ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 186


ਲਿਖਨੁ ਪੜਨ ਤਉ ਲਉ ਜਾਨੈ ਦਿਸੰਤਰ ਜਉ ਲਉ ਕਹਤ ਸੁਨਤ ਹੈ ਬਿਦੇਸ ਕੇ ਸੰਦੇਸ ਕੈ ।

ਲਿਖਨ ਪੜ੍ਹਨ ਦੀ ਲੋੜ ਉਤਨਾ ਚਿਰ ਹੀ ਜਾਣੀਦੀ ਹੈ, ਜਦੋਂ ਤੀਕ ਪ੍ਯਾਰਾ ਪ੍ਰੀਤਮ ਦਿਸੰਤਰ ਅਨ੍ਯਤ੍ਰ ਦੇਸ ਵਾਂਢੇ ਗਿਆ ਹੋਯਾ ਹੋਵੇ, ਕਿਉਂਕਿ ਬਿਦੇਸ ਪ੍ਰਦੇਸ ਦਿਆਂ ਸਨੇਹਾਂ ਪਤਿਆਂ ਤਾਈਂ ਕਹਿਣ ਸੁਨਣ ਦੀ ਲੋੜ ਪਈ ਰਹਿੰਦੀ ਹੈ।

ਦੇਖਤ ਅਉ ਦੇਖੀਅਤ ਇਤ ਉਤ ਦੋਇ ਹੋਇ ਭੇਟਤ ਪਰਸਪਰ ਬਿਰਹ ਅਵੇਸ ਕੈ ।

ਇਤ ਇਸ ਪਾਸੇ ਏਧਰ ਹੋਵੇ ਪ੍ਰੇਮੀ ਤੇ ਉਤ ਓਸ ਪਾਸੇ ਔਧਰ ਹੋਵੇ ਪ੍ਰੀਤਮ, ਇਉਂ ਦੋ ਹੁੰਦਿਆਂ ਹੀ ਦੇਖੀ ਅਤੇ ਦਿਖਾਈਦਾ ਹੈ, ਪ੍ਰੰਤੂ ਜਦ ਬਿਹਰ ਵਿਛੋੜੇ ਦੇ ਅਵੇਸ਼ ਕਾਰਣ ਅਰਥਾਤ ਬਿਰਹੇ ਦੇ ਅੰਦਰ ਪ੍ਰਵੇਸ਼ ਹੋ ਔਣ ਕਰ ਕੇ ਜੁਦਾਈ ਦੇ ਜੋਸ਼ ਉਛਲਿਆਂ ਪ੍ਰੇਮੀ ਅਤੇ ਪ੍ਰੀਤਮ ਆਪੋ ਵਿਚ ਭੇਟਤ ਭਾਵ ਮਿਲ ਪੈਂਦੇ ਹਨ, ਤਾਂ ਤੱਕਨਾ ਤਕੌਨਾ ਬਸ ਹੋ ਜਾਂਦਾ ਹੈ।

ਖੋਇ ਖੋਇ ਖੋਜੀ ਹੋਇ ਖੋਜਤ ਚਤੁਰ ਕੁੰਟ ਮ੍ਰਿਗ ਮਦ ਜੁਗਤਿ ਨ ਜਾਨਤ ਪ੍ਰਵੇਸ ਕੈ ।

ਅਪਨੀ ਚੁਕੰਨੇ ਚੌਕਸ ਅਰੁ ਚੁਸਤ ਰਹਿਣ ਵਾਲੀ ਖੋਇ ਆਦਤ ਵਾਦੀ ਨੂੰ ਖੋਇ ਗੁਵਾ ਕੇ ਵਾ ਖੋਹ ਖੋਹ ਝਾੜ ਬੂਟਿਆਂ ਦੀਆਂ ਜੂਹਾਂ ਵਿਖੇ ਖੋਜੀ ਬਣਿਆ ਚਾਰੋਂ ਕੁੰਟਾਂ ਅੰਦਰ ਮਿਰਗ ਮ੍ਰਿਗਮਦ ਕਸਤੂਰੀ ਆਪਣੇ ਅੰਦਰਲੇ ਮਦ ਨੂੰ ਢੂੰਢਦਾ ਫਿਰਦਾ ਹੈ, ਪ੍ਰੰਤੂ ਨਹੀਂ ਜਾਣਦਾ ਹੈ ਜੁਗਤੀ ਓਸ ਵਿਖੇ ਪ੍ਰਵੇਸ਼ ਹੋਣ ਧਸਨ ਦੀ ਭਾਵ ਮੂਰਖਤਾ ਧਾਰ ਕੇ ਬਾਹਰ ਵੱਲ ਭਟਕਦਾ ਹੈ ਪਰ ਅੰਦਰਲਾ ਮਰਮ ਨਾ ਜਾਣ ਕੇ ਅੰਤਰਮੁਖ ਹੋਣ ਦੇ ਢੰਗ ਨੂੰ ਨਹੀਂ ਸਮਝਦਾ।

ਗੁਰਸਿਖ ਸੰਧਿ ਮਿਲੇ ਅੰਤਰਿ ਅੰਤਰਜਾਮੀ ਸ੍ਵਾਮੀ ਸੇਵ ਸੇਵਕ ਨਿਰੰਤਰਿ ਆਦੇਸ ਕੈ ।੧੮੬।

ਐਸਾ ਹੀ ਅਗਿਆਨ ਦੇ ਅਧੀਨ ਹੋਯਾ ਮਨੁੱਖ ਅਨੇਕ ਭਾਂਤ ਦਿਆਂ ਜਪ ਤਪ ਤੀਰਥ ਆਦੀ ਸਾਧਨਾਂ ਵਿਖੇ ਭਰਮਦਾ ਰਹਿੰਦਾ ਹੈ ਪ੍ਰੰਤੂ ਜਦ ਗੁਰੂ ਕੇ ਦ੍ਵਾਰੇ ਪੁਜ ਗੁਰੂ ਕੇ ਸਿੱਖ ਸਜ੍ਯਾਂ ਗੁਰੂ ਅਰੁ ਸਿੱਖ ਦੀ ਸੰਧੀ ਜੋੜ ਆਨ ਮਿਲੇ ਤਾਂ ਸਿੱਖ ਆਪਣੇ ਅੰਦਰ ਹੀ ਅੰਤਰਯਾਮੀ ਨੂੰ ਜਾਣ ਕੇ ਸ੍ਵਾਮੀ ਮਲਕ ਵਾਹਿਗੁਰੂ ਦਾ ਸੇਵਕ ਭਜਨੀਕ ਹੋ ਕੇ ਸੇਵਾ ਭਜਨ ਕਰਦਾ ਹੋਯਾ ਨਿਰੰਤਰ ਲਗਾਤਾਰ ਓਸ ਦੇ ਤਾਂਈ ਆਦੇਸ ਕੈ ਨਮਸਕਾਰ ਆਰਾਧਨ ਕਰਦਾ ਰਹਿੰਦਾ ਹੈ ॥੧੮੬॥