ਮੂਰਖ ਲੋਕ ਰਾਸਾਂ ਪਾਂਦੇ ਹਨ ਤੇ ਆਪਣੇ ਆਪ ਨੂੰ ਭਗਤ ਪਰਗਟ ਕਰਦੇ ਹਨ।
(ਉਹ ਮੂਰਖ ਰਾਸਾਂ ਪਾਣ ਵੇਲੇ) ਨੱਚ ਨੱਚ ਕੇ ਟੱਪਦੇ ਹਨ (ਪਰ ਅੰਤਰ ਆਤਮੇ ਹਉਮੈ ਦੇ ਕਾਰਨ ਆਤਮਕ ਆਨੰਦ ਦੇ ਥਾਂ) ਦੁਖ ਹੀ ਦੁਖ ਪਾਂਦੇ ਹਨ।
ਨੱਚਣ ਟੱਪਣ ਨਾਲ ਭਗਤੀ ਨਹੀਂ ਹੁੰਦੀ।
ਪਰਮਾਤਮਾ ਦੀ ਭਗਤੀ ਉਹੀ ਮਨੁੱਖ ਪ੍ਰਾਪਤ ਕਰ ਸਕਦਾ ਹੈ, ਜੇਹੜਾ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਾ-ਭਾਵ ਵਲੋਂ, ਹਉਮੈ ਵਲੋਂ) ਮਰਦਾ ਹੈ ॥੩॥
ਭਗਤਾਂ ਨਾਲ ਪਿਆਰ ਕਰਨ ਵਾਲਾ ਉਹ ਪਰਮਾਤਮਾ ਹੀ ਜੀਵਾਂ ਪਾਸੋਂ ਭਗਤੀ ਕਰਵਾਉਂਦਾ ਹੈ।
ਉਸ ਦੀ ਸਦਾ ਥਿਰ ਰਹਿਣ ਵਾਲੀ ਭਗਤੀ ਦੁਆਰਾ ਅੰਦਰੋਂ ਹਉਮੈ ਦੂਰ ਹੁੰਦੀ ਹੈ।
(ਪਰ ਜੀਵਾਂ ਦੇ ਕੀਹ ਵੱਸ?) ਭਗਤੀ ਨਾਲ ਪਿਆਰ ਕਰਨ ਵਾਲਾ ਉਹ ਪਰਮਾਤਮਾ ਸਭ ਜੀਵਾਂ ਦੇ ਢੰਗ ਜਾਣਦਾ ਹੈ (ਕਿ ਇਹ ਭਗਤੀ ਕਰਦੇ ਹਨ ਜਾਂ ਪਖੰਡ)।
ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ ਉਹ ਮਨੁੱਖ ਉਸ ਦੇ ਨਾਮ ਨੂੰ ਪਛਾਣਦਾ ਹੈ (ਨਾਮ ਨਾਲ) ਡੂੰਘੀ ਸਾਂਝ ਪਾ ਲੈਂਦਾ ਹੈ ॥੪॥੪॥੨੪॥
(ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਆਪਣੇ) ਮਨ ਨੂੰ ਕਾਬੂ ਕਰ ਲੈਂਦਾ ਹੈ, ਉਸ ਮਨੁੱਖ ਦੀ (ਮਾਇਆ ਵਾਲੀ) ਭਟਕਣਾ ਮੁੱਕ ਜਾਂਦੀ ਹੈ।
ਮਨ ਵੱਸ ਵਿਚ ਆਉਣ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਉਸੇ ਮਨੁੱਖ ਦਾ ਮਨ ਵੱਸ ਵਿਚ ਆਉਂਦਾ ਹੈ, ਜੇਹੜਾ ਇਸ ਨੂੰ ਵੱਸ ਲਿਆਉਣ ਦੀ ਦਵਾਈ ਜਾਣਦਾ ਹੈ,
(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ) ਉਹੀ ਸਮਝਦਾ ਹੈ ਕਿ ਮਨ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਵੱਸ ਵਿਚ ਆ ਸਕਦਾ ਹੈ ॥੧॥
(ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ,
ਉਸ ਨੂੰ (ਇਹ) ਵਡਿਆਈ ਦੇਂਦਾ ਹੈ (ਕਿ) ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ ॥੧॥ ਰਹਾਉ ॥
ਜਦੋਂ ਮਨੁੱਖ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਵਾਲਾ ਆਚਰਨ ਬਣਾਣ ਦੀ ਕਾਰ ਕਰਦਾ ਹੈ,
ਤਦੋਂ ਉਸ ਨੂੰ ਇਸ ਮਨ (ਦੇ ਸੁਭਾਵ) ਦੀ ਸਮਝ ਆ ਜਾਂਦੀ ਹੈ,
(ਤਦੋਂ ਉਹ ਸਮਝ ਲੈਂਦਾ ਹੈ ਕਿ) ਮਨ ਹਉਮੈ ਵਿਚ ਮਸਤ ਰਹਿੰਦਾ ਹੈ ਜਿਵੇਂ ਕੋਈ ਹਾਥੀ ਸ਼ਰਾਬ ਵਿਚ ਮਸਤ ਹੋਵੇ।
ਗੁਰੂ ਹੀ (ਆਤਮਕ ਮੌਤੇ ਮਰੇ ਹੋਏ ਇਸ ਮਨ ਨੂੰ ਆਪਣੇ ਸ਼ਬਦ ਦਾ) ਅੰਕੁਸ ਮਾਰ ਕੇ (ਮੁੜ) ਆਤਮਕ ਜੀਵਨ ਦੇਣ ਦੇ ਸਮਰੱਥ ਹੈ ॥੨॥
(ਇਹ) ਮਨ (ਸੌਖੇ ਤਰੀਕੇ ਨਾਲ) ਵੱਸ ਵਿਚ ਨਹੀਂ ਆ ਸਕਦਾ, ਕੋਈ ਵਿਰਲਾ ਮਨੁੱਖ (ਗੁਰੂ ਦੀ ਸਰਨ ਪੈ ਕੇ ਇਸ ਨੂੰ) ਵੱਸ ਵਿਚ ਲਿਆਉਂਦਾ ਹੈ।
ਜਦੋਂ ਮਨੁੱਖ (ਗੁਰੂ ਦੀ ਸਹਾਇਤਾ ਨਾਲ ਆਪਣੇ ਮਨ ਦੇ) ਅਮੋੜ-ਪੁਣੇ ਨੂੰ ਮੁਕਾ ਲੈਂਦਾ ਹੈ, ਤਦੋਂ ਮਨ ਪਵਿਤ੍ਰ ਹੋ ਜਾਂਦਾ ਹੈ।
ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਇਸ ਮਨ ਨੂੰ ਸੋਹਣਾ ਬਣਾ ਲੈਂਦਾ ਹੈ।
ਉਹ (ਆਪਣੇ ਅੰਦਰੋਂ) ਹਉਮੈ ਛੱਡ ਦੇਂਦਾ ਹੈ ਵਿਕਾਰ ਤਿਆਗ ਦੇਂਦਾ ਹੈ ॥੩॥
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੀ ਧੁਰ ਦਰਗਾਹ ਤੋਂ ਹੀ ਗੁਰੂ ਦੇ ਚਰਨਾਂ ਵਿਚ ਜੋੜ ਕੇ (ਵਿਕਾਰਾਂ ਵਲੋਂ) ਰੱਖ ਲਿਆ ਹੈ,
ਉਹ ਗੁਰੂ ਦੇ ਸ਼ਬਦ ਵਿਚ ਲੀਨ ਰਹਿ ਕੇ ਕਦੇ ਉਸ ਪਰਮਾਤਮਾ ਨਾਲੋਂ ਵਿਛੁੜਦੇ ਨਹੀਂ।
ਪਰਮਾਤਮਾ ਆਪਣੀ ਇਹ ਗੁਝੀ ਤਾਕਤ ਆਪ ਹੀ ਜਾਣਦਾ ਹੈ।
ਹੇ ਨਾਨਕ! (ਇਕ ਗੱਲ ਪਰਤੱਖ ਹੈ ਕਿ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦੇ ਨਾਮ ਨੂੰ ਪਛਾਣ ਲੈਂਦਾ ਹੈ (ਨਾਮ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ) ॥੪॥੫॥੨੫॥
(ਹੇ ਭਾਈ! ਪ੍ਰਭੂ-ਨਾਮ ਤੋਂ ਖੁੰਝ ਕੇ) ਹਉਮੈ ਵਿਚ (ਫਸ ਕੇ) ਸਾਰਾ ਜਗਤ ਝੱਲਾ ਹੋ ਰਿਹਾ ਹੈ,
ਮਾਇਆ ਦੇ ਮੋਹ ਦੇ ਕਾਰਨ ਭਟਕਣਾ ਵਿਚ ਪੈ ਕੇ ਕੁਰਾਹੇ ਜਾ ਰਿਹਾ ਹੈ।
ਹੋਰ ਹੋਰ ਕਈ ਸੋਚਾਂ ਸੋਚਦਾ ਰਹਿੰਦਾ ਹੈ ਪਰ ਆਪਣੇ ਆਤਮਕ ਜੀਵਨ ਨੂੰ ਨਹੀਂ ਪੜਤਾਲਦਾ,
(ਇਸ ਤਰ੍ਹਾਂ) ਮਾਇਆ ਦੀ ਖ਼ਾਤਰ ਦੌੜ-ਭੱਜ ਕਰਦਿਆਂ (ਮਾਇਆ-ਧਾਰੀ ਜੀਵ ਦਾ) ਹਰੇਕ ਦਿਨ ਬੀਤ ਰਿਹਾ ਹੈ ॥੧॥
ਹੇ ਮੇਰੇ ਭਾਈ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਦਾ ਰਹੁ।
ਗੁਰੂ ਦੀ ਸਰਨ ਪੈ ਕੇ ਆਪਣੀ ਜੀਭ ਨੂੰ ਪਰਮਾਤਮਾ ਦੇ ਨਾਮ-ਰਸ ਨਾਲ ਰਸੀਲੀ ਬਣਾ ॥੧॥ ਰਹਾਉ ॥
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਹਿਰਦੇ ਵਿਚ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ,
ਉਹ ਮਨੁੱਖ ਜਗਤ ਦੀ ਜ਼ਿੰਦਗੀ ਦੇ ਆਸਰੇ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਸਦਾ ਲਈ ਪਰਗਟ ਹੋ ਜਾਂਦਾ ਹੈ।
ਉਹ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ) ਸਾਂਝ ਪਾ ਲੈਂਦਾ ਹੈ,
ਜਿਸ ਮਨੁੱਖ ਉਤੇ (ਕੀਤੇ) ਕਰਮਾਂ ਅਨੁਸਾਰ (ਜੀਵਾਂ ਨੂੰ) ਪੈਦਾ ਕਰਨ ਵਾਲਾ ਪਰਮਾਤਮਾ ਕਿਰਪਾ ਕਰਦਾ ਹੈ ॥੨॥
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਗੁਰੂ ਦੇ ਸ਼ਬਦ ਵਿਚ ਜੋੜਦਾ ਹੈ,
ਜਿਨ੍ਹਾਂ ਨੂੰ ਮਾਇਆ ਪਿੱਛੇ ਦੌੜਦਿਆਂ ਨੂੰ ਵਰਜਦਾ ਹੈ ਤੇ ਰੋਕ ਰੱਖਦਾ ਹੈ, ਉਹ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ।
ਉਹ ਮਨੁੱਖ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਹਾਸਲ ਕਰ ਲੈਂਦੇ ਹਨ ਜੋ ਉਹਨਾਂ ਵਾਸਤੇ (ਮਾਨੋ, ਧਰਤੀ ਦੇ) ਨੌ ਹੀ ਖ਼ਜ਼ਾਨੇ ਹਨ।
ਆਪਣੀ ਮਿਹਰ ਨਾਲ ਪਰਮਾਤਮਾ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ ॥੩॥
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ ਸਰੀਰ ਨੂੰ ਆਨੰਦ ਮਿਲਦਾ ਹੈ ਸ਼ਾਂਤੀ ਮਿਲਦੀ ਹੈ।
ਜਿਸ ਮਨੁੱਖ ਦੇ ਅੰਦਰ (ਹਰਿ-ਨਾਮ) ਆ ਵੱਸਦਾ ਹੈ, ਉਸ ਨੂੰ ਜਮ ਦਾ ਦੁੱਖ ਪੋਹ ਨਹੀਂ ਸਕਦਾ।
ਹੇ ਨਾਨਕ! ਜੇਹੜਾ ਪਰਮਾਤਮਾ ਆਪ ਜਗਤ ਦਾ ਸਾਹਿਬ ਹੈ ਤੇ ਆਪ ਹੀ (ਜਗਤ ਦੀ ਪਾਲਨਾ ਆਦਿਕ ਕਰਨ ਵਿਚ) ਸਲਾਹ ਦੇਣ ਵਾਲਾ ਹੈ।
ਜੋ ਸਾਰੇ ਗੁਣਾਂ ਦਾ ਮਾਲਕ ਹੈ ਜੋ ਵੱਡੇ ਜਿਗਰੇ ਵਾਲਾ ਹੈ, ਤੂੰ ਸਦਾ ਉਸ ਦੀ ਸੇਵਾ-ਭਗਤੀ ਕਰ ॥੪॥੬॥੨੬॥
(ਹੇ ਭਾਈ! ਜਿਸ ਪਰਮਾਤਮਾ ਦੇ ਦਿੱਤੇ ਹੋਏ ਇਹ ਜਿੰਦ-ਪ੍ਰਾਣ ਹਨ, ਉਸ ਨੂੰ ਕਦੇ ਭੀ (ਮਨ ਤੋਂ) ਭੁਲਾਣਾ ਨਹੀਂ ਚਾਹੀਦਾ।
ਉਸ ਨੂੰ ਕਦੇ ਭੀ (ਮਨ ਤੋਂ) ਭੁਲਾਣਾ ਨਹੀਂ ਚਾਹੀਦਾ, ਜੇਹੜਾ ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ।
ਜਿਸ ਦੀ ਸੇਵਾ-ਭਗਤੀ ਕੀਤਿਆਂ ਉਸ ਦੀ ਦਰਗਾਹ ਵਿਚ ਇੱਜ਼ਤ ਮਿਲਦੀ ਹੈ, ਦਰਗਾਹ ਵਿਚ ਕਬੂਲ ਹੋ ਜਾਈਦਾ ਹੈ (ਉਸ ਨੂੰ ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ) ॥੧॥
ਮੈਂ ਪਰਮਾਤਮਾ ਦੇ ਨਾਮ ਤੋਂ (ਸਦਾ) ਸਦਕੇ ਜਾਂਦਾ ਹਾਂ।
(ਹੇ ਪ੍ਰਭੂ!) ਜਦੋਂ ਤੂੰ ਮੈਨੂੰ ਵਿਸਰ ਜਾਂਦਾ ਹੈਂ, ਉਸੇ ਵੇਲੇ ਮੇਰੀ ਆਤਮਕ ਮੌਤ ਹੋ ਜਾਂਦੀ ਹੈ! ॥੧॥ ਰਹਾਉ ॥
(ਹੇ ਪ੍ਰਭੂ!) ਉਹਨਾਂ ਦੇ ਮਨ ਤੋਂ ਤੂੰ ਭੁੱਲ ਜਾਂਦਾ ਹੈਂ, ਜੇਹੜੇ ਬੰਦੇ ਤੂੰ ਆਪ ਹੀ ਕੁਰਾਹੇ ਪਾ ਦਿੱਤੇ ਹਨ।