(ਪਰ ਜੀਵਾਂ ਦੇ ਕੀਹ ਵੱਸ?) ਪਰਮਾਤਮਾ ਨੇ ਜਿਹੋ ਜਿਹੀ ਕਾਰੇ ਜੀਵ ਨੂੰ ਲਾਉਣਾ ਹੈ, ਜੀਵ ਨੇ ਉਸੇ ਕਾਰੇ ਲੱਗਣਾ ਹੈ।
ਪਰਮਾਤਮਾ ਆਪ ਹੀ (ਸ੍ਰਿਸ਼ਟੀ) ਰਚ ਕੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ, ਇਹ ਉਸ ਦੀ ਆਪਣੀ ਹੀ ਬਜ਼ੁਰਗੀ ਹੈ। (ਉਸ ਤੋਂ ਬਿਨਾ) ਕਿਸੇ ਹੋਰ ਅੱਗੇ ਪੁਕਾਰ ਨਹੀਂ ਕੀਤੀ ਜਾ ਸਕਦੀ ॥੭॥
ਗੁਰੂ ਦੀ ਦੱਸੀ ਸੇਵਾ ਭੀ ਉਹੀ ਮਨੁੱਖ ਕਰਦਾ ਹੈ ਜਿਸ ਪਾਸੋਂ ਪਰਮਾਤਮਾ ਆਪ ਹੀ ਕਰਾਂਦਾ ਹੈ।
ਹੇ ਨਾਨਕ! ਜੇਹੜਾ ਮਨੁੱਖ ਆਪਣਾ ਸਿਰ (ਗੁਰੂ ਦੇ) ਹਵਾਲੇ ਕਰਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰਦਾ ਹੈ ॥੮॥੧੮॥
ਹੇ ਠਾਕੁਰ! ਤੂੰ ਸੁੰਦਰ ਹੈਂ, ਤੂੰ ਸਿਆਣਾ ਹੈਂ! ਗੁਰੂ ਦੀ ਸੁੰਦਰ ਬਾਣੀ ਦੀ ਰਾਹੀਂ (ਤੇਰੀ ਪ੍ਰਾਪਤੀ ਹੋ ਸਕਦੀ ਹੈ)।
ਵੱਡੀ ਕਿਸਮਤ ਨਾਲ ਗੁਰੂ ਮਿਲਦਾ ਹੈ, (ਤੇ ਗੁਰੂ ਦੇ ਮਿਲਣ ਦੇ ਨਾਲ) ਵਾਸਨਾ-ਰਹਿਤ ਆਤਮਕ ਅਵਸਥਾ ਮਿਲਦੀ ਹੈ ॥੧॥
(ਹੇ ਪ੍ਰਭੂ!) ਮੈਂ ਤੇਰੇ ਦਾਸਾਂ ਦਾ ਦਾਸ ਹਾਂ, ਮੈਂ ਤੇਰਾ ਛੋਟਾ ਜਿਹਾ ਸੇਵਕ ਹਾਂ।
(ਮੇਹਰ ਕਰ) ਮੈਂ ਉਸੇ ਤਰ੍ਹਾਂ ਜੀਵਾਂ ਜਿਵੇਂ ਤੇਰੀ ਰਜ਼ਾ ਹੋਵੇ। ਮੇਰੇ ਮੂੰਹ ਵਿਚ ਆਪਣਾ ਨਾਮ ਦੇਹ! ॥੧॥ ਰਹਾਉ ॥
ਪ੍ਰਭੂ ਦੀ ਰਜ਼ਾ ਵਿਚ (ਜੀਵ ਦੇ ਅੰਦਰ) ਉਸ ਦੇ ਦਰਸ਼ਨ ਦੀ ਤੀਬਰ ਤਾਂਘ ਪੈਦਾ ਹੁੰਦੀ ਹੈ, ਉਸ ਦੀ ਰਜ਼ਾ ਅਨੁਸਾਰ ਹੀ ਉਹ ਜੀਵ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ।
ਪਿਆਰੇ ਠਾਕੁਰ ਦੇ ਹੱਥ ਵਿਚ ਹੀ ਸਾਰੀਆਂ ਵਡਿਆਈਆਂ ਹਨ, ਉਸ ਦੀ ਰਜ਼ਾ ਅਨੁਸਾਰ ਹੀ (ਜੀਵ ਨੂੰ ਉਸ ਦੇ ਦਰ ਤੇ) ਇੱਜ਼ਤ ਮਿਲਦੀ ਹੈ ॥੨॥
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਕਿਤੇ) ਦੂਰ (ਬੈਠਾ) ਨਹੀਂ ਸਮਝਣਾ ਚਾਹੀਦਾ, ਹਰੇਕ ਜੀਵ ਦੇ ਅੰਦਰ ਉਹ ਆਪ ਹੀ (ਵੱਸ ਰਿਹਾ) ਹੈ।
ਮੈਂ ਜਿੱਧਰ ਤੱਕਦਾ ਹਾਂ, ਉਧਰ ਹੀ ਪ੍ਰਭੂ ਭਰਪੂਰ ਹੈ। ਪਰ ਕਿਸੇ ਜੀਵ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ ॥੩॥
ਪਰਮਾਤਮਾ ਆਪ ਹੀ ਉਸਾਰਦਾ ਹੈ ਆਪ ਹੀ ਢਾਂਹਦਾ ਹੈ, (ਆਪਣੀ ਇਹ) ਤਾਕਤ ਉਹ ਆਪ ਹੀ ਵੇਖ ਰਿਹਾ ਹੈ।
ਗੁਰੂ ਦੇ ਸਨਮੁਖ ਹੋ ਕੇ ਉਸ ਦਾ ਦਰਸ਼ਨ ਕਰ ਸਕੀਦਾ ਹੈ, ਤੇ ਇਸ ਤਰ੍ਹਾਂ ਉਸ ਦਾ ਮੁੱਲ ਪੈ ਸਕਦਾ ਹੈ (ਕਿ ਉਹ ਹਰ ਥਾਂ ਮੌਜੂਦ ਹੈ) ॥੪॥
ਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਰਦਾ ਹੈ ਉਸ ਨੂੰ ਇਸੇ ਜੀਵਨ ਵਿਚ ਪਰਮਾਤਮਾ ਦਾ ਨਾਮ-ਲਾਭ ਮਿਲ ਜਾਂਦਾ ਹੈ।
ਪਰ ਗੁਰੂ ਭੀ ਤਦੋਂ ਹੀ ਮਿਲਦਾ ਹੈ ਜੇ ਪਿਛਲੇ ਜਨਮਾਂ ਦੇ ਕੀਤੇ ਹੋਏ ਚੰਗੇ ਕਰਮਾਂ ਦੇ ਸੰਸਕਾਰ (ਅੰਦਰ) ਮੌਜੂਦ ਹੋਣ ॥੫॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੇ ਆਤਮਕ ਗੁਣਾਂ ਵਿਚ ਨਿੱਤ ਕਮੀ ਹੁੰਦੀ ਰਹਿੰਦੀ ਹੈ, (ਮਾਇਆ ਦੇ) ਭਟਕਾਏ ਹੋਏ ਉਹ (ਨਿੱਤ) ਭਟਕਦੇ ਰਹਿੰਦੇ ਹਨ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਵਿਚ) ਅੰਨ੍ਹਾ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਉਸ ਨੂੰ ਪਰਮਾਤਮਾ ਦਾ ਦਰਸ਼ਨ ਕਿਵੇਂ ਹੋਵੇ? ॥੬॥
ਤਦੋਂ ਹੀ ਕਿਸੇ ਨੂੰ ਜਗਤ ਵਿਚ ਜਨਮਿਆ ਸਮਝੋ, ਜੇ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੇ ਚਰਨਾਂ) ਵਿਚ ਸੁਰਤਿ ਜੋੜਦਾ ਹੋਵੇ।
ਜੇਹੜੇ ਮਨੁੱਖ ਗੁਰੂ ਨੂੰ ਮਿਲ ਪੈਂਦੇ ਹਨ ਉਹ ਪਾਰਸ ਬਣ ਜਾਂਦੇ ਹਨ, ਉਹਨਾਂ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੭॥
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜੇ ਹੋਏ ਬੰਦੇ ਸੰਤੋਖ ਵਾਲਾ ਜੀਵਨ ਗੁਜ਼ਾਰਦੇ ਹਨ, ਉਸ ਪਰਮਾਤਮਾ ਦੇ ਚਰਨਾਂ ਵਿਚ ਰੰਗੇ ਰਹਿੰਦੇ ਹਨ।
ਜੇਹੜਾ ਜੇਹੜਾ ਮਨੁੱਖ ਧੁਰੋਂ ਮਿਲੀ (ਸਿਮਰਨ ਦੀ) ਕਾਰ ਕਰਦਾ ਹੈ ਉਹ ਸਦਾ ਨਿਰਲੇਪ ਰਹਿੰਦਾ ਹੈ ॥੮॥੧੯॥
(ਪਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਹੈ) ਉਸ ਦੇ ਗੁਣਾਂ ਦਾ ਭਾਵੇਂ ਕਿਤਨਾ ਹੀ ਬਿਆਨ ਕੀਤਾ ਜਾਏ, ਮੈਂ ਅੰਤ ਜਾਣ ਨਹੀਂ ਸਕਦਾ।
(ਹੇ ਪ੍ਰਭੂ! ਮੇਰੀ ਤਾਂ ਨਿੱਤ ਇਹੀ ਅਰਦਾਸ ਹੈ) ਮੈਂ ਨਿਆਸਰੇ ਦਾ ਸਿਰਫ਼ ਤੂੰ ਹੀ ਆਸਰਾ ਹੈਂ, ਤੇ ਤੂੰ ਮੇਰਾ (ਨਿਤਾਣੇ ਦਾ) ਤਕੜਾ ਤਾਣ ਹੈਂ ॥੧॥
ਨਾਨਕ ਦੀ ਇਹ ਅਰਦਾਸ ਹੈ ਕਿ ਮੈਂ ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਸੁਖੀ ਰਹਾਂ (ਭਾਵ, ਮੈਂ ਪਰਮਾਤਮਾ ਦੀ ਯਾਦ ਵਿਚ ਰਹਿ ਕੇ ਆਤਮਕ ਆਨੰਦ ਹਾਸਲ ਕਰਾਂ)।
ਜੇਹੜਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਂਦਾ ਹੈ ਉਸ ਨੂੰ (ਇਸ ਤਰ੍ਹਾਂ ਦੀ ਅਰਦਾਸ ਕਰਨ ਦੀ) ਸਮਝ ਪੈਂਦੀ ਹੈ ਤੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ ਉਸ ਦਾ) ਮਿਲਾਪ ਹੋ ਜਾਂਦਾ ਹੈ ॥੧॥ ਰਹਾਉ ॥
ਜਦੋਂ ਇਹ ਅਹੰਕਾਰ ਕਿ 'ਮੈਂ ਵੱਡਾ, ਮੈਂ ਵੱਡਾ' (ਆਪਣੇ ਅੰਦਰੋਂ) ਦੂਰ ਕਰੀਏ, ਤਦੋਂ (ਪਰਮਾਤਮਾ ਦੇ ਦਰ ਤੇ ਅਰਦਾਸ ਕਰਨ ਦੀ) ਸਮਝ ਪੈਂਦੀ ਹੈ।
ਜਦੋਂ ਪਰਮਾਤਮਾ ਦੇ ਨਾਲ ਜੀਵ ਦਾ ਮਨ ਪਰਚ ਜਾਂਦਾ ਹੈ, ਤਦੋਂ ਉਹ ਪ੍ਰਭੂ ਉਸ ਨੂੰ ਆਪਣਾ ਸਦਾ-ਥਿਰ ਨਾਮ (ਜੀਵਨ ਵਾਸਤੇ) ਆਸਰਾ ਦੇ ਦੇਂਦਾ ਹੈ ॥੨॥
ਜੋ ਦਿਨ ਰਾਤ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਸੰਤੋਖ ਵਾਲਾ ਜੀਵਨ ਬਣਾਂਦਾ ਹੈ, ਉਸ ਦੀ ਇਹ ਸੇਵਾ ਸਦਾ-ਥਿਰ ਪ੍ਰਭੂ ਕਬੂਲ ਕਰਦਾ ਹੈ।
ਜੇਹੜਾ ਮਨੁੱਖ ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ ਮਾਇਆ ਦੇ ਮੋਹ ਆਦਿਕ ਦੀ) ਕੋਈ ਰੋਕ ਨਹੀਂ ਪੈਂਦੀ ॥੩॥
ਜੇਹੜਾ ਮਨੁੱਖ ਰਜ਼ਾ ਦੇ ਮਾਲਕ ਪਰਮਾਤਮਾ ਦੇ ਹੁਕਮ ਵਿਚ ਤੁਰਦਾ ਹੈ ਉਹ (ਖਰਾ ਸਿੱਕਾ ਬਣ ਕੇ) ਪ੍ਰਭੂ ਖ਼ਜ਼ਾਨੇ ਵਿਚ ਪੈਂਦਾ ਹੈ,
ਖੋਟੇ ਸਿੱਕਿਆਂ ਨੂੰ (ਖੋਟੇ ਜੀਵਨ ਵਾਲਿਆਂ ਨੂੰ ਪ੍ਰਭੂ ਦੇ ਖ਼ਜ਼ਾਨੇ ਵਿਚ) ਢੋਈ ਨਹੀਂ ਮਿਲਦੀ, ਉਹ ਤਾਂ ਖੋਟਿਆਂ ਵਿਚ ਹੀ ਰਲੇ ਰਹਿੰਦੇ ਹਨ ॥੪॥
ਸਦਾ ਹੀ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖੋ ਜਿਸ ਨੂੰ ਮਾਇਆ ਦੇ ਮੋਹ ਦੀ ਰਤਾ ਭੀ ਮੈਲ ਨਹੀਂ ਹੈ, ਇਸ ਤਰ੍ਹਾਂ ਉਹ ਸੌਦਾ (ਖਰੀਦ) ਲਈਦਾ ਹੈ ਜੋ ਸਦਾ ਲਈ ਹੈ ਜੋ ਸਦਾ ਲਈ ਮਿਲਿਆ ਰਹਿੰਦਾ ਹੈ।
ਖੋਟੇ ਸਿੱਕੇ ਪਰਮਾਤਮਾ ਦੀ ਨਜ਼ਰੇ ਹੀ ਨਹੀਂ ਚੜ੍ਹਦੇ, ਖੋਟੇ ਸਿੱਕਿਆਂ ਨੂੰ ਉਹਨਾਂ ਦੀ ਮਿਲਾਵਟ ਆਦਿਕ ਦੀ ਮੈਲ ਸਾੜਨ ਲਈ ਅੱਗ ਵਿਚ ਪਾ ਕੇ ਤਪਾਈਦਾ ਹੈ ॥੫॥
ਜਿਨ੍ਹਾਂ ਬੰਦਿਆਂ ਨੇ ਆਪਣੇ ਆਤਮਕ ਜੀਵਨ ਨੂੰ ਪਰਖਿਆ ਪਛਾਣਿਆ ਹੈ ਉਹੀ ਬੰਦੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ।
(ਉਹ ਸਮਝ ਲੈਂਦੇ ਹਨ ਕਿ) ਇਕ ਪਰਮਾਤਮਾ ਹੀ ਆਤਮਕ ਜੀਵਨ-ਰੂਪ ਫਲ ਦੇਣ ਵਾਲਾ ਰੁੱਖ ਹੈ, ਉਸ ਪ੍ਰਭੂ-ਰੁੱਖ ਦਾ ਫਲ ਸਦਾ ਅੰਮ੍ਰਿਤ ਰੂਪ ਹੈ। {ਨੋਟ: ਜਿਵੇਂ ਫਲ ਤੋਂ ਰੁੱਖ, ਤੇ ਰੁੱਖ ਤੋਂ ਫਲ ਦੀ ਪਛਾਣ ਕਰ ਲਈਦੀ ਹੈ, ਤਿਵੇਂ ਜਿਸ ਨੂੰ ਆਤਮਾ ਦਾ ਗਿਆਨ ਹੋ ਜਾਏ ਉਸ ਨੂੰ ਪਰਮਾਤਮਾ ਦਾ ਭੀ ਗਿਆਨ ਹੋ ਜਾਂਦਾ ਹੈ} ॥੬॥
ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਚੱਖ ਲਿਆ, ਉਹ (ਸਦਾ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ (ਹੋਰ ਸੁਆਦਾਂ ਵਲੋਂ) ਰੱਜੇ ਰਹਿੰਦੇ ਹਨ।
ਉਹਨਾਂ ਨੂੰ (ਮਾਇਆ ਆਦਿਕ ਦੀ ਕੋਈ) ਭਟਕਣਾ ਨਹੀਂ ਰਹਿੰਦੀ, ਉਹਨਾਂ ਦੀ ਪਰਮਾਤਮਾ ਨਾਲੋਂ ਕੋਈ ਵਿੱਥ ਨਹੀਂ ਰਹਿੰਦੀ, ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ-ਰਸ ਵਿਚ ਰਸੀ ਰਹਿੰਦੀ ਹੈ ॥੭॥
(ਹੇ ਜੀਵ!) ਤੂੰ ਪਰਮਾਤਮਾ ਦੇ ਹੁਕਮ ਵਿਚ (ਆਪਣੇ ਕੀਤੇ ਕਰਮਾਂ ਦੇ) ਸੰਜੋਗਾਂ ਅਨੁਸਾਰ (ਜਗਤ ਵਿਚ) ਆਇਆ ਹੈਂ, ਸਦਾ ਉਸ ਦੀ ਰਜ਼ਾ ਵਿਚ ਹੀ ਤੁਰ!
(ਮੈਨੂੰ) ਗੁਣ-ਹੀਣ ਨਾਨਕ ਨੂੰ ਸਦਾ-ਥਿਰ ਪ੍ਰਭੂ (ਦਾ ਸਿਮਰਨ-ਰੂਪ) ਗੁਣ ਮਿਲ ਜਾਏ (ਮੈਂ ਨਾਨਕ ਇਸੇ ਬਖ਼ਸ਼ਸ਼ ਨੂੰ ਸਭ ਤੋਂ ਉੱਚੀ) ਵਡਿਆਈ ਸਮਝਦਾ ਹਾਂ ॥੮॥੨੦॥
ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗਿਆ ਜਾਂਦਾ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ (ਉਹ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ)।
(ਤੇ, ਹੇ ਪ੍ਰਭੂ!) ਜਦੋਂ (ਤੇਰੀ ਸੇਵਾ-ਭਗਤੀ ਦੇ ਕਾਰਨ ਕੋਈ ਵਡਭਾਗੀ ਜੀਵ) ਤੈਨੂੰ ਪਿਆਰਾ ਲੱਗਣ ਲੱਗ ਪਏ ਤਾਂ ਇਸ ਵਿਚ ਲੋਕਾਂ ਦਾ ਕੁਝ ਨਹੀਂ ਵਿਗੜਦਾ ॥੧॥