ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 242


ਜੈਸੇ ਚਕਈ ਚਕਵਾ ਬੰਧਿਕ ਇਕਤ੍ਰ ਕੀਨੇ ਪਿੰਜਰੀ ਮੈ ਬਸੇ ਨਿਸਿ ਦੁਖ ਸੁਖ ਮਾਨੇ ਹੈ ।

ਜਿਸ ਪ੍ਰਕਾਰ ਬੰਧਿਕ ਫੰਧਕ ਚਿੜੀਮਾਰ ਚਕਵੀ ਤੇ ਚਕਵੇ ਦੇ ਜੋੜੇ ਨੂੰ ਫੜ ਕੇ ਪਿੰਜਰੇ ਵਿਚ ਪਾ ਇਕਠਿਆਂ ਕਰ ਦਿੰਦਾ ਹੈ ਤਾਂ ਉਹ ਦਿਨ ਭਰ ਦੇ ਫਸੋਤੀ ਦੇ ਦੁੱਖ ਨੂੰ ਰਾਤ ਇਕਠਿਆਂ ਵਸਦੇ ਹੋਏ ਸੁਖ ਕਰ ਕੇ ਮੰਨਿਆ ਕਰਦੇ ਹਨ ਕ੍ਯੋਂ ਜੁ ਹੁਣ ਧੁਰਾਹੂੰ ਰਾਤ ਦਾ ਵਿਛੋੜਾ ਓਨਾ ਨੂੰ ਨਹੀਂ ਵਾਪਰ ਸਕਿਆ ਕਰਦਾ।

ਕਹਤ ਪਰਸਪਰ ਕੋਟਿ ਸੁਰਜਨ ਵਾਰਉ ਓਟ ਦੁਰਜਨ ਪਰ ਜਾਹਿ ਗਹਿ ਆਨੇ ਹੈ ।

ਤੇ ਆਪੋ ਵਿਚ ਐਉਂ ਆਖਿਆ ਕਰਦੇ ਹਨ; ਕਿ ਕ੍ਰੋੜਾਂ ਭਲਿਆਂ ਪੁਰਖਾਂ ਨੂੰ ਅਸੀਂ ਵਾਰਣੇ ਕੁਰਬਾਨ ਕਰ ਸਿੱਟਦੇ ਹਾਂ ਓਸ ਦੁਰਜਨ ਬੁਰੇ ਸ਼ਿਕਾਰੀ ਉਪਰੋਂ ਜਿਸ ਨੇ ਕਿ ਸਾਨੂੰ ਫੜ ਲਿਆਂਦਾ ਹੈ ਤੇ ਇਸ ਭਾਂਤ ਇਕਠਿਆਂ ਵੱਸਨ ਦਾ ਅਉਸਰ ਦਿੱਤਾ ਹੈ। ਅਥਵਾ ਆਪੋ ਵਿਚ ਆਖਦੇ ਹਨ ਕਿ ਕੋਟਿ ਜੂਹ ਸਜਨਾਂ ਦੇ ਵਾਰ ਸਿੱਟੀਏ ਓਸ ਦੁਸ਼ਟ ਦੀ ਓਟ ਓਹਲੇ ਪਿੰਜਰੇ ਉਤੋਂ ਜਿਸ ਨੇ ਸਾਨੂੰ ਫੜ ਲਿਆਂਦਾ ਹੈ।

ਸਿਮਰਨ ਮਾਤ੍ਰ ਕੋਟਿ ਆਪਦਾ ਸੰਪਦਾ ਕੋਟਿ ਸੰਪਦਾ ਆਪਦਾ ਕੋਟਿ ਪ੍ਰਭ ਬਿਸਰਾਨੇ ਹੈ ।

ਵਾਹਿਗੁਰੂ ਦਾ ਨਾਮ ਸਿਮਰਨ ਮਾਤ੍ਰ ਵਿਖੇ ਜੇਕਰ ਕ੍ਰੋੜਾਂ ਬਿਪਤਾਂ ਕਸ਼ਟ ਸਿਰ ਤੇ ਆਨ ਝੁੱਲਨ ਤਾਂ ਉਹ ਮਾਨੋ ਕ੍ਰੋੜਾਂ ਹੀ ਸੰਪਤਾ ਸੁਖ ਸਰੂਪ ਹਨ ਅਤੇ ਜੇਕਰ ਪ੍ਰਭੂ ਪਰਮਾਤਮਾ ਬਿਸਰਦਾ ਹੈ ਤੇ ਕ੍ਰੋੜਾਂ ਸੰਦਾ ਸੁਖ ਦੀਆਂ ਵਿਭੂਤੀਆਂ ਪ੍ਰਾਪਤ ਹੁੰਦੀਆਂ ਹਨ ਤਾਂ ਉਹ ਮਾਨੋ ਕ੍ਰੋੜਾਂ ਅਪਦਾ ਮਹਾਨ ਦੁਖ ਰੂਪ ਹੀ ਹਨ। ਭਾਵ ਸੰਸਾਰਿਕ ਪਦਾਰਥਾਂ ਦੀ ਭਟਕਨਾ ਅੰਦਰ ਦਿਨ ਰਾਤ ਪਚ ਪਚ ਮਰਦਾ ਮਨ ਜਦ ਨਾਮ ਸਿਮਰਣ ਦੇ ਪਰਮ ਆਨੰਦ ਨੂੰ ਮਾਣਿਆ ਕਰਦਾ ਹੈ ਤਾਂ ਸਿਮਰਨ ਦੇ ਸਹਾਈ ਸਾਧਨਾਂ ਦੇ ਸੰਜਮ ਸਾਧਨ ਆਦਿ ਵਿਖੇ ਜੋ ਕਲੇਸ਼ ਗੁਰਮੁਖ ਨੂੰ ਸਹਿਣੇ ਪੈਂਦੇ ਹਨ ਓਨ੍ਹਾਂ ਨੂੰ ਪਰਮ ਸੁਖ ਰੂਪ ਕਰ ਕੇ ਮੰਨਿਆ ਕਰਦਾ ਹੈ ਅਰੁ ਆਪਣੇ ਵਿਚ ਪ੍ਰਚਾ ਕੇ ਵਾਹਿਗੁਰੂ ਨੂੰ ਭੁਲਾਨ ਦਾ ਕਾਰਣ ਹੋ ਕੇ ਉਸ ਰੱਬੀ ਸੁਖ ਦੀ ਪ੍ਰਾਪਤੀ ਤੋਂ ਬੰਚਿਤ ਰਖਣ ਹਾਰੀਆਂ ਸੰਸਾਰਿਕ ਸੁਖ ਵਿਭੂਤੀਆਂ ਨੂੰ ਦੁੱਖ ਰੂਪ ਅਤੇ ਤੁੱਛ ਮੰਨਿਆ ਕਰਦਾ ਹੈ।

ਸਤਿਰੂਪ ਸਤਿਨਾਮ ਸਤਿਗੁਰ ਗਿਆਨ ਧਿਆਨ ਸਤਿਗੁਰ ਮਤਿ ਸਤਿ ਸਤਿ ਕਰਿ ਜਾਨੇ ਹੈ ।੨੪੨।

ਬਸ, ਉਹ ਤਾਂ ਹੁਣ ਕੇਵਲ ਏਹੋ ਹੀ ਸਮਝਦਾ ਹੈ ਕਿ ਸਤਿ ਸਰੂਪ ਸਤਿਗੁਰਾਂ ਦਾ ਸਤ੍ਯਨਾਮ ਹੀ ਗੁਰੂ ਮਹਾਰਾਜ ਜੀ ਦਾ ਪਰਮ ਗਿਆਨ ਹੈ, ਅਰੁ ਸਤਿਗੁਰਾਂ ਦੀ ਮਤਿ ਸਿਖਿਆ ਦੇ ਸਤ੍ਯ ਸਤ੍ਯ ਕਰ ਕੇ ਧਾਰਣਾ ਹੀ ਓਨਾਂ ਦਾ ਪਰਮ ਧਿਆਨ ਹੈ ॥੨੪੨॥


Flag Counter