ਹੇ ਨਾਨਕ! (ਆਖ-ਮੇਰੇ) ਮਨ ਵਿਚ ਸ਼ਾਂਤੀ ਪੈਦਾ ਹੋ ਗਈ ਹੈ, ਆਤਮਕ ਅਡੋਲਤਾ ਦੇ ਸੁਖ ਪੈਦਾ ਹੋ ਗਏ ਹਨ, (ਮਾਨੋ) ਕ੍ਰੋੜਾਂ ਸੂਰਜਾਂ ਦਾ (ਮੇਰੇ ਅੰਦਰ) ਚਾਨਣ ਹੋ ਗਿਆ ਹੈ ॥੨॥੫॥੨੪॥
ਹੇ ਭਾਈ! ਪਰਮਾਤਮਾ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ।
ਉਹ (ਸਭ ਜੀਵਾਂ ਦੀ) ਜਿੰਦ ਪ੍ਰਾਣਾਂ ਦਾ ਸਹਾਰਾ ਹੈ, (ਸਭ ਨੂੰ) ਸੁਖ ਦੇਣ ਵਾਲਾ ਹੈ, (ਸਭ ਦੇ) ਦਿਲ ਦੀ ਜਾਣਨ ਵਾਲਾ ਹੈ, (ਸਭਨਾਂ ਦੇ) ਮਨ ਦਾ ਪਿਆਰਾ ਹੈ ਰਹਾਉ॥
ਹੇ ਭਾਈ! ਪਰਮਾਤਮਾ ਸੋਹਣਾ ਹੈ, ਸੁਚੱਜੀ ਘਾੜਤ ਵਾਲਾ ਹੈ, ਸਿਆਣਾ ਹੈ, ਸਭ ਕੁਝ ਜਾਣਨ ਵਾਲਾ ਹੈ, ਆਪਣੇ ਦਾਸਾਂ ਦੇ ਹਿਰਦੇ ਵਿਚ ਨਿਵਾਸ ਰੱਖਣ ਵਾਲਾ ਹੈ, ਭਗਤ ਉਸ ਦੇ ਗੁਣ ਗਾਂਦੇ ਹਨ।
ਉਹ ਮਾਲਕ ਪਵਿਤ੍ਰ-ਸਰੂਪ ਹੈ, ਬੇ-ਮਿਸਾਲ ਹੈ। ਉਸ ਦਾ ਬਣਾਇਆ ਹੋਇਆ ਇਹ ਮਨੁੱਖਾ ਸਰੀਰ ਕਰਮ ਬੀਜਣ ਲਈ ਧਰਤੀ ਹੈ; ਜੋ ਕੁਝ ਜੀਵ ਇਸ ਵਿਚ ਬੀਜਦੇ ਹਨ, ਉਹੀ ਖਾਂਦੇ ਹਨ ॥੧॥
(ਹੇ ਭਾਈ! ਉਸ ਪਰਮਾਤਮਾ ਬਾਰੇ ਸੋਚ ਕੇ) ਬਹੁਤ ਹੀ ਹੈਰਾਨ ਹੋ ਜਾਈਦਾ ਹੈ। ਕੋਈ ਭੀ ਹੋਰ ਦੂਜਾ ਉਸ ਦੇ ਬਰਾਬਰ ਦਾ ਨਹੀਂ ਹੈ।
ਹੇ ਨਾਨਕ! (ਆਖ-) ਉਸ ਦੇ ਸੇਵਕ ਉਸ ਤੋ ਸਦਾ ਸਦਕੇ ਹੁੰਦੇ ਹਨ। ਹੇ ਭਾਈ! ਉਸ ਦੀ ਸਿਫ਼ਤਿ-ਸਾਲਾਹ (ਆਪਣੀ) ਜੀਭ ਨਾਲ ਕਰ ਕਰ ਕੇ ਮੈਂ (ਭੀ) ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ ॥੨॥੬॥੨੫॥
ਹੇ ਮਾਂ! ਮਾਇਆ ਇਕ ਛਲਾਵਾ ਹੈ (ਜੋ ਕਈ ਰੂਪ ਵਿਖਾ ਕੇ ਛੇਤੀ ਹੀ ਗੁੰਮ ਹੋ ਜਾਂਦਾ ਹੈ)।
ਪਰਮਾਤਮਾ ਦੇ ਭਜਨ ਤੋਂ ਬਿਨਾ (ਇਸ ਮਾਇਆ ਦੀ ਪਾਂਇਆਂ ਇਤਨੀ ਹੈ ਜਿਵੇਂ ਕਿ) ਕੱਖਾਂ ਦੀ ਅੱਗ ਹੈ, ਬੱਦਲਾਂ ਦੀ ਛਾਂ ਹੈ, (ਦਰਿਆ ਦੇ) ਹੜ ਦਾ ਪਾਣੀ ਹੈ ਰਹਾਉ॥
ਹੇ ਭਾਈ! (ਮਾਇਆ ਛਲਾਵੇ ਦੇ ਧੋਖੇ ਤੋਂ ਬਚਣ ਲਈ) ਬਹੁਤੀਆਂ ਚਲਾਕੀਆਂ ਤੇ ਸਿਆਣਪਾਂ ਛੱਡ ਦੇ, ਦੋਵੇਂ ਹੱਥ ਜੋੜ ਕੇ ਗੁਰੂ ਦੇ (ਦੱਸੇ ਹੋਏ) ਰਸਤੇ ਉਤੇ ਤੁਰਿਆ ਕਰ,
ਅੰਤਰਜਾਮੀ ਮਾਲਕ ਪ੍ਰਭੂ ਦਾ ਨਾਮ ਸਿਮਰਿਆ ਕਰ-ਮਨੁੱਖ ਸਰੀਰ ਦਾ ਸਭ ਤੋਂ ਚੰਗਾ ਫਲ ਇਹੀ ਹੈ ॥੧॥
ਹੇ ਭਾਈ! ਭਲੇ ਮਨੁੱਖ ਆਤਮਕ ਜੀਵਨ ਦੀ ਸੂਝ ਦਾ ਇਹ ਉਪਦੇਸ਼ ਕਰਦੇ ਹੀ ਰਹਿੰਦੇ ਹਨ, ਪਰ ਨਿਭਾਗਾ ਮੂਰਖ ਮਨੁੱਖ (ਇਸ ਉਪਦੇਸ਼ ਨੂੰ) ਨਹੀਂ ਸਮਝਦਾ।
ਹੇ ਨਾਨਕ! ਪ੍ਰਭੂ ਦੇ ਦਾਸ ਪ੍ਰਭੂ ਦੀ ਪਿਆਰ-ਭਗਤੀ ਵਿਚ ਮਸਤ ਰਹਿੰਦੇ ਹਨ। ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ (ਉਹਨਾਂ ਦੇ ਅੰਦਰੋਂ ਕਾਮਾਦਿਕ) ਭਲਵਾਨ ਸੜ ਕੇ ਸੁਆਹ ਹੋ ਜਾਂਦੇ ਹਨ ॥੨॥੭॥੨੬॥
ਹੇ ਮਾਂ! ਗੁਰੂ ਦੇ ਚਰਨ (ਮੈਨੂੰ) ਪਿਆਰੇ ਲੱਗਦੇ ਹਨ।
(ਜਿਸ ਮਨੁੱਖ ਨੂੰ) ਵੱਡੀ ਕਿਸਮਤ ਨਾਲ ਪਰਮਾਤਮਾ (ਗੁਰੂ ਦੇ ਚਰਨਾਂ ਦਾ ਮਿਲਾਪ) ਦੇਂਦਾ ਹੈ, ਗੁਰੂ ਦਾ ਦਰਸਨ ਕੀਤਿਆਂ (ਉਸ ਮਨੁੱਖ ਨੂੰ) ਕ੍ਰੋੜਾਂ (ਪੁੰਨਾਂ ਦੇ) ਫਲ ਪ੍ਰਾਪਤ ਹੋ ਜਾਂਦੇ ਹਨ ਰਹਾਉ॥
ਹੇ ਮਾਂ! (ਗੁਰੂ ਦੇ ਚਰਨੀਂ ਪੈ ਕੇ) ਅਟੱਲ ਅਬਿਨਾਸੀ ਪਰਮਾਤਮਾ ਦੇ ਗੁਣ ਗਾਂਦਿਆਂ ਗਾਂਦਿਆਂ ਮੁੜ ਮੁੜ ਹੱਲਾ ਕਰ ਕੇ ਆਉਣ ਵਾਲੇ ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ।
(ਗੁਰੂ ਦੇ ਚਰਨਾਂ ਦੀ ਬਰਕਤਿ ਨਾਲ ਜੇਹੜੇ ਮਨੁੱਖ) ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ਉਹ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਹੋ ਜਾਂਦੇ ਹਨ, ਉਹ ਜਨਮ ਮਰਣ (ਦੀ ਚੱਕੀ) ਵਿਚ ਮੁੜ ਮੁੜ ਨਹੀਂ ਪੀਸੇ ਜਾਂਦੇ ॥੧॥
ਹੇ ਮਾਂ! (ਜੇਹੜੇ ਮਨੁੱਖ ਗੁਰੂ ਦੇ ਚਰਨੀਂ ਲੱਗਦੇ ਹਨ, ਉਹ) ਦਇਆ ਦੇ ਘਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਭਜਨ (ਦੇ ਆਨੰਦ) ਤੋਂ ਬਿਨਾ ਹੋਰ ਸਾਰੇ ਹੀ (ਦੁਨੀਆਵੀ) ਸੁਆਦਾਂ ਤੇ ਤਮਾਸ਼ਿਆਂ ਨੂੰ ਝੂਠੇ ਜਾਣਦੇ ਹਨ।
ਹੇ ਨਾਨਕ! (ਆਖ-ਹੇ ਮਾਂ!) ਪਰਮਾਤਮਾ ਦੇ ਸੇਵਕ (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਰਤਨ (ਵਰਗਾ ਕੀਮਤੀ) ਨਾਮ ਹਾਸਲ ਕਰਦੇ ਹਨ। ਹਰਿ-ਨਾਮ ਤੋਂ ਸੱਖਣੇ ਸਾਰੇ ਹੀ ਜੀਵ (ਆਪਣਾ ਆਤਮਕ ਜੀਵਨ) ਲੁਟਾ ਕੇ (ਜਗਤ ਤੋਂ) ਜਾਂਦੇ ਹਨ ॥੨॥੮॥੨੭॥
ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ,
(ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ) ਆਤਮਕ ਅਡੋਲਤਾ ਦੇ ਕਾਰਨ (ਉਸ ਦੇ ਅੰਦਰ) ਦਿਨ ਰਾਤ (ਹਰ ਵੇਲੇ) ਆਨੰਦ ਬਣਿਆ ਰਹਿੰਦਾ ਹੈ। (ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਅਸਾਂ ਜੀਵਾਂ ਦੇ ਪਿਛਲੇ ਕੀਤੇ ਕਰਮਾਂ ਦਾ ਭਲਾ ਅੰਗੂਰ ਫੁੱਟ ਪੈਂਦਾ ਹੈ ਰਹਾਉ॥
ਹੇ ਭਾਈ! ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
ਉਹ ਪਰਮਾਤਮਾ ਆਪਣੇ ਉਸ ਸੇਵਕ ਨੂੰ (ਉਸਦਾ) ਹੱਥ ਫੜ ਕੇ ਵਿਹੁਲੇ ਸੰਸਾਰ-ਸਮੁੰਦਰ ਵਿਚੋਂ ਬਾਹਰ ਕੱਢ ਲੈਂਦਾ ਹੈ, (ਜਿਸ ਸੇਵਕ ਨੂੰ) ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ ॥੧॥
ਹੇ ਭਾਈ! ਗੁਰੂ ਦੇ ਬਚਨਾਂ ਉਤੇ ਤੁਰਿਆਂ ਜਨਮ ਮਰਨ ਵਿਚ ਪਾਣ ਵਾਲੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ, ਕਸ਼ਟਾਂ-ਭਰੇ ਚੌਰਾਸੀ ਦੇ ਗੇੜ ਦਾ ਦਰਵਾਜ਼ਾ ਮੁੜ ਨਹੀਂ ਵੇਖਣਾ ਪੈਂਦਾ।
ਹੇ ਨਾਨਕ! (ਆਖ-ਹੇ ਭਾਈ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਭੀ ਮਾਲਕ-ਪ੍ਰਭੂ ਦਾ ਆਸਰਾ ਲਿਆ ਹੈ, ਮੈਂ (ਉਸ ਦੇ ਦਰ ਤੇ) ਮੁੜ ਮੁੜ ਸਿਰ ਨਿਵਾਂਦਾ ਹਾਂ ॥੨॥੯॥੨੮॥
ਹੇ ਮਾਂ! (ਪਰਮਾਤਮਾ ਦਾ ਨਾਮ ਸਿਮਰਦਿਆਂ) ਮੇਰੇ ਮਨ ਦਾ ਸੁਖ (ਇਤਨਾ ਉੱਚਾ ਹੋ ਜਾਂਦਾ ਹੈ,
ਕਿ ਇਉਂ ਜਾਪਦਾ ਹੈ, ਜਿਵੇਂ ਮੇਰਾ ਮਨ) ਕ੍ਰੋੜਾਂ ਆਨੰਦ ਮਾਣ ਰਿਹਾ ਹੈ; ਕ੍ਰੋੜਾਂ ਬਾਦਸ਼ਾਹੀਆਂ ਦਾ ਸੁਖ ਮਾਣ ਰਿਹਾ ਹੈ। ਹੇ ਮਾਂ! ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰਾ ਦੁੱਖ ਨਾਸ ਹੋ ਜਾਂਦਾ ਹੈ ॥੧॥ ਰਹਾਉ ॥
ਹੇ ਮਾਂ! ਪਰਮਾਤਮਾ ਦਾ ਨਾਮ ਸਿਮਰਿਆਂ ਤਨ ਮਨ ਪਵਿਤ੍ਰ ਹੋ ਜਾਂਦੇ ਹਨ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਕ੍ਰੋੜਾਂ ਜਨਮਾਂ ਦੇ (ਕੀਤੇ ਹੋਏ) ਪਾਪ ਨਾਸ ਹੋ ਜਾਂਦੇ ਹਨ।
(ਸਿਮਰਨ ਦੀ ਬਰਕਤਿ ਨਾਲ) ਪ੍ਰਭੂ ਦਾ ਦੀਦਾਰ ਕਰ ਕੇ (ਮਨ ਦੀ ਹਰੇਕ) ਮੁਰਾਦ ਪੂਰੀ ਹੋ ਜਾਂਦੀ ਹੈ, ਦਰਸਨ ਕਰਦਿਆਂ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ ॥੧॥
ਹੇ ਮਾਂ! ਚਾਰ ਪਦਾਰਥ (ਦੇਣ ਵਾਲਾ), ਅੱਠ ਵੱਡੀਆਂ ਕਰਾਮਾਤੀ ਤਾਕਤਾਂ (ਦੇਣ ਵਾਲਾ) ਪਰਮਾਤਮਾ ਆਪ ਹੀ ਹੈ। ਪਰਮਾਤਮਾ ਆਪ ਹੀ ਹੈ ਕਾਮਧੇਨ; ਪਰਮਾਤਮਾ ਆਪ ਹੀ ਹੈ ਪਾਰਜਾਤ ਰੁੱਖ।
ਹੇ ਨਾਨਕ! (ਆਖ-ਹੇ ਮਾਂ! ਜਿਸ ਮਨੁੱਖ ਨੇ) ਸੁਖਾਂ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲੈ ਲਿਆ, ਉਸ ਨੂੰ ਜਨਮ ਮਰਨ ਦੇ ਗੇੜ ਦਾ ਫ਼ਿਕਰ, ਜੂਨਾਂ ਵਿਚ ਪੈਣ ਦਾ ਫ਼ਿਕਰ ਨਹੀਂ ਰਹਿੰਦਾ ॥੨॥੧੦॥੨੯॥