ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 41


ਜੈਸੇ ਕੁਲਾ ਬਧੂ ਗੁਰ ਜਨ ਮੈ ਘੂਘਟ ਪਟ ਸਿਹਜਾ ਸੰਜੋਗ ਸਮੈ ਅੰਤਰੁ ਨ ਪੀਅ ਸੈ ।

ਜਿਸ ਪ੍ਰਕਾਰ ਕੁਲਾ ਬਧੂ ਘਰ ਦੀ ਨੂੰਹ ਗੁਰ ਜਨ ਜਠੇਰਿਆਂ = ਵਡੇਰਿਆਂ = ਸੱਸ ਸੌਹਰੇ ਆਦਿਕਾਂ ਵਿਖੇ, ਪੀਅ ਸੈ ਪਤੀ ਪਾਸੋਂ ਘੁੰਡ ਦਾ ਪੜਦਾ ਕਰਦੀ ਹੈ, ਪ੍ਰੰਤੂ ਸਿਹਜਾ ਸੰਜੋਗ ਦੇ ਸਮੇਂ ਅੰਤਰ ਪੜਦਾ ਵਿੜ ਵਿੱਥ ਨਹੀਂ ਰਖਦੀ ਭਰਤਾ ਕੋਲੋਂ।

ਜੈਸੇ ਮਣਿ ਅਛਤ ਕੁਟੰਬ ਹੀ ਸਹਿਤ ਅਹਿ ਬੰਕ ਤਨ ਸੂਧੋ ਬਿਲ ਪੈਸਤ ਹੁਇ ਜੀਅ ਸੈ ।

ਜਿਸ ਤਰ੍ਹਾਂ ਮਣੀ ਅਛਤ ਮਣਕੇ ਦੇ ਮੌਜੂਦ ਹੁੰਦਿਆਂ ਭੀ, ਅਹਿ ਸੱਪ ਅਪਣੇ ਟੱਬਰ ਵਿਚ ਕੋੜਮੇ ਸਮੇਤ ਬੰਕ ਤਨ ਟੇਢਾ ਸਰੀਰ ਕੁੰਡਲ ਹੀ ਮਾਰੀ ਰੱਖਦਾ ਹੈ, ਪ੍ਰੰਤੂ ਬਿਲ ਪੈਸਤ ਖੁੱਡ ਵਿਚ ਪ੍ਰਵੇਸ਼ ਪੌਂਦਿਆਂ = ਧਸਦਿਆਂ ਹੋਯਾਂ ਸੂਧੋ ਸੱਧਾ ਹੋ ਕੇ ਸਰਲਤਾ ਭਾਵ ਨਾਲ 'ਜੀਅ ਸੈ' ਇਕ ਨਿਕੱਲਾ ਮਾਤ੍ਰ ਹੀ ਹੁਇ ਹੋਯਾ ਕਰਦਾ ਹੈ।

ਮਾਤਾ ਪਿਤਾ ਅਛਤ ਨ ਬੋਲੈ ਸੁਤ ਬਨਿਤਾ ਸੈ ਪਾਛੇ ਕੈ ਦੈ ਸਰਬਸੁ ਮੋਹ ਸੁਤ ਤੀਅ ਸੈ ।

ਐਸਾ ਹੀ ਫੇਰ ਮਾਤਾ ਪਿਤਾ ਦੇ ਅਛਤ ਮੌਜੂਦ ਹੁੰਦੇ ਭਾਵ ਸਾਮਨੇ ਪੁਤ੍ਰ ਅਪਣੀ ਇਸਤ੍ਰੀ ਨਾਲ ਨਹੀਂ ਬੋਲ੍ਯਾ ਕਰਦਾ ਬਚਨ ਬਿਲਾਸ ਕਰਦਾ ਪ੍ਰੰਤੂ ਪਿਛੋਂ ਦੀ ਓਹੋ ਪੁਤ੍ਰ ਹੀ ਮੋਹ ਮਮਤਾ ਪ੍ਯਾਰ ਦੇ ਅਧੀਨ ਹੋਯਾ ਹੋਯਾ ਦਿਆ ਕਰਦਾ ਹੈ ਸਰਬੰਸ ਹੀ ਜੋ ਕੁਛ ਭੀ ਓਸ ਦੇ ਪਾਸ ਹੁੰਦਾ ਹੈ ਤ੍ਰੀਤਮ ਤਾਂਈਂ।

ਲੋਗਨ ਮੈ ਲੋਗਾਚਾਰ ਗੁਰਮੁਖਿ ਏਕੰਕਾਰ ਸਬਦ ਸੁਰਤਿ ਉਨਮਨ ਮਨ ਹੀਅ ਸੈ ।੪੧।

ਐਸਾ ਹੀ ਲੋਕਾਂ ਪ੍ਰਵਾਰ ਵਾ ਭਾਈ ਚਾਰੇ ਆਦਿ ਵਿਚ ਤਾਂ ਜੀਕੂੰ ਜੀਕੂੰ ਲੋਕਾਚਾਰੀ ਦਾ ਵਿਹਾਰ ਵਾਹ ਪਿਆ ਕਰਦਾ ਹੈ ਤੀਕੂੰ ਤੀਕੂੰ ਹੀ ਵਰਤਿਆ ਕਰਦਾ ਹੈ ਕਿੰਤੂ ਵੈਸੇ ਗੁਰਮੁਖ ਗੁਰੂ ਕਾ ਸਿੱਖ ਏਕੰਕਾਰ ਇਕ ਆਕਾਰ ਮਾਤ੍ਰ ਨਰੋਲ ਸਿੱਖ ਹੀ ਹੋਯਾ ਕਰਦਾ ਹੈ, ਅਰੁ ਮਨ ਚਿੱਤ ਕਰ ਕੇ ਸ਼ਬਦ ਵਿਖੇ ਸੁਰਤਿ ਓਸ ਦੀ ਉਨਮਨ ਮਗਨ ਹੋਈ ਪਰਚੀ ਹੋਈ ਹੁੰਦੀ ਹੈ ॥੪੧॥


Flag Counter