁਰਖ ਦੀ ਸਰਣ ਪਉ।
(ਜੇਹੜਾ ਹਉਮੈ ਦਾ) ਰੋਗ ਅਨੇਕਾਂ ਹੀਲਿਆਂ ਨਾਲ ਦੂਰ ਨਹੀਂ ਹੁੰਦਾ,
ਉਹ ਰੋਗ ਪ੍ਰਭੂ ਦਾ ਨਾਮ-ਰੂਪੀ ਦਵਾਈ ਵਰਤਿਆਂ ਮਿਟ ਜਾਂਦਾ ਹੈ।
ਸਾਰੇ (ਦੁਨੀਆਵੀ) ਖ਼ਜ਼ਾਨਿਆਂ ਵਿਚ ਪ੍ਰਭੂ ਦਾ ਨਾਮ (ਵਧੀਆ) ਖ਼ਜ਼ਾਨਾ ਹੈ।
ਹੇ ਨਾਨਕ! (ਨਾਮ) ਜਪ, ਦਰਗਾਹ ਵਿਚ ਕਬੂਲ (ਹੋਵੇਂਗਾ) ॥੨॥
(ਹੇ ਭਾਈ! ਆਪਣੇ) ਮਨ ਨੂੰ ਪ੍ਰਭੂ ਦੇ ਨਾਮ ਨਾਲ ਜਗਾਉ,
(ਨਾਮ ਦੀ ਬਰਕਤਿ ਨਾਲ) ਦਸੀਂ ਪਾਸੀਂ ਦੌੜਦਾ (ਇਹ ਮਨ) ਟਿਕਾਣੇ ਆ ਜਾਂਦਾ ਹੈ।
ਉਸ ਮਨੁੱਖ ਨੂੰ ਕੋਈ ਔਕੜ ਨਹੀਂ ਪੋਂਹਦੀ,
ਜਿਸ ਦੇ ਹਿਰਦੇ ਵਿਚ ਉਹ ਪ੍ਰਭੂ ਵੱਸਦਾ ਹੈ।
ਕਲਿਜੁਗ ਤੱਤੀ (ਅੱਗ) ਹੈ (ਭਾਵ, ਵਿਕਾਰ ਜੀਆਂ ਨੂੰ ਸਾੜ ਰਹੇ ਹਨ) ਪ੍ਰਭੂ ਦਾ ਨਾਮ ਠੰਢਾ ਹੈ,
ਉਸ ਨੂੰ ਸਦਾ ਸਿਮਰੋ ਤੇ ਸੁਖ ਪਾਉ।
(ਨਾਮ ਸਿਮਰਿਆਂ) ਡਰ ਉੱਡ ਜਾਂਦਾ ਹੈ, ਤੇ, ਆਸ ਪੁੱਗ ਜਾਂਦੀ ਹੈ (ਭਾਵ, ਨਾਹ ਹੀ ਮਨੁੱਖ ਆਸਾਂ ਬੰਨ੍ਹਦਾ ਫਿਰਦਾ ਹੈ ਤੇ ਨਾਹ ਹੀ ਉਹਨਾਂ ਆਸਾਂ ਦੇ ਟੁੱਟਣ ਦਾ ਕੋਈ ਡਰ ਹੁੰਦਾ ਹੈ)
(ਕਿਉਂਕਿ) ਪ੍ਰਭੂ ਦੀ ਭਗਤੀ ਨਾਲ ਪਿਆਰ ਕੀਤਿਆਂ ਆਤਮਾ ਚਮਕ ਪੈਂਦਾ ਹੈ।
(ਜੋ ਸਿਮਰਦਾ ਹੈ) ਉਸ ਦੇ (ਹਿਰਦੇ) ਘਰ ਵਿਚ ਅਬਿਨਾਸੀ ਪ੍ਰਭੂ ਆ ਵੱਸਦਾ ਹੈ।
ਨਾਨਕ ਆਖਦਾ ਹੈ (ਕਿ ਨਾਮ ਜਪਿਆਂ) ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ॥੩॥
ਜੋ ਮਨੁੱਖ ਪਾਰਬ੍ਰਹਮ ਦੀ ਸਿਫ਼ਤਿ-ਰੂਪ ਸੋਚ ਸੋਚਦਾ ਹੈ ਉਹ ਸਚ-ਮੁਚ ਮਨੁੱਖ ਹੈ,
ਪਰ ਜੋ ਜੰਮ ਕੇ (ਨਿਰਾ) ਮਰ ਜਾਂਦਾ ਹੈ (ਤੇ ਬੰਦਗੀ ਨਹੀਂ ਕਰਦਾ) ਉਹ ਨਿਰੋਲ ਕੱਚਾ ਹੈ।
ਪ੍ਰਭੂ ਦਾ ਸਿਮਰਨ ਕੀਤਿਆਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ;
ਆਪਾ-ਭਾਵ ਛੱਡ ਕੇ, ਸਤਿਗੁਰੂ ਦੀ ਸਰਨੀ ਪੈ ਕੇ (ਜਨਮ ਮਰਨ ਦਾ ਗੇੜ ਮੁੱਕਦਾ ਹੈ)
ਇਸ ਤਰ੍ਹਾਂ ਕੀਮਤੀ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ।
(ਤਾਂ ਤੇ, ਹੇ ਭਾਈ!) ਪ੍ਰਭੂ ਨੂੰ ਸਿਮਰ, (ਇਹੀ) ਪ੍ਰਾਣਾਂ ਦਾ ਆਸਰਾ ਹੈ।
ਅਨੇਕਾਂ ਹੀਲੇ ਕੀਤਿਆਂ (ਆਵਾਗਵਨ ਤੋਂ) ਬਚ ਨਹੀਂ ਸਕੀਦਾ;
ਸਿੰਮ੍ਰਿਤੀਆਂ ਸ਼ਾਸਤ੍ਰ ਵੇਦ (ਆਦਿਕ) ਵਿਚਾਰਿਆਂ (ਆਵਾ ਗਵਨ ਤੋਂ ਛੁਟਕਾਰਾ ਨਹੀਂ ਹੁੰਦਾ।)
ਮਨ ਲਾ ਕੇ ਕੇਵਲ ਪ੍ਰਭੂ ਦੀ ਹੀ ਭਗਤੀ ਕਰੋ।
(ਜੋ ਭਗਤੀ ਕਰਦਾ ਹੈ) ਹੇ ਨਾਨਕ! ਉਸ ਨੂੰ ਮਨ-ਇੱਛਤ ਫਲ ਮਿਲ ਜਾਂਦੇ ਹਨ ॥੪॥
ਹੇ ਮੂਰਖ ਮਨ! ਧਨ ਤੇਰੇ ਨਾਲ ਨਹੀਂ ਜਾ ਸਕਦਾ,
ਤੂੰ ਕਿਉਂ ਇਸ ਨੂੰ ਜੱਫਾ ਮਾਰੀ ਬੈਠਾ ਹੈਂ?
ਪੁਤ੍ਰ, ਮਿੱਤ੍ਰ, ਪਰਵਾਰ ਤੇ ਇਸਤ੍ਰੀ;
ਇਹਨਾਂ ਵਿਚੋਂ, ਦੱਸ, ਕੌਣ ਤੇਰਾ ਸਾਥ ਦੇਣ ਵਾਲਾ ਹੈ?
ਮਾਇਆ ਦੇ ਅਡੰਬਰ, ਰਾਜ ਤੇ ਰੰਗ-ਰਲੀਆਂ-
ਦੱਸੋ, ਇਹਨਾਂ ਵਿਚੋਂ ਕਿਸ ਦੇ ਨਾਲ (ਮੋਹ ਪਾਇਆਂ) ਸਦਾ ਲਈ (ਮਾਇਆ ਤੋਂ) ਖ਼ਲਾਸੀ ਮਿਲ ਸਕਦੀ ਹੈ?
ਘੋੜੇ, ਹਾਥੀ, ਰਥਾਂ ਦੀ ਸਵਾਰੀ ਕਰਨੀ-
ਇਹ ਸਭ ਝੂਠਾ ਦਿਖਾਵਾ ਹੈ, ਇਹ ਅਡੰਬਰ ਰਚਾਉਣ ਵਾਲਾ ਭੀ ਬਿਨਸਨਹਾਰ ਹੈ।
ਮੂਰਖ ਮਨੁੱਖ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਇਹ ਸਾਰੇ ਪਦਾਰਥ ਦਿੱਤੇ ਹਨ, ਤੇ,
ਨਾਮ ਨੂੰ ਭੁਲਾ ਕੇ, ਹੇ ਨਾਨਕ! (ਆਖ਼ਰ) ਪਛੁਤਾਉਂਦਾ ਹੈ ॥੫॥
ਹੇ ਅੰਞਾਣ! ਸਤਿਗੁਰੂ ਦੀ ਮਤਿ ਲੈ (ਭਾਵ, ਸਿੱਖਿਆ ਤੇ ਤੁਰ)
ਬੜੇ ਸਿਆਣੇ ਸਿਆਣੇ ਬੰਦੇ ਭੀ ਭਗਤੀ ਤੋਂ ਬਿਨਾ (ਵਿਕਾਰਾਂ ਵਿਚ ਹੀ) ਡੁੱਬ ਜਾਂਦੇ ਹਨ।
ਹੇ ਮਿਤ੍ਰ ਮਨ! ਪ੍ਰਭੂ ਦੀ ਭਗਤੀ ਕਰ,
ਇਸ ਤਰ੍ਹਾਂ ਤੇਰੀ ਸੁਰਤ ਪਵਿਤ੍ਰ ਹੋਵੇਗੀ।
(ਹੇ ਭਾਈ!) ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਆਪਣੇ ਮਨ ਵਿਚ ਪ੍ਰੋ ਰੱਖ,