ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 534


ਜੈਸੇ ਫਲ ਸੈ ਬਿਰਖ ਬਿਰਖੁ ਸੈ ਹੋਤ ਫਲ ਅਤਿਭੁਤਿ ਗਤਿ ਕਛੁ ਕਹਨ ਨ ਆਵੈ ਜੀ ।

ਜਿਸ ਤਰ੍ਹਾਂ ਫਲ ਤੋਂ ਬਿਰਛ ਤੇ ਬਿਰਛ ਤੋਂ ਫਲ ਹੁੰਦਾ ਹੈ ਇਸ ਅਦਭੁਤ ਵਰਤਾਰੇ ਦੀ ਗਤੀ ਕੁਛ ਆਖੀ ਨਹੀਂ ਜਾ ਸਕਦੀ। ਪਿਆਰਿਓ!

ਜੈਸੇ ਬਾਸੁ ਬਾਵਨ ਮੈ ਬਾਵਨ ਹੈ ਬਾਸੁ ਬਿਖੈ ਬਿਸਮ ਚਰਿਤ੍ਰ ਕੋਊ ਮਰਮੁ ਨ ਪਾਵੈ ਜੀ ।

ਜਿਸ ਤਰ੍ਹਾਂ ਬਾਸਨਾ ਬਾਵਨ ਚੰਨਣ ਅੰਦਰ ਤੇ ਚੰਨਣ ਹੁੰਦਾ ਹੈ ਬਾਸੁ ਸੁਗੰਧੀ ਵਿਖੇ ਏਸ, ਅਚਰਜ ਚਲਤ੍ਰਿ ਦਾ ਮਰਮੁ ਗੂੜ੍ਹ ਭੇਤ ਕੋਈ ਨਹੀਂ ਪਾ ਸਕਦਾ ਜੀ!

ਕਾਸਟਿ ਮੈ ਅਗਨਿ ਅਗਨਿ ਮੈ ਕਾਸਟਿ ਹੈ ਅਤਿ ਅਸਚਰਜੁ ਹੈ ਕਉਤਕ ਕਹਾਵੈ ਜੀ ।

ਜੀਕੂੰ ਕਾਠ ਵਿਚ ਅੱਗ ਹੁੰਦੀ ਹੈ, ਤੇ ਅਗਨੀ ਵਿਚ ਕਾਠ ਅਰੁ ਇਹ ਕਉਤਕ ਚਲਿਤ੍ਰ ਭੀ ਅਤ੍ਯੰਤ ਅਚਰਜ ਸਰੂਪ ਆਖ੍ਯਾ ਜਾਂਦਾ ਹੈ ਜੀ!

ਸਤਿਗੁਰ ਮੈ ਸਬਦ ਸਬਦ ਮੈ ਸਤਿਗੁਰ ਹੈ ਨਿਰਗੁਨ ਗਿਆਨ ਧਿਆਨ ਸਮਝਾਵੈ ਜੀ ।੫੩੪।

ਤਿਸੇ ਤਰ੍ਹਾਂ ਸਤਿਗੁਰਾਂ ਵਿਚ ਸ਼ਬਦ ਭਰਪੂਰ ਹੈ ਤੇ ਸ਼ਬਦ ਵਿਖੇ ਸਤਿਗੁਰੂ ਰਮੇ ਹੋਏ ਹਨ ਇਹ ਰਮਜ਼ ਐਸੀ ਹੈ ਕਿ ਇਸ ਗਿਆਨ ਤੋਂ ਨਿਰਗੁਣ ਸਰੂਪ ਦੇ ਧਿਆਨ ਦੀ ਸਮਝ ਆ ਜਾਂਦੀ ਹੈ ਜੀ ਅੰਦਰ ॥੫੩੪॥


Flag Counter