ਹੇ ਸਹੇਲੀਏ! (ਜੀਵ-ਇਸਤ੍ਰੀ ਦੀ) ਇਕੋ ਹਿਰਦਾ-ਸੇਜ ਹੈ ਜਿਸ ਉਤੇ ਠਾਕੁਰੁ-ਪ੍ਰਭੂ ਆਪ ਹੀ ਵੱਸਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ (ਪ੍ਰਭੂ-ਪਤੀ ਦਾ) ਟਿਕਾਣਾ ਨਹੀਂ ਲੱਭ ਸਕਦੀ, ਉਹ ਭਟਕਦੀ ਹੀ ਫਿਰਦੀ ਹੈ।
ਜੇ ਉਹ 'ਗੁਰ ਗੁਰੂ' ਕਰਦੀ ਗੁਰੂ ਦੀ ਸਰਨ ਆ ਪਏ, ਤਾਂ ਪ੍ਰਭੂ ਆ ਕੇ ਉਸ ਨੂੰ ਮਿਲ ਪੈਂਦਾ ਹੈ, ਰਤਾ ਭੀ ਚਿਰ ਨਹੀਂ ਲੱਗਦਾ ॥੫॥
ਪਰ ਜੇ ਕੋਈ ਮਨੁੱਖ (ਗੁਰੂ ਦਾ ਆਸਰਾ ਛੱਡ ਕੇ, ਹਰਿ-ਨਾਮ ਦਾ ਸਿਮਰਨ ਭੁਲਾ ਕੇ) ਮੁੜ ਮੁੜ (ਤੀਰਥ-ਜਾਤ੍ਰਾ ਆਦਿਕ ਦੇ ਮਿੱਥੇ ਹੋਏ ਧਾਰਮਿਕ ਕਰਮ) ਕਰ ਕੇ ਇਹਨਾਂ ਕਰਮ ਕਾਂਡੀ ਕਰਮਾਂ ਨੂੰ ਹੀ ਵਧਾਂਦਾ ਜਾਏ, ਤਾਂ ਉਸ ਦੇ ਮਨ ਵਿਚ ਲੋਭ ਵਲ-ਛਲ ਵਿਖਾਵੇ ਆਦਿਕ ਦਾ ਕਰਮ ਹੀ ਟਿਕਿਆ ਰਹੇਗਾ (ਖਸਮ-ਪ੍ਰਭੂ ਦਾ ਮਿਲਾਪ ਨਹੀਂ ਹੋਵੇਗਾ)।
ਬਜ਼ਾਰੀ ਔਰਤ ਦੇ ਘਰ ਜੇ ਪੁੱਤਰ ਜੰਮ ਪਏ, ਤਾਂ ਉਸ ਪੁੱਤਰ ਦੇ ਪਿਉ ਦਾ ਕੋਈ ਨਾਮ ਨਹੀਂ ਦੱਸਿਆ ਜਾ ਸਕਦਾ ॥੬॥
ਹੇ ਭਾਈ! (ਜਿਹੜੇ ਮਨੁੱਖ) ਪੂਰਬਲੇ ਜਨਮ ਵਿਚ (ਪਰਮਾਤਮਾ ਦੀ) ਭਗਤੀ ਕਰ ਕੇ (ਹੁਣ ਮਨੁੱਖਾ ਜਨਮ ਵਿਚ) ਆਏ ਹਨ, ਗੁਰੂ ਨੇ (ਉਹਨਾਂ ਦੇ ਅੰਦਰ) ਹਰ ਵੇਲੇ ਭਗਤੀ ਕਰਨ ਦਾ ਬੀਜ ਬੀਜ ਦਿੱਤਾ ਹੈ।
ਜਦੋਂ ਉਹ ਹਰ ਵੇਲੇ ਹਰਿ-ਨਾਮ ਸਿਮਰਦਿਆਂ ਸਿਮਰਦਿਆਂ ਹਰਿ-ਨਾਮ ਵਿਚ ਲੀਨ ਹੋ ਗਏ, ਤਦੋਂ ਹਰ ਵੇਲੇ ਭਗਤੀ ਕਰਦਿਆਂ ਉਹਨਾਂ ਨੂੰ ਪਰਮਾਤਮਾ ਦਾ ਮਿਲਾਪ ਹੋ ਗਿਆ ॥੭॥
(ਪਰ, ਹੇ ਭਾਈ! ਪਰਮਾਤਮਾ ਦੀ ਭਗਤੀ ਕਰਨਾ ਜੀਵ ਦੇ ਆਪਣੇ ਇਖ਼ਤਿਆਰ ਦੀ ਗੱਲ ਨਹੀਂ ਹੈ। ਇਹ ਘਾਲ-ਕਮਾਈ ਪ੍ਰਭੂ ਦੀ ਮਿਹਰ ਨਾਲ ਹੀ ਹੋ ਸਕਦੀ ਹੈ। ਪ੍ਰਭੂ ਦੀ ਭਗਤੀ ਕਰਨੀ, ਮਾਨੋ, ਮਹਿੰਦੀ ਨੂੰ ਪੀਸਣ ਸਮਾਨ ਹੈ। ਇਸਤ੍ਰੀ ਮਹਿੰਦੀ ਨੂੰ ਆਪ ਹੀ ਪੀਂਹਦੀ ਹੈ, ਆਪ ਹੀ ਘਸਾਂਦੀ ਹੈ, ਤੇ ਆਪ ਹੀ ਉਸ ਨੂੰ ਆਪਣੇ ਹੱਥਾਂ-ਪੈਰਾਂ ਤੇ ਲਾਂਦੀ ਹੈ। ਉਹ ਆਪ ਹੀ ਮਹਿੰਦੀ ਨੂੰ ਇਸ ਯੋਗ ਬਣਾਂਦੀ ਹੈ ਕਿ ਉਹ ਉਸ ਇਸਤ੍ਰੀ ਦੇ ਅੰਗਾਂ ਤੇ ਲੱਗ ਸਕੇ)। ਪ੍ਰਭੂ ਨੇ ਆਪ ਹੀ (ਜੀਵ ਦੇ ਮਨ ਨੂੰ ਆਪਣੇ ਚਰਨਾਂ ਵਿਚ) ਲਿਆ ਲਿਆ ਕੇ (ਭਗਤੀ ਕਰਨ ਦੀ) ਮਹਿੰਦੀ (ਜੀਵ ਪਾਸੋਂ) ਪਿਹਾਈ ਹੈ, ਫਿਰ ਆਪ ਹੀ ਉਸ ਦੀ ਭਗਤੀ-ਰੂਪ ਮਹਿੰਦੀ ਨੂੰ ਘੋਲ ਘੋਲ ਕੇ (ਰੰਗੀਲੀ ਪਿਆਰ-ਭਰੀ ਬਣਾ ਬਣਾ ਕੇ) ਆਪਣੇ ਚਰਨਾਂ ਵਿਚ ਉਸ ਨੂੰ ਜੋੜਿਆ ਹੈ।
ਹੇ ਨਾਨਕ! (ਆਖ-ਹੇ ਭਾਈ!) ਜਿਨ੍ਹਾਂ ਉਤੇ ਮਾਲਕ-ਪ੍ਰਭੂ ਨੇ ਮਿਹਰ ਕੀਤੀ, ਉਹਨਾਂ ਦੀ ਬਾਂਹ ਫੜ ਕੇ (ਉਹਨਾਂ ਨੂੰ ਸੰਸਾਰ-ਸਮੁੰਦਰ ਵਿਚੋਂ ਬਾਹਰ) ਕੱਢ ਲਿਆ ॥੮॥੬॥੨॥੧॥੬॥੯॥
ਰਾਗ ਬਿਲਾਵਲੁ, ਘਰ ੧੨ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਪਿਆਰੇ ਪ੍ਰਭੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, (ਕਿਸੇ ਹਾਲਤ ਵਿਚ ਭੀ) ਬਿਆਨ ਨਹੀਂ ਕੀਤੀ ਜਾ ਸਕਦੀ।
ਹੇ ਭਾਈ! (ਮੈਂ ਤਾਂ) ਹੋਰ ਆਸਰੇ ਤਿਆਗ ਕੇ ਪ੍ਰਭੂ ਦਾ ਆਸਰਾ ਲਿਆ ਹੈ ॥੧॥ ਰਹਾਉ ॥
ਹੇ ਭਾਈ! ਬੇਅੰਤ ਪ੍ਰਭੂ ਦੇ ਸੋਹਣੇ ਚਰਨਾਂ ਤੋਂ-
ਮੈਂ (ਤਾਂ) ਸਦਾ ਸਦਕੇ ਜਾਂਦਾ ਹਾਂ।
ਹੇ ਭਾਈ! (ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ ਉਸ (ਪ੍ਰਭੂ) ਵਾਸਤੇ ਪਿਆਰ ਬਣ ਜਾਂਦਾ ਹੈ,
(ਉਹ ਮਨੁੱਖ ਪ੍ਰਭੂ ਦਾ ਦਰ) ਛੱਡ ਕੇ ਕਿਸੇ ਭੀ ਹੋਰ ਥਾਂ ਨਹੀਂ ਜਾਂਦੇ ॥੧॥
ਹੇ ਭਾਈ! ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਨਾ-
ਅਨੇਕਾਂ ਪਾਪਾਂ ਵਿਕਾਰਾਂ ਦੀ ਮੈਲ ਸਾੜਨ (ਦਾ ਕਾਰਨ ਬਣਦਾ) ਹੈ।
(ਅਨੇਕਾਂ ਮਨੁੱਖ 'ਹਰਿ ਨਾਮ ਕਹਨ' ਵਾਲੀ) ਸੰਤ ਜਨਾਂ ਦੀ (ਇਸ) ਬੇੜੀ ਵਿਚ ਚੜ੍ਹ ਕੇ (ਵਿਕਾਰਾਂ ਵਿਚ ਡੁੱਬਣ ਤੋਂ) ਬਚਾ ਲਏ ਜਾਂਦੇ ਹਨ (ਹਰਿ-ਨਾਮ ਸਿਮਰਨ ਦੀ ਬੇੜੀ ਵਿਚ ਚੜ੍ਹ ਕੇ)
ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੨॥
ਹੇ ਭਾਈ! (ਆਪਣੇ) ਮਨ ਵਿਚ (ਪ੍ਰਭੂ-ਚਰਨਾਂ ਵਾਸਤੇ) ਪਿਆਰ ਦੀ ਲਗਨ ਪੈਦਾ ਕਰਨੀ-
ਸੰਤ ਜਨਾਂ ਦੀ ਦੱਸੀ ਹੋਈ ਇਹ (ਜੀਵਨ ਨੂੰ) ਪਵਿੱਤਰ ਕਰਨ ਵਾਲੀ ਮਰਯਾਦਾ ਹੈ।
(ਜਿਹੜੇ ਮਨੁੱਖ ਇਹ ਲਗਨ ਪੈਦਾ ਕਰਦੇ ਹਨ, ਉਹ) ਸਾਰੇ ਪਾਪਾਂ ਵਿਕਾਰਾਂ ਦਾ ਸਾਥ ਛੱਡ ਜਾਂਦੇ ਹਨ।
ਉਹ ਮਨੁੱਖ ਹਰਿ-ਪ੍ਰਭੂ ਨਿਰੰਕਾਰ ਨੂੰ ਜਾ ਮਿਲਦੇ ਹਨ ॥੩॥
ਹੇ ਭਾਈ! ਅਸਚਰਜ-ਰੂਪ ਪ੍ਰਭੂ ਦਾ ਦਰਸਨ-
ਪੂਰਨ ਆਨੰਦ-ਸਰੂਪ ਪ੍ਰਭੂ (ਦੇ ਨਾਮ-ਰਸ) ਦਾ ਸੁਆਸ ਚੱਖ ਕੇ ਕਰ ਸਕੀਦਾ ਹੈ।
ਹੇ ਭਾਈ! ਇਸ ਲੋਕ ਅਤੇ ਪਰਲੋਕ ਵਿਚ (ਵਿਕਾਰਾਂ ਦੇ ਹੱਲਿਆਂ ਦੇ ਸਾਹਮਣੇ) ਘਬਰਾਹਟ ਨਹੀਂ ਹੁੰਦੀ,
ਜੇ ਹਰਿ-ਪ੍ਰਭੂ ਜੀ ਹਿਰਦੇ ਵਿਚ ਵੱਸੇ ਰਹਿਣ ॥੪॥
ਹੇ ਭਾਈ! ਉਹਨਾਂ ਨੂੰ ਨਰਕਾਂ ਦਾ ਨਿਵਾਸ ਨਹੀਂ ਮਿਲਦਾ,
(ਜਿਹੜੇ ਮਨੁੱਖ) ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਸਿਮਰਨ ਕਰ ਕੇ ਉਸ ਨੂੰ ਸਦਾ (ਹਿਰਦੇ ਵਿਚ ਵਸਾਈ ਰੱਖਦੇ ਹਨ)।
ਉਹ (ਮਨੁੱਖ ਆਪਣੀਆਂ) ਅੱਖਾਂ ਨਾਲ ਜਮਰਾਜ ਨੂੰ ਨਹੀਂ ਵੇਖਦੇ (ਜਮਾਂ ਨਾਲ ਉਹਨਾਂ ਨੂੰ ਵਾਹ ਨਹੀਂ ਪੈਂਦਾ),
ਜਿਹੜੇ ਮਨੁੱਖ ਇਕ-ਰਸ (ਵੱਜ ਰਹੀ ਸਿਫ਼ਤਿ-ਸਾਲਾਹ ਦੀ) ਬੰਸਰੀ ਸੁਣ ਕੇ (ਉਸ ਵਿਚ) ਮਸਤ ਰਹਿੰਦੇ ਹਨ ॥੫॥
ਹੇ ਭਾਈ! ਭਗਤ ਉਸ ਸੂਰਮੇ ਗੋਪਾਲ ਹਰੀ ਦੀ ਸਰਨ ਪਏ ਰਹਿੰਦੇ ਹਨ,
ਜੋ ਦਇਆ ਦਾ ਸੋਮਾ ਪਰਮਾਤਮਾ (ਆਪਣੇ) ਭਗਤਾਂ ਦੇ ਵੱਸ ਵਿਚ ਰਹਿੰਦਾ ਹੈ।
ਹੇ ਭਾਈ! ਵੇਦ (ਭੀ) ਉਸ ਹਰੀ ਦਾ ਭੇਤ ਨਹੀਂ ਪਾ ਸਕਦੇ,
ਸਾਰੇ ਰਿਸ਼ੀ ਮੁਨੀ ਉਸ ਦੀ ਸੇਵਾ-ਭਗਤੀ ਸਦਾ ਕਰਦੇ ਹਨ ॥੬॥
ਹੇ ਭਾਈ! ਉਹ (ਪਰਮਾਤਮਾ) ਗਰੀਬਾਂ ਦੇ ਦੁੱਖ-ਦਰਦ ਦੂਰ ਕਰਨ ਵਾਲਾ ਹੈ,
ਜਿਸ (ਪਰਮਾਤਮਾ) ਦੀ (ਸੇਵਾ-ਭਗਤੀ ਦੀ) ਕਾਰ ਬਹੁਤ ਔਖੀ ਹੈ।
ਕੋਈ ਮਨੁੱਖ ਉਸ (ਦੀ ਹਸਤੀ) ਦਾ ਹੱਦ-ਬੰਨਾ ਨਹੀਂ ਜਾਣਦਾ।
ਉਹ ਪ੍ਰਭੂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ ਆਪ ਹੀ ਮੌਜੂਦ ਹੈ ॥੭॥
ਹੇ ਪ੍ਰਭੂ! (ਤੇਰੇ ਦਰ ਤੇ) ਮੈਂ ਅਨੇਕਾਂ ਵਾਰੀ ਸਿਰ ਨਿਵਾਂਦਾ ਹਾਂ।
(ਹੋਰ ਸਭਨਾਂ ਆਸਰਿਆਂ ਵਲੋਂ) ਹਾਰ ਕੇ ਮੈਂ ਤੇਰੇ ਦਰ ਤੇ ਆਇਆ ਹਾਂ।
ਮੈਨੂੰ (ਆਪਣੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾਈ ਰੱਖ,
ਹੇ ਨਾਨਕ! (ਆਖ-) ਮੇਰੀ ਇਹ ਤਾਂਘ ਪੂਰੀ ਕਰ ॥੮॥੧॥
(ਹੇ ਭਾਈ! ਬੇਨਤੀ ਕਰਿਆ ਕਰ-) ਹੇ ਪ੍ਰਭੂ! (ਮੇਰਾ) ਜਨਮ ਮਰਨ (ਦਾ ਗੇੜ) ਮੁਕਾ ਦੇਹ।
ਮੈਂ (ਹੋਰ ਪਾਸਿਆਂ ਵਲੋਂ) ਆਸ ਲਾਹ ਕੇ ਤੇਰੇ ਦਰ ਤੇ ਆ ਡਿੱਗਾ ਹਾਂ।
(ਮਿਹਰ ਕਰ) ਤੇਰੇ ਸੰਤ ਜਨਾਂ ਦੇ ਚਰਨ ਫੜ ਕੇ (ਤੇਰੇ ਸੰਤ ਜਨਾਂ ਦਾ) ਪੱਲਾ ਫੜ ਕੇ,
ਮੇਰੇ ਮਨ ਨੂੰ, ਹੇ ਹਰੀ! ਤੇਰਾ ਪਿਆਰ ਮਿੱਠਾ ਲੱਗਦਾ ਰਹੇ।