ਉਹ ਅੰਤਰਜਾਮੀ (ਜੀਵਾਂ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ਤੇ ਉਸ ਨੂੰ ਸਮਝ ਕੇ (ਉਸ ਤੇ) ਵਿਚਾਰ ਭੀ ਕਰਦਾ ਹੈ,
ਇਕ ਪਲਕ ਵਿਚ ਕੁਦਰਤਿ ਦੇ ਅਨੇਕਾਂ ਰੂਪ ਬਣਾ ਦੇਂਦਾ ਹੈ,
ਜਿਸ ਮਨੁੱਖ ਨੂੰ ਉਹ ਸੱਚ ਵਿਚ ਜੋੜਦਾ ਹੈ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।
ਪ੍ਰਭੂ ਜਿਸ ਜੀਵ ਦੇ ਪੱਖ ਵਿਚ ਹੋ ਜਾਂਦਾ ਹੈ ਉਹ ਜੀਵ (ਵਿਕਾਰਾਂ ਨੂੰ ਕਾਬੂ ਕਰਨ ਦੀ ਬਾਜ਼ੀ) ਕਦੇ ਹਾਰਦਾ ਨਹੀਂ,
ਉਸ ਪ੍ਰਭੂ ਦਾ ਦਰਬਾਰ ਸਦਾ ਅਟੱਲ ਹੈ, ਮੈਂ ਉਸ ਨੂੰ ਨਮਸਕਾਰ ਕਰਦਾ ਹਾਂ ॥੪॥
ਹੇ ਨਾਨਕ! ਕਾਮ ਕ੍ਰੋਧ ਤੇ ਲੋਭ (ਆਦਿਕ ਵਿਕਾਰ) ਛੱਡ ਦੇਣੇ ਚਾਹੀਦੇ ਹਨ, (ਇਹਨਾਂ ਨੂੰ) ਅੱਗ ਵਿਚ ਸਾੜ ਦੇਈਏ,
ਜਦ ਤਕ ਜੀਊਂਦੇ ਹਾਂ (ਪ੍ਰਭੂ ਦਾ) ਸੱਚਾ ਨਾਮ ਸਦਾ ਸਿਮਰਦੇ ਰਹੀਏ ॥੧॥
ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਸਾਰੇ ਫਲ ਹਾਸਲ ਹੋ ਜਾਂਦੇ ਹਨ (ਭਾਵ, ਜਗਤ ਵਾਲੀਆਂ ਸਾਰੀਆਂ ਵਾਸ਼ਨਾ ਮੁੱਕ ਜਾਂਦੀਆਂ ਹਨ)
ਹੇ ਨਾਨਕ! ਜਿਸ ਮਨੁੱਖ ਨੇ ਪੂਰੇ ਗੁਰੂ ਦੀ ਰਾਹੀਂ ਪ੍ਰਭੂ ਦਾ ਨਾਮ ਸਿਮਰਿਆ ਹੈ, ਗੁਰੂ ਨੇ ਉਸ ਨੂੰ ਪ੍ਰਭੂ ਨਾਲ ਮਿਲਾ ਦਿੱਤਾ ਹੈ ॥੨॥
ਜਿਸ ਮਨੁੱਖ ਨੂੰ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ ਉਹ ਜਗਤ ਵਿਚ (ਰਹਿੰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੈ;
ਉਸ ਦੀ ਬਿਪਤਾ ਦੂਰ ਹੋ ਜਾਂਦੀ ਹੈ, ਉਸ ਦੇ ਫ਼ਿਕਰ ਮਿਟ ਜਾਂਦੇ ਹਨ;
ਉਸ ਦਾ ਦਰਸ਼ਨ ਕਰ ਕੇ (ਸਾਰਾ) ਜਗਤ ਨਿਹਾਲ ਹੋ ਜਾਂਦਾ ਹੈ,
ਉਸ ਜਨ ਦੀ ਸੰਗਤ ਵਿਚ ਜੀਵ ਪਾਪਾਂ ਦੀ ਮੈਲ ਧੋ ਕੇ ਨਿਹਾਲ ਹੁੰਦਾ ਹੈ;
ਉਸ ਦੀ ਸੰਗਤ ਵਿਚ ਅਮਰ ਕਰਨ ਵਾਲਾ ਸੱਚਾ ਨਾਮ ਸਿਮਰੀਦਾ ਹੈ।
ਤ੍ਰਿਸ਼ਨਾ ਦਾ ਮਾਰਿਆ ਬੰਦਾ ਭੀ ਓਥੇ ਰੱਜ ਜਾਂਦਾ ਹੈ, ਉਸ ਦੇ ਮਨ ਨੂੰ ਸੰਤੋਖ ਆ ਜਾਂਦਾ ਹੈ।
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ ਉਸ ਦੇ (ਮਾਇਆ ਵਾਲੇ) ਬੰਧਨ ਕੱਟੇ ਜਾਂਦੇ ਹਨ।
ਪਰ, ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਨਾਮ-ਧਨ ਖੱਟਿਆ ਹੈ ॥੫॥
ਮੈਂ ਆਪਣੇ ਮਨ ਵਿਚ (ਇਹ) ਸੋਚਦਾ ਹਾਂ ਕਿ ਨਿੱਤ (ਸਵੇਰੇ) ਉੱਠ ਕੇ ਉੱਦਮ ਕਰਾਂ।
ਹੇ ਨਾਨਕ ਦੇ ਮਿਤ੍ਰ! ਮੈਨੂੰ ਆਪਣੀ ਸਿਫ਼ਤ-ਸਾਲਾਹ ਦਾ ਆਹਰ ਬਖ਼ਸ਼ ॥੧॥
ਜਿਨ੍ਹਾਂ ਨੂੰ ਪ੍ਰਭੂ ਨੇ ਮੇਹਰ ਦੀ ਨਜ਼ਰ ਕਰ ਕੇ ਰੱਖ ਲਿਆ ਹੈ ਉਹਨਾਂ ਦਾ ਮਨ ਤੇ ਤਨ ਪ੍ਰਭੂ ਵਿਚ ਰੱਤਾ ਰਹਿੰਦਾ ਹੈ,
ਹੇ ਨਾਨਕ! (ਇਹ ਹਾਲਤ ਹੈ ਉਨ੍ਹਾਂ ਦੀ) ਜੋ (ਜੀਵ-ਇਸਤ੍ਰੀਆਂ) ਪ੍ਰਭੂ ਨੂੰ ਭਾ ਗਈਆਂ ਹਨ। ਪਰ ਮੈਂ ਅਭਾਗਣ ਦੁਖ ਵਿਚ ਮਰ ਰਹੀ ਹਾਂ (ਹੇ ਪ੍ਰਭੂ! ਮੇਰੇ ਤੇ ਕਿਰਪਾ ਕਰ) ॥੨॥
ਦਿਲ ਦਾ ਜੋ ਦੁੱਖ ਹੋਵੇ ਉਹ ਆਪਣੇ ਸਤਿਗੁਰੂ ਅਗੇ ਬੇਨਤੀ ਕਰ!
ਆਪਣੀ ਸਾਰੀ ਚਤੁਰਾਈ ਛੱਡ ਦੇਹ ਤੇ ਮਨ ਤਨ ਗੁਰੂ ਦੇ ਹਵਾਲੇ ਕਰ ਦੇਹ!
ਸਤਿਗੁਰੂ ਦੇ ਪੈਰ ਪੂਜ! (ਭਾਵ, ਗੁਰੂ ਦਾ ਆਸਰਾ ਲੈ, ਇਸ ਤਰ੍ਹਾਂ) ਭੈੜੀ ਮੱਤ (ਰੂਪ 'ਬਿਰਥਾ') ਸੜ ਜਾਂਦੀ ਹੈ।
ਗੁਰਮੁਖਾਂ ਦੀ ਸੰਗਤ ਵਿਚ ਇਹ ਔਖਾ ਸੰਸਾਰ-ਸਮੁੰਦਰ ਤਰ ਜਾਈਦਾ ਹੈ।
ਗੁਰੂ ਦੇ ਦੱਸੇ ਰਾਹ ਤੇ ਤੁਰੋ, ਪਰਲੋਕ ਵਿਚ ਡਰ ਡਰ ਨਹੀਂ ਮਰੋਗੇ।
ਗੁਰੂ (ਗੁਣਾਂ ਤੋਂ) ਸੱਖਣੇ ਬੰਦਿਆਂ ਨੂੰ (ਗੁਣਾਂ ਨਾਲ) ਨਕਾ-ਨਕ ਭਰ ਕੇ ਇਕ ਪਲਕ ਵਿਚ ਨਿਹਾਲ ਕਰ ਦੇਂਦਾ ਹੈ।
(ਗੁਰੂ ਦੀ ਰਾਹੀਂ ਜੇ) ਸਦਾ ਪ੍ਰਭੂ ਨੂੰ ਸਿਮਰੀਏ ਤਾਂ ਮਨ ਨੂੰ ਸੰਤੋਖ ਆਉਂਦਾ ਹੈ।
ਪਰ, ਗੁਰੂ ਦੀ ਦੱਸੀ ਸੇਵਾ ਵਿਚ ਉਹੀ ਮਨੁੱਖ ਲੱਗਦਾ ਹੈ ਜਿਸ ਉਤੇ ਧੁਰੋਂ ਬਖ਼ਸ਼ਸ਼ ਹੋਵੇ ॥੬॥
(ਮੇਰੀ ਪ੍ਰੀਤ) ਚੰਗੇ ਟਿਕਾਣੇ ਤੇ (ਭਾਵ, ਪਿਆਰੇ ਪ੍ਰਭੂ ਦੇ ਚਰਨਾਂ ਵਿਚ) ਚੰਗੀ ਤਰ੍ਹਾਂ ਲੱਗ ਗਈ ਹੈ ਜੋੜਨਹਾਰ ਪ੍ਰਭੂ ਨੇ ਆਪ ਜੋੜੀ ਹੈ,
ਹੇ ਨਾਨਕ! (ਜਗਤ ਵਿਚ) ਸੈਂਕੜੇ ਤੇ ਲੱਖਾਂ ਹੋਰ ਹੋਰ (ਭਾਵ, ਵਿਕਾਰਾਂ ਦੀਆਂ) ਲਹਿਰਾਂ (ਚੱਲ ਰਹੀਆਂ) ਹਨ, ਪਰ, ਮੇਰਾ ਪਿਆਰਾ (ਮੈਨੂੰ ਇਹਨਾਂ ਲਹਿਰਾਂ ਵਿਚ) ਡੁੱਬਣ ਨਹੀਂ ਦੇਂਦਾ ॥੧॥
(ਸੰਸਾਰ ਰੂਪ ਇਸ) ਡਰਾਉਣੇ ਜੰਗਲ ਵਿਚ ਮੈਨੂੰ ਹਰਿ-ਨਾਮ ਰੂਪ ਇਕੋ ਸਾਥੀ ਲੱਭਾ ਹੈ ਜੋ ਦੁੱਖਾਂ ਦਾ ਨਾਸ ਕਰਨ ਵਾਲਾ ਹੈ,
ਹੇ ਨਾਨਕ! ਮੈਂ ਪਿਆਰੇ ਗੁਰੂ ਤੋਂ ਸਦਕੇ ਹਾਂ (ਜਿਸ ਦੀ ਮਿਹਰ ਨਾਲ ਮੇਰਾ ਇਹ) ਕੰਮ ਸਿਰੇ ਚੜ੍ਹਿਆ ਹੈ ॥੨॥
(ਹੇ ਪ੍ਰਭੂ!) ਜੇ ਤੇਰੇ (ਪਿਆਰ ਦੇ) ਰੰਗ ਵਿਚ ਰੰਗੇ ਜਾਈਏ ਤਾਂ, ਮਾਨੋ, ਸਾਰੇ ਖ਼ਜ਼ਾਨੇ ਮਿਲ ਜਾਂਦੇ ਹਨ।
ਤੈਨੂੰ ਸਿਮਰਦਿਆਂ (ਕਿਸੇ ਗੱਲੇ) ਪਛੁਤਾਉਣਾ ਨਹੀਂ ਪੈਂਦਾ (ਭਾਵ, ਕੋਈ ਐਸਾ ਮੰਦਾ ਕੰਮ ਨਹੀਂ ਕਰ ਸਕੀਦਾ ਜਿਸ ਕਰਕੇ ਪਛਤਾਉਣਾ ਪਏ)।
ਜਿਨ੍ਹਾਂ ਸੇਵਕਾਂ ਨੂੰ ਤੇਰਾ ਆਸਰਾ ਹੁੰਦਾ ਹੈ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।
ਹੇ ਮਨ! ਪੂਰੇ ਗੁਰੂ ਨੂੰ ਸ਼ਾਬਾਸ਼ੇ (ਆਖ, ਜਿਸ ਦੀ ਰਾਹੀਂ 'ਨਾਮ') ਚਿਤਾਰ ਕੇ ਸੁਖ ਮਿਲਦਾ ਹੈ।
ਸਿਫ਼ਤ-ਸਾਲਾਹ ਦਾ ਖ਼ਜ਼ਾਨਾ ਸਤਿਗੁਰੂ ਦੇ ਪਾਸ ਹੀ ਹੈ, ਤੇ ਮਿਲਦਾ ਹੈ ਪਰਮਾਤਮਾ ਦੀ ਕਿਰਪਾ ਨਾਲ।
ਜੇ ਸਤਿਗੁਰੂ ਮੇਹਰ ਦੀ ਨਜ਼ਰ ਨਾਲ ਤੱਕੇ ਤਾਂ ਮੁੜ ਮੁੜ ਨਹੀਂ ਭਟਕੀਦਾ।
ਦਇਆ ਦਾ ਘਰ ਪ੍ਰਭੂ ਆਪ ਆਪਣੇ ਸੇਵਕ ਬਣਾ ਕੇ (ਇਸ ਭਟਕਣਾ ਤੋਂ) ਬਚਾਂਦਾ ਹੈ।
ਮੈਂ ਭੀ ਉਸੇ ਪ੍ਰਭੂ ਦਾ ਨਾਮ ਸੁਣ ਸੁਣ ਕੇ ਜੀਊ ਰਿਹਾ ਹਾਂ ॥੭॥