ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 298


ਦੁਰਮਤਿ ਗੁਰਮਤਿ ਸੰਗਤਿ ਅਸਾਧ ਸਾਧ ਕਾਸਟ ਅਗਨਿ ਗਤਿ ਟੇਵ ਨ ਟਰਤ ਹੈ ।

ਅਸਾਧੂ ਭੈੜੇ ਮਨਮੁਖ ਪੁਰਖਾਂ ਦੀ ਸੰਗਤ ਵਿਚ ਜਦ ਕਦ ਦੁਰਮਤਿ ਦੀ ਵਰਤਨ ਹੀ ਵਰਤਦੀ ਹੈ, ਅਤੇ ਸਾਧੂ ਭਲਿਆਂ = ਗੁਰਮੁਖਾਂ ਦੀ ਸੰਗਤ ਵਿਚ ਸਦੀਵ ਕਾਲ ਗੁਰਮਤ ਦਾ ਵਰਤਾਰਾ, ਜਿਸ ਤਰ੍ਹਾਂ ਕਾਠ ਦੀ ਉਪਕਾਰ ਵਾਲੀ ਗਤਿ ਦਸ਼ਾ ਹੈ ਤੇ ਅਗਨੀ ਦੀ ਵਿਗਾੜ ਅਪਕਾਰ = ਦਾਹ ਕਰਣ ਦੀ ਇਹ ਟੇਵ ਧੁਰਾਹੂੰ ਬਾਣ ਓਨਾਂ ਦੀ ਟਲ ਹੀ ਨਹੀਂ ਸਕਦੀ, ਐਸਾ ਹੀ ਗੁਰਮੁਖਾਂ ਦਾ ਗੁਰਮਤ ਭਾਵ ਵਿਚ ਵਰਤਨਾ, ਤੇ ਮਨਮੁਖਾਂ ਦਾ ਦੁਰਮਤ ਭਾਵ ਵਿਚ, ਇਹ ਕੁਦਰਤੀ ਸੁਭਾਵ ਹੈ।

ਅਜਯਾ ਸਰਪ ਜਲ ਗੰਗ ਬਾਰੁਨੀ ਬਿਧਾਨ ਸਨ ਅਉ ਮਜੀਠ ਖਲ ਪੰਡਿਤ ਲਰਤ ਹੈ ।

ਅਜਾ ਬਕਰੀ ਤੇ ਸੱਪ ਤਥਾ ਗੰਗਾ ਜਲ ਅਤੇ ਸ਼ਰਾਬ ਦੀ ਜੋ ਪ੍ਰਚਲਿਤ ਬਾਣ ਹੈ, ਇਸਦਾ ਬਿਧਾਨ ਕਥਨ ਹੁਣੇ ਹੀ ਪਿੱਛੇ ਕੀਤਾ ਹੈ ਅਰੁ ਸਨ ਦਾ ਬੰਧਨ ਕਾਰੀ ਸੁਭਾਵ ਦੁਖਦਾਈ ਤੇ ਮਜੀਠ ਦਾ ਅਨੇਕ ਕਸ਼ਟ ਪਾ ਕੇ ਭੀ ਦੂਸਰੇ ਦਾ ਹਿਤ ਪਾਲਨਾ, ਇਸੇ ਪ੍ਰਕਾਰ ਖਲ = ਮੂਰਖ ਤਥਾ ਪੰਡਿਤ ਲਰਤ ਹੈ ਇਕੋ ਇਕੋ ਹੀ ਸਥਾਨਾਂ ਵਿਚ ਇਕੱਠਿਆਂ ਰਹਿਣ ਤੇ ਭੀ ਆਪੋ ਵਿਚ ਵਿਰੋਧੀ ਸੁਭਾਵ ਹੀ ਰਖਦੇ ਹਨ।

ਕੰਟਕ ਪੁਹਪ ਸੈਲ ਘਟਿਕਾ ਸਨਾਹ ਸਸਤ੍ਰ ਹੰਸ ਕਾਗ ਬਗ ਬਿਆਧ ਮ੍ਰਿਗ ਹੋਇ ਨਿਬਰਤ ਹੈ ।

ਜਿਸ ਤਰ੍ਹਾਂ ਕੰਡੇ ਤੇ ਫੁੱਲ ਇਕੱਠੇ ਰਹਿ ਕੇ ਭੀ ਉਹ ਸੁਗੰਧੀ ਪਸਾਰਣੋਂ ਤੇ ਉਹ ਚੋਭ ਮਾਰਣੋਂ ਆਪਣੀ ਬਾਣ ਨਹੀਂ ਤਿਆਗਦੇ; ਅਤੇ ਪੱਥਰ ਵਾ ਘੜੀ ਇਕੋ ਧਰਤੀ ਤੋਂ ਉਪਜ ਕੇ ਦੁਖਦਾਈ ਤੇ ਸੁਖਦਾਈ ਸੁਭਾਵ ਨੂੰ ਨਹੀਂ ਤਿਆਗਦੇ, ਤਥਾ ਸਨਾਹ ਸੰਜੋਆ ਤੇ ਸ਼ਸਤ੍ਰ ਹਥਿਆਰ ਇਕੋ ਲੋਹੇ ਦੀ ਰਚਨਾ ਹੋਣ ਤੇ ਭੀ ਸੰਜੋਆ ਮੌਤੋਂ ਬਚਾਨ ਹਾਰਾ ਅਤੇ ਹਥਿਆਰ ਪ੍ਰਾਣ ਘਾਤੀ ਵਾਦੀ ਵਿਚ ਵਰਤਦੇ ਹਨ। ਇਵੇਂ ਹੀ ਹੰਸ ਕਾਂ ਤਥਾ ਬਗਲੇ ਦੇ ਪਵਿਤ੍ਰ ਵਾ ਗੰਦੇ ਸੁਭਾਵ ਬਾਬਤ ਸਮਝ ਲਵੋ; ਅਰੁ ਇਵੇਂ ਹੀ ਬਿਆਧ ਸ਼ਿਕਾਰੀ ਤੇ ਹਿਰਣ ਦੇਹਾਲ ਦਾ ਨਿਬੇੜਾ ਨਿਰਣਾ ਭੀ ਬੁਰੇ ਭਲੇ ਦਾ ਹੋਇਆ ਹੋਇਆ ਹੈ।

ਲੋਸਟ ਕਨਿਕ ਸੀਪ ਸੰਖ ਮਧੁ ਕਾਲਕੂਟ ਸੁਖ ਦੁਖਦਾਇਕ ਸੰਸਾਰ ਬਿਚਰਤ ਹੈ ।੨੯੮।

ਏਕੂੰ ਹੀ ਲੋਹਾ ਸ਼ਸਤ੍ਰ ਬੇੜੀਆਂ ਆਦਿ ਬਣ ਦੁਖਦਾਈ ਹੈ, ਤੇ ਸੋਨਾ ਅਪਣੀ ਸ਼ਾਨ ਵਾ ਸਤ੍ਯਾ ਦੇ ਬਲ ਐਸਿਆਂ ਦੁੱਖਾਂ ਤੋਂ ਬਚਾ ਕੇ ਸੁਖ ਦੇਣ ਹਾਰਾ ਹੈ। ਅਰੁ ਸਿੱਪ ਸੰਖ ਰਤਨਾਂ ਦੀ ਖਾਣ ਸਮੁੰਦਰ ਵਿਚ ਰਹਿ ਕੇ ਅਪਣੇ ਅਪਣੇ ਸੁਭਾਵਾਂ ਮੂਜਬ ਮੋਤੀ ਪੈਦਾ ਕਰਨ ਤੇ ਰੁਆਨ ਯਾ ਬੇਚੈਨ ਕਰਣਹਾਰੇ ਹਨ। ਅਤੇ ਮਧੁ = ਅੰਮ੍ਰਿਤ ਅਮਰ ਕਰਣ ਹਾਰਾ ਤੇ ਕਾਲ ਕੂਟ = ਵਿਖ ਮਾਰਣ ਹਾਰੀ ਹੁੰਦੀ ਹੈ, ਇਸੇ ਤਰ੍ਹਾਂ ਇਕੋ ਸੋਮੇ ਸਰੂਪ ਰਚਨ ਹਾਰ ਤੋਂ ਪ੍ਰਗਟ ਹੋ ਕੇ ਗੁਰਮੁਖ ਸੰਸਾਰ ਵਿਚ ਸੁਖਦਾਈ ਹੋ ਵਰਤਦੇ ਹਨ, ਅਰੁ ਮਨਮੁਖ ਦੁੱਖ ਦਾਤੇ ॥੨੯੮॥


Flag Counter