ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 424


ਸਲਿਲ ਨਿਵਾਸ ਜੈਸੇ ਮੀਨ ਕੀ ਨ ਘਟੈ ਰੁਚ ਦੀਪਕ ਪ੍ਰਗਾਸ ਘਟੈ ਪ੍ਰੀਤਿ ਨ ਪਤੰਗ ਕੀ ।

ਜਲ ਵਿਚ ਨਿਵਾਸ ਰਖਦਿਆਂ ਹੋਇਆਂ ਮਛੀ ਦੀ ਰੁਚੀ ਲਾਲਸਾ ਜੀਕੂੰ ਘਟਿਆ ਨਹੀਂ ਕਰਦੀ ਨਿਤ ਨਵੀਂ ਹੀ ਰਹਿੰਦੀ ਹੈ, ਅਤੇ ਦੀਵੇ ਦੇ ਉਜਾਲੇ ਨੂੰ ਤਕਦਿਆਂ ਪਤੰਗੇ ਦੀ ਪ੍ਰੀਤੀ ਨਹੀਂ ਘਟਿਆ ਕਰਦੀ।

ਕੁਸਮ ਸੁਬਾਸ ਜੈਸੇ ਤ੍ਰਿਪਤਿ ਨ ਮਧੁਪ ਕਉ ਉਡਤ ਅਕਾਸ ਆਸ ਘਟੈ ਨ ਬਿਹੰਗ ਕੀ ।

ਫੁਲਾਂ ਦੀ ਸੁਗੰਧੀ ਲੈਂਦਿਆਂ ਜਿਸ ਤਰ੍ਹਾਂ ਭੌਰੇ ਨੂੰ ਰੱਜ ਨਹੀਂ ਔਂਦਾ ਅਤੇ ਆਕਾਸ਼ ਵਿਖੇ ਉਡਦਿਆਂ ਪੰਛੀ ਦੀ ਆਸ ਨਹੀਂ ਘਟਦੀ ਅਰਥਾਤ ਅੰਦਰੋਂ ਫਿੱਕਾ ਨਹੀਂ ਪਿਆ ਕਰਦਾ।

ਘਟਾ ਘਨਘੋਰ ਮੋਰ ਚਾਤ੍ਰਕ ਰਿਦੈ ਉਲਾਸ ਨਾਦ ਬਾਦ ਸੁਨਿ ਰਤਿ ਘਟੈ ਨ ਕੁਰੰਗ ਕੀ ।

ਬਦਲਾਂ ਦੀ ਘਾਟ ਦੀ ਘਨਘੋਰ ਗੜਗੱਜ ਸੁਣ ਸੁਣ ਕੇ ਜੀਕੂੰ ਮੋਰ ਤੇ ਪਪੀਹੇ ਦੇ ਅੰਦਰ ਹੁਲਾਸ ਉਛਲਿਆ ਕਰਦਾ ਹੈ; ਅਤੇ ਜਿਸ ਤਰ੍ਹਾਂ ਵਾਜੇ ਦੀ ਨਾਦ ਧੁਨੀ ਨੂੰ ਸੁਣਦਿਆਂ ਸੁਣਦਿਆਂ ਕੁਰੰਗ ਮਿਰਗ ਦੀ ਰਤਿ ਪ੍ਰੀਤ ਫਿੱਕੀ ਨਹੀਂ ਪਿਆ ਕਰਦੀ।

ਤੈਸੇ ਪ੍ਰਿਅ ਪ੍ਰੇਮ ਰਸ ਰਸਕ ਰਸਾਲ ਸੰਤ ਘਟਤ ਨ ਤ੍ਰਿਸਨਾ ਪ੍ਰਬਲ ਅੰਗ ਅੰਗ ਕੀ ।੪੨੪।

ਤਿਸੀ ਪ੍ਰਕਾਰ ਹੀ ਰਸਾਲ ਪ੍ਰਿਅ ਰਸ ਪ੍ਰੇਮ ਪ੍ਯਾਰ ਦੇ ਮੰਦਿਰ ਪ੍ਰੀਤਮ ਪ੍ਯਾਰੇ ਸਤਿਗੁਰੂ ਅੰਤਰਯਾਮੀ ਦੇ ਪ੍ਰੇਮ ਰਸ ਦੇ ਰਸੀਏ ਸੰਤ ਦੇ ਭੀ ਅੰਗ ਅੰਗ ਦੀ ਅੰਗ ਅੰਗ ਵਿਚ ਰਚੀ ਹੋਈ ਪ੍ਰਬਲ ਪ੍ਯਾਸਾ ਤੀਬਰ ਲਾਲਸਾ ਨਹੀਂ ਘਟਿਆ ਕਰਦੀ ਭਾਵ ਨਿੱਤ ਨਵੀਂ ਸਿੱਕ ਹੀ ਗੁਰ ਸਿੱਖ ਦੇ ਅੰਦਰ ਜਾਗੀ ਰਹਿੰਦੀ ਹੈ ॥੪੨੪॥


Flag Counter