(ਹੇ ਭਾਈ! ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਵਾਲੇ) ਸੰਤ ਜਨਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ,
ਉਹਨਾਂ ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਮੈਂ (ਭੀ) ਪਰਮਾਤਮਾ ਦੇ ਗੁਣ ਗਾਂਦਾ ਹਾਂ।
ਹੇ ਭਾਈ! ਸੰਤ ਜਨਾਂ ਦੀ ਕਿਰਪਾ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ।
ਵੱਡੇ ਭਾਗਾਂ ਵਾਲੇ ਬੰਦੇ (ਹੀ) ਸੰਤ ਜਨਾਂ ਦੀ ਸਰਨ ਪੈਂਦੇ ਹਨ ॥੧॥
ਹੇ ਭਾਈ! ਪ੍ਰਭੂ ਦਾ ਨਾਮ ਜਪਦਿਆਂ (ਕਿਸੇ ਕਿਸਮ ਦਾ) ਕੋਈ ਵਿਘਨ (ਨਾਮ ਜਪਣ ਵਾਲੇ ਉਤੇ ਆਪਣਾ) ਜ਼ੋਰ ਨਹੀਂ ਪਾ ਸਕਦਾ।
ਗੁਰੂ ਦੀ ਕਿਰਪਾ ਨਾਲ ਪਿਆਰਾ ਪ੍ਰਭੂ (ਹਰ ਥਾਂ ਵੱਸਦਾ) ਦਿੱਸ ਪੈਂਦਾ ਹੈ ॥੧॥ ਰਹਾਉ ॥
ਹੇ ਭਾਈ! ਪਰਮਾਤਮਾ ਜਦੋਂ (ਕਿਸੇ ਮਨੁੱਖ ਉੱਤੇ) ਦਇਆਵਾਨ ਹੁੰਦਾ ਹੈ,
(ਤਾਂ ਉਸ ਮਨੁੱਖ ਨੂੰ) ਗੁਰੂ ਦੇ (ਦੱਸੇ ਰਾਹ ਉਤੇ ਤੁਰਨ ਵਾਲੇ) ਸੇਵਕਾਂ ਦੇ ਚਰਨਾਂ ਦੀ ਧੂੜ ਬਣਾਂਦਾ ਹੈ।
ਉਸ ਮਨੁੱਖ ਦੇ ਸਰੀਰ ਵਿਚੋਂ ਕਾਮ ਚਲਾ ਜਾਂਦਾ ਹੈ ਕ੍ਰੋਧ ਚਲਾ ਜਾਂਦਾ ਹੈ
ਪਰਮਾਤਮਾ ਦਾ ਅਮੋਲਕ ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ ॥੨॥
ਹੇ ਭਾਈ! ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ (ਪ੍ਰਭੂ-ਦਰ ਤੇ) ਕਬੂਲ ਪੈ ਜਾਂਦੀ ਹੈ।
ਜੋ ਜੇਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਨੇੜੇ ਵੱਸਦਾ ਸਮਝਦਾ ਹੈ। (ਪਰਮਾਤਮਾ ਨੂੰ (ਹਰ ਵੇਲੇ ਆਪਣੇ) ਨੇੜੇ ਵੱਸਦਾ ਸਮਝ)।
ਉਹ ਮਨੁੱਖ ਭਗਤੀ-ਭਾਵ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਲੱਗ ਪੈਂਦਾ ਹੈ,
ਅਤੇ ਅਨੇਕਾਂ ਜਨਮਾਂ ਤੋਂ (ਮਾਇਆ ਦੀ ਘੂਕੀ ਵਿਚ) ਸੁੱਤਾ ਹੋਇਆ ਜਾਗ ਪੈਂਦਾ ਹੈ ॥੩॥
ਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨ (ਗੁਰੂ ਦੇ ਦੱਸੇ ਰਸਤੇ ਉੱਤੇ ਤੁਰਨ ਵਾਲੇ) ਸੇਵਕਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦੇ ਹਨ।
ਮੈਂ ਭੀ (ਸੇਵਕਾਂ ਦੀ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਦੇ ਗੁਣ ਗਾਂਦਾ ਹਾਂ, (ਇਸੇ ਉੱਦਮ ਨੂੰ ਜ਼ਿੰਦਗੀ ਦਾ) ਸਦਾ ਕਾਇਮ ਰਹਿਣ ਵਾਲਾ ਵਣਜ ਸਮਝਦਾ ਹਾਂ।
ਪਰਮਾਤਮਾ ਆਪਣੇ ਸੇਵਕਾਂ ਦੇ ਮਨ ਦੀ ਕਾਮਨਾ ਪੂਰੀ ਕਰਦਾ ਹੈ।
ਹੇ ਨਾਨਕ! (ਪ੍ਰਭੂ ਦਾ ਸੇਵਕ) ਸੰਤ ਜਨਾਂ ਦੀ ਚਰਨ-ਧੂੜ ਵਿਚ ਆਤਮਕ ਆਨੰਦ ਪ੍ਰਾਪਤ ਕਰਦਾ ਹੈ ॥੪॥੨੦॥੨੨॥੬॥੨੮॥
ਰਾਗ ਗੋਂਡ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਪੂਰੇ ਸਤਿਗੁਰੂ ਅੱਗੇ ਸਦਾ ਸਿਰ ਨਿਵਾਇਆ ਕਰ,
ਉਸ ਦਾ ਦਰਸ਼ਨ ਜੀਵਨ-ਮਨੋਰਥ ਪੂਰਾ ਕਰਦਾ ਹੈ, ਉਸ ਦੀ ਸਰਨ ਪਿਆਂ ਜੀਵਨ ਸਫਲ ਹੋ ਜਾਂਦਾ ਹੈ।
ਹੇ ਭਾਈ! ਜੇਹੜਾ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਜੇਹੜਾ ਸਭ ਵਿਚ ਵਿਆਪਕ ਹੈ ਅਤੇ ਜੇਹੜਾ ਸਭ ਦਾ ਪੈਦਾ ਕਰਨ ਵਾਲਾ ਹੈ,
ਗੁਰੂ ਉਸ ਪ੍ਰਭੂ ਦੇ ਨਾਮ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ॥੧॥
ਹੇ ਭਾਈ! ਗੁਰੂ ਗੋਬਿੰਦ (ਦਾ ਰੂਪ) ਹੈ, ਗੁਰੂ ਗੋਪਾਲ (ਦਾ ਰੂਪ) ਹੈ,
ਜੋ ਆਪਣੇ ਸੇਵਕ ਨੂੰ (ਨਿੰਦਾ ਆਦਿਕ ਤੋਂ) ਬਚਾਣ-ਜੋਗਾ ਹੈ ॥੧॥ ਰਹਾਉ ॥
ਹੇ ਭਾਈ! ਗੁਰੂ ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਪੱਕਾ ਕਰ ਦੇਂਦਾ ਹੈ ਉਹ ਆਤਮਕ ਮੰਡਲ ਵਿਚ ਸ਼ਾਹ ਪਾਤਿਸ਼ਾਹ ਤੇ ਅਮੀਰ ਬਣ ਜਾਂਦੇ ਹਨ।
ਦੁਸ਼ਟਾਂ ਅਹੰਕਾਰੀਆਂ ਨੂੰ (ਆਪਣੇ ਦਰ ਤੋਂ) ਦੁਰਕਾਰ ਕੇ ਦਰ ਦਰ ਭਟਕਣ ਦੇ ਰਾਹੇ ਪਾ ਦੇਂਦਾ ਹੈ।
(ਸੇਵਕ ਦੀ) ਨਿੰਦਾ ਕਰਨ ਵਾਲੇ ਮਨੁੱਖ ਦੇ ਮੂੰਹ ਵਿਚ (ਨਿੰਦਾ ਕਰਨ ਦੀ) ਬੀਮਾਰੀ ਹੀ ਬਣ ਜਾਂਦੀ ਹੈ।
(ਪਰ ਉਸ ਮਨੁੱਖ ਦੀ) ਸਾਰਾ ਜਗਤ ਸਦਾ ਸੋਭਾ ਕਰਦਾ ਹੈ (ਜੋ ਗੁਰੂ ਦੀ ਸਰਨ ਪਿਆ ਰਹਿੰਦਾ ਹੈ) ॥੨॥
ਹੇ ਭਾਈ! (ਜੇਹੜੇ ਮਨੁੱਖ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਹਨਾਂ) ਸੰਤ ਜਨਾਂ ਦੇ ਮਨ ਵਿਚ ਬੜਾ ਆਤਮਕ ਆਨੰਦ ਬਣਿਆ ਰਹਿੰਦਾ ਹੈ,
ਸੰਤ ਜਨ ਗੁਰੂ ਨੂੰ ਭਗਵਾਨ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।
ਗੁਰੂ ਦੇ ਪਾਸ ਰਹਿਣ ਵਾਲੇ ਸੇਵਕਾਂ ਦੇ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਹੋ ਜਾਂਦੇ ਹਨ,
ਪਰ ਨਿੰਦਾ ਕਰਨ ਵਾਲੇ ਮਨੁੱਖ ਦੇ (ਲੋਕ ਪਰਲੋਕ) ਸਾਰੇ ਹੀ ਥਾਂ ਹੱਥੋਂ ਚਲੇ ਜਾਂਦੇ ਹਨ ॥੩॥
(ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ) ਸੇਵਕ ਆਪਣੇ ਹਰੇਕ ਸਾਹ ਦੇ ਨਾਲ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ,
ਪਰਮਾਤਮਾ ਦੀ ਅਤੇ ਬੇ-ਮੁਥਾਜ ਗੁਰੂ ਦੀ (ਵੀ) ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ।
ਹੇ ਭਾਈ! ਜਿਸ ਗੁਰੂ ਦੀ ਸਰਨ ਪਿਆਂ ਸਾਰੇ ਡਰ-ਸਹਿਮ ਦੂਰ ਹੋ ਜਾਂਦੇ ਹਨ,
ਉਹ ਗੁਰੂ ਸੇਵਕਾਂ ਦੀ ਨਿੰਦਾ ਕਰਨ ਵਾਲੇ ਬੰਦਿਆਂ ਨੂੰ (ਆਪਣੇ ਦਰ ਤੋਂ) ਦੁਰਕਾਰ ਕੇ ਨੀਵੇਂ ਆਚਰਨ ਦੇ ਟੋਏ ਵਿਚ ਸੁੱਟ ਦੇਂਦਾ ਹੈ (ਭਾਵ, ਨਿੰਦਕਾਂ ਨੂੰ ਗੁਰੂ ਦਾ ਦਰ ਪਸੰਦ ਨਹੀਂ ਆਉਂਦਾ। ਸਿੱਟਾ ਇਹ ਨਿਕਲਦਾ ਹੈ ਕਿ ਗੁਰੂ-ਦਰ ਤੋਂ ਖੁੰਝ ਕੇ ਨਿੰਦਾ ਵਿਚ ਪੈ ਕੇ ਉਹ ਆਚਰਨ ਵਿਚ ਹੋਰ ਨੀਵੇਂ ਹੋਰ ਨੀਵੇਂ ਹੁੰਦੇ ਜਾਂਦੇ ਹਨ) ॥੪॥
(ਇਸ ਵਾਸਤੇ, ਹੇ ਭਾਈ!) ਗੁਰੂ ਦੇ ਸੇਵਕ ਦੀ ਨਿੰਦਾ ਕਿਸੇ ਭੀ ਮਨੁੱਖ ਨੂੰ ਕਰਨੀ ਨਹੀਂ ਚਾਹੀਦੀ।
ਜੇਹੜਾ ਭੀ ਮਨੁੱਖ (ਭਲਿਆਂ ਦੀ ਨਿੰਦਾ) ਕਰਦਾ ਹੈ ਉਹ ਆਪ ਦੁੱਖੀ ਰਹਿੰਦਾ ਹੈ।
ਗੁਰੂ ਦਾ ਸੇਵਕ ਤਾਂ ਹਰ ਵੇਲੇ ਇਕ ਪਰਮਾਤਮਾ ਦਾ ਧਿਆਨ ਧਰੀ ਰੱਖਦਾ ਹੈ,
ਜਮ-ਰਾਜ ਭੀ ਉਸ ਦੇ ਨੇੜੇ ਨਹੀਂ ਢੁਕਦਾ ॥੫॥
ਹੇ ਭਾਈ! ਗੁਰੂ ਦੇ ਸੇਵਕ ਕਿਸੇ ਨਾਲ ਵੈਰ ਨਹੀਂ ਰੱਖਦੇ, ਪਰ ਉਹਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਅਹੰਕਾਰ ਵਿਚ ਡੁੱਬੇ ਰਹਿੰਦੇ ਹਨ।
ਸੇਵਕ ਤਾਂ ਸਭ ਦਾ ਭਲਾ ਮੰਗਦੇ ਹਨ, ਨਿੰਦਾ ਕਰਨ ਵਾਲੇ ਮਨੁੱਖ ਉਹਨਾਂ ਦਾ ਮੰਦਾ ਚਿਤਵਨ ਦੇ ਕੁਕਰਮਾਂ ਵਿਚ ਫਸੇ ਰਹਿੰਦੇ ਹਨ।
ਹੇ ਭਾਈ! ਗੁਰੂ ਦੇ ਸਿੱਖ ਨੇ ਤਾਂ ਸਦਾ ਆਪਣੇ ਗੁਰੂ (ਦੇ ਚਰਨਾਂ) ਵਿਚ ਸੁਰਤ ਜੋੜੀ ਹੁੰਦੀ ਹੈ।
(ਇਸ ਵਾਸਤੇ) ਸੇਵਕ ਤਾਂ (ਨਿੰਦਾ ਆਦਿਕ ਦੇ ਨਰਕ ਵਿਚੋਂ) ਬਚ ਨਿਕਲਦੇ ਹਨ, ਪਰ ਨਿੰਦਕ (ਆਪਣੇ ਆਪ ਨੂੰ ਇਸ) ਨਰਕ ਵਿਚ ਪਾਈ ਰੱਖਦੇ ਹਨ ॥੬॥
ਹੇ ਮੇਰੇ ਸੱਜਣ! ਹੇ ਪਿਆਰੇ ਮਿੱਤਰ! ਸੁਣ!
(ਮੈਂ ਤੈਨੂੰ ਉਹ) ਅਟੱਲ ਨਿਯਮ (ਦੱਸਦਾ ਹਾਂ ਜੋ) ਪਰਮਾਤਮਾ ਦੇ ਦਰ ਤੇ (ਸਦਾ) ਵਾਪਰਦੇ ਹਨ।
(ਉਹ ਅਟੱਲ ਨਿਯਮ ਇਹ ਹਨ ਕਿ) ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ ਉਹੋ ਜਿਹਾ ਫਲ ਪਾ ਲੈਂਦਾ ਹੈ।
ਅਹੰਕਾਰੀ ਮਨੁੱਖ ਦੀ ਜੜ੍ਹ ਜ਼ਰੂਰ (ਵੱਢੀ) ਜਾਂਦੀ ਹੈ ॥੭॥
ਹੇ ਸਤਿਗੁਰੂ! ਨਿਆਸਰੇ ਬੰਦਿਆਂ ਨੂੰ ਤੇਰਾ ਹੀ ਆਸਰਾ ਹੈ।
ਤੂੰ ਮੇਹਰ ਕਰ ਕੇ ਆਪਣੇ ਸੇਵਕਾਂ ਦੀ ਲਾਜ ਆਪ ਰੱਖਦਾ ਹੈਂ।
ਨਾਨਕ ਆਖਦਾ ਹੈ- ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ,
ਜਿਸ ਦੀ ਓਟ ਚਿਤਾਰਨ ਨੇ ਮੇਰੀ ਇੱਜ਼ਤ ਰੱਖ ਲਈ (ਤੇ, ਮੈਨੂੰ ਨਿੰਦਾ ਆਦਿਕ ਤੋਂ ਬਚਾ ਰੱਖਿਆ) ॥੮॥੧॥੨੯॥