ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 539


ਜੈਸੇ ਤਉ ਕਹੈ ਮੰਜਾਰ ਕਰਉ ਨ ਅਹਾਰ ਮਾਸ ਮੂਸਾ ਦੇਖਿ ਪਾਛੈ ਦਉਰੇ ਧੀਰ ਨ ਧਰਤ ਹੈ ।

ਜਿਸ ਤਰ੍ਹਾਂ ਬਿੱਲਾ ਆਖਦਾ ਰਹੇ ਕਿ ਮੈਂ ਮਾਸ ਅਹਾਰ ਨਹੀਂ ਕਰਦਾ, ਵੈਸ਼ਨੋ ਹੋ ਗਿਆ ਹਾਂ ਪਰ ਚੂਹਾ ਦੇਖਦੇ ਸਾਰ ਹੀ ਪਿੱਛੇ ਦੌੜ ਉਠਦਾ ਤੇ ਸਹਾਰਾ ਨਹੀਂ ਰਖ ਸਕਦਾ ਹੈ।

ਜੈਸੇ ਕਊਆ ਰੀਸ ਕੈ ਮਰਾਲ ਸਭਾ ਜਾਇ ਬੈਠੇ ਛਾਡਿ ਮੁਕਤਾਹਲ ਦੁਰਗੰਧ ਸਿਮਰਤ ਹੈ ।

ਜਿਸ ਤਰ੍ਹਾਂ ਕਾਂ ਹੰਸ ਦੀ ਰੀਸੇ ਦੇਖਾ ਦੇਖੀ ਮਰਾਲ ਸਭਾ ਹੰਸਾਂ ਦੀ ਪੰਗਤ ਵਿਚ ਜਾ ਬੈਠੇ, ਪਰ ਭੈੜੇ ਸੁਭਾਵ ਕਾਰਣ ਮੋਤੀਆਂ ਗ੍ਯਾਨ ਆਦਿ ਗੁਣਾਂ ਨੂੰ ਛੱਡ ਕੇ ਮੈਲੇ ਭੋਗਾਂ ਦੇ ਭੋਗ ਨੂੰ ਹੀ ਚਿਤਾਰਿਆ ਕਰਦਾ ਹੈ।

ਜੈਸੇ ਮੋਨਿ ਗਹਿ ਸਿਆਰ ਕਰਤ ਅਨੇਕ ਜਤਨ ਸੁਨਤ ਸਿਆਰ ਭਾਖਿਆ ਰਹਿਓ ਨ ਪਰਤ ਹੈ ।

ਜਿਸ ਤਰ੍ਹਾਂ ਗਿਦੜ ਚਾਹੇ ਕਿ ਅਨੇਕਾਂ ਜਤਨ ਕਰ ਕਰ ਕੇ ਮੋਨ ਸਾਧੀ ਰਖੇ, ਪਰ ਗਿਦੜਾਂ ਦੀ ਭਾਖਿਆ ਬੋਲੀ ਸੁਣਦੇ ਸਾਰ ਹੀ ਓਸ ਪਾਸੋਂ 'ਹੁਵੈਂ ਹੁਵੈਂ' ਕੀਤੇ ਬਾਝੋਂ ਨਹੀਂ ਰਿਹਾ ਜਾ ਸਕਿਆ ਕਰਦਾ।

ਤੈਸੇ ਪਰ ਤਨ ਪਰ ਧਨ ਦੂਖ ਨ ਤ੍ਰਿਦੋਖ ਮਨ ਕਹਤ ਕੈ ਛਾਡਿਓ ਚਾਹੈ ਟੇਵ ਨ ਟਰਤ ਹੈ ।੫੩੯।

ਤਿਸੀ ਪ੍ਰਕਾਰ ਪਰ ਇਸਤ੍ਰੀ ਸਪਰਸ਼ ਪਰ ਧਨ ਹਰਨ, ਤਥਾ ਪਰਾਏ ਦੋਖ ਤੱਕਣ ਦੀ ਤ੍ਰਿਦੋਖ ਸੰਨਿਪਾਤ ਰੂਪ ਵਾਦੀ ਜਿਸ ਮਨ ਨੂੰ ਪਈ ਹੋਵੇ, ਚਾਹੇ ਕਹਿੰਦਾ ਹੈ ਕਿ ਛੱਡ ਦਿੱਤੇ ਅਥਵਾ ਛਡਿਆ ਚਾਹੁੰਦਾ ਹੈ, ਪਰ ਟੇਵ ਜੋ ਭੈੜੀ ਵਾਦੀ ਓਸ ਨੂੰ ਪਈ ਹੋਈ ਹੁੰਦੀ ਹੈ, ਟਲਦੀ ਨਹੀਂ ॥੫੩੯॥


Flag Counter