ਹੇ ਪ੍ਰਭੂ! ਮੈਂ ਤੈਥੋਂ ਵਾਰਨੇ ਜਾਂਦਾ ਹਾਂ, ਤੈਥੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, (ਜਿੱਥੇ ਤੂੰ ਵੱਸਦਾ ਹੈਂ) ਤੇਰਾ (ਉਹ) ਥਾਂ ਬਹੁਤ ਹੀ ਸੋਹਣਾ ਹੈ ॥੧॥
ਹੇ ਪ੍ਰਭੂ! ਤੂੰ ਸਭ ਜੀਵਾਂ ਦੀ ਪਾਲਣਾ ਕਰਦਾ ਹੈਂ, ਤੂੰ ਸਭ ਦੀ ਸੰਭਾਲ ਕਰਦਾ ਹੈਂ, ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ।
ਹੇ ਨਾਨਕ ਦੇ ਪ੍ਰਭੂ! ਹੇ ਸਰਬ-ਵਿਆਪਕ ਸਿਰਜਣਹਾਰ! (ਮਿਹਰ ਕਰ) ਮੈਂ ਤੈਨੂੰ ਹੀ ਹਰੇਕ ਸਰੀਰ ਵਿਚ ਵੇਖਦਾ ਰਹਾਂ ॥੨॥੨॥੪॥
ਪਿਆਰੇ ਪ੍ਰਭੂ ਦੀ ਪ੍ਰੀਤ ਮੇਰੇ ਮਨ ਨੂੰ ਖਿੱਚ ਪਾਂਦੀ ਰਹਿੰਦੀ ਹੈ।
ਹੇ ਪ੍ਰਭੂ! ਆਪਣੇ ਮਨ ਵਿਚ ਹੀ ਮਸਤ (ਰਹਿ ਕੇ) ਮੈਂ (ਤੇਰੇ ਦਰਸਨ ਦੀਆਂ) ਆਸਾਂ ਚਿਤਵਦਾ ਰਹਿੰਦਾ ਹਾਂ, ਮੇਰੀਆਂ ਅੱਖਾਂ ਵਿਚ (ਤੇਰੇ ਹੀ ਦਰਸਨ ਦੀ) ਤਾਂਘ-ਭਰੀ ਉਡੀਕ ਬਣੀ ਰਹਿੰਦੀ ਹੈ ॥ ਰਹਾਉ॥
ਉਹ ਦਿਹਾੜੇ, ਉਹ ਪਹਰ, ਉਹ ਮੁਹੂਰਤ, ਉਹ ਪਲ ਬੜੇ ਹੀ ਭਾਗਾਂ ਵਾਲੇ ਹੁੰਦੇ ਹਨ, ਉਹ ਘੜੀ ਭੀ ਬੜੀ ਭਾਗਾਂ ਵਾਲੀ ਹੁੰਦੀ ਹੈ,
ਜਦੋਂ (ਮਨੁੱਖ ਦੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਿਟ ਕੇ ਉਸ ਦੇ (ਮਨ ਦੇ ਬੰਦ ਹੋ ਚੁਕੇ) ਕਿਵਾੜ ਝਟਪਟ ਖੁਲ੍ਹ ਜਾਂਦੇ ਹਨ। ਪ੍ਰਭੂ ਦਾ ਦਰਸਨ ਕਰ ਕੇ (ਮੇਰੇ ਅੰਦਰ ਤਾਂ) ਆਤਮਕ ਜੀਵਨ ਪੈਦਾ ਹੁੰਦਾ ਹੈ ॥੧॥
(ਹੇ ਭਾਈ!) ਮੈਂ ਉਹ ਕਿਹੜਾ ਜਤਨ ਦੱਸਾਂ? ਉਹ ਕਿਹੜਾ ਹੀਲਾ ਦੱਸਾਂ? ਮੈਂ ਉਹ ਕਿਹੜੀ ਸੇਵਾ ਵਿਚਾਰਾਂ (ਜਿਨ੍ਹਾਂ ਦਾ ਸਦਕਾ ਪਿਆਰੇ ਪ੍ਰਭੂ ਦਾ ਦਰਸਨ ਹੋ ਸਕਦਾ ਹੈ)।
ਹੇ ਨਾਨਕ! ਸੰਤ ਜਨਾਂ ਦੀ ਸੰਗਤ ਵਿਚ ਮਾਣ ਅਹੰਕਾਰ ਮੋਹ ਤਿਆਗ ਕੇ ਹੀ ਪਾਰ-ਉਤਾਰਾ ਹੁੰਦਾ ਹੈ (ਤੇ ਪ੍ਰਭੂ ਦਾ ਮਿਲਾਪ ਹੁੰਦਾ ਹੈ) ॥੨॥੩॥੫॥
ਸਦਾ ਪਰਮਾਤਮਾ ਦੇ ਗੁਣ ਗਾਂਦੇ ਰਿਹਾ ਕਰੋ।
ਹੇ ਗੋਪਾਲ! ਹੇ ਗੋਬਿੰਦ! (ਮੇਰੇ ਉਤੇ) ਮਿਹਰ ਕਰ, ਮੈਨੂੰ ਆਪਣਾ ਨਾਮ ਜਪਣ ਵਿਚ ਸਹਾਇਤਾ ਕਰ ॥ ਰਹਾਉ॥
ਹੇ ਪ੍ਰਭੂ! ਤੂੰ ਮਨੁੱਖਾਂ ਦਾ ਮਨ ਸਾਧ ਸੰਗਤ ਵਿਚ ਲਾਂਦਾ ਹੈਂ, ਉਹਨਾਂ ਨੂੰ ਤੂੰ ਹੋਰ ਹੋਰ ਵਿਸ਼ਿਆਂ ਵਿਚੋਂ ਕੱਢ ਲਿਆ ਹੈ।
ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਆਪਣਾ ਦਰਸਨ ਦੇਂਦਾ ਹੈਂ, ਗੁਰੂ ਦੇ ਬਚਨਾਂ ਦੀ ਰਾਹੀਂ ਉਹਨਾਂ ਦਾ ਭਰਮ ਉਹਨਾਂ ਦਾ ਡਰ ਉਹਨਾਂ ਦਾ ਮੋਹ ਕੱਟਿਆ ਜਾਂਦਾ ਹੈ ॥੧॥
ਹੇ ਪ੍ਰਭੂ! (ਮਿਹਰ ਕਰ, ਮੇਰੇ ਅੰਦਰੋਂ) ਹਉਮੈ ਦੂਰ ਕਰਾ, ਮੇਰਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋਇਆ ਰਹੇ।
ਹੇ ਦਇਆਲ ਪ੍ਰਭੂ! (ਮਿਹਰ ਕਰ, ਮੈਨੂੰ) ਆਪਣੀ ਭਗਤੀ (ਦੀ ਦਾਤਿ) ਬਖ਼ਸ਼। ਹੇ ਨਾਨਕ! ਤੁਸੀਂ ਵੱਡੇ ਭਾਗਾਂ ਨਾਲ (ਹੀ) ਪਰਮਾਤਮਾ ਦਾ ਮਿਲਾਪ ਕਰ ਸਕਦੇ ਹੋ ॥੨॥੪॥੬॥
ਪਰਮਾਤਮਾ (ਦੇ ਭਜਨ) ਤੋਂ ਬਿਨਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।
(ਜਿਹੜਾ ਮਨੁੱਖ) ਪਰਮਾਤਮਾ (ਦੀ ਯਾਦ) ਭੁਲਾ ਕੇ ਹੋਰ ਹੋਰ ਰੰਗ ਵਿਚ ਮਸਤ ਰਹਿੰਦਾ ਹੈ, ਉਸ ਦਾ ਪਹਿਨਣਾ ਖਾਣਾ ਸਭ ਕੁਝ ਵਿਅਰਥ ਹੈ ॥ ਰਹਾਉ॥
(ਮਨੁੱਖ ਇਥੇ) ਧਨ ਦੌਲਤ (ਇਕੱਠੀ ਕਰਦਾ ਹੈ), ਜੁਆਨੀ ਸੁਖ ਮਾਣਦਾ ਹੈ (ਪਰ ਇਹਨਾਂ ਵਿਚੋਂ ਕੋਈ ਭੀ ਚੀਜ਼ ਜਗਤ ਤੋਂ ਤੁਰਨ ਵੇਲੇ) ਰਤਾ ਭਰ ਭੀ (ਮਨੁੱਖ ਦੇ) ਨਾਲ ਨਹੀਂ ਜਾਂਦੀ।
ਝੱਲਾ ਮਨੁੱਖ (ਮਾਇਆ ਦੇ ਇਸ) ਠਗ-ਨੀਰੇ ਨੂੰ ਵੇਖ ਕੇ ਇਸ ਵਿਚ ਮਸਤ ਰਹਿੰਦਾ ਹੈ (ਮਾਨੋ) ਰੁੱਖ ਦੀ ਛਾਂ ਦੀ ਮੌਜ ਵਿਚ ਮਸਤ ਹੈ ॥੧॥
ਮਨੁੱਖ (ਦੁਨੀਆ ਦੇ) ਮਾਣ ਮੋਹ ਦੇ ਭਾਰੇ ਨਸ਼ੇ ਵਿਚ ਮੋਹਿਆ ਰਹਿੰਦਾ ਹੈ, ਕਾਮ ਕ੍ਰੋਧ ਦੇ ਟੋਏ ਵਿਚ ਡਿੱਗਾ ਰਹਿੰਦਾ ਹੈ।
ਹੇ ਪ੍ਰਭੂ ਜੀ! (ਨਾਨਕ ਦਾ) ਸਹਾਈ ਬਣ ਕੇ ਦਾਸ ਨਾਨਕ ਨੂੰ ਹੱਥ ਫੜ ਕੇ (ਇਸ ਟੋਏ ਵਿਚ ਡਿੱਗਣੋਂ) ਬਚਾ ਲੈ ॥੨॥੫॥੭॥
(ਜਗਤ ਤੋਂ ਤੁਰਨ ਵੇਲੇ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਜੀਵ ਦੇ) ਨਾਲ ਨਹੀਂ ਜਾਂਦਾ।
ਹੇ ਦੀਨਾਂ ਦੇ ਨਾਥ! ਹੇ ਮਿਹਰਾਂ ਦੇ ਸਾਈਂ! ਹੇ ਸੁਆਮੀ! ਹੇ ਅਨਾਥਾਂ ਦੇ ਨਾਥ! (ਤੇਰਾ ਨਾਮ ਹੀ ਅਸਲ ਸਾਥੀ ਹੈ) ॥ ਰਹਾਉ॥
(ਮਨੁੱਖ ਦੇ ਪਾਸ) ਪੁੱਤਰ (ਹੁੰਦੇ ਹਨ), ਧਨ (ਹੁੰਦਾ ਹੈ), (ਮਨੁੱਖ) ਮਾਇਆ ਦੇ ਅਨੇਕਾਂ ਰਸ ਭੋਗਦਾ ਹੈ, ਪਰ ਜਮਰਾਜ ਦੇ ਰਸਤੇ ਤੁਰਨ ਵੇਲੇ ਕੋਈ ਸਾਥ ਨਹੀਂ ਨਿਬਾਹੁੰਦਾ।
ਪਰਮਾਤਮਾ ਦਾ ਨਾਮ ਹੀ (ਨਾਲ ਨਿਭਣ ਵਾਲਾ ਅਸਲ) ਖ਼ਜ਼ਾਨਾ ਹੈ। ਗੋਬਿੰਦ ਦੇ ਗੁਣ ਗਾਇਆ ਕਰ, (ਇਸ ਤਰ੍ਹਾਂ ਆਪਣੇ ਆਪ ਨੂੰ) ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਟੋਟੇ (ਵਿਚ ਡਿੱਗਣ) ਤੋਂ ਬਚਾ ਲੈ ॥੧॥
ਹੇ ਸਮਰਥ! ਹੇ ਅਕੱਥ! ਹੇ ਅਗੋਚਰ! ਹੇ ਹਰੀ! (ਮੈਂ ਤੇਰੀ) ਸਰਨ (ਆਇਆ ਹਾਂ), (ਤੇਰਾ ਨਾਮ) ਸਿਮਰਦਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ।
ਗਰੀਬ ਨਾਨਕ ਤੇਰੇ ਸੰਤ ਜਨਾਂ ਦੀ ਚਰਨ-ਧੂੜ ਮੰਗਦਾ ਹੈ। ਇਹ ਚਰਨ-ਧੂੜ ਉਸ ਮਨੁੱਖ ਨੂੰ ਮਿਲਦੀ ਹੈ, ਜਿਸ ਦੇ ਮੱਥੇ ਉਤੇ ਧੁਰ-ਦਰਗਾਹ ਤੋਂ ਲਿਖੀ ਹੁੰਦੀ ਹੈ ॥੨॥੬॥੮॥
ਰਾਗ ਕੇਦਾਰਾ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਜਿਸ ਮਨੁੱਖ ਦੇ) ਮਨ ਤੋਂ ਪਰਮਾਤਮਾ ਨਹੀਂ ਭੁੱਲਦਾ,
ਉਸ ਦੇ ਅੰਦਰ ਆਖ਼ਰ ਇਹ ਪਿਆਰ ਇਤਨਾ ਬਲਵਾਨ ਹੋ ਜਾਂਦਾ ਹੈ ਕਿ ਹੋਰ ਸਾਰੇ ਵਿਸ਼ੇ (ਇਸ ਪ੍ਰੀਤ-ਅਗਨੀ ਵਿਚ) ਸੜ ਜਾਂਦੇ ਹਨ ॥ ਰਹਾਉ॥
(ਵੇਖੋ ਪ੍ਰੀਤ ਦੇ ਕਾਰਨਾਮੇ!) ਪਪੀਹਾ (ਸ਼੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਛੱਡ ਕੇ ਕਿਸੇ ਹੋਰ ਬੂੰਦ ਨਾਲ ਤ੍ਰਿਪਤ ਨਹੀਂ ਹੁੰਦਾ। ਮੱਛੀ (ਦਾ ਪਾਣੀ ਨਾਲ ਇਤਨਾ ਪਿਆਰ ਹੈ ਕਿ ਉਹ ਪਾਣੀ ਤੋਂ ਬਿਨਾ) ਇਕ ਘੜੀ ਭੀ ਜੀਊ ਨਹੀਂ ਸਕਦੀ।