(ਤੇ, ਅਰਦਾਸ ਕਰਦਾ ਰਹਿੰਦਾ ਹਾਂ ਕਿ) ਹੇ ਮੇਰੇ ਮਾਲਕ! (ਮੇਰੇ ਉਤੇ) ਮੇਹਰ ਕਰ, ਮੈਂ (ਆਪਣੇ) ਮਨ ਤੋਂ (ਤੈਨੂੰ) ਕਦੇ ਭੀ ਨਾਹ ਭੁਲਾਵਾਂ ॥੧॥ ਰਹਾਉ ॥
ਮੈਂ ਗੁਰੂ ਦੇ ਪੈਰਾਂ ਦੀ ਖ਼ਾਕ ਆਪਣੇ ਮੂੰਹ ਉੱਤੇ ਆਪਣੇ ਮੱਥੇ ਉੱਤੇ ਲਾਂਦਾ ਹਾਂ ਤਾਂ ਕਿ ਮੈਂ ਕਾਮ ਕ੍ਰੋਧ ਦੀ ਜ਼ਹਿਰ ਸਾੜਦਾ ਰਹਾਂ;
ਮੈਂ ਆਪਣੇ ਆਪ ਨੂੰ ਸਭਨਾਂ ਤੋਂ ਨੀਵਾਂ ਸਮਝਦਾ ਰਹਾਂ, ਤੇ ਆਪਣੇ ਮਨ ਵਿਚ (ਗਰੀਬੀ ਸੁਭਾਵ ਦਾ) ਇਹ ਸੁਖ (ਸਦਾ) ਟਿਕਾਈ ਰੱਖਾਂ ॥੧॥
ਆਓ ਰਲ ਕੇ ਠਾਕੁਰ-ਪ੍ਰਭੂ ਦੇ ਗੁਣ ਗਾਵੀਏ ਇਸ ਤਰ੍ਹਾਂ ਆਪਣੇ ਸਾਰੇ (ਪਿਛਲੇ) ਪਾਪ (ਮਨ ਤੋਂ) ਝਾੜ ਲਈਏ।
ਹੇ ਨਾਨਕ! (ਪ੍ਰਭੂ ਪਾਸੋਂ ਇਹ) ਦਾਨ ਮੰਗ ਕਿ ਮੈਂ ਤੇਰਾ ਨਾਮ-ਖ਼ਜ਼ਾਨਾ ਹਾਸਲ ਕਰ ਲਵਾਂ, ਤੇ ਇਸ ਨੂੰ ਆਪਣੇ ਗਲ ਨਾਲ ਲਾ ਕੇ ਆਪਣੇ ਹਿਰਦੇ ਵਿਚ ਟਿਕਾਈ ਰੱਖਾਂ ॥੨॥੧੯॥
ਹੇ ਪ੍ਰਭੂ ਜੀ! (ਮੇਹਰ ਕਰ) ਮੈਂ (ਸਦਾ) ਤੇਰਾ ਦਰਸਨ ਕਰਦਾ ਰਹਾਂ।
ਦਿਨ ਰਾਤ ਮੈਂ ਤੇਰੇ ਸੋਹਣੇ ਸਰੂਪ ਦਾ ਧਿਆਨ ਧਰਦਾ ਰਹਾਂ ਤੇ ਤੇਰਾ ਦਰਸਨ ਮੈਨੂੰ ਆਪਣੀ ਜਿੰਦ ਨਾਲੋਂ ਪ੍ਰਾਣਾਂ ਨਾਲੋਂ ਪਿਆਰਾ ਲੱਗੇ ॥੧॥ ਰਹਾਉ ॥
ਹੇ ਦੀਨਾਂ ਦੇ ਨਾਥ! ਹੇ ਮੇਰੀ ਜਿੰਦ ਦੇ ਮਾਲਕ! ਹੇ ਸਰਬ-ਵਿਆਪਕ! ਮੈਂ ਸ਼ਾਸਤ੍ਰ ਵੇਦ ਪੁਰਾਣ ਵੇਖ ਚੁਕਾ ਹਾਂ, ਮੈਂ ਸਿਮ੍ਰਿਤੀਆਂ ਦਾ ਤੱਤ ਭੀ ਵਿਚਾਰ ਚੁਕਾ ਹਾਂ।
ਹੇ ਦੀਨਾਂ ਦੇ ਨਾਥ! ਹੇ ਜਿੰਦ ਦੇ ਪੂਰੇ ਮਾਲਕ! ਸਿਰਫ਼ ਤੂੰ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਤਾਕਤ ਰੱਖਦਾ ਹੈਂ ॥੧॥
ਹੇ ਪ੍ਰਭੂ ਜੀ! ਤੇਰੇ ਭਗਤ ਜਨ ਤੇਰੇ ਸੇਵਕ ਆਦਿ ਤੋਂ ਜੁਗਾਂ ਦੇ ਆਦਿ ਤੋਂ ਵਿਸ਼ੇ-ਵਿਕਾਰਾਂ ਤੋਂ ਬਚਣ ਲਈ ਤੇਰਾ ਹੀ ਆਸਰਾ ਤੱਕਦੇ ਆ ਰਹੇ ਹਨ।
ਨਾਨਕ ਉਹਨਾਂ ਭਗਤ ਜਨਾਂ ਦੇ ਪੈਰਾਂ ਦੀ ਖ਼ਾਕ (ਤੈਥੋਂ) ਮੰਗਦਾ ਹੈ, ਤੂੰ ਪਰਮੇਸਰ (ਸਭ ਤੋਂ ਵੱਡਾ ਮਾਲਕ) ਹੀ ਇਹ ਦਾਤ ਦੇਣ ਦੀ ਸਮਰਥਾ ਰੱਖਣ ਵਾਲਾ ਹੈਂ ॥੨॥੨੦॥
ਹੇ ਪ੍ਰਭੂ! ਤੇਰਾ ਭਗਤ ਤੇਰੇ ਨਾਮ ਦੀ ਰਸਾਇਣ ਵਿਚ ਮਸਤ ਰਹਿੰਦਾ ਹੈ।
ਜਿਸ ਮਨੁੱਖ ਨੂੰ ਤੇਰੇ ਪ੍ਰੇਮ-ਰਸ ਦਾ ਖ਼ਜ਼ਾਨਾ ਮਿਲ ਜਾਏ, ਉਹ ਉਸ ਖ਼ਜ਼ਾਨੇ ਨੂੰ ਛੱਡ ਕੇ ਕਿਸੇ ਹੋਰ ਥਾਂ ਨਹੀਂ ਜਾਂਦਾ (ਭਟਕਦਾ) ॥੧॥ ਰਹਾਉ ॥
(ਪ੍ਰਭੂ ਦੇ ਨਾਮ-ਰਸਾਇਣ ਵਿਚ ਮਸਤ ਮਨੁੱਖ) ਬੈਠਿਆਂ ਹਰਿ-ਨਾਮ ਉਚਾਰਦਾ ਹੈ, ਸੁੱਤਿਆਂ ਭੀ ਹਰਿ-ਨਾਮ ਵਿਚ ਸੁਰਤਿ ਰੱਖਦਾ ਹੈ, ਉਹ ਮਨੁੱਖ ਹਰਿ-ਨਾਮ-ਰਸ (ਨੂੰ ਆਤਮਕ ਜੀਵਨ ਦੀ) ਖ਼ੁਰਾਕ (ਬਣਾ ਕੇ) ਖਾਂਦਾ ਰਹਿੰਦਾ ਹੈ।
ਉਹ ਮਨੁੱਖ ਸੰਤ ਜਨਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰਦਾ ਹੈ (ਮਾਨੋ,) ਉਹ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਰਿਹਾ ਹੈ ॥੧॥
ਪਰਮਾਤਮਾ ਦੇ ਭਗਤ ਦਾ ਜੀਵਨ ਕਾਮਯਾਬ ਹੋ ਪੈਂਦਾ ਹੈ, ਉਸ ਭਗਤ-ਜਨ ਨੇ (ਮਾਨੋ) ਪਰਮਾਤਮਾ ਨੂੰ ਸਪੁੱਤ੍ਰਾ ਬਣਾ ਦਿੱਤਾ।
ਹੇ ਨਾਨਕ! ਉਹ ਮਨੁੱਖ ਸਰਬ-ਵਿਆਪਕ ਪ੍ਰਭੂ ਨਾਲ ਡੂੰਘੀ ਸਾਂਝ ਬਣਾ ਲੈਂਦਾ ਹੈ, ਉਹ ਆਪਣੇ ਹੋਰ ਸਾਰੇ ਹੀ ਸਾਥੀਆਂ ਨੂੰ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੨॥੨੧॥
ਹੇ (ਮੇਰੀ) ਮਾਂ! ਗੁਰੂ (ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪੈ ਸਕਦੀ।
ਹੋਰ ਹੋਰ ਅਨੇਕਾਂ ਕਿਸਮਾਂ ਦੇ ਉੱਦਮ ਕਰਦੇ ਲੋਕ ਭਟਕਦੇ ਫਿਰਦੇ ਹਨ, ਪਰ (ਉਹਨਾਂ ਉੱਦਮਾਂ ਨਾਲ) ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ ॥੧॥ ਰਹਾਉ ॥
(ਗੁਰੂ ਦੀ ਸਰਨ ਤੋਂ ਬਿਨਾ) ਸਰੀਰ (ਮਾਇਆ ਦੇ) ਮੋਹ (ਸਰੀਰਕ) ਰੋਗਾਂ ਅਤੇ ਗ਼ਮਾਂ ਨਾਲ ਜਕੜਿਆ ਰਹਿੰਦਾ ਹੈ, ਅਨੇਕਾਂ ਜੂਨਾਂ ਵਿਚ ਭਟਕਦੇ ਫਿਰੀਦਾ ਹੈ।
ਸਾਧ ਸੰਗਤ (ਦੀ ਸਰਨ) ਤੋਂ ਬਿਨਾ (ਜੂਨਾਂ ਦੇ ਗੇੜ ਤੋਂ) ਟਿਕਾਣਾ ਨਹੀਂ ਹਾਸਲ ਕਰ ਸਕੀਦਾ। (ਗੁਰੂ ਤੋਂ ਬਿਨਾ) ਕਿਸੇ ਹੋਰ ਪਾਸ (ਇਸ ਦੁੱਖ ਦੀ ਨਵਿਰਤੀ ਵਾਸਤੇ) ਫਰਿਆਦ ਭੀ ਨਹੀਂ ਕੀਤੀ ਜਾ ਸਕਦੀ ॥੧॥
ਹੇ ਮਾਂ! ਜਦੋਂ ਮੇਰਾ ਮਾਲਕ-ਪ੍ਰਭੂ ਮੇਹਰ ਕਰਦਾ ਹੈ, ਤਦੋਂ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਸਕੀਦਾ ਹੈ।
ਹੇ ਨਾਨਕ! (ਗੁਰੂ ਦੀ ਕਿਰਪਾ ਨਾਲ) ਭਿਆਨਕ ਦੁੱਖ ਇਕ ਖਿਨ ਵਿਚ ਕੱਟੇ ਜਾਂਦੇ ਹਨ, ਤੇ, ਪਰਮਾਤਮਾ ਦੇ ਦੀਦਾਰ ਵਿਚ ਲੀਨ ਹੋ ਜਾਈਦਾ ਹੈ ॥੨॥੨੨॥
ਜਦੋਂ ਆਪਣੇ ਸੇਵਕ ਉੱਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ,
ਤਾਂ ਸੇਵਕ ਦੇ ਅੰਦਰ ਪੂਰਨ ਸ਼ਾਂਤੀ ਪੈਦਾ ਹੋ ਜਾਂਦੀ ਹੈ ਤੇ ਪ੍ਰਭੂ ਦੀ ਕਿਰਪਾ ਨਾਲ ਆਨੰਦ-ਭਰਪੂਰ ਹੋ ਜਾਈਦਾ ਹੈ। ਸ੍ਰਿਸ਼ਟੀ ਦੇ ਪਾਲਣਹਾਰ-ਪਿਤਾ ਦਾ ਪੱਲਾ ਫੜਨ ਵਾਲੇ ਬੱਚੇ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ। ਰਹਾਉ॥
ਜਿਨ੍ਹਾਂ ਵਡ-ਭਾਗੀਆਂ ਨੇ ਆਪਣੇ ਦੋਵੇਂ ਹੱਥ ਜੋੜ ਕੇ ਪਰਮਾਤਮਾ ਅੱਗੇ ਅਰਜ਼ੋਈ ਕੀਤੀ, ਪਰਮਾਤਮਾ ਨੂੰ ਆਪਣੇ ਮਨ ਵਿਚ ਆਰਾਧਿਆ,
ਪਰਮਾਤਮਾ ਨੇ ਆਪਣਾ ਹੱਥ ਦੇ ਕੇ ਉਹਨਾਂ ਨੂੰ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲਿਆ, (ਉਹਨਾਂ ਦਾ ਪਿਛਲਾ ਕੀਤਾ) ਸਾਰਾ ਪਾਪ ਦੂਰ ਕਰ ਦਿੱਤਾ ॥੧॥
(ਜਦ ਪ੍ਰਭੂ ਜੀ ਦਇਆਵਾਨ ਹੋਏ) ਗਿਆਨ-ਇੰਦ੍ਰਿਆਂ ਨੇ ਪ੍ਰਭੂ-ਪਤੀ ਨੂੰ ਮਿਲ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ।
ਨਾਨਕ ਆਖਦਾ ਹੈ- ਪ੍ਰਭੂ ਦੇ ਉਸ ਭਗਤ ਤੋਂ ਕੁਰਬਾਨ ਹੋਣਾ ਚਾਹੀਦਾ ਹੈ ਜੇਹੜਾ ਹੋਰ ਸਭ ਜੀਵਾਂ ਦਾ ਭੀ ਪਾਰ-ਉਤਾਰਾ ਕਰ ਲੈਂਦਾ ਹੈ ॥੨॥੨੩॥