ਜੋ ਮਨੁੱਖ ਰੱਬ ਵਲੋਂ ਮੋਏ ਹੋਏ ਹਨ, ਉਹ ਕਿਸੇ ਦੇ (ਸੱਕੇ) ਨਹੀਂ।
ਨਿਰਵੈਰਾਂ ਨਾਲ (ਭੀ) ਵੈਰ ਕਰਦੇ ਹਨ, ਤੇ (ਪਰਮਾਤਮਾ ਦੇ) ਧਰਮ ਨਿਆਂ ਅਨੁਸਾਰ ਦੁਖੀ ਹੁੰਦੇ ਹਨ।
ਜੋ ਮਨੁੱਖ ਸੰਤਾਂ ਵਲੋਂ ਫਿਟਕਾਰੇ ਹੋਏ ਹਨ, ਉਹ (ਜਨਮ ਮਰਨ ਵਿਚ) ਭਟਕਦੇ ਫਿਰਦੇ ਹਨ।
(ਇਹ ਸਪਸ਼ਟ ਗੱਲ ਹੈ ਕਿ) ਜੋ ਰੁੱਖ ਮੁੱਢੋਂ ਕੱਟਿਆ ਜਾਏ, ਉਸ ਦੇ ਟਾਹਣ ਭੀ ਸੁੱਕ ਜਾਂਦੇ ਹਨ ॥੩੧॥
ਹੇ ਨਾਨਕ! ਜੋ ਹਰੀ ਸਰੀਰਾਂ ਨੂੰ ਸਹਿਜੇ ਹੀ ਢਾਹ ਤੇ ਬਣਾ ਸਕਦਾ ਹੈ, ਸਤਿਗੁਰੂ ਨੇ ਉਸ ਹਰੀ ਦਾ ਨਾਮ (ਸਾਡੇ ਹਿਰਦੇ ਵਿਚ) ਪਰੋ ਦਿੱਤਾ ਹੈ (ਤੇ ਸਾਡਾ ਸਭ ਦੁੱਖ ਦੂਰ ਹੋ ਗਿਆ ਹੈ)।
ਹੇ ਮਿੱਤਰ! ਜੇ ਤੂੰ (ਭੀ) ਪ੍ਰਭੂ ਨੂੰ ਸਦਾ ਯਾਦ ਕਰੇਂ, ਤਾਂ (ਤੇਰਾ ਭੀ) ਸਭ ਦੁੱਖ ਲਹਿ ਜਾਏ ॥੧॥
(ਜਿਵੇਂ) ਭੁੱਖਾ ਮਨੁੱਖ ਆਦਰ (ਦੇ ਬਚਨ) ਜਾਂ ਨਿਰਾਦਰੀ ਦੇ ਮੰਦੇ ਬਚਨ ਨੂੰ ਨਹੀਂ ਜਾਣਦਾ (ਭਾਵ, ਪਰਵਾਹ ਨਹੀਂ ਕਰਦਾ ਤੇ ਰੋਟੀ ਵਾਸਤੇ ਸਵਾਲ ਕਰ ਦੇਂਦਾ ਹੈ, ਤਿਵੇਂ)
ਹੇ ਹਰੀ! ਨਾਨਕ (ਭੀ) ਤੇਰਾ ਨਾਮ ਮੰਗਦਾ ਹੈ, ਮਿਹਰ ਕਰ ਤੇ ਮਿਲਾਪ ਬਖ਼ਸ਼ ॥੨॥
(ਅਕਿਰਤ-ਘਣ) ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ, ਉਹ ਕਰਮ ਉਹੋ ਜਿਹਾ ਫਲ ਦੇਂਦਾ ਹੈ;
ਜੇ ਕੋਈ ਤੱਤਾ ਤੇ ਕਰੜਾ ਲੋਹਾ ਚੱਬੇ ਤਾਂ ਉਹ ਸੰਘ ਵਿਚ ਹੀ ਚੁੱਭ ਜਾਂਦਾ ਹੈ।
ਉਹ ਜਮਦੂਤ (ਉਹਨਾਂ ਖੋਟੇ) ਕਰਮਾਂ ਦੇ ਕਾਰਨ ਗਲ ਵਿਚ ਰੱਸਾ ਪਾ ਕੇ (ਭਾਵ, ਨਿਰਾਦਰੀ ਦਾ ਵਰਤਾਉ ਕਰ ਕੇ) ਅੱਗੇ ਲਾ ਲੈਂਦਾ ਹੈ।
ਸਦਾ ਪਰਾਈ ਮੈਲ ਚੁਰਾਉਂਦੇ ਦੀ (ਭਾਵ, ਨਿੰਦਾ ਕਰ ਕੇ ਸਦਾ ਪਰਾਏ ਪਾਪ ਸਿਰ ਤੇ ਲੈਂਦੇ ਦੀ) ਕੋਈ ਆਸ ਭੀ ਪੂਰੀ ਨਹੀਂ ਹੁੰਦੀ (ਲੋਕ ਤੇ ਪਰਲੋਕ ਦੋਵੇਂ ਜ਼ਾਇਆ ਜਾਂਦੇ ਹਨ)।
ਜੂਨਾਂ ਵਿਚ ਭਟਕਦਾ ਭਟਕਦਾ ਉਹ ਅਕਿਰਤਘਣ ਪ੍ਰਭੂ ਦਾ ਉਪਕਾਰ ਨਹੀਂ ਸਮਝਦਾ (ਕਿ ਉਸ ਨੇ ਮਿਹਰ ਕਰ ਕੇ ਮਨੁੱਖਾ ਜਨਮ ਬਖ਼ਸ਼ਿਆ ਹੈ),
(ਨਿੰਦਾ ਆਦਿਕ ਦੇ ਸਾਰੇ ਦਾਉ-ਪੇਚਾਂ ਦੇ) ਉਸ ਦੇ ਸਾਰੇ ਤਾਣ ਜਦੋਂ ਮੁੱਕ ਜਾਂਦੇ ਹਨ, ਤਾਂ (ਫਲ ਭੋਗਣ ਲਈ) ਪ੍ਰਭੂ ਉਸ ਨੂੰ ਧਰਤੀ ਤੋਂ ਚੁੱਕ ਲੈਂਦਾ ਹੈ।
ਜਦੋਂ (ਚਾਰੇ ਬੰਨੇ) ਝਗੜੇ ਨੂੰ (ਅਕਿਰਤਘਣ) ਮੁੱਕਣ ਨਹੀਂ ਦੇਂਦਾ (ਭਾਵ, ਅੱਤ ਕਰ ਦੇਂਦਾ ਹੈ) ਤਾਂ ਕਰਤਾਰ (ਉਸ ਨੂੰ) ਉਠਾ ਲੈਂਦਾ ਹੈ।
(ਮੁੱਕਦੀ ਗੱਲ ਇਹ ਕਿ) ਜੋ ਜੋ ਮਨੁੱਖ ਅਹੰਕਾਰ ਕਰਦੇ ਹਨ ਉਹ ਢਹਿ ਕੇ ਭੋਇਂ ਤੇ ਡਿੱਗਦੇ ਹਨ ॥੩੨॥
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਵਿਚ ਗਿਆਨ ਤੇ ਵਿਚਾਰ ਵਾਲੀ ਅਕਲਿ ਹੁੰਦੀ ਹੈ।
ਉਹ ਹਰੀ ਦੇ ਗੁਣ ਗਾਉਂਦਾ ਹੈ ਤੇ ਹਿਰਦੇ ਵਿਚ (ਗੁਣਾਂ ਦਾ) ਹਾਰ ਪ੍ਰੋ ਲੈਂਦਾ ਹੈ।
(ਆਚਰਨ ਦਾ) ਬੜਾ ਸੁੱਧ ਤੇ ਉੱਚੀ ਮਤਿ ਵਾਲਾ ਹੁੰਦਾ ਹੈ।
ਜੋ ਮਨੁੱਖ ਉਸ ਦੀ ਸੰਗਤਿ ਕਰਦਾ ਹੈ ਉਸ ਨੂੰ ਭੀ ਉਹ (ਸੰਸਾਰ-ਸਾਗਰ ਤੋਂ) ਪਾਰ ਉਤਾਰ ਲੈਂਦਾ ਹੈ।
ਉਸ ਮਨੁੱਖ ਦੇ ਹਿਰਦੇ ਵਿਚ ਹਰੀ ਦੇ ਨਾਮ (ਰੂਪੀ) ਸੁਗੰਧੀ ਸਮਾਈ ਹੋਈ ਹੁੰਦੀ ਹੈ,
(ਜਿਸ ਕਰਕੇ) ਉਸ ਦੀ ਬੜੀ ਉੱਤਮ ਬੋਲੀ ਤੇ ਹਰੀ ਦੀ ਦਰਗਾਹ ਵਿਚ ਸੋਭਾ ਹੁੰਦੀ ਹੈ।
ਜੋ ਮਨੁੱਖ (ਉਸ ਬੋਲੀ ਨੂੰ) ਸੁਣਦਾ ਹੈ, ਉਹ ਪਰਸੰਨ ਹੁੰਦਾ ਹੈ।
ਹੇ ਨਾਨਕ! ਸਤਿਗੁਰੂ ਨੂੰ ਮਿਲ ਕੇ ਉਸ ਨੇ ਇਹ ਨਾਮ (ਰੂਪ) ਖ਼ਜ਼ਾਨਾ ਪ੍ਰਾਪਤ ਕੀਤਾ ਹੋਇਆ ਹੁੰਦਾ ਹੈ ॥੧॥
ਸਤਿਗੁਰੂ ਦੇ ਹਿਰਦੇ ਦਾ ਭੇਤ ਮਨੁੱਖ ਦੀ ਸਮਝ ਵਿਚ ਨਹੀਂ ਪੈ ਸਕਦਾ ਕਿ ਸਤਿਗੁਰੂ ਨੂੰ ਕੀਹ ਚੰਗਾ ਲੱਗਦਾ ਹੈ (ਸੋ ਇਸ ਤਰ੍ਹਾਂ ਸਤਿਗੁਰੂ ਦੀ ਪ੍ਰਸੰਨਤਾ ਹਾਸਲ ਕਰਨੀ ਕਠਨ ਹੈ);
(ਪਰ ਹਾਂ) ਸਤਿਗੁਰੂ ਸੱਚੇ ਸਿੱਖਾਂ ਦੇ ਹਿਰਦੇ ਵਿਚ ਵਿਆਪਕ ਹੈ, ਜੋ ਮਨੁੱਖ ਉਹਨਾਂ ਦੀ (ਸੇਵਾ ਦੀ) ਤਾਂਘ ਕਰਦਾ ਹੈ ਉਹ ਸਤਿਗੁਰੂ ਪ੍ਰਸੰਨਤਾ ਦੇ (ਹਲਕੇ) ਵਿਚ ਆ ਜਾਂਦਾ ਹੈ,
(ਕਿਉਂਕਿ) ਜੋ ਆਗਿਆ ਸਤਿਗੁਰੂ ਦੇਂਦਾ ਹੈ ਉਹੋ ਕੰਮ ਗੁਰਸਿੱਖ ਕਰਦੇ ਹਨ, ਉਹੋ ਭਜਨ ਕਰਦੇ ਹਨ, ਸੱਚਾ ਪ੍ਰਭੂ ਸਿੱਖਾਂ ਦੀ ਮਿਹਨਤ ਕਬੂਲ ਕਰਦਾ ਹੈ।
ਜੋ ਮਨੁੱਖ ਸਤਿਗੁਰੂ ਦੇ ਆਸ਼ੇ ਦੇ ਵਿਰੁੱਧ ਗੁਰਸਿੱਖਾਂ ਪਾਸੋਂ ਕੰਮ ਕਰਾਣਾ ਚਾਹੇ, ਗੁਰੂ ਦਾ ਸਿੱਖ ਫੇਰ ਉਸ ਦੇ ਨੇੜੇ ਨਹੀਂ ਢੁਕਦਾ,
(ਪਰ) ਜੋ ਮਨੁੱਖ ਸਤਿਗੁਰੂ ਦੀ ਹਜ਼ੂਰੀ ਵਿਚ ਚਿੱਤ ਜੋੜ ਕੇ (ਸੇਵਾ ਦੀ ਘਾਲ) ਘਾਲੇ, ਗੁਰਸਿੱਖ ਉਸ ਦੀ ਕਾਰ ਕਮਾਉਂਦਾ ਹੈ।
ਜੋ ਮਨੁੱਖ ਫ਼ਰੇਬ ਕਰਨ ਆਉਂਦਾ ਹੈ ਤੇ ਫ਼ਰੇਬ ਦੇ ਖ਼ਿਆਲ ਵਿਚ ਚਲਾ ਜਾਂਦਾ ਹੈ, ਉਸ ਦੇ ਨੇੜੇ ਗੁਰੂ ਕਾ ਸਿੱਖ ਉੱਕਾ ਹੀ ਨਹੀਂ ਆਉਂਦਾ।
ਨਾਨਕ ਆਖ ਕੇ ਸੁਣਾਂਦਾ ਹੈ (ਭਾਵ, ਜ਼ੋਰ ਦੇ ਕੇ ਸੁਣਾਂਦਾ ਹੈ ਕਿ) ਨਿਰੋਲ ਸੱਚੀ ਵਿਚਾਰ (ਦੀ ਗੱਲ ਇਹ ਹੈ ਕਿ) ਸਤਿਗੁਰੂ ਦਾ ਮਨ ਪਤੀਜਣ ਤੋਂ ਬਿਨਾ (ਭਾਵ, ਗੁਰ-ਅਸ਼ੇ ਦੇ ਵਿਰੁੱਧ) ਜੋ ਮਨੁੱਖ (ਠੱਗੀ ਆਦਿਕ ਕਰ ਕੇ ਗੁਰਸਿੱਖਾਂ ਪਾਸੋਂ) ਕੰਮ ਕਰਾਏ (ਭਾਵ, ਆਪਣੀ ਸੇਵਾ ਕਰਾਏ), ਉਹ ਬੜਾ ਦੁੱਖ ਪਾਉਂਦਾ ਹੈ ॥੨॥
ਹੇ ਵੱਡਿਆਂ ਤੋਂ ਵੱਡੇ! ਤੂੰ ਸੱਚਾ ਮਾਲਕ ਤੇ ਬੜਾ ਵੱਡਾ ਹੈਂ, ਆਪਣੇ ਜੇਡਾ ਤੂੰ ਆਪ ਹੀ ਹੈਂ।
ਓਹੀ ਮਨੁੱਖ ਤੈਨੂੰ ਮਿਲਦਾ ਹੈ, ਜਿਸ ਨੂੰ ਤੂੰ ਆਪ ਮੇਲਦਾ ਹੈਂ ਤੇ ਜਿਸ ਦਾ ਲੇਖਾ ਛੱਡ ਕੇ ਤੂੰ ਆਪ ਬਖ਼ਸ਼ ਲੈਂਦਾ ਹੈਂ।
ਜਿਸ ਨੂੰ ਤੂੰ ਆਪ ਮਿਲਾਉਂਦਾ ਹੈਂ ਉਹੋ ਹੀ ਮਨ ਗੱਡ ਕੇ ਸਤਿਗੁਰੂ ਦੀ ਸੇਵਾ ਕਰਦਾ ਹੈ।
ਤੂੰ ਸੱਚਾ ਮਾਲਕ ਹੈਂ, ਸਦਾ-ਥਿਰ ਰਹਿਣ ਵਾਲਾ ਹੈਂ, ਜੀਵਾਂ ਦਾ ਸਭ ਕੁਝ-ਜਿੰਦ, ਸਰੀਰ, ਚੰਮ, ਹੱਡ-ਤੇਰਾ ਬਖ਼ਸ਼ਿਆ ਹੋਇਆ ਹੈ।
ਹੇ ਵੱਡਿਆਂ ਤੋਂ ਵੱਡੇ, ਸੱਚੇ ਪ੍ਰਭੂ! ਜਿਵੇਂ ਤੈਨੂੰ ਭਾਵੇ ਤਿਵੇਂ ਹੀ ਸਾਨੂੰ ਰੱਖ ਲੈ, ਨਾਨਕ ਦੇ ਮਨ ਵਿਚ ਤੇਰੀ ਹੀ ਆਸ ਹੈ ॥੩੩॥੧॥ਸੁਧੁ॥