ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 451


ਜੈਸੇ ਜਲ ਕੂਪ ਨਿਕਸਤ ਜਤਨ ਕੀਏ ਸੀਚੀਅਤ ਖੇਤ ਏਕੈ ਪਹੁਚਤ ਨ ਆਨ ਕਉ ।

ਜਿਸ ਤਰ੍ਹਾਂ ਢੋਲ ਚੁਹੱਕਲੀ ਹਰਟ ਆਦਿ ਦਾ ਢੀਂਗੁਲੀ ਆਦਿ ਪਸਾਰੇ ਵਾਲਾ ਜਤਨ ਕੀਤਿਆਂ ਖੁਹ ਵਿਚੋਂ ਜਲ ਨਿਕਲ ਕੇ ਇੱਕੋ ਹੀ ਖੇਤ ਨੂੰ ਸਿੰਜਿਆ ਕਰਦਾ ਹੈ ਤੇ ਇੱਕੋ ਵੇਲੇ ਦੂਸਰੇ ਖੇਤ ਨੂੰ ਨਹੀਂ ਜਾ ਪਹੁੰਚਿਆ ਕਰਦਾ ਭਾਵ ਤਰੱਦਦ ਬਹੁਤ ਤੇ ਫਲ ਥੋੜ੍ਹਾ ਮਿਲਦਾ ਹੈ।

ਪਥਿਕ ਪਪੀਹਾ ਪਿਆਸੇ ਆਸ ਲਗਿ ਢਿਗ ਬੈਠਿ ਬਿਨੁ ਗੁਨੁ ਭਾਂਜਨ ਤ੍ਰਿਪਤਿ ਕਤ ਪ੍ਰਾਨ ਕਉ ।

ਰਾਹੀ ਤੇ ਬੰਬੀਹਾ ਪਿਆਸ ਮਾਰੇ ਵਿਚਾਰੇ ਆਸਾ ਵੰਤ; ਪਾਸ ਹੀ ਬੈਠੇ ਰਹਿੰਦੇ ਹਨ; ਬਿਨਾਂ ਗੁਨ ਲੱਜ ਤੇ ਭਾਂਜਨ ਡੋਲ ਗੜਵੀ ਆਦਿ ਬਰਤਨ ਤਥਾ ਮੇਘ ਦੀ ਸਹੈਤਾ ਦੇ ਕਿਸ ਪ੍ਰਕਾਰ ਉਹ ਪ੍ਰਾਣਾਂ ਨੂੰ ਤ੍ਰਿਪਤ ਸ਼ਾਂਤ ਕਰ ਸਕਨ? ਭਾਵ ਭਾਰੇ ਜਤਨ ਨਾਲ ਹੀ ਓਨਾਂ ਦੀ ਤ੍ਰਿਖਾ ਮਿਟ ਸਕ੍ਯਾ ਕਰਦੀ ਹੈ।

ਤੈਸੇ ਹੀ ਸਕਲ ਦੇਵ ਟੇਵ ਸੈ ਟਰਤ ਨਾਹਿ ਸੇਵਾ ਕੀਏ ਦੇਤ ਫਲ ਕਾਮਨਾ ਸਮਾਨਿ ਕਉ ।

ਤਿਸੇ ਪ੍ਰਕਾਰ ਹੀ ਸਮੂਹ ਦੇਵਤੇ ਆਪਣੀ ਟੇਵ ਕਠਿਨ ਤਪ ਆਦਿ ਤਪਿਆਂ ਪ੍ਰਸੰਨ ਹੋਣ ਦੀ ਮੌਜ ਵਾਲੀ ਵਾਦੀ = ਕੁਬਾਨ ਤੋਂ ਨਹੀਂ ਟਲਦੇ; ਪਰ ਜਦ ਸੇਵਾ ਕੀਤਿਆਂ ਕਿਤੇ ਰੀਝ ਹੀ ਪੈਣ ਤਾਂ ਭਾਰੀ ਜਫਰ ਜਾਲਨ ਦੇ ਟਾਕਰੇ ਵਿਚ ਫਲ ਦਿੰਦੇ ਹਨ; ਕੇਵਲ ਸਮਾਨ ਸਾਧਾਰਣ ਕਾਮਨਾ ਦਾ ਹੀ ਅਰਥਾਤ ਧਨ ਪੁਤ੍ਰ ਇਸਤ੍ਰੀ ਆਦਿ ਸੰਸਾਰ ਸੰਬੰਧੀ; ਜਾਂ ਵੱਧ ਤੋਂ ਵੱਧ ਆਪਣੇ ਲੋਕ ਦਾ ਬਾਸ; ਰੂਪ ਸਧਾਰਣ ਫਲ ਨਾਂਕਿ ਆਸਾਧਾਰਣ ਫਲ ਰੂਪ ਮੋਖ ਪਦਵੀ।

ਪੂਰਨ ਬ੍ਰਹਮ ਗੁਰ ਬਰਖਾ ਅੰਮ੍ਰਿਤ ਹਿਤਿ ਬਰਖ ਹਰਖਿ ਦੇਤ ਸਰਬ ਨਿਧਾਨ ਕਉ ।੪੫੧।

ਪ੍ਰੰਤੂ ਪੂਰਣ ਬ੍ਰਹਮ ਸਤਿਗੁਰੂ ਹਿਤ ਸਮੂਹ ਜੀਵਾਂ ਦੀ ਕਲ੍ਯਾਣ ਨਿਮਿਤ ਅੰਮ੍ਰਿਤ ਮਈ ਬਰਖਾ ਨੂੰ ਬਰਸਾ ਕੇ ਹਰਖ ਪ੍ਰਸੰਨਤਾ ਨਾਲ ਸਰਬ ਨਿਧਾਨ ਕਉ ਦੇਤ ਸਮੂਹ ਬਰਕਤਾਂ ਇਕੋ ਵਾਰ ਹੀ ਬਖਸ਼ ਦਿੱਤਾ ਕਰਦੇ ਹਨ। ਭਾਵ ਜੀਕੂੰ ਖੂਹ ਨਾ ਤਾਂ ਇਕੋ ਵਾਰ ਖੇਤਾਂ ਨੂੰ ਭਰ ਹੀ ਸਕਦਾ ਤੇ ਨਾ ਸਭ ਦੀ ਪ੍ਯਾਸ ਹੀ ਬੁਝਾ ਸਕਦਾ ਹੈ; ਪਰ ਇਹ ਸਮਰੱਥਾ ਬੱਦਲ ਵਿਚ ਹੀ ਹੈ ਕਿ ਸਭ ਕਾਰਜ ਇਕੋ ਵਾਰ ਹੀ ਰਾਸ ਕਰ ਦੇਵੇ; ਤੀਕੂੰ ਹੀ ਖੂਹ ਨ੍ਯਾਈਂ ਦੇਵਤਿਆਂ ਦਾ ਆਰਾਧਨ ਮਹਾਨ ਜਤਨਾਂ ਨਾਲ ਸਾਧ੍ਯਾ ਜਾ ਕੇ ਭੀ ਫਲ ਅਲਪ ਹੀ ਦਿੰਦਾ ਹੈ; ਪਰ ਸਤਿਗੁਰੂ ਇਕੋ ਵਾਰ ਝੱਟ ਤੁੱਠ ਕੇ ਸੋਭ ਲੋਕ ਪ੍ਰਲੋਕ ਸਬੰਧੀ ਸੁਖ ਅਰੁ ਪ੍ਰਮਾਰਥਿਕ ਬਖ਼ਸ਼ਿਸ਼ਾਂ ਬਖਸ਼ ਦਿੱਤਾ ਕਰਦੇ ਹਨ। ਤਾਂ ਤੇ ਪੁਰਖ ਹੋਰਨਾਂ ਦੇਵੀ ਦੇਵਤਿਆਂ ਦਾ ਆਰਾਧਨ ਤ੍ਯਾਗ ਕੇ ਇਕ ਮਾਤ੍ਰ ਸਤਿਗੁਰਾਂ ਦਾ ਹੀ ਆਰਾਧਨ ਕਰੇ ॥੪੫੧॥


Flag Counter