ਇਸ ਤਰ੍ਹਾਂ ਕਈ ਜਨਮਾਂ ਦੇ ਪਾਪ ਨਾਸ ਹੋ ਜਾਣਗੇ।
(ਪ੍ਰਭੂ ਦਾ ਨਾਮ) ਤੂੰ ਆਪ ਜਪ, ਤੇ, ਹੋਰਨਾਂ ਨੂੰ ਜਪਣ ਲਈ ਪ੍ਰੇਰ,
(ਨਾਮ) ਸੁਣਦਿਆਂ, ਉੱਚਾਰਦਿਆਂ ਤੇ ਨਿਰਮਲ ਰਹਿਣੀ ਰਹਿੰਦਿਆਂ ਉੱਚੀ ਅਵਸਥਾ ਬਣ ਜਾਏਗੀ।
ਪ੍ਰਭੂ ਦਾ ਨਾਮ ਹੀ ਸਭ ਪਦਾਰਥਾਂ ਤੋਂ ਉੱਤਮ ਪਦਾਰਥ ਹੈ;
(ਤਾਂ ਤੇ) ਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ ॥੬॥
(ਹੇ ਭਾਈ!) ਪ੍ਰਭੂ ਦੇ ਗੁਣ ਗਾਉਂਦਿਆਂ ਤੇਰੀ (ਵਿਕਾਰਾਂ ਦੀ) ਮੈਲ ਉਤਰ ਜਾਏਗੀ,
ਤੇ ਹਉਮੈ ਰੂਪੀ ਵਿਹੁ ਦਾ ਖਿਲਾਰਾ ਭੀ ਮਿਟ ਜਾਏਗਾ।
ਤੂੰ ਬੇਫ਼ਿਕਰ ਹੋ ਜਾਹਿਂਗਾ ਤੇ ਤੇਰਾ ਜੀਵਨ ਸੁਖ ਨਾਲ ਬਿਤੀਤ ਹੋਵੇਗਾ-
ਦਮ-ਬ-ਦਮ ਪ੍ਰਭੂ ਦੇ ਨਾਮ ਨੂੰ ਯਾਦ ਕਰ।
ਹੇ ਮਨ! ਸਾਰੀ ਚਤੁਰਾਈ ਛੱਡ ਦੇਹ,
ਸਦਾ ਨਾਲ ਨਿਭਣ ਵਾਲਾ ਧਨ ਸਤਸੰਗ ਵਿਚ ਮਿਲੇਗਾ।
ਪ੍ਰਭੂ ਦੇ ਨਾਮ ਦੀ ਰਾਸ ਇਕੱਠੀ ਕਰ, ਇਹੀ ਵਿਹਾਰ ਕਰ।
ਇਸ ਜੀਵਨ ਵਿਚ ਸੁਖ ਮਿਲੇਗਾ, ਤੇ, ਪ੍ਰਭੂ ਦੀ ਦਰਗਾਹ ਵਿਚ ਆਦਰ ਹੋਵੇਗਾ।
ਸਭ ਜੀਵਾਂ ਦੇ ਅੰਦਰ ਇਕ ਅਕਾਲ ਪੁਰਖ ਨੂੰ ਹੀ ਵੇਖ।
(ਪਰ) ਨਾਨਕ ਆਖਦਾ ਹੈ- (ਇਹ ਕੰਮ ਓਹੀ ਮਨੁੱਖ ਕਰਦਾ ਹੈ) ਜਿਸ ਦੇ ਮੱਥੇ ਤੇ ਭਾਗ ਹਨ ॥੭॥
ਇਕ ਪ੍ਰਭੂ ਨੂੰ ਹੀ ਜਪ, ਤੇ ਇਕ ਪ੍ਰਭੂ ਦੀ ਹੀ ਸਿਫ਼ਤਿ ਕਰ,
ਇਕ ਨੂੰ ਸਿਮਰ, ਤੇ, ਹੇ ਮਨ! ਇਕ ਪ੍ਰਭੂ ਦੇ ਮਿਲਣ ਦੀ ਤਾਂਘ ਰੱਖ।
ਇਕ ਪ੍ਰਭੂ ਦੇ ਹੀ ਗੁਣ ਗਾ,
ਮਨ ਵਿਚ ਤੇ ਸਰੀਰਕ ਇੰਦ੍ਰਿਆਂ ਦੀ ਰਾਹੀਂ ਇਕ ਭਗਵਾਨ ਨੂੰ ਹੀ ਜਪ।
(ਸਭ ਥਾਈਂ) ਪ੍ਰਭੂ ਆਪ ਹੀ ਆਪ ਹੈ,
ਸਭ ਜੀਵਾਂ ਵਿਚ ਪ੍ਰਭੂ ਹੀ ਵੱਸ ਰਿਹਾ ਹੈ।
(ਜਗਤ ਦੇ) ਅਨੇਕਾਂ ਖਿਲਾਰੇ ਇਕ ਪ੍ਰਭੂ ਤੋਂ ਹੀ ਹੋਏ ਹਨ,
ਇਕ ਪ੍ਰਭੂ ਨੂੰ ਸਿਮਰਿਆਂ ਪਾਪ ਨਾਸ ਹੋ ਜਾਂਦੇ ਹਨ।
ਜਿਸ ਮਨੁੱਖ ਦੇ ਮਨ ਤੇ ਸਰੀਰ ਵਿਚ ਇਕ ਪ੍ਰਭੂ ਹੀ ਪਰੋਤਾ ਗਿਆ ਹੈ,
ਹੇ ਨਾਨਕ! ਉਸ ਨੇ ਗੁਰੂ ਦੀ ਕਿਰਪਾ ਨਾਲ ਉਸ ਇਕ ਪ੍ਰਭੂ ਨੂੰ ਪਛਾਣ ਲਿਆ ਹੈ ॥੮॥੧੯॥
ਹੇ ਪ੍ਰਭੂ! ਭਟਕਦਾ ਭਟਕਦਾ ਮੈਂ ਤੇਰੀ ਸਰਣ ਆ ਪਿਆ ਹਾਂ।
ਹੇ ਪ੍ਰਭੂ! ਨਾਨਕ ਦੀ ਇਹੀ ਬੇਨਤੀ ਹੈ ਕਿ ਮੈਨੂੰ ਆਪਣੀ ਭਗਤੀ ਵਿਚ ਜੋੜ ॥੧॥
ਹੇ ਪ੍ਰਭੂ! (ਇਹ) ਮੰਗਤਾ ਦਾਸ (ਤੇਰੇ ਨਾਮ ਦਾ) ਦਾਨ ਮੰਗਦਾ ਹੈ;
ਹੇ ਹਰੀ! ਕਿਰਪਾ ਕਰ ਕੇ (ਆਪਣਾ) ਨਾਮ ਦਿਹੁ।
ਮੈਂ ਸਾਧੂ ਜਨਾਂ ਦੇ ਪੈਰਾਂ ਦੀ ਖ਼ਾਕ ਮੰਗਦਾ ਹਾਂ,
ਹੇ ਪਾਰਬ੍ਰਹਮ! ਮੇਰੀ ਇੱਛਾ ਪੂਰੀ ਕਰ।
ਮੈਂ ਸਦਾ ਹੀ ਪ੍ਰਭੂ ਦੇ ਗੁਣ ਗਾਵਾਂ।
ਹੇ ਪ੍ਰਭੂ! ਮੈਂ ਦਮ-ਬ-ਦਮ ਤੈਨੂੰ ਹੀ ਸਿਮਰਾਂ।
ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨਾਂ ਨਾਲ ਮੇਰੀ ਪ੍ਰੀਤਿ ਲੱਗੀ ਰਹੇ,
ਤੇ ਸਦਾ ਹੀ ਪ੍ਰਭੂ ਦੀ ਭਗਤੀ ਕਰਦਾ ਰਹਾਂ।
(ਪ੍ਰਭੂ ਦਾ ਨਾਮ ਹੀ) ਇਕੋ ਮੇਰੀ ਓਟ ਹੈ ਤੇ ਇਕੋ ਆਸਰਾ ਹੈ,
ਨਾਨਕ ਪ੍ਰਭੂ ਦਾ ਸ੍ਰੇਸ਼ਟ ਨਾਮ ਮੰਗਦਾ ਹੈ ॥੧॥
ਪ੍ਰਭੂ ਦੀ (ਮੇਹਰ ਦੀ) ਨਜ਼ਰ ਨਾਲ ਬੜਾ ਸੁਖ ਹੁੰਦਾ ਹੈ,
(ਪਰ) ਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸੁਆਦ ਚੱਖਦਾ ਹੈ।
ਜਿਨ੍ਹਾਂ ਨੇ (ਨਾਮ-ਰਸ) ਚੱਖਿਆ ਹੈ, ਉਹ ਮਨੁੱਖ (ਮਾਇਆ ਵਲੋਂ) ਰੱਜ ਗਏ ਹਨ,
ਉਹ ਪੂਰਨ ਮਨੁੱਖ ਬਣ ਗਏ ਹਨ, ਕਦੇ (ਮਾਇਆ ਦੇ ਲਾਹੇ ਘਾਟੇ ਵਿਚ) ਡੋਲਦੇ ਨਹੀਂ।
ਪ੍ਰਭੂ ਦੇ ਪਿਆਰ ਦੇ ਸੁਆਦ ਦੀ ਮੌਜ ਵਿਚ ਉਹ ਨਕਾ-ਨਕ ਭਰੇ ਰਹਿੰਦੇ ਹਨ,
ਸਾਧ ਜਨਾਂ ਦੀ ਸੰਗਤਿ ਵਿਚ ਰਹਿ ਕੇ (ਉਹਨਾਂ ਦੇ ਅੰਦਰ) (ਪ੍ਰਭੂ-ਮਿਲਾਪ ਦਾ) ਚਾਉ ਪੈਦਾ ਹੁੰਦਾ ਹੈ।
ਹੋਰ ਸਾਰੇ (ਆਸਰੇ) ਛੱਡ ਕੇ ਉਹ ਪ੍ਰਭੂ ਦੀ ਸਰਨ ਪੈਂਦੇ ਹਨ,
ਉਹਨਾਂ ਦੇ ਅੰਦਰ ਚਾਨਣ ਹੋ ਜਾਂਦਾ ਹੈ, ਤੇ ਹਰ ਵੇਲੇ ਉਹਨਾਂ ਦੀ ਲਿਵ (ਪ੍ਰਭੂ-ਚਰਨਾਂ ਵਿਚ) ਲੱਗੀ ਰਹਿੰਦੀ ਹੈ।
ਵੱਡੇ ਭਾਗਾਂ ਵਾਲੇ ਬੰਦਿਆਂ ਨੇ ਪ੍ਰਭੂ ਨੂੰ ਸਿਮਰਿਆ ਹੈ।
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤਿਆਂ ਸੁਖ ਹੁੰਦਾ ਹੈ ॥੨॥
(ਤਦੋਂ ਸੇਵਕ ਦੇ ਮਨ ਦੇ ਫੁਰਨੇ ਪੂਰਨ ਹੋ ਜਾਂਦੇ ਹਨ, ਭਾਵ, ਮਾਇਆ ਵਾਲੀ ਦੌੜ ਮੁੱਕ ਜਾਂਦੀ ਹੈ)
(ਜਦੋਂ ਸੇਵਕ) ਆਪਣੇ ਗੁਰੂ ਤੋਂ ਉੱਤਮ ਸਿੱਖਿਆ ਲੈਂਦਾ ਹੈ।
ਪ੍ਰਭੂ ਆਪਣੇ (ਅਜੇਹੇ) ਸੇਵਕ ਉਤੇ ਮੇਹਰ ਕਰਦਾ ਹੈ,
ਤੇ, ਸੇਵਕ ਨੂੰ ਸਦਾ ਖਿੜੇ-ਮੱਥੇ ਰੱਖਦਾ ਹੈ।
ਸੇਵਕ (ਮਾਇਆ ਵਾਲੇ) ਜ਼ੰਜੀਰ ਤੋੜ ਕੇ ਖਲਾਸਾ ਹੋ ਜਾਂਦਾ ਹੈ,
ਉਸ ਦਾ ਜਨਮ ਮਰਨ (ਦੇ ਗੇੜ) ਦਾ ਦੁੱਖ ਤੇ ਸਹਸਾ ਮੁੱਕ ਜਾਂਦਾ ਹੈ।
ਸੇਵਕ ਦੀ ਇੱਛਾ ਤੇ ਸਰਧਾ ਸਭ ਸਿਰੇ ਚੜ੍ਹ ਜਾਂਦੀ ਹੈ,
ਉਸ ਨੂੰ ਪ੍ਰਭੂ ਸਭ ਥਾਈਂ ਵਿਆਪਕ ਆਪਣੇ ਨਾਲ ਅੰਗ-ਸੰਗ ਦਿੱਸਦਾ ਹੈ।
ਜਿਸ ਮਾਲਕ ਦਾ ਉਹ ਸੇਵਕ ਬਣਦਾ ਹੈ, ਉਹ ਆਪਣੇ ਨਾਲ ਮਿਲਾ ਲੈਂਦਾ ਹੈ,
ਹੇ ਨਾਨਕ! ਸੇਵਕ ਭਗਤੀ ਕਰ ਕੇ ਨਾਮ ਵਿਚ ਟਿਕਿਆ ਰਹਿੰਦਾ ਹੈ ॥੩॥
(ਮਨੁੱਖ ਨੂੰ) ਉਹ ਪ੍ਰਭੂ ਕਿਉਂ ਵਿਸਰ ਜਾਏ ਜੋ (ਮਨੁੱਖ ਦੀ ਕੀਤੀ) ਮੇਹਨਤ ਨੂੰ ਅਜਾਈਂ ਨਹੀਂ ਜਾਣ ਦੇਂਦਾ,
ਜੋ ਕੀਤੀ ਕਮਾਈ ਨੂੰ ਚੇਤੇ ਰੱਖਦਾ ਹੈ?