ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 72


ਚਰਨ ਸਰਨਿ ਗੁਰ ਤੀਰਥ ਪੁਰਬ ਕੋਟਿ ਦੇਵੀ ਦੇਵ ਸੇਵ ਗੁਰ ਚਰਨਿ ਸਰਨ ਹੈ ।

ਸਤਿਗੁਰਾਂ ਦੇ ਚਰਨਾਂ ਦੀ ਸਰਨ ਕ੍ਰੋੜ ਤੀਰਥਾਂ ਦਾ ਪੁਰਬ ਇਸਥਿਤ ਹੈ ਭਾਵ ਚਰਨ ਸਰਨ ਪੈਣ ਵਾਲੇ ਪੁਰਖ ਨੂੰ ਇਤਨਾ ਮਹਾਨ ਪੁੰਨ ਪ੍ਰਾਪਤ ਹੁੰਦਾ ਹੈ, ਜਿਤਨਾ ਕਿ ਕ੍ਰੋੜਾਂ ਤੀਰਥਾਂ ਉਪਰ ਪੁਰਬਾਂ ਸਮੇ ਸਨਾਨ ਤੋਂ ਪ੍ਰਾਪਤ ਹੋਣਾ ਲਿਖਿਆ ਹੈ। ਅਤੇ ਸਤਿਗੁਰਾਂ ਦੀ ਚਰਨ ਸਰਨ ਆਏ ਗੁਰਮੁਖ ਨੂੰ ਸਮੂਹ ਦੇਵੀਆਂ ਦੇਵਤਿਆਂ ਦੀ ਸੇਵਾ ਦਾ ਫਲ ਸੁਤੇ ਹੀ ਪ੍ਰਾਪਤ ਹੋ ਜਾਂਦਾ ਹੈ ਭਾਵ ਓਸ ਨੂੰ ਹੋਰ ਕਿਸੇ ਦੇ ਸੇਵਨ ਦੀ ਲੋੜ ਹੀ ਨਹੀ ਰਹਿੰਦੀ।

ਚਰਨ ਸਰਨਿ ਗੁਰ ਕਾਮਨਾ ਸਕਲ ਫਲ ਰਿਧਿ ਸਿਧਿ ਨਿਧਿ ਅਵਤਾਰ ਅਮਰਨ ਹੈ ।

ਸਤਿਗੁਰਾਂ ਦੇ ਚਰਨਾਂ ਦੀ ਸਰਨ ਔਣਹਾਰੇ ਦੀਆਂ, ਸਭ ਕਾਮਨਾਂ ਫਲ ਕਰ ਕੇ ਸਫਲ ਹੋ ਜਾਂਦੀਆਂ ਹਨ। ਅਰਥਾਤ ਜੋ ਜੋ ਭੀ ਕਾਮਨਾ ਧਰਮ ਅਰਥ ਕਾਮ ਮੋਖ ਰੂਪ ਹਨ, ਉਸ ਸਰਣਾਗਤ ਦੀਆਂ ਸਭ ਹੀ ਜ੍ਯੋਂ ਕੀਆਂ ਤ੍ਯੋਂ ਪੂਰਨ ਹੋ ਆਯਾ ਕਰਦੀਆਂ ਹਨ। ਅਤੇ ਰਿਧੀਆਂ ਚੀਜਾਂ ਨੂੰ ਅੱਖੁਟ ਬਨਾਣ ਹਾਰੀਆਂ ਸ਼ਕਤੀਆਂ ਤੇ ਸਿਧੀਆਂ ਅਣਿਮਾਂ ਮਹਿਮਾ ਲਘੁਮਾ ਗਰਿਮਾ ਆਦਿ, ਤਥਾ ਨਿਧੀਆਂ ਨੌ ਖੰਡ ਧਰਤੀ ਅੰਦਰ ਗੁਪਤ ਖਜਾਨਿਆਂ ਵਿਚਲੀ ਸਮ੍ਰਿਧੀ ਸੰਪਦਾ ਅਵਤਾਰ ਮੂਰਤੀ ਮਾਨ ਹੋ ਖਲੋਂਦੀਆਂ ਹਨ ਉਸ ਦੇ ਅਗੇ ਅਮਰਨ ਅਬਿਨਾਸ਼ੀ ਹਾਲਤ ਵਿਚ ਅਰਥਾਤ ਸਦਾ ਲਈ ਹੀ।

ਚਰਨ ਸਰਨਿ ਗੁਰ ਨਾਮ ਨਿਹਕਾਮ ਧਾਮ ਭਗਤਿ ਜੁਗਤਿ ਕਰਿ ਤਾਰਨ ਤਰਨ ਹੈ ।

ਸਤਿਗੁਰਾਂ ਦੇ ਚਰਨਾਂ ਦੀ ਸਰਨ ਪ੍ਰਾਪਤ ਹੋਯਾਂ ਨਾਮ ਹੈ ਜਿਸ ਦਾ ਨਿਸ਼ਕਾਮ ਨਿਰਸੰਕਲਪ ਔਰ ਨਿਰਵਿਕਲਪ ਪਦ ਉਹ ਪ੍ਰਾਪਤ ਹੋ ਜਾਂਦਾ ਹੈ। ਅਰੁ ਭਗਤਿ ਜੁਗਤਿ ਭਜਨ ਦੀ ਜੁਗਤੀ ਵਾਹਗੁਰੂ ਨਾਲ ਪ੍ਯਾਰ ਪਾਲਨ ਦੇ ਢੰਗ ਕਰ ਕੇ ਤਾਰਨ ਤਰਨ ਦੂਸਰਿਆਂ ਨੂੰ ਸੰਸਾਰ ਸਮੁਦਰੋਂ ਤਾਰਨ ਖਾਤਰ ਤਰਨ ਜਹਾਜ ਸਮਾਨ ਪ੍ਰਭਾਵ ਵਾਲਾ ਬਣ ਜਾਂਦਾ ਹੈ।

ਚਰਨ ਸਰਨਿ ਗੁਰ ਮਹਿਮਾ ਅਗਾਧਿ ਬੋਧ ਹਰਨ ਭਰਨ ਗਤਿ ਕਾਰਨ ਕਰਨ ਹੈ ।੭੨।

ਕਿੱਥੋਂ ਤਕ ਦੱਸੀਏ! ਸਤਿਗੁਰਾਂ ਦੇ ਚਰਨਾਂ ਦੀ ਸਰਨ ਪ੍ਰਾਪਤ ਹੋਣ ਦੀ ਮਹਿਮਾ ਦਾ ਬੋਧ ਅਗਾਧ ਅਥਾਹ ਹੈ। ਜਿਹੜਾ ਕੋਈ ਭੀ ਸਰਣ ਨੂੰ ਪ੍ਰਾਪਤ ਹੁੰਦਾ ਹੈ, ਓਸ ਨੂੰ ਹਰਨ ਭਰਨ ਮਾਰਣ ਅਰੁ ਰਖ੍ਯਾ ਪ੍ਰਤਿਪਾਲਾ ਦੀ ਸਮ੍ਰਥਾ ਪ੍ਰਾਪਤ ਹੋ ਔਂਦੀ ਹੈ, ਤੇ ਉਹ ਕਾਰਣ ਕਰਣ ਸਭ ਸਬੱਬਾਂ ਦੇ ਬਣਾ ਲੈਣ ਵਾਲਾ ਸਰਬ ਸਮਰਥ ਸੰਪੰਨ ਬਣ ਜਾਯਾ ਕਰਦਾ ਹੈ ॥੭੨॥


Flag Counter