ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 165


ਗਉੜੀ ਗੁਆਰੇਰੀ ਮਹਲਾ ੪ ॥

ਸਤਿਗੁਰ ਸੇਵਾ ਸਫਲ ਹੈ ਬਣੀ ॥

ਸਤਿਗੁਰੂ ਦੀ ਸਰਨ (ਮਨੁੱਖ ਦੇ ਆਤਮਕ ਜੀਵਨ ਵਾਸਤੇ) ਲਾਭਦਾਇਕ ਬਣ ਜਾਂਦੀ ਹੈ,

ਜਿਤੁ ਮਿਲਿ ਹਰਿ ਨਾਮੁ ਧਿਆਇਆ ਹਰਿ ਧਣੀ ॥

ਕਿਉਂਕਿ ਇਸ (ਗੁਰ-ਸਰਨ) ਦੀ ਰਾਹੀਂ (ਸਾਧ ਸੰਗਤਿ ਵਿਚ) ਮਿਲ ਕੇ ਮਾਲਕ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ।

ਜਿਨ ਹਰਿ ਜਪਿਆ ਤਿਨ ਪੀਛੈ ਛੂਟੀ ਘਣੀ ॥੧॥

ਜਿਨ੍ਹਾਂ ਮਨੁੱਖਾਂ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਿਆ ਹੈ ਉਹਨਾਂ ਦੇ ਪੂਰਨਿਆਂ ਤੇ ਤੁਰ ਕੇ ਬਹੁਤ ਲੁਕਾਈ ਵਿਕਾਰਾਂ ਤੋਂ ਬਚ ਜਾਂਦੀ ਹੈ ॥੧॥

ਗੁਰਸਿਖ ਹਰਿ ਬੋਲਹੁ ਮੇਰੇ ਭਾਈ ॥

ਹੇ ਮੇਰੇ ਭਾਈ! ਗੁਰੂ ਦੇ ਸਿੱਖ ਬਣ ਕੇ (ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਪਰਮਾਤਮਾ ਦਾ ਸਿਮਰਨ ਕਰੋ।

ਹਰਿ ਬੋਲਤ ਸਭ ਪਾਪ ਲਹਿ ਜਾਈ ॥੧॥ ਰਹਾਉ ॥

(ਤਦੋਂ ਹੀ) ਪ੍ਰਭੂ ਦਾ ਨਾਮ ਸਿਮਰਿਆਂ ਹਰੇਕ ਕਿਸਮ ਦਾ ਪਾਪ (ਮਨ ਤੋਂ) ਦੂਰ ਹੋ ਜਾਂਦਾ ਹੈ ॥੧॥ ਰਹਾਉ ॥

ਜਬ ਗੁਰੁ ਮਿਲਿਆ ਤਬ ਮਨੁ ਵਸਿ ਆਇਆ ॥

ਜਦੋਂ (ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ ਤਦੋਂ (ਇਸ ਦਾ) ਮਨ ਵੱਸ ਵਿਚ ਆ ਜਾਂਦਾ ਹੈ।

ਧਾਵਤ ਪੰਚ ਰਹੇ ਹਰਿ ਧਿਆਇਆ ॥

(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਸਿਮਰਨ ਕਰਦਿਆਂ (ਮਨੁੱਖ ਦੇ) ਪੰਜੇ (ਗਿਆਨ-ਇੰਦ੍ਰੇ ਵਿਕਾਰਾਂ ਵਲ) ਦੌੜਨੋਂ ਰਹਿ ਜਾਂਦੇ ਹਨ,

ਅਨਦਿਨੁ ਨਗਰੀ ਹਰਿ ਗੁਣ ਗਾਇਆ ॥੨॥

ਤੇ ਸਰੀਰ ਦਾ ਮਾਲਕ ਜੀਵਾਤਮਾ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦਾ ਹੈ ॥੨॥

ਸਤਿਗੁਰ ਪਗ ਧੂਰਿ ਜਿਨਾ ਮੁਖਿ ਲਾਈ ॥

ਜਿਨ੍ਹਾਂ (ਵਡ-ਭਾਗੀਆਂ) ਨੇ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉਤੇ ਲਾ ਲਈ,

ਤਿਨ ਕੂੜ ਤਿਆਗੇ ਹਰਿ ਲਿਵ ਲਾਈ ॥

ਉਹਨਾਂ ਨੇ ਝੂਠੇ ਮੋਹ ਛੱਡ ਦਿੱਤੇ ਤੇ ਪਰਮਾਤਮਾ ਦੇ ਚਰਨਾਂ ਵਿਚ ਆਪਣੀ ਸੁਰਤ ਜੋੜ ਲਈ।

ਤੇ ਹਰਿ ਦਰਗਹ ਮੁਖ ਊਜਲ ਭਾਈ ॥੩॥

ਪਰਮਾਤਮਾ ਦੀ ਹਜ਼ੂਰੀ ਵਿਚ ਉਹ ਮਨੁੱਖ ਸੁਰਖ਼ਰੂ ਹੁੰਦੇ ਹਨ ॥੩॥

ਗੁਰ ਸੇਵਾ ਆਪਿ ਹਰਿ ਭਾਵੈ ॥

ਗੁਰੂ ਦੀ ਸਰਨ (ਪੈਣਾ) ਪਰਮਾਤਮਾ ਨੂੰ ਭੀ ਚੰਗਾ ਲੱਗਦਾ ਹੈ।

ਕ੍ਰਿਸਨੁ ਬਲਭਦ੍ਰੁ ਗੁਰ ਪਗ ਲਗਿ ਧਿਆਵੈ ॥

ਕ੍ਰਿਸ਼ਨ (ਭੀ) ਗੁਰੂ ਦੀ ਚਰਨੀਂ ਲੱਗ ਕੇ ਪਰਮਾਤਮਾ ਨੂੰ ਸਿਮਰਦਾ ਰਿਹਾ, ਬਲਭੱਦ੍ਰ ਭੀ ਗੁਰੂ ਦੀ ਚਰਨੀਂ ਲੱਗ ਕੇ ਹਰਿ-ਨਾਮ ਧਿਆਉਂਦਾ ਸੀ।

ਨਾਨਕ ਗੁਰਮੁਖਿ ਹਰਿ ਆਪਿ ਤਰਾਵੈ ॥੪॥੫॥੪੩॥

ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਨੂੰ ਪਰਮਾਤਮਾ ਆਪ (ਵਿਕਾਰਾਂ ਦੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੪॥੫॥੪੩॥

ਗਉੜੀ ਗੁਆਰੇਰੀ ਮਹਲਾ ੪ ॥

ਹਰਿ ਆਪੇ ਜੋਗੀ ਡੰਡਾਧਾਰੀ ॥

ਹੱਥ ਵਿਚ ਡੰਡਾ ਰੱਖਣ ਵਾਲਾ ਜੋਗੀ ਭੀ ਪਰਮਾਤਮਾ ਆਪ ਹੀ ਹੈ,

ਹਰਿ ਆਪੇ ਰਵਿ ਰਹਿਆ ਬਨਵਾਰੀ ॥

ਕਿਉਂਕਿ ਉਹ ਹਰੀ-ਪਰਮਾਤਮਾ ਆਪ ਹੀ (ਹਰ ਥਾਂ) ਵਿਆਪਕ ਹੋ ਰਿਹਾ ਹੈ।

ਹਰਿ ਆਪੇ ਤਪੁ ਤਾਪੈ ਲਾਇ ਤਾਰੀ ॥੧॥

(ਤਪੀਆਂ ਵਿਚ ਵਿਆਪਕ ਹੋ ਕੇ) ਹਰੀ ਆਪ ਹੀ ਤਾੜੀ ਲਾ ਕੇ ਤਪ-ਸਾਧਨ ਕਰ ਰਿਹਾ ਹੈ ॥੧॥

ਐਸਾ ਮੇਰਾ ਰਾਮੁ ਰਹਿਆ ਭਰਪੂਰਿ ॥

(ਹੇ ਭਾਈ!) ਮੇਰਾ ਰਾਮ ਇਹੋ ਜਿਹਾ ਹੈ ਕਿ ਉਹ ਹਰ ਥਾਂ ਮੌਜੂਦ ਹੈ।

ਨਿਕਟਿ ਵਸੈ ਨਾਹੀ ਹਰਿ ਦੂਰਿ ॥੧॥ ਰਹਾਉ ॥

ਉਹ (ਹਰੇਕ ਜੀਵ ਦੇ) ਨੇੜੇ ਵੱਸਦਾ ਹੈ (ਕਿਸੇ ਭੀ ਥਾਂ ਤੋਂ) ਉਹ ਹਰੀ ਦੂਰ ਨਹੀਂ ਹੈ ॥੧॥ ਰਹਾਉ ॥

ਹਰਿ ਆਪੇ ਸਬਦੁ ਸੁਰਤਿ ਧੁਨਿ ਆਪੇ ॥

ਪਰਮਾਤਮਾ ਆਪ ਹੀ ਸ਼ਬਦ ਹੈ ਆਪ ਹੀ ਸੁਰਤ ਹੈ ਆਪ ਹੀ ਲਗਨ ਹੈ।

ਹਰਿ ਆਪੇ ਵੇਖੈ ਵਿਗਸੈ ਆਪੇ ॥

ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਬੈਠਾ ਇਹ ਜਗਤ-ਤਮਾਸ਼ਾ) ਵੇਖ ਰਿਹਾ ਹੈ (ਤੇ, ਆਪ ਹੀ ਇਹ ਤਮਾਸ਼ਾ ਵੇਖ ਕੇ) ਖ਼ੁਸ਼ ਹੋ ਰਿਹਾ ਹੈ।

ਹਰਿ ਆਪਿ ਜਪਾਇ ਆਪੇ ਹਰਿ ਜਾਪੇ ॥੨॥

ਪਰਮਾਤਮਾ ਆਪ ਹੀ (ਸਭ ਵਿਚ ਬੈਠ ਕੇ ਆਪਣਾ ਨਾਮ) ਜਪ ਰਿਹਾ ਹੈ ॥੨॥

ਹਰਿ ਆਪੇ ਸਾਰਿੰਗ ਅੰਮ੍ਰਿਤਧਾਰਾ ॥

ਪਰਮਾਤਮਾ ਆਪ ਹੀ ਪਪੀਹਾ ਹੈ (ਤੇ ਆਪ ਹੀ ਉਸ ਪਪੀਹੇ ਵਾਸਤੇ) ਵਰਖਾ ਦੀ ਧਾਰ ਹੈ।

ਹਰਿ ਅੰਮ੍ਰਿਤੁ ਆਪਿ ਪੀਆਵਣਹਾਰਾ ॥

ਪਰਮਾਤਮਾ ਆਪ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹੈ, ਤੇ ਆਪ ਹੀ ਉਹ (ਜੀਵਾਂ ਨੂੰ ਅੰਮ੍ਰਿਤ) ਪਿਲਾਣ ਵਾਲਾ ਹੈ।

ਹਰਿ ਆਪਿ ਕਰੇ ਆਪੇ ਨਿਸਤਾਰਾ ॥੩॥

ਪ੍ਰਭੂ ਆਪ ਹੀ (ਜਗਤ ਦੇ ਜੀਵਾਂ ਨੂੰ) ਪੈਦਾ ਕਰਦਾ ਹੈ ਤੇ ਆਪ ਹੀ (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੩॥

ਹਰਿ ਆਪੇ ਬੇੜੀ ਤੁਲਹਾ ਤਾਰਾ ॥

ਪਰਮਾਤਮਾ ਆਪ (ਜੀਵਾਂ ਦੇ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਬੇੜੀ ਹੈ ਤੁਲਹਾ ਹੈ, ਤੇ ਆਪ ਹੀ ਪਾਰ ਲੰਘਾਣ ਵਾਲਾ ਹੈ।

ਹਰਿ ਆਪੇ ਗੁਰਮਤੀ ਨਿਸਤਾਰਾ ॥

ਪ੍ਰਭੂ ਆਪ ਹੀ ਗੁਰੂ ਦੀ ਮਤਿ ਤੇ ਤੋਰ ਕੇ ਵਿਕਾਰਾਂ ਤੋਂ ਬਚਾਂਦਾ ਹੈ।

ਹਰਿ ਆਪੇ ਨਾਨਕ ਪਾਵੈ ਪਾਰਾ ॥੪॥੬॥੪੪॥

ਹੇ ਨਾਨਕ! ਪਰਮਾਤਮਾ ਆਪ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ ॥੪॥੬॥੪੪॥

ਗਉੜੀ ਬੈਰਾਗਣਿ ਮਹਲਾ ੪ ॥

ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ ॥

ਹੇ ਪ੍ਰਭੂ! ਤੂੰ ਸਾਡਾ ਸ਼ਾਹ ਹੈਂ ਤੂੰ ਸਾਡਾ ਮਾਲਕ ਹੈਂ, ਤੂੰ ਸਾਨੂੰ ਜਿਹੋ ਜਿਹਾ ਸਰਮਾਇਆ ਦੇਂਦਾ ਹੈਂ, ਉਹੋ ਜਿਹਾ ਸਰਮਾਇਆ ਅਸੀਂ ਲੈ ਲੈਂਦੇ ਹਾਂ।

ਹਰਿ ਨਾਮੁ ਵਣੰਜਹ ਰੰਗ ਸਿਉ ਜੇ ਆਪਿ ਦਇਆਲੁ ਹੋਇ ਦੇਹਿ ॥੧॥

ਜੇ ਤੂੰ ਆਪ ਮਿਹਰਵਾਨ ਹੋ ਕੇ (ਸਾਨੂੰ ਆਪਣੇ ਨਾਮ ਦਾ ਸਰਮਾਇਆ) ਦੇਵੇਂ ਤਾਂ ਅਸੀਂ ਪਿਆਰ ਨਾਲ ਤੇਰੇ ਨਾਮ ਦਾ ਵਪਾਰ ਕਰਨ ਲੱਗ ਪੈਂਦੇ ਹਾਂ ॥੧॥

ਹਮ ਵਣਜਾਰੇ ਰਾਮ ਕੇ ॥

ਹੇ ਭਾਈ! ਅਸੀਂ ਜੀਵ ਪਰਮਾਤਮਾ (ਸ਼ਾਹੂਕਾਰ) ਦੇ (ਭੇਜੇ ਹੋਏ) ਵਪਾਰੀ ਹਾਂ।

ਹਰਿ ਵਣਜੁ ਕਰਾਵੈ ਦੇ ਰਾਸਿ ਰੇ ॥੧॥ ਰਹਾਉ ॥

ਉਹ ਸ਼ਾਹ (ਆਪਣੇ ਨਾਮ ਦਾ) ਸਰਮਾਇਆ ਦੇ ਕੇ (ਅਸਾਂ ਜੀਵਾਂ ਪਾਸੋਂ) ਵਪਾਰ ਕਰਾਂਦਾ ਹੈ ॥੧॥ ਰਹਾਉ ॥

ਲਾਹਾ ਹਰਿ ਭਗਤਿ ਧਨੁ ਖਟਿਆ ਹਰਿ ਸਚੇ ਸਾਹ ਮਨਿ ਭਾਇਆ ॥

(ਜਿਸ ਜੀਵ-ਵਣਜਾਰੇ ਨੇ) ਪਰਮਾਤਮਾ ਦੀ ਭਗਤੀ ਦੀ ਖੱਟੀ ਖੱਟੀ ਹੈ ਪਰਮਾਤਮਾ ਦਾ ਨਾਮ-ਧਨ ਖੱਟਿਆ ਹੈ, ਉਹ ਉਸ ਸਦਾ ਕਾਇਮ ਰਹਿਣ ਵਾਲੇ ਸ਼ਾਹ-ਪ੍ਰਭੂ ਦੇ ਮਨ ਵਿਚ ਪਿਆਰਾ ਲੱਗਦਾ ਹੈ।

ਹਰਿ ਜਪਿ ਹਰਿ ਵਖਰੁ ਲਦਿਆ ਜਮੁ ਜਾਗਾਤੀ ਨੇੜਿ ਨ ਆਇਆ ॥੨॥

(ਜਿਸ ਜੀਵ-ਵਪਾਰੀ ਨੇ) ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝਿਆ ਹੈ, ਜਮ-ਮਸੂਲੀਆ ਉਸ ਦੇ ਨੇੜੇ ਭੀ ਨਹੀਂ ਢੁਕਦਾ ॥੨॥

ਹੋਰੁ ਵਣਜੁ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖੁ ਮਾਇਆ ॥

ਪਰ ਜੇਹੜੇ ਜੀਵ-ਵਣਜਾਰੇ (ਪ੍ਰਭੂ-ਨਾਮ ਤੋਂ ਬਿਨਾ) ਹੋਰ ਹੋਰ ਵਣਜ ਕਰਦੇ ਹਨ, ਉਹ ਮਾਇਆ ਦੇ ਮੋਹ ਦੀਆਂ ਬੇਅੰਤ ਲਹਰਾਂ ਵਿਚ ਫਸ ਕੇ ਦੁਖ ਸਹਾਰਦੇ ਰਹਿੰਦੇ ਹਨ।

ਓਇ ਜੇਹੈ ਵਣਜਿ ਹਰਿ ਲਾਇਆ ਫਲੁ ਤੇਹਾ ਤਿਨ ਪਾਇਆ ॥੩॥

(ਉਹਨਾਂ ਦੇ ਭੀ ਕੀਹ ਵੱਸ?) ਜਿਹੋ ਜਿਹੇ ਵਣਜ ਵਿਚ ਪਰਮਾਤਮਾ ਨੇ ਉਹਨਾਂ ਨੂੰ ਲਾ ਦਿੱਤਾ ਹੈ, ਉਹੋ ਜਿਹਾ ਹੀ ਫਲ ਉਹਨਾਂ ਨੇ ਪਾ ਲਿਆ ਹੈ ॥੩॥

ਹਰਿ ਹਰਿ ਵਣਜੁ ਸੋ ਜਨੁ ਕਰੇ ਜਿਸੁ ਕ੍ਰਿਪਾਲੁ ਹੋਇ ਪ੍ਰਭੁ ਦੇਈ ॥

ਪਰਮਾਤਮਾ ਦੇ ਨਾਮ ਦਾ ਵਪਾਰ ਉਹੀ ਮਨੁੱਖ ਕਰਦਾ ਹੈ ਜਿਸ ਨੂੰ ਪਰਮਾਤਮਾ ਆਪ ਮਿਹਰਵਾਨ ਹੋ ਕੇ ਦੇਂਦਾ ਹੈ।

ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ ਮੂਲਿ ਨ ਲੇਈ ॥੪॥੧॥੭॥੪੫॥

ਹੇ ਦਾਸ ਨਾਨਕ! ਜਿਸ ਮਨੁੱਖ ਨੇ (ਸਭ ਦੇ) ਸ਼ਾਹ ਪਰਮਾਤਮਾ ਦੀ ਸੇਵਾ-ਭਗਤੀ ਕੀਤੀ ਹੈ, ਉਸ ਪਾਸੋਂ ਉਹ ਸ਼ਾਹ-ਪ੍ਰਭੂ ਕਦੇ ਭੀ (ਉਸ ਦੇ ਵਣਜ-ਵਪਾਰ ਦਾ) ਲੇਖਾ ਨਹੀਂ ਮੰਗਦਾ ॥੪॥੧॥੭॥੪੫॥

ਗਉੜੀ ਬੈਰਾਗਣਿ ਮਹਲਾ ੪ ॥

ਜਿਉ ਜਨਨੀ ਗਰਭੁ ਪਾਲਤੀ ਸੁਤ ਕੀ ਕਰਿ ਆਸਾ ॥

ਜਿਵੇਂ ਕੋਈ ਮਾਂ ਪੁੱਤਰ (ਜੰਮਣ) ਦੀ ਆਸ ਰੱਖ ਕੇ (ਨੌ ਮਹੀਨੇ ਆਪਣੀ) ਕੁੱਖ ਦੀ ਸੰਭਾਲ ਕਰਦੀ ਰਹਿੰਦੀ ਹੈ,

ਵਡਾ ਹੋਇ ਧਨੁ ਖਾਟਿ ਦੇਇ ਕਰਿ ਭੋਗ ਬਿਲਾਸਾ ॥

(ਉਹ ਆਸ ਕਰਦੀ ਹੈ ਕਿ ਮੇਰਾ ਪੁੱਤਰ) ਵੱਡਾ ਹੋ ਕੇ ਧਨ ਖੱਟ-ਕਮਾ ਕੇ ਸਾਡੇ ਸੁਖ ਆਨੰਦ ਵਾਸਤੇ ਸਾਨੂੰ (ਲਿਆ ਕੇ) ਦੇਵੇਗਾ,

ਤਿਉ ਹਰਿ ਜਨ ਪ੍ਰੀਤਿ ਹਰਿ ਰਾਖਦਾ ਦੇ ਆਪਿ ਹਥਾਸਾ ॥੧॥

ਇਸੇ ਤਰ੍ਹਾਂ ਪਰਮਾਤਮਾ ਆਪਣੇ ਸੇਵਕਾਂ ਦੀ ਪ੍ਰੀਤਿ ਨੂੰ ਆਪ ਆਪਣਾ ਹੱਥ ਦੇ ਕੇ ਕਾਇਮ ਰੱਖਦਾ ਹੈ ॥੧॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430